Skip to main content

ਬਾਲਟੀਮੋਰ ਤੋਂ ਮੋਗਾ ਵਾਇਆ ਦਿੱਲੀ


ਆਲਮੀ ਪੱਧਰ 'ਤੇ ਸੰਘਰਸ਼ਾਂ ਦਾ ਦੌਰ ਅੱਜ ਤੇਜ਼ ਹੋ ਚੁੱਕਿਆ ਹੈ। ਸੰਘਰਸ਼ ਦੇ ਪਿੜ ਚਾਹੇ ਕਿਤੇ ਵੀ ਹੋਣ ਪਰ ਇਹ ਸੰਘਰਸ਼ ਮਨੁੱਖ ਦੀ ਬਿਹਤਰ ਜ਼ਿੰਦਗੀ ਨਾਲ ਜੁੜੇ ਮੁੱਦਿਆਂ ਦੀ ਤਰਫ਼ਦਾਰੀ ਕਰਦੇ ਹੋਏ ਬੰਦੇ ਦੀ ਬੰਦਿਆਈ ਨੂੰ ਵੱਡਾ ਕਰਨ ਲਈ ਲੜੇ ਜਾ ਰਹੇ ਹਨ। ਇਨ੍ਹਾਂ ਵਿੱਚ ਕਿਤੇ ਮਨੁੱਖੀ ਹਕੂਕਾਂ ਦੀ ਮੰਗ ਸ਼ਾਮਲ ਹੁੰਦੀ ਹੈ ਤਾਂ ਕਿਤੇ ਹਕੂਕਾਂ ਦੇ ਹਵਾਲੇ ਨਾਲ ਇਨਸਾਫ਼ ਦੀ ਮੰਗ। ਦੋਵਾਂ ਹੀ ਹਾਲਤਾਂ ਵਿੱਚ ਮਨੁੱਖੀ ਨਾਬਰੀ ਭਾਰੂ ਹੁੰਦੀ ਹੈ। ਇਨ੍ਹਾਂ ਸੰਘਰਸ਼ਾਂ ਵਿੱਚ ਜਦੋਂ ਵੀ ਲੋਕ ਰੋਹ ਤੇਜ਼ ਹੁੰਦਾ ਹੈ ਤਾਂ ਸੱਤ੍ਹਾ ਉੱਤੇ ਕਾਬਜ਼ ਮੁਕਾਮੀ ਤਾਕਤਾਂ ਸੰਘਰਸ਼ ਨੂੰ ਤੋੜਨ ਜਾਂ ਖੁਰਦ-ਬੁਰਦ ਕਰਨ ਲਈ ਹਰ ਹਰਬਾ ਵਰਤਦੀਆਂ ਹਨ।ਇਨ੍ਹਾਂ ਹਰਬਿਆਂ ਵਿੱਚ ਪੁਲੀਸ ਦੀ ਵਰਤੋਂ ਸੱਤ੍ਹਾ ਦੀ ਪਹਿਲਕਦਮੀ ਵਜੋਂ ਸਾਹਮਣੇ ਆਉਂਦੀ ਹੈ। 
ਬੀਤੇ ਕਈ ਦਿਨਾਂ ਤੋਂ ਬਾਲਟੀਮੋਰ ਵਿੱਚ ਇੱਕ ਸਿਆਹਫਾਮ ਵਿਅਕਤੀ ਫਰੈੱਡੀ ਗਰੇ ਦੀ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਤੋ ਬਾਅਦ ਅਮਰੀਕੀ ਸਟੇਟ ਮੈਰੀਲੈਂਡ ਦਾ ਸ਼ਹਿਰ ਬਾਲਟੀਮੋਰ, ਇਨਸਾਫ਼ ਪਸੰਦ ਲੋਕਾਂ ਦੇ ਸੰਘਰਸ਼ ਦਾ ਪਿੜ ਬਣਿਆ ਹੋਇਆ ਹੈ। ਫ੍ਰੈੱਡੀ ਗਰੇ ਨੂੰ ਜੇਬ ਵਿੱਚ ਚਾਕੂ ਬਰਾਮਦ ਕੀਤੇ ਜਾਣ ਪਿੱਛੋਂ ਕਾਨੂੰਨ ਦੀ ਉਲੰਘਣਾ ਦੇ ਮਾਮਲੇ ਵਿੱਚ ਪੁਲੀਸ ਦੁਆਰਾ ਅਣਮਨੁੱਖੀ ਤਰੀਕੇ ਨਾਲ ਧੂਹ ਕੇ ਗੱਡੀ ਵਿੱਚ ਸੁੱਟਿਆ ਗਿਆ। ਇਸ ਦੌਰਾਨ ਫ੍ਰੈੱਡੀ ਦੀ ਰੀੜ੍ਹ ਦੀ ਹੱਡੀ ਉੱਤੇ ਗੰਭੀਰ ਸੱਟ ਲੱਗੀ ਜਿਸ ਦਾ ਸਿੱਟਾ ਉਸ ਦੇ ਕੋਮਾ ਵਿੱਚ ਜਾਣ ਤੋਂ ਬਾਅਦ ਮੌਤ ਦੇ ਰੂਪ ਵਿੱਚ ਨਿੱਕਲਿਆ। ਬੇਸ਼ੱਕ ਉਸ ਮਾਮਲੇ ਵਿੱਚ ਛੇ ਪੁਲੀਸ ਵਾਲਿਆਂ ਨੂੰ ਆਰਜੀ ਤੌਰ ਉੱਤੇ ਮੁਅੱਤਲ ਕਰ ਦਿੱਤਾ ਗਿਆ । ਬਾਅਦ ਵਿੱਚ ਫ੍ਰੈੱਡੀ ਦੇ ਵਕੀਲ ਦੁਆਰਾ ਮੰਗ ਕੀਤੀ ਗਈ ਕਿ ਉਨ੍ਹਾਂ ਛੇ ਪੁਲੀਸ ਵਾਲਿਆਂ ਨੂੰ ਕਤਲ ਦੇ ਦੋਸ਼ੀ ਮੰਨਿਆਂ ਜਾਵੇ ਕਿਉਂ ਕਿ ਫ੍ਰੈੱਡੀ ਦੀ ਗ੍ਰਿਫ਼ਤਾਰੀ ਗੈਰਕਾਨੂੰਨੀ ਸੀ। ਵਕੀਲ਼ ਦਾ ਦਾਅਵਾ ਸੀ ਕਿ ਮੈਰੀਲੈਂਡ ਸਟੇਟ ਦੇ ਕਾਨੂੰਨ ਮੁਤਾਬਕ ਜੇਬ ਵਿੱਚ ਚਾਕੂ ਰੱਖਣਾ ਕਾਨੂੰਨ ਦੀ ਉਲੰਘਣਾ ਜਾਂ ਕਿਸੇ ਕਿਸਮ ਦੀ ਹਿੰਸਾ ਵਿੱਚ ਸ਼ਾਮਲ ਨਹੀਂ ਹੈ। ਇਸ ਦੇ ਉਲਟ ਦੋਸ਼ੀਆਂ ਦੇ ਪੱਖ ਦਾ ਵਕੀਲ ਉਸੇ ਕਾਨੂੰਨ ਤਹਿਤ ਇਹ ਕਹਿ ਰਿਹਾ ਸੀ ਕਿ ਜੇਬ ਵਿੱਚ ਚਾਕੂ ਰੱਖਣਾ ਹਿੰਸਕ ਗਤੀਵਿਧੀਆਂ ਦੇ ਕਾਨੂੰਨ ਵਿੱਚ ਸ਼ਾਮਲ ਹੈ। ਦੋਵੇਂ ਵਕੀਲ ਇੱਕ ਹੀ ਕਾਨੂੰਨ ਤਹਿਤ ਗੱਲ ਕਰ ਰਹੇ ਸੀ ਪਰ ਇੱਕ ਤੱਥਾਂ ਨੂੰ ਇਨਸਾਫ਼ ਦੇ ਖਿਲ਼ਾਫ਼ ਭੁਗਤਾ ਰਿਹਾ ਸੀ ਅਤੇ ਦੂਜਾ ਉਸੇ ਕਾਨੂੰਨ ਦਾ ਸਹਾਰਾ ਲੈ ਕੇ ਫ੍ਰੈੱਡੀ ਦੀ ਲਾਸ਼ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਰ ਰਿਹਾ ਸੀ।ਇਨ੍ਹਾਂ ਵਕੀਲਾਂ ਦੀ ਸੰਵਿਧਾਨ ਅਤੇ ਕਾਨੂੰਨ ਨਾਲ ਸਾਂਝ ਨੂੰ ਕਾਨੂੰਨ ਦੀ ਬਰਾਬਰੀ ਦੇ ਹੋਕਿਆਂ ਨਾਲ ਮੇਲ ਕੇ ਵੇਖਿਆ ਜਾਣਾ ਬਣਦਾ ਹੈ।  
ਇਹ ਸਾਰਾ ਕੁਝ ਬਾਲਟੀਮੋਰ ਦੀ ਅਦਾਲਤ ਵਿੱਚ ਚੱਲ ਰਿਹਾ ਸੀ ਅਤੇ ਬਾਲਟੀਮੋਰ ਦੀਆਂ ਸੜਕਾਂ ਉੱਤੇ ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ ਨੂੰ ਪੁਲੀਸ ਦੁਆਰਾ ਅੱਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਨਾਲ ਇਨਸਾਫ਼ ਪੜ੍ਹਾਇਆ ਜਾ ਰਿਹਾ ਸੀ।ਪੁਲੀਸ ਦੀ ਧੱਕੇਸ਼ਾਹੀ ਅਮਰੀਕਾ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਇਸ ਤੋਂ ਪਹਿਲਾਂ ਵੀ ਉੱਤਰੀ ਚਾਰਲਸਟਨ ਵਿੱਚ ਇੱਕ ਚਿੱਟੀ ਚਮੜੀ ਵਾਲੇ ਪੁਲੀਸ ਅਧਿਕਾਰੀ ਵੱਲੋਂ ਇੱਕ ਸਿਆਹਫਾਮ ਅਤੇ ਨਿਹੱਥੇ ਵਿਅਕਤੀ ਨੂੰ ਗੋਲੀ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਤੋਂ ਇਲਾਵਾ ਆਏ ਦਿਨ ਸੁਰਖੀਆਂ ਵਿੱਚ ਰਹਿੰਦੇ ਕਿੰਨੇ ਹੀ ਸਿਆਹਫਾਮ ਲੋਕਾਂ ਦੇ ਕਤਲ ਹੌਲੀ ਹੌਲੀ ਮੀਡੀਆ ਦੀ ਮੰਡੀ ਵਿੱਚੋਂ ਅਲੋਪ ਹੋ ਜਾਇਆ ਕਰਦੇ ਹਨ ਪਰ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਜਰੂਰ ਯਾਦ ਹੁੰਦੇ ਹਨ।ਅਮਰੀਕੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਫ੍ਰੈੱਡੀ ਦੀ ਮੌਤ ਤੋਂ ਬਾਅਦ ਕਿਹਾ ਕਿ "ਅਮਰੀਕਾ ਵਿੱਚ ਚਿੱਟੀ ਚਮੜੀ ਵਾਲੇ ਪੁਲੀਸ ਅਧਿਕਾਰੀਆਂ ਦਾ ਸਿਆਹਫਾਮ ਲੋਕਾਂ ਨੂੰ ਮਾਰਨਾ ਇੱਕ ਬਹੁਤ ਵੱਡਾ ਮੁੱਦਾ ਹੈ ਪਰ ਇਸ ਨਾਲ ਮੁਜ਼ਾਹਰਾ ਕਰਨ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾ ਸਕਦਾ, ਇਹ ਲੋਕ ਕਿਸੇ ਤਰ੍ਹਾਂ ਵੀ ਸੰਘਰਸ਼ ਨਹੀਂ ਕਰ ਰਹੇ ਬਲਕਿ ਵਪਾਰ ਨੂੰ ਠੱਪ ਕਰ ਰਹੇ ਨੇ, ਇਮਾਰਤਾਂ ਸਾੜ ਰਹੇ ਨੇ ਅਤੇ ਸੰਘਰਸ਼ ਦੇ ਬਹਾਨੇ ਚੋਰੀਆਂ ਕਰ ਰਹੇ ਨੇ" ਓਬਾਮਾ ਨੇ ਇੱਥੋਂ ਤੱਕ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਪੇਸ਼ੇਵਰ ਮੁਜ਼ਰਮਾਂ ਵਾਂਗ ਹੀ ਵੇਖਣਾ ਚਾਹੀਦਾ ਹੈ। ਓਬਾਮਾ ਨੂੰ 2009 ਵਿੱਚ ਸ਼ਾਤੀ ਨੋਬਲ ਇਨਾਮ ਨਾਲ ਨਿਵਾਜ਼ਿਆ ਗਿਆ। ਸਾਲ 2009 ਵਿੱਚ ਹੀ ਓਬਾਮਾ ਦੇ ਭੇਜੇ 'ਸ਼ਾਤੀ ਦੂਤ' ਇਰਾਕ ਵਿੱਚ ਆਮ ਸ਼ਹਿਰੀਆਂ ਦੇ ਕਤਲ ਨਾਲ ਸ਼ਾਤੀ ਦੇ ਨਵੇਂ ਮਾਅਨੇ ਲਿਖ ਰਹੇ ਸੀ।ਇਨ੍ਹਾਂ 'ਸ਼ਾਤੀ ਦੂਤਾਂ' ਨੇ ਇਰਾਕ ਵਿੱਚ ਸਾਲ 2009 ਵਿੱਚ 53,09 ਆਮ ਸ਼ਹਿਰੀਆਂ ਨੂੰ 'ਸ਼ਾਤੀ' ਸ਼ਥਾਪਤ ਕਰਨ ਦੇ ਨਾਮ ਉੱਤੇ ਕਤਲ ਕੀਤਾ।ਇਹ ਅੰਕੜੇ ਯੂ.ਕੇ. ਅਤੇ ਅਮਰੀਕਾ ਦੀ ਇੱਕ ਸੰਸਥਾ 'ਇਰਾਕ ਬਾਡੀ ਕਾਉਂਟ' ਦੇ ਹਨ ਜੋ ਇਰਾਕ ਦੀ ਜੰਗ ਵਿੱਚ ਮਾਰੇ ਗਏ ਇਰਾਕੀਆਂ ਦੀਆਂ ਲਾਸ਼ਾਂ ਦੇ ਅੰਕੜੇ ਸੰਭਾਲਦੀ ਹੈ। ਇਸੇ ਲੜੀ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨਾਂ ਦੀ ਬੋਲੀ ਦੀਆਂ ਗੁੱਝੀਆਂ ਰਜਮਾਂ ਪੜ੍ਹ ਲੈਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਜਦੋਂ ਦਸੰਬਰ 2014 ਵਿੱਚ ਆਸਾਮ ਜਾਂਦਾ ਹੈ ਤਾਂ ਉੱਥੇ ਪੁਲੀਸ ਦੇ ਸੀਨੀਅਰ ਕੇਡਰਾਂ ਨੂੰ ਭਾਸ਼ਣ ਦਿੰਦਾ ਹੋਇਆ ਪੁਲੀਸ ਦਾ 'ਅਕਸ ਸੁਧਾਰਨ ਦੀ ਸਲਾਹ' ਦਿੰਦਾ ਹੈ।ਪ੍ਰਧਾਨ ਮੰਤਰੀ ਉੱਚ ਰੁਤਬਾ ਹਾਸਲ ਅਧਿਕਾਰੀਆਂ ਨੂੰ ਲੋਕ ਸੰਪਰਕ ਏਜੰਸੀ ਹਾਇਰ ਕਰਨ ਦੀ ਸਲਾਹ ਵੀ ਦਿੰਦਾ ਹੈ ਅਤੇ ਫ਼ਿਲਮ ਹਦਾਇਤਕਾਰਾਂ ਨੂੰ ਮਿਲਕੇ ਫ਼ਿਲਮਾਂ ਵਿੱਚ ਪੁਲੀਸ ਕਿਰਦਾਰਾਂ ਨੂੰ ਚੰਗਾ ਵਿਖਾਉਣ ਬਾਬਤ ਗੱਲ ਕਰਨ ਦੀ ਤਾਕੀਦ ਨਾਲੋ ਨਾਲ ਕੀਤੀ ਜਾਂਦੀ ਹੈ।ਇਸ ਤੋਂ ਬਾਅਦ ਆਸਾਮ ਪੁਲੀਸ ਦੇ ਇੱਕ ਸੰਤਰੀ ਅਤੇ ਚਾਰ ਹੋਮਗਾਰਡ ਦੇ ਜਵਾਨਾਂ ਨੇ ਇੱਕ ਔਰਤ ਨਾਲ ਛੇੜਖਾਨੀ ਕੀਤੀ ਜਿਨ੍ਹਾਂ ਨੂੰ ਕਿ ਬਾਅਦ ਵਿੱਚ ਜੇਲ੍ਹ ਭੇਜਿਆ ਗਿਆ।ਇਸ ਘਟਨਾ ਦੀ ਤਸਦੀਕ ਅੰਗਰੇਜੀ ਅਖ਼ਬਾਰ 'ਟਾਈਮਜ਼ ਆਫ਼ ਇੰਡੀਆ' ਵਿੱਚ ਪੁਖ਼ਤਾ ਹੁੰਦੀ ਹੈ ।ਇਸੇ ਅਖ਼ਬਾਰ ਦੀ ਇੱਕ ਰਿਪੋਰਟ ਵਿੱਚ ਸਰਕਾਰੀ ਅੰਕੜਿਆਂ ਦਾ ਹਵਾਲਾ ਦੇਕੇ ਲਿਖਿਆ ਗਿਆ ਹੈ ਕਿ 2010 ਤੋਂ ਲੈ ਕੇ ਹੁਣ ਤੱਕ ਬਲਾਤਕਾਰ ਦੀਆਂ 10,000  ਘਟਨਾਵਾਂ ਵਾਪਰ ਚੁੱਕੀਆਂ ਹਨ। 2012 ਦੀ 9 ਜੁਲਾਈ ਨੂੰ ਵੀ ਕੁਝ ਮਨਚਲਿਆਂ ਵੱਲੋਂ ਇੱਕ ਬੀਬੀ ਨਾਲ ਸ਼ਰੇਆਮ ਛੇੜਖਾਨੀ ਕੀਤੀ ਗਈ ਸੀ।ਸਾਲ 2014 ਵਿੱਚ ਹੀ ਔਰਤਾਂ ਨਾਲ ਛੇੜਛਾੜ ਦੀਆਂ 4179 ਘਟਨਾਵਾਂ ਦਿੱਲੀ ਦੇ ਵੱਖ ਵੱਖ ਪੁਲੀਸ ਸਟੇਸ਼ਨਾਂ ਵਿੱਚ ਦਰਜ ਹੋਈਆਂ ਹਨ।ਦਿੱਲੀ ਦੇ ਪੁਲੀਸ ਕਮਿਸ਼ਨਰ ਮੁਤਾਬਕ ਹੀ ਦਿੱਲੀ ਵਿੱਚ ਹਰ ਰੋਜ 5 ਔਰਤਾਂ ਨਾਲ ਬਲਾਤਕਾਰ ਹੁੰਦਾ ਹੈ।ਫਰਵਰੀ 2015 ਵਿੱਚ ਭਾਜਪਾ ਦਾ ਆਪਣਾ ਹੀ ਇੱਕ ਮੈਂਬਰ ਅਤੇ ਦਿੱਲੀ ਵਿੱਚ ਕਿਸੇ ਸੰਸਥਾ ਦਾ ਚੇਅਰਮੈਨ ਬਲਾਤਕਾਰ ਦੇ ਕੇਸ ਵਿੱਚ ਫਸ ਗਿਆ ਅਤੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ। ਮੁਲਕ ਦੀ ਰਾਜਧਾਨੀ ਵਿੱਚ ਇਹ ਕੁਝ ਵਾਪਰ ਰਿਹਾ ਹੈ ਪਰ ਕੋਈ ਪੁਲੀਸ ਅਤੇ ਸੁਰੱਖਿਆ ਤੰਤਰ ਉੱਤੇ ਸਵਾਲ ਖੜ੍ਹੇ ਨਾ ਕਰ ਸਕੇ ਇਸ ਲਈ ਪੁਲੀਸ ਨੂੰ ਆਪਣਾ ਫ਼ਰਜ ਅਦਾ ਕਰਨ ਦੀ ਬਜਾਏ ਅਕਸ ਸੁਧਾਰਨ ਦੀ ਪੱਟੀ ਪੜ੍ਹਾਈ ਜਾਂਦੀ ਹੈ। ਬੀਤੇ ਦਿਨਾਂ ਵਿੱਚ ਹੀ ਰਾਜਧਾਨੀ ਦਿੱਲੀ ਵਿੱਚ ਇੱਕ ਪੁਲੀਸ ਵਾਲੇ ਵੱਲੋਂ ਇੱਕ ਔਰਤ ਨੂੰ ਇੱਟਾਂ ਨਾਲ ਮਾਰਿਆ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਨੈੱਟਵਰਕਿੰਗ ਸਾਈਟਾਂ 'ਤੇ ਬਹੁਗਿਣਤੀ ਲੋਕਾਂ ਵੱਲੋਂ ਵੇਖੀ ਗਈ।ਪਰ ਪੁਲੀਸ ਵਾਲੇ ਦੀ ਗ੍ਰਿਫ਼ਤਾਰੀ ਤੋਂ ਕੁਝ ਦਿਨ ਬਾਅਦ ਹੀ ਉਸ ਨੂੰ ਇਸ ਕਾਰਨ ਜਮਾਨਤ ਮਿਲ ਗਈ ਕਿਉਂਕਿ ਉਸ ਖਿਲਾਫ਼ ਕੋਈ ਵੀ ਮੌਕੇ ਦਾ ਗਵਾਹ ਨਹੀਂ ਸੀ।ਪੰਜਾਬ ਦੇ ਮੋਗਾ ਕੇਸ ਵਿੱਚ ਇੱਕ ਨਾਬਾਲਗ ਬੱਚੀ aਤੇ ਉਸ ਦੀ ਮਾਂ ਨਾਲ ਛੇੜਖਾਨੀ ਕੀਤੀ ਗਈ ਅਤੇ ਬਾਅਦ ਵਿੱਚ ਬੱਸ ਵਿੱਚੋਂ ਸੁੱਟ ਕੇ ਮਾਰ ਦਿੱਤਾ ਗਿਆ।ਇਸ ਕੇਸ ਵਿੱਚ ਵੀ ਪੁਲੀਸ ਦੀ ਕਾਰਗੁਜ਼ਾਰੀ ਅਹਿਮ ਰਹੀ। ਇਸ ਕਾਰਗੁਜ਼ਾਰੀ ਨੂੰ ਪੁਲੀਸ ਦੁਆਰਾ  ਓਰਬਿਟ ਕੰਪਨੀ ਦੀਆਂ ਬੱਸਾਂ ਦੀ ਪਹਿਰੇਦਾਰੀ ਕਰਨ ਅਤੇ ਸੁਰੱਖਿਆ ਦਿੱਤੇ ਜਾਣ ਤੋਂ ਪਰਖਿਆ ਜਾਣਾ ਚਾਹੀਦਾ ਹੈ। ਇਸ ਕਾਰਗੁਜ਼ਾਰੀ ਦਾ ਦੂਜਾ ਪੱਖ ਬੱਸ ਵਿੱਚੋਂ ਸੁੱਟ ਕੇ ਕਤਲ ਕੀਤੀ ਗਈ ਬੱਚੀ ਦੀ ਲਾਸ਼ ਦੇ ਸੰਸਕਾਰ ਮੌਕੇ ਵੇਖਿਆ ਗਿਆ ਜਿੱਥੇ ਕਿ ਪੁਲੀਸ ਨੇ ਕਿਸੇ ਵੀ ਆਮ ਸ਼ਹਿਰੀ ਨੂੰ ਸ਼ਮਸ਼ਾਨ ਦੇ ਨੇੜੇ ਨਹੀਂ ਢੁਕਣ ਦਿੱਤਾ। ਮੋਗਾ ਕੇਸ  ਤੋਂ ਭੜਕੇ ਹੋਏ ਵਿਦਿਆਰਥੀਆਂ ਦੀ ਇੱਕ ਜਥੇਬੰਦੀ ਦੇ ਕੁਝ ਕਾਰਕੁਨਾਂ ਨੂੰ ਇੱਕ ਨਿੱਜੀ ਬੱਸ ਦੀ ਭੰਨਤੋੜ ਕਰਨ ਦੇ ਇਲਜ਼ਾਮ ਹੇਠਾਂ ਪੁਲੀਸ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ। ਭੰਨਤੋੜ ਦੇ ਇਵਜ਼ ਵਜੋਂ ਇਨ੍ਹਾਂ ਕਾਰਕੁਨਾਂ ਉੱਤੇ ਧਾਰਾ 307 ਲਗਾਈ ਗਈ ਜਿਸਦਾ ਮਤਲਵ ਕਤਲ ਕਰਨ ਦੀ ਕੋਸ਼ਿਸ਼ ਕਰਨਾ ਹੈ। ਪੁਲੀਸ ਹੁਕਮ ਸੁਣਦੀ ਹੈ। ਦਲੀਲਾਂ ਦੀ ਭਾਸ਼ਾ ਸੁਣਨਾ ਪੁਲੀਸ ਨੂੰ ਨਹੀਂ ਆਉਂਦਾ।ਪੁਲੀਸ ਸਰਕਾਰਾਂ ਦੇ ਬੜੇ ਕੰਮ ਦੀ ਚੀਜ਼ ਹੈ। ਹਰੇਕ ਲੋਕ ਰੋਹ ਅਤੇ ਸੰਘਰਸ਼ ਨੂੰ ਖੁੱਡੇ ਲਾਈਨ ਲਗਾਉਣ ਲਈ ਸਭ ਤੋਂ ਪਹਿਲਾਂ ਪੁਲੀਸ ਦੀ ਕਾਰਗੁਜ਼ਾਰੀ ਕੰਮ ਆਉਂਦੀ ਹੈ। ਪੁਲੀਸ ਪੰਜਾਬ ਦੇ ਕਾਲੇ ਦੌਰ ਵਿੱਚ ਪੁਲੀਸ ਦੀ ਕਾਰਗੁਜ਼ਾਰੀ ਦੇ ਕੱਚੇ ਚਿੱਠੇ ਅਜੇ ਤੱਕ ਪੰਜਾਬੀਆਂ ਤੋਂ ਪੜ੍ਹੇ ਨਹੀਂ ਜਾ ਰਹੇ।ਪੰਜਾਬ ਦੇ ਕਾਲੇ ਦੌਰ ਵੇਲੇ ਪੁਲੀਸ ਦੁਆਰਾ ਬਣਾਏ ਗਏ ਝੂਠੇ ਮੁਕਾਬਲਿਆਂ ਦੀ ਲੰਮੀ ਫਰਹਿਸਤ ਹੈ। ਇਸ ਫਰਹਿਸਤ ਦੇ ਪਾਜ ਖੋਲ੍ਹਦਾ ਹੋਇਆ ਜਸਵੰਤ ਸਿੰਘ ਖਾਲੜਾ ਪੁਲੀਸ ਦੀਆਂ ਫਾਈਲਾਂ ਦੀ ਫਰਹਿਸਤ ਵਿੱਚ ਬੰਦ ਹੋ ਕੇ ਰਹਿ ਗਿਆ। ਪੁਲੀਸ ਦਾ ਬਣਦਾ 'ਮਾਣ ਸਤਿਕਾਰ' ਸਰਕਾਰਾਂ ਸਮੇਂ-ਸਮੇਂ ਉੱਤੇ ਕਰਦੀਆਂ ਰਹਿੰਦੀਆਂ ਹਨ।ਬੀਤੇ ਦਿਨੀਂ ਇਸ ਮਾਣ ਸਤਿਕਾਰ ਦੀ ਇੱਕ ਹੋਰ ਕਿਸ਼ਤ 1984 ਕੇਡਰ ਦੇ ਆਈ.ਐੱਸ.ਅਧਿਕਾਰੀਆਂ ਨੂੰ ਮਿਲੀ ਹੈ। ਇਨ੍ਹਾਂ ਅਧਿਕਾਰੀਆਂ ਨੂੰ 'ਅਤਿਵਾਦ' ਦੇ ਸਮੇਂ ਆਪਣੀਆਂ 'ਸੇਵਾਵਾਂ' ਨਿਭਾਉਣ ਬਦਲੇ ਮੁੱਖ ਸਕੱਤਰ ਦੇ ਅਹੁਦੇ ਵੰਡੇ ਗਏ ਹਨ।ਇਨਸਾਫ਼ ਦੀ ਮੰਗ ਕਰ ਰਹੀ ਘਰੋਂ ਬੇਦਖ਼ਲ ਬੀਬੀ ਨੂੰ 'ਕਿਹੜੇ ਖਸਮਾਂ ਨਾਲ ਰਹਿੰਦੀ ਐ"? ਵਰਗੀ ਸ਼ਬਦਾਵਲੀ ਪੁਲੀਸ ਦੀ ਮੁੰਹਜ਼ੋਰੀ ਦੇ ਨਾਲ-ਨਾਲ ਸੱਤ੍ਹਾ ਦੀ ਬੋਲੀ ਦੀ ਤਰਜ਼ਮਾਨੀ ਵੀ ਕਰਦੀ ਹੈ। ਫਿਰ ਇਸ ਬੋਲੀ ਨੂੰ ਸੱਤ੍ਹਾ ਅਤੇ ਸਿਆਸਤ ਨਾਲੋਂ ਤੋੜ ਕੇ ਕਿਉਂ ਵੇਖਿਆ ਜਾਵੇ? ਸੂਬੇ ਦਾ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਪੁਲੀਸ ਨੂੰ ਡਿਊਟੀ ਵਿੱਚ ਕੁਤਾਹੀ ਕਰਨ ਤੋਂ ਬਾਅਦ ਕਿਸੇ ਵੀ ਕੀਮਤ ਉੱਤੇ ਬਖਸ਼ੇ ਜਾਣ ਦਾ ਸ਼ਾਹੀ ਫ਼ਰਮਾਨ ਸੁਣਾਉਂਦਾ ਹੈ ਪਰ ਹਰ ਜ਼ੁਰਮ ਤੋਂ ਬਾਅਦ "ਪੁਲੀਸ ਆਪਣਾ ਕੰਮ ਕਰ ਰਹੀ ਐ" ਵਰਗਾ ਤਕੀਆ ਕਲਾਮ ਵੀ ਸੁਣਾਇਆ ਜਾਂਦਾ ਹੈ। 
ਮੋਗਾ ਕੇਸ ਤੋਂ ਤੁਰੰਤ ਬਾਅਦ ਪੰਜਾਬ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਮੇਟੀ ਬਣਾਈ ਗਈ ਜਿਹੜ੍ਹੀ ਕਿ ਇਸ ਬਾਬਤ ਸੂਬਾ ਸਰਕਾਰ ਨੂੰ ਸੁਝਾਅ ਦੇਵੇਗੀ। ਪੰਜਾਬ ਵੀ ਠੀਕ ਉਸੇ 'ਲੋਕਤੰਤਰ' ਦੀ ਪੈਰਵੀ ਕਰਦਾ ਹੋਇਆ ਔਰਤਾਂ ਦੀ ਸੁਰੱਖਿਆ ਦੀ ਗੱਲ ਕਰਦਾ ਹੈ ਜਿਸ ਤਰ੍ਹਾਂ ਨਰਿੰਦਰ ਮੋਦੀ ਜਾਂ ਜਿਵੇਂ ਪਾਕਿਸਤਾਨ ਦੀ ਯੂਸਫ਼ ਮਲਾਲਾ ਨੂੰ ਨੋਬਲ ਇਨਾਮ ਮਿਲਣ 'ਤੇ ਓਬਾਮਾ ਦੁਆਰਾ ਕੀਤੀ ਜਾਂਦੀ ਹੈ। ਮੁਲਕ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਬਰਾਕ ਓਬਾਮਾ ਨੂੰ ਹੀ ਭਾਰਤ ਆਉਣ ਦਾ ਸੱਦਾ ਦਿੱਤਾ। ਮੋਦੀ ਅਤੇ ਓਬਾਮਾ ਨੇ ਗਣਤੰਤਰ ਦਿਵਸ ਉੱਤੇ ਭਾਰਤੀ ਝੰਡੇ ਸਾਹਮਣੇ ਖੜ੍ਹੇ ਹੋ ਕੇ ਲੋਕਤੰਤਰ ਦੇ ਸਭ ਤੋਂ ਵੱਡੇ ਨੁੰਮਾਇੰਦੇ ਹੋਣ ਦਾ ਭਰਮ ਲੋਕਾਂ ਲਈ ਪੈਦਾ ਕੀਤਾ ਅਤੇ ਇੱਕ ਦੂਜੇ ਨੂੰ ਚਿਰਾਂ ਤੋਂ ਵਿੱਛੜੇ ਭਾਈਆਂ ਵਾਂਗੂੰ ਜੱਫੀਆਂ ਪਾਈਆਂ।ਇੱਕੋ ਤਸਬੀਹ ਵਿੱਚ ਪਰੋਏ ਹੋਏ ਅਤੇ ਇੱਕੋ ਰੀਤ ਦੇ ਧਾਰਨੀ ਇਹ ਹਾਕਮ ਇੱਕੋ ਬੋਲੀ ਬੋਲਦੇ ਹਨ।ਇਨ੍ਹਾਂ ਦੀ ਭਾਸ਼ਾ ਸੱਤ੍ਹਾ ਹੈ ਅਤੇ ਸੱਤ੍ਹਾ ਹੀ ਇਨ੍ਹਾਂ ਦਾ ਇੱਕੋ ਇੱਕ ਧਰਮ ਹੈ। ਇਹ ਸੱਤ੍ਹਾ ਦੀ ਬੋਲੀ ਪੁਲੀਸ ਦੇ ਮੁੰਹੀਂ ਬੋਲਦੇ ਹਨ। ਪੁਲੀਸ ਹਰ ਵਾਰ ਸੱਤ੍ਹਾ ਦਾ ਧਰਮ ਨਿਭਾਉਂਦੀ ਹੈ।ਲੋਕਾਂ ਨੇ ਜਦ ਵੀ ਕਦੇ ਸੰਘਰਸ਼ ਕੀਤਾ ਹੈ ਤਾਂ ਪੁਲੀਸ ਸੱਤ੍ਹਾ ਦਾ ਸਭ ਤੋਂ ਕਾਰਗਾਰ ਹਥਿਆਰ ਹੋ ਨਿੱਬੜਿਆ ਹੈ।


ਬਿੰਦਰਪਾਲ ਫ਼ਤਿਹ
ਸੰਪਰਕ 94645-10678


Comments

Popular posts from this blog

ਸਾਕਾ ਨੀਲਾ ਤਾਰਾ ਬਾਰੇ ਨਵੇਂ ਸਵਾਲ 'ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ'

ਜੂਨ 1984 ਦੇ ਸਾਕਾ ਨੀਲਾ ਤਾਰਾ ਓਪਰੇਸ਼ਨ ਬਾਬਤ ਸਿਰਫ਼ ਸੁਣਿਆਂ ਜਾਂ ਪੜ੍ਹਿਆ ਹੀ ਹੈ।ਇੰਦਰਾ ਗਾਂਧੀ ਦੀ ਮੌਤ ਪਿੱਛੋਂ ਪੰਜਾਬ ਵਿੱਚ ਚੱਲੀ ਕਾਲੀ ਹਨ੍ਹੇਰੀ ਨੇ 25,000 ਤੋਂ ਵੱਧ ਬੰਦਿਆਂ ਨੂੰ ਨਿਗਲ ਲਿਆ ਪੁਲੀਸ, ਸਰਕਾਰ ਅਤੇ ਧਾਰਮਿਕ ਜਨੂੰਨੀਆਂ ਦੇ ਜੋ ਵੀ ਹੱਥੇ ਚੜ੍ਹਿਆ ਉਹ ਜਾਂ ਤਾਂ ਕਿਸੇ ਖੇਤ ਦੀ ਪਹੀ 'ਚ ਮਿਲਿਆ ਜਾਂ ਕਣਕਾਂ ਦੀਆਂ ਵੱਟਾਂ 'ਤੇ ਜਾਂ ਫ਼ਿਰ ਹਰੀਕੇ ਪੱਤਣ ਦੀਆਂ ਮੱਛੀਆਂ ਦੀ ਖੁਰਾਕ ਬਣ ਗਿਆ। ਪਰ ਕੁਝ ਉਹ ਵੀ ਸਨ ਜਿਨ੍ਹਾਂ ਦਾ ਬਚਪਨ ਉਨ੍ਹਾਂ ਦਿਨਾਂ ਦੀ ਭੇਟ ਚੜ੍ਹ ਗਿਆ ਜਿਨ੍ਹਾਂ ਦੇ ਖੇਡਣ ਦੇ ਦਿਨ ਸਹਿਮ ਦੇ ਸਾਏ ਹੇਠਾਂ ਛਿਪਦੇ ਰਹੇ। ਜਿਨ੍ਹਾਂ ਦੇ ਯਾਦ ਕਰਨ ਲਈ ਸਿਰਫ਼ ਕਰਫ਼ਿਊ ਜਾਂ ਆਏ ਦਿਨ ਹੁੰਦੇ ਪੁਲੀਸ ਮੁਕਾਬਲਿਆਂ ਦੀਆਂ ਗੱਲਾਂ ਹੀ ਬਚੀਆਂ ਹਨ। ਉਨ੍ਹਾਂ ਦਿਨਾਂ ਦੀ ਜਦ ਕੋਈ ਗੱਲ ਛੇੜਦਾ ਹੈ ਤਾਂ ਨੀਝ ਲਾ ਕੇ ਸੁਣੀ ਜਾਂਦੀ ਹੈ। ਉਨ੍ਹਾਂ ਦਿਨ੍ਹਾਂ ਦੀਆਂ ਹੋਰ ਕਈ ਨਵੀਆਂ ਗੱਲਾਂ ਅਤੇ ਨਵੀਆਂ ਕਹਾਣੀਆਂ  ਕਹਿੰਦਾ ਨਾਵਲ ਅਮਨਦੀਪ ਸੰਧੂ ਨੇ ਅੰਗਰੇਜੀ ਵਿੱਚ ਲਿਖਿਆ ਹੈ। ਨਾਵਲ ਦਾ ਨਾਮ "ਰੋਲ ਆਫ਼ ਆਨਰ" ਹੈ। ਨਾਵਲ ਸਾਕਾ ਨੀਲਾ ਤਾਰਾ ਦੀ ਕਹਾਣੀ ਕਹਿੰਦਾ ਅਤੇ ਉਸ ਦੌਰ ਵਿੱਚ ਸੜਕਾਂ, ਗਲੀਆਂ ਅਤੇ ਘਰਾਂ ਤੋਂ ਦੂਰ ਇੱਕ ਮਿਲਟਰੀ ਸਕੂਲ ਵਿੱਚ ਪੜ੍ਹਦੇ ਪਾੜ੍ਹਿਆਂ ਅਤੇ ਉਨ੍ਹਾਂ ਦੇ ਮਨਾਂ ਉੱਤੇ ਹੋ ਰਹੀ ਤਬਦੀਲੀ ਨੂੰ ਬਿਆਨ ਕਰਦਾ ਹੈ। ਇਸ ਨਾਵਲ ਦਾ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਪੱਤਰਕਾਰ ਦਲਜੀਤ ਅਮੀ ਨੇ ਪੰਜਾਬੀ ਵਿੱਚ...

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱ...

ਆਪਣੇ ਹਿੱਸੇ ਦਾ ਪਾਸ਼

     ਸੁਖਦੇਵ ਸਿੱਧੂ    ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ , ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ...