ਬਿੰਦਰਪਾਲ ਫਤਿਹ ਕਲਾ ਦੀ ਆਪਣੀ ਸਿਆਸਤ ਹੁੰਦੀ ਹੈ । ਕਲਾ ਨੇ ਕਿਸੇ ਦੇ ਪੱਖ ਵਿੱਚ ਅਤੇ ਕਿਸੇ ਦੇ ਵਿਰੋਧ ਵਿੱਚ ਭੁਗਤਣਾ ਹੁੰਦਾ ਹੈ । ਪੱਖ ਅਤੇ ਵਿਰੋਧ ਦੀ ਇਹ ਸਿਆਸਤ ਕਦੇ ਲੁਕਵੇਂ ਅਤੇ ਕਦੇ ਖੁੱਲ੍ਹੇ ਤੌਰ ਤੇ ਸਾਹਮਣੇ ਆਉਂਦੀ ਰਹਿੰਦੀ ਹੈ । ਫ਼ਿਲਮ ਵੀ ਇਸ ਸਿਆਸਤ ਤੋਂ ਅਛੂਤੀ ਨਹੀ ਰਹਿ ਸਕਦੀ । ਫ਼ਿਲਮ , ਕਲਾ ਦਾ ਉਹ ਰੂਪ ਹੈ ਜਿਹੜਾ ਮਨੁੱਖੀ ਦਿਮਾਗ ਅਤੇ ਚੇਤਨਾ ਉੱਪਰ ਕਿਸੇ ਵੀ ਹੋਰ , ਪੜ੍ਹੇ ਅਤੇ ਦੇਖੇ ਜਾਣ ਵਾਲੇ ਕਲਾ ਰੂਪ ਨਾਲੋਂ ਜ਼ਿਆਦਾ ਪ੍ਰਭਾਵ ਪਾਉਂਦਾ ਹੈ । ਫ਼ਿਲਮ ਕਲਾ ਵੀ ਸਮਾਜ ਦੇ ਸਮਕਾਲੀ ਹਾਲਾਤ , ਸਿਆਸਤ ਅਤੇ ਇਤਿਹਾਸ ਦਾ ਕਲਾ ਦੇ ਪੱਧਰ ' ਤੇ ਪੜਚੋਲ ਕਰਨ ਦੇ ਨਾਲ ਆਪਣਾ ਲੋਕ ਪੱਖੀ ਅਤੇ ਲੋਕ ਵਿਰੋਧੀ ਖ਼ਾਸਾ ਪ੍ਰਗਟ ਕਰਦੀ ਰਹੀ ਹੈ । ਇਹੀ ਕਾਰਨ ਹੈ ਕਿ ਫ਼ਿਲਮ ਕਲਾ ਨੂੰ ਆਪਣੇ ਸ਼ੁਰੁਆਤੀ ਦਿਨਾਂ ਤੋਂ ਲੈ ਕੇ ਮੌਜੂਦਾ ਦੌਰ ਤੱਕ ਲੋਕ ਵਿਰੋਧੀ ਪ੍ਰਚਾਰ ਦੇ ਤੌਰ ਤੇ ਵਰਤਿਆ ਜਾਂਦਾ ਹੈ । ਪ੍ਰਚਾਰ ਕੋਈ ਮਾੜੀ ਚੀਜ਼ ਨਹੀਂ ਹੈ । ਸੁਆਲ ਇਹ ਹੈ ਕਿ ਪ੍ਰਚਾਰ (ਪ੍ਰਾਪੇਗੰਡਾ) ਆਖ਼ਰ ਕਿਨ੍ਹਾਂ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਕਿਹੜੇ ਲੋਕਾਂ ਦੇ ਖ਼ਿਲਾਫ਼ ਕੀਤਾ ਜਾਂਦਾ ਹੈ ? ਜੁਆਬ ਹੈ ਕਿ ਸਾਮਰਾਜੀ ਹਿੱਤਾਂ ਦੀ ਪੂਰਤੀ ਹਿੱਤ , ਸਾਮਰਾਜੀਆਂ ਖਾਸ ਤੌਰ ' ਤੇ ਅਮਰੀਕਾ ਵੱਲੋਂ ਪੂਰੀ ਦੁਨੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ , ਲੋਕ ਵਿਰੋਧੀ ਨੀਤੀਆਂ ਉੱਪਰ ਪਰਦਾ ਪਾਉਣ , ਲੋਕ ਇਨਕਲਾਬਾਂ ਨੂੰ ਬਦਨਾਮ ਕਰਨ ਦ...