Skip to main content

ਸਲੇਟੀ ਰੰਗੀ ਧੁੰਦ ਦਾ ਤਰਜ਼ਮਾਂ 'ਕਿੱਸਾ ਪੰਜਾਬ'


ਪੰਜਾਬ ਦੀ ਧਰਤੀ ਨੂੰ ਜੇ ਸਰਸਰੀ ਜਿਹੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਬੇਸ਼ੱਕ ਤੁਹਾਨੂੰ ਸਰ੍ਹੋਂ ਦੇ ਖੇਤਾਂ ਵਿੱਚੋਂ ਆਉਂਦੀ ਮਹਿਕ ਚੰਗੀ ਲੱਗੇ ਬੇਸ਼ੱਕ ਖੇਤਾਂ ਦੀ ਹਰਿਆਲੀ ਦਿਲ ਨੂੰ ਧੁਹ ਪਾਉਣ ਵਾਲੀ ਹੋਵੇ ਪਰ ਇੱਕ ਸੱਚ ਇਹ ਵੀ ਹੈ ਕਿ ਇੱਥੋਂ ਦੀ ਫਿਜ਼ਾ ਵਿੱਚ ਜ਼ਹਿਰ ਘੁਲ ਗਿਆ ਹੈ।ਉਹ ਜ਼ਹਿਰ ਸ਼ੁਕਰਾਤ ਦੀ ਹੋਣੀ ਬਣਿਆ ਅਤੇ ਅੱਜ ਪੰਜਾਬ ਦੇ ਹਰੇਕ ਜੀਅ ਦੀ ਹੋਣੀ ਬਣ ਗਿਆ ਹੈ।ਇਹ ਜ਼ਹਿਰ ਚਿਹਰੇ ਤੋਂ ਲੈ ਕੇ ਸਰੀਰ ਦੇ ਕਣ-ਕਣ 'ਤੇ ਅਸਰਅੰਦਾਜ਼ ਹੋਇਆ ਹੈ।
ਪੰਜਾਬ ਦੀ ਜਵਾਨੀ ਇਸ ਜ਼ਹਿਰ ਤੋਂ ਖਾਸੀ ਬੁਰੀ ਤਰ੍ਹਾਂ ਪੀੜਤ ਹੈ। ਤੇਜੀ ਨਾਲ ਬਦਲ ਰਹੇ ਆਲਮੀ ਅਰਥਚਾਰੇ ਅਤੇ ਬਦਲਦੀਆਂ ਸਮਾਜਿਕ ਕਦਰਾਂ-ਕੀਮਤਾਂ ਨੇ ਪੰਜਾਬ ਦੇ ਗੱਭਰੂਆਂ ਤੇ ਮੁਟਿਆਰਾਂ ਦੇ ਪਿੰਡੇ ਲੂਹ ਸੁੱਟੇ ਹਨ।ਇਸ ਜਵਾਨੀ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਅਤੇ ਜਿਨ੍ਹਾਂ ਨੇ ਆਪਣੇ ਰਾਹ ਚੁਣੇ ਹਨ ਉਨ੍ਹਾਂ ਰਾਹਾਂ ਦੇ ਸਫ਼ਰ ਅਤੇ ਅੰਤ ਦਾ ਉਨ੍ਹਾਂ ਨੂੰ ਕੋਈ ਥਹੁ ਪਤਾ ਲਗਦਾ ਨਹੀਂ ਦਿਸਦਾ।ਇਹ ਜਵਾਨੀ ਹੁਣ ਹਰ ਕਿਸੇ ਕੋਲੋਂ ਤਾਨ੍ਹਿਆਂ-ਮਿਹਣਿਆਂ ਦੀ ਸਿਆਸਤ ਦਾ ਸ਼ਿਕਾਰ ਹੋ ਰਹੀ ਹੈ। ਸਮਾਜ ਵਿੱਚ ਉਨ੍ਹਾਂ ਨੂੰ ਬਣਦਾ ਰੁਤਬਾ ਮਿਲਣਾ ਅਤੇ ਬਣਾ ਸਕਣਾ ਉਨ੍ਹਾਂ ਲਈ ਮੁਸ਼ਕਲ ਲੱਗ ਰਿਹਾ ਹੈ।ਇਨ੍ਹਾਂ ਗੱਭਰੂਆਂ-ਮੁਟਿਆਰਾਂ ਨਾਲ ਕਿਸੇ ਨੇ ਸੰਵਾਦ ਰਚਾਉਣ ਦੀ ਕੋਸ਼ਿਸ਼ ਤਾਂ ਕੀ ਕਰਨੀ ਸੀ ਉਲਟਾ ਉਨ੍ਹਾਂ ਨੂੰ ਇਸ ਤਰ੍ਹਾਂ ਭੰਡਿਆ ਜਾ ਰਿਹਾ ਹੈ ਜਿਵੇਂ ਸਾਰੀਆਂ ਗਲਤੀਆਂ ਇਨ੍ਹਾਂ ਨੇ ਹੀ ਕੀਤੀਆਂ ਹੋਣ।ਇਸ ਤਰ੍ਹਾਂ ਦੀ ਕਹਾਣੀ ਕਹਿਣ ਲਈ ਅਤੇ ਇਨ੍ਹਾਂ ਗੱਭਰੂਆਂ-ਮੁਟਿਆਰਾਂ ਨਾਲ ਸੰਵਾਦ ਰਚਾਉਣ ਲਈ 'ਕਿੱਸਾ ਪੰਜਾਬ'ਨਾਮ ਦੀ ਪੰਜਾਬੀ ਫ਼ਿਲਮ ਸਿਨੇਮਾਘਰਾਂ ਵਿੱਚ ਪਰਦਾਪੇਸ਼ ਹੋਈ ਹੈ। ਪਹਿਲੀ ਨਜ਼ਰ ਵਿੱਚ ਵੇਖਣ ਨੂੰ ਲਗਦਾ ਹੈ ਕਿ ਫ਼ਿਲਮ ਨਸ਼ੇ ਦੇ ਮੁੱਦੇ 'ਤੇ ਬਣੀ ਹੈ ਪਰ ਅਸਲ ਵਿੱਚ ਅਜਿਹਾ ਨਹੀਂ ਹੈ। ਫ਼ਿਲਮ ਦੀ ਕਹਾਣੀ ਉਨ੍ਹਾਂ ਛੇ ਕਿਰਦਾਰਾਂ ਦੇ ਆਲੇ ਦੁਆਲੇ ਘੁੰਮਦੀ ਹੈ ਜਿਨ੍ਹਾਂ ਦੀ ਜ਼ਿੰਦਗੀ ਇਹੋ ਜਿਹੇ ਮੁਕਾਮ 'ਤੇ ਆ ਗਈ ਹੈ ਜਿੱਥੇ ਕਿ ਉਨ੍ਹਾਂ ਲਈ ਜ਼ਿੰਦਗੀ ਤੋਂ ਭੱਜਣਾ ਮੁਸ਼ਕਲ ਹੋ ਗਿਆ ਹੈ ਪਰ ਉਹ ਭੱਜ ਕੇ ਕਿੱਥੇ ਜਾਣ ਇਹ ਸਵਾਲ ਵੀ ਉਨ੍ਹਾਂ ਲਈ ਵੱਡਾ ਹੈ?

ਫ਼ਿਲਮ ਹਦਾਇਤਕਾਰੀ ਪੱਖੋਂ ਵਜਨਦਾਰ ਫ਼ਿਲਮ ਹੈ।ਪੰਜਾਬੀ ਸਿਨੇਮਾ ਵਿੱਚ ਅਜਿਹੀਆਂ ਫ਼ਿਲਮਾਂ ਦੀ ਅਤੇ ਚੰਗੇ ਹਦਾਇਤਕਾਰਾਂ ਦੀ ਘਾਟ ਹਮੇਸ਼ਾ ਰੜਕਦੀ ਰਹੀ ਹੈ।ਨੌਜਵਾਨ ਹਦਾਇਤਕਾਰ ਜਤਿੰਦਰ ਮੌਹਰ ਇਸ ਕਦਮ ਲਈ ਵਧਾਈ ਦਾ ਪਾਤਰ ਹੈ ਜਿਸ ਨੇ ਪੰਜਾਬ ਦੇ ਕਿੱਸੇ ਨੰ ਪਰਦਾਪੇਸ਼ ਕੀਤਾ ਹੈ।ਫ਼ਿਲਮ ਦਾ ਸੰਗੀਤ ਫ਼ਿਲਮ ਦੀ ਜਾਨ ਹੋ ਨਿੱਬੜਦਾ ਹੈ।
ਜਤਿੰਦਰ ਮੌਹਰ, ਫ਼ਿਲਮ ਹਦਾਇਤਕਾਰ
ਬਕੌਲ ਜਤਿੰਦਰ ਮੌਹਰ ਸੰਗੀਤ ਫ਼ਿਲਮ ਦੀ ਸੰਪਾਦਕੀ ਹੁੰਦਾ ਹੈ। ਇਸ ਸੰਪਾਦਕੀ ਲਈ ਸੰਗੀਤਕਾਰ ਗੁਰਮੋਹ ਵਧੀਆ ਚੋਣ ਜਾਪਦਾ ਹੈ।ਗੁਰਦਾਸ ਮਾਨ ਅਤੇ ਜੋਤੀ-ਨੂਰਾਂ ਦੁਆਰਾ ਗਾਏ ਗੀਤ ਫ਼ਿਲਮ ਦੀ ਜਾਨ ਹੋ ਨਿੱਬੜਦੇ ਹਨ।ਕਿਸੇ ਸਮੇਂ ਮਰਹੂਮ ਗਾਇਕ ਨਛੱਤਰ ਛੱਤੇ ਦੁਆਰਾ ਗਾਏ ਗੀਤ 'ਸਾਉਣ ਦਾ ਮਹੀਨਾ' ਨੂੰ ਦੋਬਾਰਾ ਗਵਾ ਕੇ ਫ਼ਿਲਮ ਅਤੇ ਹੀਰੇ ਦੇ ਕਿਰਦਾਰ ਨਾਲ ਇਨਸਾਫ਼ ਕੀਤਾ ਗਿਆ ਹੈ।ਇਸ ਤਰ੍ਹਾਂ ਦੀ ਕਹਾਣੀ ਲਿਖਣਾ ਉਦੈ ਪ੍ਰਤਾਪ ਸਿੰਘ ਦੇ ਹਿੱਸੇ ਆਇਆ ਹੈ ਅਤੇ ਇਸ ਤਰ੍ਹਾਂ ਦੀ ਕਹਾਣੀ 'ਤੇ ਫ਼ਿਲਮ ਬਣਾਉਣ ਲਈ ਵਿੱਤੀ ਮਾਲਿਕ ਅਨੂ ਬੈਂਸ ਨੂੰ ਸਰਾਹਿਆ ਜਾ ਸਕਦਾ ਹੈ।ਹਰੇ ਭਰੇ ਅਤੇ ਸਰ੍ਹੋਂ ਦੇ ਖੇਤਾਂ ਵਾਲੇ ਪੰਜਾਬ 'ਤੇ ਹੋਰ ਮੌਸਮ ਵੀ ਅਸਅੰਦਾਜ਼ ਹੁੰਦੇ ਹਨ। ਫ਼ਿਲਮ ਦੇ ਕਈ ਦ੍ਰਿਸ਼ਾਂ ਵਿੱਚ ਵਿਖਾਈ ਦਿੰਦੀ ਸਲੇਟੀ ਰੰਗ ਦੀ ਧੁੰਦ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਪਸਰੀ ਧੁੰਦ ਨਾਲ ਮਿਲਦੀ ਜੁਲਦੀ ਨਜ਼ਰ ਆਉਂਦੀ ਹੈ।ਫ਼ਿਲਮ ਹੌਲੌ-ਹੌਲੀ ਆਪਣੇ ਨਾਲ ਤੋਰ ਲੈਂਦੀ ਹੈ। ਫ਼ਿਲਮ ਵੇਖਦੇ ਸਮੇਂ ਅਹਿਸਾਸ ਹੁੰਦਾ ਹੈ ਕਿ ਇਹ ਕਿਰਦਾਰ ਸਾਡੇ ਵਿੱਚੋਂ ਹੀ ਨੇ ਤੇ ਸਪੀਡ ਵਰਗੇ ਪਾਤਰਾਂ ਨਾਲ ਗੱਲ ਕਰਨ ਨੂੰ ਦਿਲ ਕਰਦਾ ਹੈ। ਹੀਰੇ ਨੂੰ ਪੁੱਛਣ ਨੂੰ ਦਿਲ ਕਰਦਾ ਹੈ ਕਿ ਉਸ ਨੂੰ ਹੌਲ ਕਿਉਂ ਪੈਂਦੇ ਹਨ।ਇਹ ਫ਼ਿਲਮ ਅਤੇ ਹਦਾਇਤਕਾਰ ਦੇ ਹੁਨਰ ਦੀ ਪ੍ਰਾਪਤੀ ਹੈ ਜੋ ਸਲੇਟੀ ਰੰਗੀ ਧੁੰਦ ਦਾ ਤਰਜ਼ਮਾਂ ਪਰਦੇ 'ਤੇ ਇਸ ਤਰ੍ਹਾਂ ਲਿਖਣ ਵਿੱਚ ਸਫਲ ਹੋਇਆ ਹੈ। 


ਬਿੰਦਰਪਾਲ ਫ਼ਤਿਹ
ਸੰਪਰਕ:  94645-10678

Comments

Popular posts from this blog

ਸਾਕਾ ਨੀਲਾ ਤਾਰਾ ਬਾਰੇ ਨਵੇਂ ਸਵਾਲ 'ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ'

ਜੂਨ 1984 ਦੇ ਸਾਕਾ ਨੀਲਾ ਤਾਰਾ ਓਪਰੇਸ਼ਨ ਬਾਬਤ ਸਿਰਫ਼ ਸੁਣਿਆਂ ਜਾਂ ਪੜ੍ਹਿਆ ਹੀ ਹੈ।ਇੰਦਰਾ ਗਾਂਧੀ ਦੀ ਮੌਤ ਪਿੱਛੋਂ ਪੰਜਾਬ ਵਿੱਚ ਚੱਲੀ ਕਾਲੀ ਹਨ੍ਹੇਰੀ ਨੇ 25,000 ਤੋਂ ਵੱਧ ਬੰਦਿਆਂ ਨੂੰ ਨਿਗਲ ਲਿਆ ਪੁਲੀਸ, ਸਰਕਾਰ ਅਤੇ ਧਾਰਮਿਕ ਜਨੂੰਨੀਆਂ ਦੇ ਜੋ ਵੀ ਹੱਥੇ ਚੜ੍ਹਿਆ ਉਹ ਜਾਂ ਤਾਂ ਕਿਸੇ ਖੇਤ ਦੀ ਪਹੀ 'ਚ ਮਿਲਿਆ ਜਾਂ ਕਣਕਾਂ ਦੀਆਂ ਵੱਟਾਂ 'ਤੇ ਜਾਂ ਫ਼ਿਰ ਹਰੀਕੇ ਪੱਤਣ ਦੀਆਂ ਮੱਛੀਆਂ ਦੀ ਖੁਰਾਕ ਬਣ ਗਿਆ। ਪਰ ਕੁਝ ਉਹ ਵੀ ਸਨ ਜਿਨ੍ਹਾਂ ਦਾ ਬਚਪਨ ਉਨ੍ਹਾਂ ਦਿਨਾਂ ਦੀ ਭੇਟ ਚੜ੍ਹ ਗਿਆ ਜਿਨ੍ਹਾਂ ਦੇ ਖੇਡਣ ਦੇ ਦਿਨ ਸਹਿਮ ਦੇ ਸਾਏ ਹੇਠਾਂ ਛਿਪਦੇ ਰਹੇ। ਜਿਨ੍ਹਾਂ ਦੇ ਯਾਦ ਕਰਨ ਲਈ ਸਿਰਫ਼ ਕਰਫ਼ਿਊ ਜਾਂ ਆਏ ਦਿਨ ਹੁੰਦੇ ਪੁਲੀਸ ਮੁਕਾਬਲਿਆਂ ਦੀਆਂ ਗੱਲਾਂ ਹੀ ਬਚੀਆਂ ਹਨ। ਉਨ੍ਹਾਂ ਦਿਨਾਂ ਦੀ ਜਦ ਕੋਈ ਗੱਲ ਛੇੜਦਾ ਹੈ ਤਾਂ ਨੀਝ ਲਾ ਕੇ ਸੁਣੀ ਜਾਂਦੀ ਹੈ। ਉਨ੍ਹਾਂ ਦਿਨ੍ਹਾਂ ਦੀਆਂ ਹੋਰ ਕਈ ਨਵੀਆਂ ਗੱਲਾਂ ਅਤੇ ਨਵੀਆਂ ਕਹਾਣੀਆਂ  ਕਹਿੰਦਾ ਨਾਵਲ ਅਮਨਦੀਪ ਸੰਧੂ ਨੇ ਅੰਗਰੇਜੀ ਵਿੱਚ ਲਿਖਿਆ ਹੈ। ਨਾਵਲ ਦਾ ਨਾਮ "ਰੋਲ ਆਫ਼ ਆਨਰ" ਹੈ। ਨਾਵਲ ਸਾਕਾ ਨੀਲਾ ਤਾਰਾ ਦੀ ਕਹਾਣੀ ਕਹਿੰਦਾ ਅਤੇ ਉਸ ਦੌਰ ਵਿੱਚ ਸੜਕਾਂ, ਗਲੀਆਂ ਅਤੇ ਘਰਾਂ ਤੋਂ ਦੂਰ ਇੱਕ ਮਿਲਟਰੀ ਸਕੂਲ ਵਿੱਚ ਪੜ੍ਹਦੇ ਪਾੜ੍ਹਿਆਂ ਅਤੇ ਉਨ੍ਹਾਂ ਦੇ ਮਨਾਂ ਉੱਤੇ ਹੋ ਰਹੀ ਤਬਦੀਲੀ ਨੂੰ ਬਿਆਨ ਕਰਦਾ ਹੈ। ਇਸ ਨਾਵਲ ਦਾ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਪੱਤਰਕਾਰ ਦਲਜੀਤ ਅਮੀ ਨੇ ਪੰਜਾਬੀ ਵਿੱਚ...

ਗੱਲ 1984 ਦੇ ਦੰਗਿਆਂ ਦੀ

ਉਸ ਸਮੇਂ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਜਦੋਂ ਭਾਰਤ ਆਪਣੇ ਪਿੰਡੇ ‘ਤੇ ਦੂਜੀ ਵਾਰ ਧਰਮ ਦੇ ਨਾਂ ‘ਤੇ ਦੁੱਖਦਾਈ ਭਾਂਬੜ ਵਿੱਚ ਜਾ ਰਿਹਾ ਸੀ | ਗੱਲ 1984 ਦੇ ਦੰਗਿਆਂ ਦੀ ਹੈ ਉਸ ਸਮੇਂ ਕੁਝ ਅਜਿਹੇ ਭਲੇਮਾਣਸ ਲੋਕਾਂ ਨੂੰ ਮਿਲਣ ਦਾ “ ਸੁਭਾਗ ” ਮਿਲਿਆ ਜਿਨ੍ਹਾਂ   ਨੇ ਭਾਰਤ ਪਾਕ ਵੰਡ ਨੂੰ ਆਪਣੇ ਪਿੰਡੇ ਤੇ ਹੰਢਾਇਆ ਸੀ | ਉਹਨਾਂ ਵਿਚੋਂ ਮੇਰੇ ਮਿੱਤਰ ਸ਼ਿਨ੍ਨ੍ਦਰ ਸਿੰਘ ਰਾਜੋ-ਮਾਜਰਾ ਤੇ ਦਾਨਾ ਬਡਬਰ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ | ਇੱਕ ਦਿਨ ਉਮਰ ਵਿੱਚ ਵਡੇਰੇ ਹੋਣ ਕਰਕੇ ਮੈਂ ਕਿਹਾ ਬਾਪੂ ਜੀ ਤੁਹਾਨੂੰ ਰਫਿਊਜੀ ਕਿਉਂ ਆਹੰਦੇ ਹਨ ? ਬਜ਼ੁਰਗ ਆਲਾ ਸਿੰਘ ਦਾ ਜਵਾਬ ਸੀ ਕਿ ਪੁੱਤਰ ਰਫਿਊਜੀ ਜੋ ਪਾਕਿਸਤਾਨੋਂ ਉੱਜੜ ਕੇ ਆਏ ਉਸਨੂੰ ਰਫਿਊਜੀ ਕਹਿੰਦੇ ਹਨ | ਫੇਰ ਮੈਂ ਕਿਹਾ ਤੁਸੀਂ ਉੱਜੜ ਕੇ ਕਿਉਂ ਆਏ ? ਉਹਨਾਂ ਮੈਨੂੰ ਮਾਤਾ ਕਰਤਾਰ ਕੌਰ ਤੋਂ ਪੁੱਛਣ ਲਈ ਕਿਹਾ, ਮਾਤਾ ਕਰਤਾਰ ਕੌਰ ਤੋਂ ਪੁੱਛਿਆ | ਉਹਨਾਂ ਜਵਾਬ ਦਿੱਤਾ “ ਪੁੱਤ ਮੈਨੂੰ ਜਿਆਦਾ ਹੋਸ਼ ਤਾਂ ਨਹੀਂ ਪਰ ਉਦੋਂ ਹਿੰਦੋਸਤਾਨ ਅਤੇ ਪਾਕਿਸਤਾਨ ਬਣਨ ਦੀਆਂ ਗੱਲਾਂ ਹੋ ਰਹੀਆਂ ਸਨ | ਲੜਾਈ ਦੇ ਬਿਗੁਲ ਵੱਜ ਚੁੱਕੇ ਸਨ | ਨਗਾਰੇ ਚੋਟ ਲੱਗ ਗਈ ਸੀ | ਸਾਨੂੰ ਸਾਰੇ ਬੱਚਿਆਂ ਨੂੰ ਜਿਸ ਗੱਡੀ ਵਿੱਚ ਬਿਠਾਇਆ ਸੀ ਉਸ ਦਾ ਪਤਾ ਨਹੀਂ ਸੀ ਕਿ ਕਿੱਥੇ ਜਾਂਦੀ ਹੈ | ਉਸ ਸਮੇਂ ਸਾਡੇ ਕੋਲ ਪੀਣ ਲਈ ਪਾਣੀ ਵੀ ਨਹੀਂ ਸੀ | ਉਦੋਂ ਤੇਰਾ ਬਾਪੂ ਛੋਟੀ ਗੜਵੀ ਲੈਕੇ ਗੱਡੀ ਦੇ ਥੱਲੇ ਦੀ ਲੰਘਿਆ ਤਾਂ...
ਪਾਸ਼ ਦੀ ਕਵਿਤਾ                              ਸੱਚ ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ, ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ| ਇਨ੍ਹਾਂ ਦੁਖਦੇ ਅੰਗਾਂ ਤੇ ਸੱਚ ਨੇ ਇਕ ਜੂਨ ਭੋਗੀ ਹੈ| ਤੇ ਹਰ ਸੱਚ ਜੂਨ ਭੋਗਣ ਤੋਂ ਬਾਅਦ, ਯੁੱਗ ਵਿਚ ਬਦਲ ਜਾਂਦਾ ਹੈ, ਤੇ ਇਹ ਯੁੱਗ ਹੁਣ ਖੇਤਾਂ ਤੇ ਮਿੱਲਾਂ ਵਿਚ ਹੀ ਨਹੀਂ, ਫੌਜਾਂ ਦੀਆਂ ਕਤਾਰਾਂ ਵਿਚ ਵਿਚਰ ਰਿਹਾ ਹੈ| ਕੱਲ੍ਹ ਜਦ ਇਹ ਯੁੱਗ, ਲਾਲ ਕਿਲ੍ਹੇ ਉਪਰ ਸਿੱਟਿਆਂ ਦਾ ਤਾਜ ਪਹਿਨੀਂ, ਸਮੇਂ ਦੀ ਸਲਾਮੀ ਲਏਗਾ, ਤਾਂ ਤੁਸਾਂ ਨੂੰ ਸੱਚ ਦੇ ਅਸਲ ਅਰਥ ਸਮਝ ਆਵਣਗੇ| ਹੁਣ ਸਾਡੀ ਉਪਦਰੀ ਜ਼ਾਤ ਨੂੰ, ਇਸ ਯੁੱਗ ਦੀ ਫ਼ਿਤਰਤ ਤਾਂ ਭਾਵੇਂ ਆਖ ਸਕਦੇ ਹੋ; ਇਹ ਕਹਿ ਛੱਡਣਾ, ਕਿ ਝੁੱਗੀਆਂ ’ਚ ਪਸਰਿਆ ਸੱਚ, ਕੋਈ ਸ਼ੈਅ ਨਹੀਂ ! ਕੇਡਾ ਕੁ ਸੱਚ ਹੈ ? ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ.....    ਖੁੱਲੀ ਚਿੱਠੀ ਮਸ਼ੂਕਾਂ ਨੂੰ ਖਤ ਲਿਖਣ ਵਾਲਿਓ| ਜੇ ਤੁਹਾਡੀ ਕਲਮ ਦੀ ਨੋਕ ਬਾਂਝ ਹੈ ਤਾਂ ਕਾਗਜ਼ਾ ਦਾ ਗਰਭਪਾਤ ਨਾ ਕਰੋ| ਤਾਰਿਆਂ ਵੱਲ ਤੱਕ ਕੇ ਕ੍ਰਾਂਤੀ ਲਿਆਉਣ ਵਾਲਿਓ! ਨਸੀਹਤ ਦੇਣ ਵਾਲਿਓ! ਕ੍ਰਾਂਤੀ ਜਦ ਆਈ ਤਾਂ ਤੁਹਾਨੂੰ ਵੀ ਤਾਰੇ ਦਿਖਾ ਦੇਏਗੀ| ਬੰਦੂਕਾਂ ਵਾਲਿਓ! ਜਾਂ ਤਾਂ ਆਪਣੀ ਬੰਦੂਕ ਦਾ ਮੂੰਹ ਦੁਸ਼ਮਣ ਵੱਲ ਕਰ ਦਿਓ ਤੇ ਜਾਂ ਆਪਣੇ...