ਅਵਤਾਰ ਸਿੰਘ ਸੁਪਨਿਆਂ ਅਤੇ ਉਮੀਦਾਂ 'ਚ ਕੋਈ ਫ਼ਰਕ ਹੁੰਦਾ ਹੈ? ਦਿਲ ਨੂੰ ਧਰਵਾਸ ਦੇਣ ਲਈ ਇੱਕ ਭਰਮ ਜਾਂ ਮਾੜੇ ਦਿਨ ਕੱਟਣ ਲਈ ਲੱਭਿਆ ਝੂਠਾ ਆਸਰਾ ਵੀ ਤਾਂ ਹੋ ਸਕਦੇ ਹਨ ਜਿਸ ਦੀ ਅਸਲ ਜ਼ਿੰਦਗੀ ਵਿਚ ਕੋਈ ਹੋਂਦ ਨਾ ਹੋਵੇ? ਜਦੋਂ ਕਿਸੇ ਮਨੁੱਖ ਦੇ ਸੁਪਨਿਆਂ ਨੂੰ ਬੂਰ ਪੈਣਾ ਸ਼ੁਰੂ ਹੁੰਦਾ ਹੈ ਤਾਂ ਉਮੀਦ ਦੀਆਂ ਕਿਰਨਾਂ ਚਹਿਕਦੇ ਫੁੱਲਾਂ ਵਾਂਗ ਫੁੱਟਣ ਲੱਗਦੀਆਂ ਹਨ।ਦੁਨੀਆਂ ਨਾਲ ਪਿਆਰ ਜਿਹਾ ਹੋ ਜਾਂਦਾ ਹੈ ਅਤੇ ਫਿਰ ਮਰਨ ਤੋਂ ਬਾਅਦ ਜੱਨਤ ਲੱਭਣ ਦੀ ਜਰੂਰਤ ਨਹੀਂ ਰਹਿੰਦੀ ਕਿਉਂਕਿ ਸਭ ਇਸੇ ਧਰਤੀ ਉਪਰ ਦਿਸਣ ਲੱਗਦਾ ਹੈ।ਬੰਦੇ ਨੂੰ ਆਪਣੀ ਹੋਂਦ ਦਾ ਅਹਿਸਾਸ ਹੋਣ ਲੱਗਦਾ ਹੈ।ਪਰ ਜਦੋਂ ਇਹ ਸੁਪਨੇ ਅਤੇ ਉਮੀਦਾਂ ਟੁਟਦੀਆਂ ਨੇ ਤਾਂ ਇਨਸਾਨ ਵੀ ਬੁਰੀ ਤਰ੍ਹਾਂ ਡਿੱਗਦਾ ਹੈ।ਸਵਰਗ ਲੱਗਦੀ ਦੁਨੀਆਂ ਇਨਸਾਨਾਂ ਦੇ ਰਹਿਣ ਲਾਇਕ ਜਾਪਣੋ ਹੱਟ ਜਾਂਦੀ ਹੈ।ਮੰਜ਼ਿਲ ਦੇ ਬਿਲਕੁਲ ਨਜਦੀਕ ਆ ਕੇ ਹਾਰ ਜਾਣਾ ਹੋਰ ਵੀ ਨਮੋਸ਼ੀ ਭਰਿਆ ਹੁੰਦਾ ਹੈ।ਅਸਲ 'ਚ ਸੁਪਨੇ ਦੇਖਣ ਸਮੇਂ ਬਿਨ੍ਹਾਂ ਪਦਾਰਥਕ ਹਾਲਤਾਂ ਦਾ ਵਿਸ਼ਲੇਸ਼ਣ ਕੀਤਿਆਂ ਉਮੀਦਾਂ ਲਗਾਉਣਾ ਅੱਲੜ੍ਹਪੁਣਾ ਹੁੰਦਾ ਹੈ। ਇਨਸਾਨ ਦਾ ਚਰਿੱਤਰ ਉਸ ਦੇ ਹਲਾਤਾਂ 'ਚੋਂ ਪੈਦਾ ਹੁੰਦਾ ਹੈ।ਦੁਨੀਆਂ ਦੀ ਹਰ ਲੜਾਈ ਕਿਸੇ ਨਾ ਕਿਸੇ ਦੀ ਜਿੱਤ ਹਾਰ ਨਾਲ ਜੁੜੀ ਹੁੰਦੀ ਹੈ, ਫਿਰ ਕਿਤੇ ਜਸ਼ਨ ਦਾ ਮਹੌਲ ਬਣਦਾ ਹੈ ਅਤੇ ਕਿਤੇ ਬਰਬਾਦੀ ਦਾ ਮੰਜ਼ਰ। 10 ਮਈ ਨੂੰ ਚੰਡੀਗੜ੍ਹ 'ਚ ਪ੍ਰਸ਼ਾਸ਼ਨ ਨੇ ਮਜ਼ਦੂਰਾਂ ਦੇ ਲੱਖ ਤਰਲਿ...