ਜਤਿੰਦਰ ਮੌਹਰ, ਲੇਖਕ ਅਤੇਫਿਲਮਸਾਜ਼ |
ਪੰਜਾਬੀ ਸੰਗੀਤ ਸਨਅਤ ਵਿੱਚ ਆਮ ਤੌਰ ਉੱਤੇ ਕਿਹਾ ਜਾਂਦਾ ਹੈ ਕਿ ਚੰਗੇ ਗੀਤ ਲੋਕਾਂ ਦੇ ਸਮਝ ਨਹੀਂ ਆਉਂਦੇ। ਇਸ ਕਰਕੇ ਚਾਲੂ ਬੋਲਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਇਹ ਆਪੂੰ ਬਣਾਇਆ ਤਰਕ ਉਦੋਂ ਬੁਲੰਦੀ ਉੱਤੇ ਪਹੁੰਚ ਜਾਂਦਾ ਹੈ ਜਦੋਂ ਕਹਿੰਦੇ ਕਹਾਉਂਦੇ ਪੜਚੋਲੀਏ ਵੀ ਇਸ ਤਰਕ ਦੇ ਹੱਕ ਵਿੱਚ ਭੁਗਤ ਜਾਂਦੇ ਹਨ। ਉਹ ਚਾਲੂ-ਸੰਗੀਤ ਦਾ ਅਖੌਤੀ ਵਿਰੋਧ ਕਰਦੇ ਹੋਏ ਵੀ ਇਹ ਕਹਿਕੇ ਪਿੱਛਾ ਛੁਡਾ ਜਾਂਦੇ ਹਨ ਕਿ ਲੋਕ ਤਾਂ ਇਹੀ ਸੁਣਦੇ ਹਨ। ਜੇ ਲੋਕ ਅਜਿਹਾ ਕੁਝ ਨਾ ਸੁਣਨ ਤਾਂ ਅਜਿਹੇ ਗੀਤ ਬਣਨੇ ਵੀ ਬੰਦ ਹੋ ਜਾਣਗੇ। ਲੋਕਾਂ ਨੂੰ ਕਸੂਰਵਾਰ ਠਹਿਰਾਉਣ ਦਾ ਰੁਝਾਨ ਜ਼ੋਰਾਂ ਉੱਤੇ ਹੈ। ਇਹ ਤਰਕ ਸਭ ਦੇ ਫਿੱਟ ਬੈਠਦਾ ਹੈ। ਬਜ਼ਾਰੂ ਗੀਤ ਗਾਉਣ ਵਾਲਿਆਂ ਦੇ ਵੀ ਅਤੇ ਪੜਚੋਲੀਆਂ ਦੇ ਵੀ। ਸੰਗੀਤ ਮੰਡੀ ਦੇ ਵਪਾਰੀ ਨਾ ਕੋਈ ਜ਼ਿੰਮੇਵਾਰੀ ਆਪ ਉਟਦੇ ਹਨ ਅਤੇ ਨਾ ਕੋਈ ਸੁਣਨ ਵਾਲੇ ਦੇ ਸਿਰ ਪਾਉਣੀ ਚਾਹੁੰਦੇ ਹਨ। ਉਨ੍ਹਾਂ ਦਾ ਮੁੱਖ ਮੁੱਦਾ ਤਾਂ ਦਮੜੇ ਕਮਾਉਣ ਤੱਕ ਮਹਿਦੂਦ ਹੁੰਦਾ ਹੈ। ਸਵਾਲ ਅਤੇ ਸੰਵਾਦ ਦੀ ਗੱਲ ਕਰਦੇ ਗੀਤ ਤਾਂ ਬਿਲਕੁਲ ਵੀ ਨਹੀਂ ਪੇਸ਼ ਕਰਨਾ ਚਾਹੁੰਦੇ। ਅਜਿਹੇ ਗੀਤਾਂ ਦੀ ਸੋਝੀ ਨਾਲ ਆਵਾਮ ਪਹਿਲਾ ਸਵਾਲ ਸੰਗੀਤ ਮੰਡੀ ਦੇ ਵਪਾਰੀਆਂ ਉੱਤੇ ਹੀ ਕਰੇਗੀ।
ਗੀਤ-ਸੰਗੀਤ ਮਨੁੱਖੀ ਰੂਹ ਦੀ ਖੁਰਾਕ ਹੈ। ਮਸਲਾ ਇਹ ਹੈ ਕਿ ਸੰਗੀਤ ਦੇ ਕਰਤਾ ਕੀ ਪਰੋਸ ਰਹੇ ਹਨ ਅਤੇ ਚਲੰਤ ਮੀਡੀਆ ਵਿੱਚ ਕਿਹਦੀ ਮਸ਼ਹੂਰੀ ਕੀਤੀ ਜਾ ਰਹੀ ਹੈ ਜਾਂ ਫਿਰ ਕੌਣ ਵਧੇਰੇ ਪੈਸੇ ਖਰਚ ਕੇ ਅਪਣੀ ਸ਼ਕਲ ਲੋਕਾਂ ਨੂੰ ਦਿਖਾਈ ਜਾ ਰਿਹਾ ਹੈ। ਇਹ ਰੁਝਾਨ ਕਾਬਜ਼ ਜਮਾਤ ਦੇ ਹਮੇਸ਼ਾਂ ਸੂਤ ਬੈਠਦਾ ਹੈ। ਇਸ ਗੰਧਲੇ ਮਾਹੌਲ ਵਿੱਚ ਕੁਝ ਕਲਾਕਾਰ, ਜਥੇਬੰਦੀਆਂ ਅਤੇ ਹਕੂਕ ਲਈ ਜੂਝ ਰਹੇ ਲੋਕ ਇਸ ਧਾਰਨਾ ਨੂੰ ਭੰਨਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਕਿ ਲੋਕਾਂ ਨੂੰ ਗੀਤਾਂ ਵਿੱਚ ਪੇਸ਼ ਹੁੰਦੇ ਸਵਾਲ ਅਤੇ ਸੰਵਾਦ ਦੀ ਸਮਝ ਨਹੀਂ ਹੈ। ਉਹ ਕੋਸ਼ਿਸ਼ ਵਿੱਚ ਲੱਗੇ ਹੀ ਨਹੀਂ ਹੋਏ ਸਗੋਂ ਅਪਣੇ ਵਿਚਾਰ ਦੇ ਸਹੀ ਹੋਣ ਦੀ ਪੁਸ਼ਟੀ ਵੀ ਕਰ ਰਹੇ ਹਨ। ਲੋਕਾਂ ਦਾ ਗੀਤ-ਸੰਗੀਤ ਲੋਕਾਂ ਵਿੱਚ ਮਸ਼ਹੂਰ ਵੀ ਹੋ ਰਿਹਾ ਅਤੇ ਉਹਨਾਂ ਦੀ ਜ਼ੁਬਾਨ ਉੱਤੇ ਵੀ ਹੈ। ਇਹ ਵੱਖਰੀ ਗੱਲ ਹੈ ਕਿ ਭਾਰੂ ਮੀਡੀਆ ਇਸ ਰੁਝਾਨ ਨੂੰ ਕੇਂਦਰ ਵਿੱਚ ਨਹੀਂ ਲਿਆਉਂਦਾ। ਜਗਸੀਰ ਜੀਦਾ ਪੰਜਾਬੀ ਚੇਤਨ ਦੀ ਅਹਿਮ ਆਵਾਜ਼ ਹੈ। ਉਹਦੇ ਗੀਤ ਅਤੇ ਬੋਲੀਆਂ ਸਮਕਾਲੀ ਪੰਜਾਬ ਦੇ ਹਾਲਾਤ ਨੂੰ ਅਵਾਮੀ ਪੈਂਤੜੇ ਤੋਂ ਪੇਸ਼ ਕਰਦੇ ਹਨ। ਉਹ ਰੁਝਾਨ ਨੂੰ ਹਾਦਸਿਆਂ ਦੇ ਰਾਹੀਂ ਫੜਦਾ ਹੈ। ਉਹ ਹਾਦਸੇ ਦੀ ਬਾਤ ਪਾਉਂਦਾ ਰੁਝਾਨ ਦੀ ਨੁਮਾਇੰਦਗੀ ਕਰਦੇ ਖਾਸੇ ਤੋਂ ਪਰ੍ਹੇ ਨਹੀਂ ਹੁੰਦਾ।
ਜਗਸੀਰ ਜੀਦਾ ਅਤੇ ਗੁਰਦਾਸ ਗੁਰੂਸਰ |
ਹੋਜੀ ਪੰਥ ਤੋਂ ਨਾ ਬਾਗੀ ਜਥੇਦਾਰਾ,
ਵੇ ਪਿਉ ਪੁੱਤ ਰੋਲ ਦੇਣਗੇ
ਮੁੰਡਾ ਤਾਏ ਨਾ ਤੜਿੰਗ ਜਦੋਂ ਹੋ ਗਿਆ,
ਭਗਤ ਸਿਉਂ ਨੂੰ ਵਾਜਾਂ ਮਾਰਦਾ
ਸਾਡੇ ਵੇਹੜਿਆਂ ਤੋਂ ਟੂਟੀਆਂ ਪਟਾ ਕੇ,
ਉਹ ਚੰਨ ਉੱਤੇ ਪਾਣੀ ਭਾਲਦੇ
ਇੱਕੋ ਪਿੰਡ ਦੇ ਸੱਤਰ ਪਟਵਾਰੀ,
ਸਾਡੀ ਰੁਜ਼ਗਾਰ ਯੋਜਨਾ
ਬਾਬੇ ਬੂਝਾ ਜਿਹਾ ਬੋਹੜ ਜਿਨ੍ਹਾਂ ਵੱਢਿਆ,
ਉਹ ਨੰਨ੍ਹੀ ਛਾਂ ਦੇ ਰੁੱਖ ਵੰਡਦੇ
.....
ਧਣੀਆਂ ਧਣੀਆਂ ਧਣੀਆਂ
ਕੀ ਦੱਸਾਂ ਦਿਲ ਫੋਲ ਕੇ,
ਸਾਡੀ ਜਿੰਦ ਉੱਤੇ ਕੀ ਕੀ ਬਣੀਆਂ
ਸੱਧਰਾਂ ਕਰੰਡ ਹੋ ਗਈਆਂ,
ਉੱਤੋਂ ਪੈਗੀਆਂ ਪੱਛੋਂ ਦੀਆਂ ਕਣੀਆਂ
....
ਕੀ ਸੁਰਗਾਂ ਤੋਂ ਲੈਣਾ ਏਂ
ਧਰਤੀ ਸੰਵਾਰੋਂ ਅਪਣੀ
ਜਿੱਥੇ ਜਿਉਂਦਿਆਂ ਨੇ ਰਹਿਣਾ ਏਂ
ਜਿੱਥੇ ਬੰਦਿਆਂ ਨੇ ਰਹਿਣਾ ਏਂ
ਸਾਡੇ ਹਾਕਮ ਸਾਊ ਨੇ
ਪਹਿਲਾਂ ਸੀ ਜ਼ਮੀਨ ਵਿਕਦੀ
ਹੁਣ ਪਿੰਡ ਵਿਕਾਊ ਨੇ
ਹਰ ਰੰਗ 'ਚ ਲੁਟੇਰੇ ਨੇ
ਬਣਨੇ ਸਕੂਲ ਚਾਹੀਦੇ
ਜਿੱਥੇ ਬਾਬਿਆਂ ਦੇ ਡੇਰੇ ਨੇ
.......
ਚਰਖੀ ਲੋਹੇ ਦੀ ਲੋਕਾ
ਵੇ ਚਰਖੀ ਲੋਹੇ ਦੀ ਲੋਕਾ
ਵੇ ਸੂਤ ਇਸ ਕੱਤਿਆ ਸੀ
ਢਾਕੇ ਦੀ ਮਲਮਲ ਦਾ
ਵੇ ਗਾਥਾ ਦੱਸਦੀ ਏ
ਜ਼ੁਲਮ ਦੇ ਹੋਏ ਦੀ ਲੋਕਾ
ਵੇ ਚਰਖੀ ਲੋਹੇ ਦੀ ਲੋਕਾ
ਦੂਰ ਦਿਆ ਸੱਜਣਾ ਵੇ
ਜੋ ਬੀਤੀ ਤੇਰੇ 'ਤੇ
ਇੰਜ ਪਿਆ ਲਗਦਾ ਏ
ਬੀਤ ਰਹੀ ਮੇਰੇ 'ਤੇ
ਵਾਜ ਉਹ ਸੁਣਦੀ ਏ
ਸੱਜਣ ਤੇਰੇ ਰੋਏ ਦੀ ਲੋਕਾ
ਵੇ ਚਰਖੀ ਲੋਹੇ ਦੀ ਲੋਕਾ
ਅਮਰਜੀਤ ਪਰਦੇਸੀ ਅਤੇ ਸਵਰਨ ਸਿੰਘ ਰਸੂਲਪੁਰ ਕਵੀਸ਼ਰੀ ਰਾਹੀਂ ਇਤਿਹਾਸ ਅਤੇ ਸਮਕਾਲ ਦਾ ਸੰਵਾਦ ਰਚਾਉਂਦੇ ਹਨ। ਗੁੰਡੇ ਕਾਤਲਾਂ ਹੱਥੋਂ ਮਾਰੀ ਗਈ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਨੂੰ ਇਨਸਾਫ਼ ਦਿਵਾਉਣ ਲਈ ਲੜੇ ਗਏ ਸੰਗਰਾਮ ਵਿੱਚ ਰਸੂਲਪੁਰੀਆਂ ਦੇ ਬੋਲ ਗੂੰਜਦੇ ਹਨ। ਇਹ ਲੋਕ-ਘੋਲ ਗੁੰਡਾ-ਪੁਲਿਸ-ਸਿਆਸੀ-ਅਦਾਲਤੀ ਗੱਠਜੋੜ ਦੇ ਵਿਰੁਧ ਲੜਿਆ ਗਿਆ ਸ਼ਾਨਾਮੱਤਾ ਸੰਗਰਾਮ ਸੀ। ਲੋਕ-ਸੱਥਾਂ ਵਿੱਚ ਰਸੂਲਪੁਰੀਆਂ ਦੀ ਬੁਲੰਦ ਆਵਾਜ਼ ਗੂੰਜਦੀ ਹੈ,
ਲਾਲ ਕਿਲ੍ਹੇ ਦੇ ਮੂਹਰੇ
ਜੇ ਚਮਕੌਰ ਗੜ੍ਹੀ ਝੁਕ ਜਾਂਦੀ
ਰਾਤਾਂ ਤੋਂ ਡਰਦੇ ਮਾਰੇ
ਗੱਲ ਮਾਛੀਵਾੜੇ ਮੁੱਕ ਜਾਂਦੀ
ਆਹ ਦੀਨੇ ਦੇ ਵਿੱਚ ਜਿੱਤਨਾਮੇ ਨੂੰ
ਕੌਣ ਰਚਾਉਂਦਾ ਲੋਕਾ
ਜਬਰ ਅੱਗੇ ਨਹੀਂ ਸਬਰ ਕਰੀਦਾ
ਪਰਵਾਨਿਆਂ ਦਾ ਹੋਕਾ
ਜੱਜ ਦੀ ਕੁਰਸੀ ਝੂਠ ਚੜ੍ਹ ਗਿਆ
ਸੱਚ ਕਿਉਂ ਖੜਾ ਕਟਹਿਰੇ
ਬੋਹਲ ਕਿਰਤ ਦੇ ਸੁੰਨੇ ਲੱਗਣ
ਚੋਰਾਂ ਦੇ ਘਰ ਪਹਿਰੇ
ਇੱਕ ਦੁਨੀਆਂ ਦੇ ਕੁੱਲ ਰਸ ਪੀਂਦਾ
ਇੱਕ ਨੂੰ ਪਾਣੀ ਫੋਕਾ
ਜਬਰ ਅੱਗੇ ਨੀ ਸਬਰ ਕਰੀਦਾ
ਪਰਵਾਨਿਆਂ ਦਾ ਹੋਕਾ
ਲੋਕ-ਗਾਇਕ ਜਗਦੀਸ਼ ਪਾਪੜਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਟੋਲੀ 'ਮਾਲਵਾ ਹੇਕ' ਪੰਜਾਬੀ ਬੰਦੇ ਦੀ ਕੁਦਰਤ-ਪੱਖੀ ਗੀਤਾਂ ਨਾਲ ਸਾਂਝ ਪਵਾਉਂਦੀ ਹੈ।
ਪੀ ਬੋਤਲ ਦਾ ਪਾਣੀ
ਨਾ ਹਾਕਾਂ ਮਾਰ ਗ਼ੁਲਾਮੀ ਨੂੰ
ਪੰਜ ਦਰਿਆ ਦੀ ਧਰਤੀ
ਇੱਕ ਦਿਨ ਤਰਸੂ ਪਾਣੀ ਨੂੰ
ਬਾਬੇ ਗੁਰਸ਼ਰਨ ਨੇ ਉਸਾਰੂ ਅਤੇ ਲੋਕ-ਪੱਖੀ ਗੀਤਾਂ ਨੂੰ ਅਵਾਮ ਸਾਹਮਣੇ ਲਿਆਉਣ ਦਾ ਅਹਿਮ ਉਪਰਾਲਾ ਕੀਤਾ। ਪਲਸ ਮੰਚ ਲਗਾਤਾਰ ਉਸਾਰੂ ਗੀਤਾਂ ਦੀਆਂ ਲੜੀਆਂ ਲੋਕਾਂ ਸਨਮੁੱਖ ਪੇਸ਼ ਕਰਦਾ ਰਿਹਾ ਹੈ।
ਗੁਰਸ਼ਰਨ ਸਿੰਘ |
ਸੱਜਣਾ ਪਿਆਰਿਆ ਜੇ ਗੀਤ ਤੂੰ ਲਿਖਣ ਲੱਗੈਂ
ਲਿਖੀ ਤੂੰ ਮਨੁੱਖਤਾ ਦਾ ਹਾਲ ਵੇ
ਉੱਚੀਆਂ ਪਹਾੜੀਆਂ ਦੀ ਟੀਸੀ ਨੂੰ ਖਿਆਲ ਛੂਹੇ
ਨਦੀਆਂ ਦੀ ਹੋਵੇ ਚਾਲ-ਢਾਲ ਵੇ
ਦੂਜਾ ਗੀਤ ਸੁਰਜੀਤ ਜੱਜ ਦਾ ਲਿਖਿਆ ਹੈ।
ਸਾਨੂੰ ਜ਼ਿੰਦਗੀ ਦੇ ਗੀਤ ਸਦਾ ਹੀ ਪਿਆਰੇ ਰਹਿਣਗੇ
ਸਾਡੇ ਵਿਹੜਿਆਂ 'ਚ ਹੱਸਦੇ ਹੁੰਘਾਰੇ ਰਹਿਣਗੇ
ਏਥੇ ਗੁੱਡੀਆਂ ਪਟੋਲਿਆਂ ਦਾ ਗੀਤ ਵੀ ਰਹੂ
ਸੂਹੇ ਚੂੜਿਆਂ ਦਾ ਸੁੱਚਾ ਸੰਗੀਤ ਵੀ ਰਹੂ
ਜਿਹੜੀ ਵੰਝਲੀ ਤਰੇੜ ਤੁਸੀਂ ਖੁਸ਼ ਹੋ ਰਹੇ
ਉਹਦਾ ਬੋਲ ਸਾਡੇ ਸਾਹੀ ਸੁਰਜੀਤ ਵੀ ਰਹੂ
ਸਾਨੂੰ ਛਾਵਾਂ ਦੇ ਵਿਗੋਚੇ ਦੇ ਕੇ ਚਾਹੇ ਥੋੜ੍ਹਨਾ
ਏਥੇ ਨਿੱਤ ਨਵੇਂ ਫੁੱਟਦੇ ਪੂੰਗਾਰੇ ਰਹਿਣਗੇ
ਸਾਨੂੰ ਜ਼ਿੰਦਗੀ ਦੇ ਗੀਤ ਸਦਾ ਹੀ ਪਿਆਰੇ ਰਹਿਣਗੇ
ਸੂਹੇ ਸਾਲੂ, ਫੁਲਕਾਰੀਆਂ ਤੇ ਬਾਗ ਰਹਿਣਗੇ
ਟੱਪੇ, ਬੋਲੀਆਂ ਤੇ ਘੋੜੀਆਂ ਸੁਹਾਗ ਰਹਿਣਗੇ
ਗਿੱਧਾ, ਭੰਗੜਾ, ਝੂੰਮਰ, ਸੰਮੀ, ਕਿੱਕਲੀ, ਧਮਾਲ
ਲਾਉਂਦੇ ਪੈਰਾਂ ਨੂੰ ਮੁਹੱਬਤਾਂ ਦੀ ਜਾਗ ਰਹਿਣਗੇ
ਗੁੱਸੇ, ਗਿਲ੍ਹੇ, ਹਾਸੇ, ਰੋਸੇ ਤੇ ਮਨ੍ਹੌਤਾਂ ਜੀਣ ਲਈ
ਸਾਡੇ ਕੋਲ ਸਾਡੇ ਸੱਜਣਾਂ ਦੇ ਲਾਰੇ ਰਹਿਣਗੇ
ਸਾਨੂੰ ਜ਼ਿੰਦਗੀ ਦੇ ਗੀਤ ਸਦਾ ਹੀ ਪਿਆਰੇ ਰਹਿਣਗੇ
ਤੁਸੀਂ ਅੰਬਰਾਂ ਨੂੰ ਵੰਡਣਾ ਏਂ ਵੰਡੇ ਜਾਣਗੇ
ਮਾਂ ਦਿਆਂ ਹੌਕਿਆਂ ਨੂੰ ਭੰਡਣਾ ਏ ਭੰਡੇ ਜਾਣਗੇ
ਲੀਕਾਂ ਧਰਤੀ ਦੀ ਹਿੱਕ ਉੱਤੇ ਵਾਹੁਣ ਦੇ ਲਈ
ਖੁੰਡੇ ਨੇਜ਼ਿਆਂ ਨੂੰ ਚੰਡਣਾ ਏ ਚੰਡੇ ਜਾਣਗੇ
ਕਿੱਥੋਂ ਕਿੱਥੋਂ ਤਕਸੀਮ ਸਾਨੂੰ ਕਰੋਂਗੇ ਅਸੀਂ ਤਾਂ
ਉੁਹ ਹਵਾ ਹਾਂ ਜਿਹਦੇ, ਹਰ ਥਾਂ ਹੁਲਾਰੇ ਰਹਿਣਗੇ
ਸਾਨੂੰ ਜ਼ਿੰਦਗੀ ਦੇ ਗੀਤ ਸਦਾ ਹੀ ਪਿਆਰੇ ਰਹਿਣਗੇ
ਸਾਡੇ ਜ਼ਰੇ ਜ਼ਰੇ ਵਿੱਚ ਹੈ ਉਮੰਗ ਜੀਣ ਦੀ
ਹਰ ਹੀਲੇ ਹਰ ਹਾਲ ਹਰ ਰੰਗ ਜੀਣ ਦੀ
ਰੋਕੂ ਅੱਥਰਾ ਸਮਾਂ ਕੀ ਸੁਰਜੀਤ ਹੋਣ ਤੋਂ
ਸਾਡੇ ਟੁੱਟੇ ਸਾਜ਼ ਵਿੱਚ ਵੀ ਤਰੰਗ ਜੀਣ ਦੀ
ਜਿੰਨੀ ਮਰਜ਼ੀ ਉਡਾਉ ਤੁਸੀਂ ਵਹਿਸ਼ਤਾਂ ਦੀ ਧੂੜ
ਕੇਸ ਜ਼ਿੰਦਗੀ ਦੇ ਫੇਰ ਵੀ ਸੁਆਰੇ ਰਹਿਣਗੇ
ਸਾਨੂੰ ਜ਼ਿੰਦਗੀ ਦੇ ਗੀਤ ਸਦਾ ਹੀ ਪਿਆਰੇ ਰਹਿਣਗੇ
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਹੋਰਾਂ ਦੇ ਲਿਖੇ ਗੀਤਾਂ ਦੀ 'ਜਾਗੋ' ਸਾਡੇ ਸਮਿਆਂ ਦੀ ਅਹਿਮ ਪੇਸ਼ਕਾਰੀ ਹੈ। ਇਹਨਾਂ ਗੀਤਾਂ ਨੂੰ ਨਵਦੀਪ ਧੌਲਾ, ਜਸਵੰਤ ਦੀਵਾਨਾ ਅਤੇ ਉਹਨਾਂ ਦੇ ਸਾਥੀਆਂ ਨੇ ਗਾਇਆ ਹੈ। ਇਹ ਗੀਤ ਲੋਕ-ਨਾਬਰੀ ਦਾ ਬਿੰਬ ਹਨ ਅਤੇ ਮਨੁੱਖ ਦੀ ਬਿਹਤਰ ਜ਼ਿੰਦਗੀ ਲਈ ਲੜੇ ਜਾ ਰਹੇ ਸਮਕਾਲੀ ਲੋਕ-ਸੰਗਰਾਮ ਦਾ ਝਲਕਾਰਾ ਹਨ। ਵੰਨਗੀ ਦੇਖੋ,
ਦਫ਼ਾ ਇਹ ਚੁਤਾਲੀ ਪਿੰਡ ਪਿੰਡ ਮੜਦੇ
ਸਾਹ ਲੈਣ ਉੱਤੇ ਵੀ ਪਾਬੰਦੀ ਜੜ੍ਹਦੇ
ਰਾਜ ਭਾਗ ਡੰਡੇ ਮਾਰੇ ਬੁੱਢੀ ਮਾਂ ਦੇ
ਤਣੀਆਂ ਬੰਦੂਕਾਂ ਦੇਖੋ ਨੰਨ੍ਹੀ ਛਾਂ 'ਤੇ
ਮੰਗ ਪੱਤਰਾਂ ਤੋਂ ਏਨ੍ਹੇ ਹਾਕਮ ਡਰੇ
ਛਾਪਾਮਾਰੀ ਕੀਤੀ ਸਾਡੇ ਆਣ ਕੇ ਘਰੇ
ਭਾਂਵੇ ਰੋਕਾਂ ਮੜੀਆਂ ਬਠਿੰਡੇ ਸ਼ਹਿਰ 'ਤੇ
ਚੜ੍ਹਗੀ ਜਵਾਨੀ ਦੇਖੋ ਲੋਕ ਲਹਿਰ 'ਤੇ
ਪਿੰਡਾਂ ਦੀਆਂ ਕੰਧਾਂ ਉੱਤੇ ਲਿਖ ਲਾ ਦਿਉ
ਪਿੰਡਾਂ ਨੂੰ ਜਗਾਉ ਪਿੰਡਾਂ ਨੂੰ ਹਿਲਾ ਦਿਉ
ਸੰਗਤਾਂ ਦੇ ਦਰਸ਼ਨ ਉਹਲਾ ਪਰਦਾ
ਡੰਡਿਆਂ ਦੇ ਨਾਲ ਰਾਜ ਸੇਵਾ ਕਰਦਾ
ਕਰਜ਼ੇ ਦੇ ਮਾਰੇ ਲੋਕੀ ਮੰਗ ਕਰਦੇ
ਕਿਹਦੇ ਕੋਲ ਦੱਸੀਏ ਜੀ ਦੁੱਖ ਘਰ ਦੇ
ਨਾਕਾਬੰਦੀ ਕਰਦੇ ਨੇ ਪਿੰਡ ਪਿੰਡ ਦੀ
ਭੰਨ ਦੇਣੀ ਲੋਕਾਂ ਹਾਕਮਾਂ ਦੀ ਹਿੰਡ ਜੀ
ਲੋਕਾਂ ਨਾਲ ਜਿਹਨੇ ਵੀ ਹੈ ਮੱਥਾ ਲਾ ਲਿਆ
ਜਿੱਤ ਜਾਂਦੇ ਲੋਕ ਜਾਬਰਾਂ ਨੂੰ ਢਾਹ ਲਿਆ
ਹੱਕ ਦੇ ਨਗਾਰੇ ਉੱਤੇ ਚੋਟ ਲਾ ਦਿਉ
ਪਿੰਡਾਂ ਨੂੰ ਜਗਾਉ ਪਿੰਡਾਂ ਨੂੰ ਹਿਲਾ ਦਿਉ
.....
ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਮੋਰਚਾ
ਹਾਕਮਾਂ ਦੇ ਹੋਸ਼ ਉੱਡਗੇ
ਨਹੀਉਂ ਰਫਲਾਂ ਰੱਖਣ ਦੇ ਸ਼ੌਂਕੀ
ਬਠਿੰਡੇ ਵਾਲੇ ਅਕਲਾਂ ਭਰੇ
ਜੱਥੇ ਔਰਤਾਂ ਦੇ ਪਿੰਡ ਪਿੰਡ ਚੱਲ ਪਏ
ਮਰਦਾਂ ਪਕਾਈਆਂ ਰੋਟੀਆਂ
ਪਾਣੀ ਬਾਦਲਾਂ 'ਤੇ ਬੱਦਲਾਂ ਦਾ ਮੁੱਕਿਆ
ਲੋਕੀਂ ਵਰ੍ਹੇ ਮੀਂਹ ਬਣਕੇ
ਸੋਚ ਘੋਲਾਂ 'ਚ ਕਪਾਹ ਵਾਂਗੂ ਖਿੜਦੀ
ਕਰੇ ਨਾ ਚਿੱਤ ਘਰ ਜਾਣ ਨੂੰ
'ਜਾਗੋ' ਵਿੱਚ ਕਿਰਤੀਆਂ ਦੇ ਹੱਕਾਂ ਲਈ ਲੜਦੇ ਸ਼ਹੀਦ ਹੋਏ ਸਾਧੂ ਸਿੰਘ ਤਖ਼ਤੂਪੁਰਾ ਨੂੰ ਸਮਰਪਤ ਗੀਤ ਉਨ੍ਹਾਂ ਵਰਗੇ ਹੋਰ ਜੁਝਾਰੂਆਂ ਦੀ ਘਾਲਣਾ ਅਤੇ ਵਿਰਸੇ ਦੀ ਵੀ ਬਾਤ ਪਾਉਂਦੇ ਹਨ।
ਲੋਕਾਂ ਲਈ ਸੁਭਾਉ ਦਾ ਸਾਧੂ ਸੀ
ਪਰ ਦੁਸ਼ਮਣ ਲਈ ਤਲਵਾਰ ਜਿਹਾ
ਹੈ ਤੁਖ਼ਮ ਮਿਟਾਉਣਾ ਜਾਬਰ ਦਾ
ਤੂੰ ਮਰਕੇ ਵੀ ਲਲਕਾਰ ਰਿਹਾ
ਤੇਰੇ ਕਾਤਲ ਵਹਿਸ਼ੀ ਲਾਣੇ ਨੂੰ
ਧੂਅ ਸੱਥਾਂ ਵਿੱਚ ਲਿਆਵਾਂਗੇ
ਤੇਰੇ ਖ਼ੂਨ 'ਚ ਰੰਗੀ ਧਰਤੀ 'ਤੇ
ਅਸੀਂ ਬੰਨ੍ਹ ਕਾਫ਼ਲੇ ਆਵਾਂਗੇ
ਤੇਰੇ ਸੁਪਨੇ ਬੀਜ ਕੇ ਧਰਤੀ 'ਤੇ
ਧਰਤੀ ਨੂੰ ਸਵਰਗ ਬਣਾਵਾਂਗੇ
ਅਸੀਂ ਝੋਨੇ, ਕਣਕ, ਕਪਾਹਾਂ ਦੀ
ਖੇਤੀ ਤਾਂ ਕਰਕੇ ਦੇਖ ਲਈ
ਅਸੀਂ ਬੈਂਕਾਂ ਸ਼ਾਹੂਕਾਰਾਂ ਦੇ
ਪੱਗ ਪੈਰੀ ਧਰ ਧਰ ਦੇਖ ਲਈ
ਤੂੰ ਸਾਨੂੰ ਜੀਣਾ ਦੱਸ ਗਿਆ
ਪੱਗ ਜਾਬਰ ਦੇ ਗਲ ਪਾਵਾਂਗੇ
ਤੇਰੇ ਖ਼ੂਨ 'ਚ ਰੰਗੀ ਧਰਤੀ 'ਤੇ
ਅਸੀਂ ਬੰਨ੍ਹ ਕਾਫ਼ਲੇ ਆਵਾਂਗੇ
ਇਨ੍ਹਾਂ ਗਾਇਕਾਂ ਅਤੇ ਗੀਤਕਾਰਾਂ ਦੀ ਪੰਜਾਬੀ ਸਮਾਜ, ਲੋਕਧਾਰਾ ਅਤੇ ਲੋਕ-ਬੋਲੀ ਬਾਬਤ ਸਮਝ ਅਤੇ ਪਕੜ ਕਮਾਲ ਦੀ ਹੈ। ਹਨੇਰਿਆਂ 'ਚ ਦੀਵੇ ਬਾਲਣ ਵਰਗੇ ਇਹ ਗੀਤ ਪੰਜਾਬ ਦੀ ਸੁਹਿਰਦ ਆਵਾਜ਼ ਹਨ। ਇਹ ਆਵਾਜ਼ ਘੱਟ-ਗਿਣਤੀ ਵਿੱਚ ਬੇਸ਼ੱਕ ਹੋਵੇ ਪਰ ਪੰਜਾਬੀਆਂ ਦੇ ਚੇਤਨ ਦੀ ਆਵਾਜ਼ ਹੈ। ਇਹ ਆਵਾਜ਼ ਇਸ ਵਿਚਾਰ ਦਾ ਅਟੁੱਟ ਯਕੀਨ ਹੈ ਕਿ ਕਿਸੇ ਵੀ ਹਾਂ-ਪੱਖੀ ਤਬਦੀਲੀ ਲਈ ਸਭ ਤੋਂ ਵੱਡੀ ਤਾਕਤ ਲੋਕ ਹੁੰਦੇ ਹਨ। ਇਹ ਸਾਂਝੀਵਾਲਤਾ, ਸਰਬੱਤ ਦੇ ਭਲੇ ਅਤੇ ਜ਼ਿੰਦਗੀ ਦੀ ਆਵਾਜ਼ ਹੈ। ਇਹ ਮਨੁੱਖਤਾ ਦੀ ਖ਼ੁਸ਼ਹਾਲੀ ਵਿੱਚ ਯਕੀਨ ਰੱਖਣ ਵਾਲੇ ਪੰਜਾਬੀ ਖਾਸੇ ਦੀ ਨੁਮਾਇੰਦਗੀ ਕਰਦੇ ਹਨ। ਇਹ ਉਸ ਅਰਦਾਸ ਦੀ ਅਗਲੀ ਕੜੀ ਹਨ ਜੋ ਨਿਮਾਣਿਆਂ ਅਤੇ ਨਿਤਾਣਿਆਂ ਦੇ ਬੋਲਬਾਲੇ ਦੀ ਗੱਲ ਕਰਦੀ ਹੈ। ਇਹ ਬੰਦੇ ਦੀ ਪਛਾਣ ਸੀਲ ਖਪਤਕਾਰ ਦੀ ਥਾਂ ਬਰਾਬਰ ਦੇ, ਜਿਉਂਦੇ ਜਾਗਦੇ ਅਤੇ ਸ਼ਾਨਾਮੱਤੇ ਮਨੁੱਖ ਵਜੋਂ ਕਰਦੇ ਹਨ। ਜਿਹੜਾ ਇੱਕ ਦੂਜੇ ਨਾਲ ਬਰਾਬਰ ਦੇ ਬੰਦੇ ਵਜੋਂ ਸੰਵਾਦ ਕਰ ਸਕਦਾ ਹੈ। ਜਿਸ ਸੰਵਾਦ ਨੇ ਮਨੁੱਖਤਾ ਦੀ ਸਦੀਵੀ ਖੁਸ਼ਹਾਲੀ ਦਾ ਰਾਹ ਪੱਧਰਾ ਕਰਨਾ ਹੈ।
Comments
Post a Comment