Skip to main content

ਇਹ ਢਾਂਚਾ ਬਦਲਣ ਵਾਲਾ ਹੈ

Surjit Gag   ਭਾਰਤੀ ਲੋਕ ਤੰਤਰ ਦੇ ਚਾਰ ਥੰਮ੍ਹ ਨੇ, ਲੋਕ ਸਭਾ, ਵਿਧਾਨ ਸਭਾ, ਨਿਆਂ ਪਾਲਿਕਾ ਅਤੇ ਮੀਡੀਆ।ਇਹ ਚਾਰੇ ਮਜ਼ਬੂਤ ਥੰਮ੍ਹ ਗਿਣੇ ਜਾਂਦੇ ਨੇ। ਇਨ੍ਹਾਂ ਦਾ ਅਪਣਾ ਅਪਣਾ ਰੁਤਬਾ ਹੈ ਆਧਾਰ ਹੈ। ਪਰ ਲੱਗਭਗ ਕੋਈ ਮੌਕਾ ਅਜਿਹਾ ਨਹੀਂ ਕਿ ਇਨ੍ਹਾਂ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ ਨਾ ਆਈ ਹੋਵੇ। ਏਥੇ ਗੱਲ ਸਿਰਫ਼ ਨਿਆਂ ਪਾਲਿਕਾ ਦੀ ਕੀਤੀ ਜਾ ਰਹੀ ਹੈ। ਨਿਆਂਪਾਲਿਕਾ ਨੇ ਅਪਣੀ ਕਦਰ/ਅਪਣਾ ਪ੍ਰਭਾਵ ਇਸ ਕਦਰ ਆਮ ਲੋਕਾਂ ਵਿੱਚੋਂ ਗੁਆ ਲਿਆ ਹੈ ਕਿ ਆਖਰੀ ਰਸਤਾ ਮੰਨਿਆ ਜਾਣ ਵਾਲਾ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਬਜਾਏ ਲੋਕ ਭਾਣਾ ਮੰਨਣ ਵਿੱਚ ਯਕੀਨ ਕਰਨ ਲੱਗ ਪਏ ਹਨ। ਜਦੋਂ ਅਦਾਲਤ ਵਿੱਚ ਹੀ ਬੇਇਨਸਾਫ਼ੀ ਪੱਲੇ ਪਵੇ ਤਾਂ ਫਿਰ ਫਰਿਆਦੀ ਜਾਵੇ ਤਾਂ ਜਾਵੇ ਕਿੱਥੇ। ਓਸ ਲਈ ਮਨ ਮਾਰ ਕੇ ਘਰ ਬੈਠਣ ਜਾਂ ਕਾਨੂੰਨ ਨੂੰ ਅਪਣੇ ਹੱਥ ਲੈਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ।
    1984 ਵਿੱਚ ਇੱਕ ਔਰਤ ਦੇ ਕਤਲ ਦੇ ਪ੍ਰਤੀਕਰਮ ਵਜੋਂ ਉਸ ਦੇ ਕੁੱਝ ਲੱਗਦਿਆਂ ਨੇ ਦਿੱਲੀ ਅਤੇ ਭਾਰਤ ਦੇ ਅਲੱਗ ਅਲੱਗ ਖੇਤਰਾਂ ਵਿੱਚ ਅਜਿਹਾ ਘਿਨਾਉਣਾ ਕਤਲੇਆਮ ਕੀਤਾ ਜਿਸ ਨੂੰ ਅਜੇ ਵੀ ਦੰਗੇ ਹੀ ਕਿਹਾ ਅਤੇ ਸਮਝਿਆ ਜਾਂਦਾ ਹੈ ਜਦੋਂ ਕਿ ਦੰਗਿਆਂ ਵਿੱਚ ਸਭ ਧਿਰਾਂ ਦੋਸ਼ੀ ਹੁੰਦੀਆਂ ਹਨ। ਏਸ ਕਤਲੇਆਮ ਵਿੱਚ ਚੁਣ-ਚੁਣ ਕੇ ਇੱਕ ਵਿਸ਼ੇਸ਼ ਫਿਰਕੇ ਦੇ ਲੋਕਾਂ ਨੂੰ ਮਾਰਿਆ ਤੇ ਲੁੱਟਿਆ ਗਿਆ। ਮੌਕੇ ਦੇ ਪੁਲਿਸ ਅਧਿਕਾਰੀ ਮੂਕ ਦਰਸ਼ਕ ਹੀ ਨਹੀਂ ਬਣੇ ਰਹੇ, ਸਗੋਂ ਕਾਤਲਾਂ ਦੀ ਹੌਸਲਾ ਅਫਜਾਈ ਵੀ ਕਰਦੇ ਰਹੇ ਅਤੇ ਪਨਾਹ ਵੀ ਦਿੰਦੇ ਰਹੇ। ਇਸ ਤੋਂ 21 ਸਾਲ ਬਾਅਦ 2005 ਵਿੱਚ ਇਸ ਕਤਲੇਆਮ ਬਾਰੇ ਬਿਠਾਏ ਗਏ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਏਨੇ ਕਤਲਾਂ ਦਾ ਕਾਤਿਲ ਕੋਈ ਵੀ ਨਹੀਂ। ਅਦਾਲਤ ਵਿੱਚ ਕੇਸ ਚੱਲ ਰਹੇ ਹਨ, ਪਰ ਸਿਆਸਤ ਦੀ ਭੇਟ ਚੜ੍ਹ ਕੇ ਕਿਸੇ ਤਣ-ਪੱਤਣ ਲੱਗਣ ਦੇ ਆਸਾਰ ਘੱਟ ਹੀ ਨਜ਼ਰ ਆਉਂਦੇ ਹਨ। ਏਸੇ ਤਰਾਂ ਗੁਜਰਾਤ ਦੇ ਦੰਗਿਆਂ ਬਾਰੇ ਵੀ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਭੋਪਾਲ ਗੈਸ ਕਾਂਡ ਵਿੱਚ ਮਾਰੇ ਗਏ ਅਤੇ ਮਰਨ ਕਿਨਾਰੇ ਪੁੱਜ ਗਏ ਪੰਜਾਹ ਹਜ਼ਾਰ ਲੋਕਾਂ ਨਾਲ ਅਦਾਲਤ ਨੇ ਇਨਸਾਫ ਦੇ ਨਾਮ ਤੇ ਉਨ੍ਹਾਂ ਨੂੰ ਜਲੀਲ ਹੀ ਕੀਤਾ। ਜਿਹੜੇ 17-18 ਮੁੱਖ ਦੋਸ਼ੀ ਬਣਾਏ ਗਏ ਸਨ, ਉਨ੍ਹਾਂ ਨੂੰ ਦੋ-ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਸਜ਼ਾ ਸੁਣਾਈ ਹੀ ਗਈ, ਦਿੱਤੀ ਨਹੀਂ।
    ਕੀ ਇਹ ਇਨਸਾਫ਼ ਹੈ? ਇਸ ਨੂੰ ਇਨਸਾਫ ਕਿਹਾ ਜਾ ਸਕਦਾ ਹੈ? ਇਹ ਅਦਾਲਤਾਂ ਦੀ ਕਾਰਗੁਜ਼ਾਰੀ ਉੱਤੇ ਪ੍ਰਸ਼ਨ ਚਿੰਨ੍ਹ ਹੈ। ਜੱਜਾਂ ਅਤੇ ਹੋਰ ਉੱਚ ਅਧਿਕਾਰੀਆਂ ਦੇ ਵਿਕਾਊ ਹੋਣ ਦੀ ਪੁਸ਼ਟੀ ਕਰਨ ਵੱਲ੍ਹ ਵਧਦੀ ਸ਼ੱਕ ਦੀ ਉੰਗਲ ਹੈ, ਕਿ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਨਿਆਂਪਾਲਿਕਾ ਭ੍ਰਿਸ਼ਟ ਹੋ ਚੁੱਕੀ ਹੈ।
    ਦੋਸ਼ੀਆਂ ਨੂੰ ਸਜ਼ਾ ਨਾ ਦੇਣੀ ਜਾਂ ਰਾਹਤ ਦੇਣੀ ਵੱਖਰੀ ਗੱਲ ਹੈ, ਕਾਨੂੰਨ ਤੇ ਆਧਾਰਿਤ ਛੋਟਾਂ ਦਿੱਤੀਆਂ ਜਾ ਸਕਦੀਆਂ ਹੋਣਗੀਆਂ। ਪਰ ਪੀੜਿਤਾਂ ਨੂੰ ਇਨਸਾਫ ਨਾ ਦੇਣਾ, ਜਾਂ ਇਨਸਾਫ ਦੇ ਨਾਮ ਤੇ ਭੱਦਾ ਮਜ਼ਾਕ ਕਰਨਾ ਅਤੇ ਜਾਂ ਪੀੜਿਤਾਂ ਨੂੰ ਹੀ ਸਜ਼ਾ ਸੁਣਾ ਦੇਣੀ, ਚਿੰਤਾ ਦਾ ਵਿਸ਼ਾ ਹੈ। ਇਹ ਕਿਸੇ ਵੀ ਦੇਸ਼ ਦੇ ਅਰਾਜਕਤਾ ਵੱਲ੍ਹ ਵਧਦੇ ਕਦਮਾਂ ਦੀ ਨਿਸ਼ਾਨਦੇਹੀ ਕਰਨ ਦੇ ਬਰਾਬਰ ਹੈ। ਉੰਝ ਵੀ ਸਿਰਫ ਸਰਕਾਰੀ ਤੋਰ ਤੇ ਮੰਨਣਾ ਬਾਕੀ ਰਹਿ ਗਿਆ ਹੈ, ਪਰ ਇਸ ਦੇਸ਼ ਵਿੱਚ ਅਰਾਜਕਤਾ ਫੈਲ ਚੁੱਕੀ ਹੈ।
    ਪਿਛਲੇ ਸਾਲਾਂ ਵਿੱਚ ਦਿੱਲੀ ਵਿੱਚ ਇੱਕ ਅਗਨੀਕਾਂਡ ਵਾਪਰਿਆ ਸੀ, ਜੋ ਉਪਹਾਰ ਸਿਨੇਮਾ ਅਗਨੀਕਾਂਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦਿੱਲੀ ਦੇ ਬਹੁਤ ਹੀ ਸੁਰੱਖਿਅਤ ਗਿਣੇ ਜਾਣ ਵਾਲੇ ਸਿਨੇਮਿਆਂ ਵਿੱਚੋਂ ਇੱਕ ਸੀ ਇਹ ਸਿਨੇਮਾ। ਇਸ ਲਈ ਟਿਕਟਾਂ ਵੀ ਮਹਿੰਗੀਆਂ ਸਨ। ਪਰ ਪ੍ਰਬੰਧਕਾਂ ਦੀ ਲਾਪਰਵਾਹੀ ਅਤੇ ਸਰਕਾਰੀ ਅਧਿਕਾਰੀਆਂ ਦੀ ਲਿਹਾਜੂ ਕਾਰਗੁਜ਼ਾਰੀ ਕਾਰਨ ਇਸ ਸਿਨੇਮੇ ਵਿੱਚ ਭਿਆਨਕ ਅੱਗ ਲੱਗ ਗਈ ਤੇ ਸਿਰਫ ਇੱਕੋ ਦਰਵਾਜ਼ਾ ਹੋਣ ਕਾਰਨ ਲੋਕਾਂ ਦੀ ਭੀੜ ਸਿਨੇਮੇ ਵਿੱਚ ਹੀ ਅੱਗ ਨਾਲ ਅੱਗ ਹੋ ਗਈ। ਅਣਕਿਆਸੀ ਘਟਨਾ ਸੀ, ਵਾਪਰ ਗਈ ਤੇ ਵਾਪਰ ਗਈ, ਬੇਸ਼ੱਕ ਪ੍ਰਬੰਧਕਾਂ ਦੀ ਨਾਕਾਮੀ ਕਾਰਨ ਵਾਪਰੀ। ਮਗਰੋਂ ਜਾਂਚ ਕਮਿਸ਼ਨ ਨੇ ਅਪਣਾ ਕੰਮ ਕਰਨਾ ਸੀ ਤੇ ਕੀਤਾ ਵੀ। ਨਿਆਂਪਾਲਿਕਾ ਨੇ ਅਪਣਾ ਕੰਮ ਕਰਨਾ ਸੀ। ਅਗਨੀਕਾਂਡ ਦੇ ਪੀੜਿਤਾਂ ਦੇ ਵਾਰਸਾਂ ਨੂੰ ਅਦਾਲਤ ਨੇ 18 ਲੱਖ ਰੁਪਏ ਪ੍ਰਤੀ ਮੌਤ ਦਾ ਮੁਆਵਜਾ ਦੇਣ ਦਾ ਹੁਕਮ ਦਿੱਤਾ। ਉਨ੍ਹਾਂ ਨੂੰ ਇਹ ਮੁਆਵਜੇ ਦੀ ਰਕਮ ਨਿਗੂਣੀ ਜਾਪੀ ਤੇ ਉਨ੍ਹਾਂ ਨੇ ਉੱਚ ਅਦਾਲਤ ਵਿੱਚ ਯਾਨੀ ਕਿ ਸੁਪਰੀਮ ਕੋਰਟ ਵਿੱਚ ਅਪੀਲ ਕਰ ਦਿੱਤੀ। ਜਿੰਨੀ ਦੇਰ ਬਾਅਦ ਫੈਸਲਾ ਆਇਆ ਓਨੀ ਦੇਰ ਦਾ ਵਿਆਜ ਪਾ ਕੇ ਵੀ ਇਹ ਰਕਮ ਦੋ-ਤਿੰਨ ਲੱਖ ਵਧ ਕੇ ਮਿਲਣੀ ਚਾਹੀਦੀ ਸੀ, ਪਰ ਉੱਚ ਅਦਾਲਤ ਨੇ ਹੇਠਲੀ ਅਦਾਲਤ ਦਾ ਫੈਸਲਾ ਉਲਟਾਉਂਦਿਆਂ ਮੁਆਵਜੇ ਦੀ ਰਕਮ ਅੱਧੀ ਕਰ ਕੇ ਕਹਿ ਦਿੱਤਾ ਕਿ ਪ੍ਰਤੀ ਮ੍ਰਿਤਕ ਦੇ ਵਾਰਸ ਨੂੰ ਸਿਰਫ 9 ਲੱਖ ਰੁਪਏ ਹੀ ਦਿੱਤੇ ਜਾਣ, ਏਨੇ ਹੀ ਕਾਫੀ ਹਨ। ਇਹ ਫੈਸਲਾ ਸੁਣਾਉਂਦਿਆਂ ਉੱਚ ਅਦਾਲਤ ਨੇ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਕਿ ਜੇ ਕਿਸੇ ਮੁੱਖਮੰਤਰੀ ਦਾ ਚੂਲ਼ਾ ਵੀ ਟੁੱਟ ਜਾਵੇ ਤਾਂ ਉਸ ਦੇ ਇਲਾਜ ਤੇ ਹੀ 20 ਲੱਖ ਰੁਪਿਆ ਲੱਗ ਜਾਂਦਾ ਹੈ, ਜ਼ੁਕਾਮ ਤੇ ਹੀ ਹਜ਼ਾਰਾਂ ਵਿੱਚ ਖਰਚ ਆ ਜਾਂਦਾ ਹੈ। ਫਿਰ ਜੇ ਅਦਾਲਤ ਵਿੱਚ ਹੀ ਆਮ ਆਦਮੀ ਲਈ ਹੋਰ ਤੇ ਕਿਸੇ ਖਾਸ ਆਦਮੀ ਲਈ ਹੋਰ ਮਾਪਦੰਡ ਨੇ ਤਾਂ ਓਥੇ ਅਪੀਲਾਂ ਪਾਉਣ ਦਾ ਕੀ ਫਾਇਦਾ?
    ਇਸ ਦੇ ਨਾਲ ਹੀ 19 ਨਵੰਬਰ 2011 ਦੀਆਂ ਮੁੱਖ ਅਖਬਾਰਾਂ ਵਿੱਚ ਇੱਕ ਖਬਰ ਛਪੀ ਹੈ, ਜੋ ਇਸ ਲੇਖ ਨੂੰ ਲਿਖਣ ਦਾ ਆਧਾਰ ਬਣੀ।ਖਬਰ ਅਨੁਸਾਰ ਮਾਨਹਾਨੀ ਦੇ ਕੇਸ ਵਿੱਚ ਇੱਕ ਨਿਊਜ਼ ਚੈੱਨਲ "ਟਾਈਮਸ ਨਾਓ" ਨੂੰ ਸੌ ਕਰੋੜ ਦਾ ਜ਼ੁਰਮਾਨਾ ਕੀਤਾ ਗਿਆ ਹੈ। ਅਤੇ ਸੁਪਰੀਮ ਕੋਰਟ ਨੇ ਬਾਂਬੇ ਹਾਈਕੋਰਟ ਦੇ ਇਸ ਫੈਸਲੇ ਨੂੰ ਕਾਇਮ ਰੱਖਿਆ ਹੈ।
    ਖਬਰ ਇਸ ਪ੍ਰਕਾਰ ਹੈ, ".......... ਸੁਪਰੀਮ ਕੋਰਟ ਨੇ ਬੀਤੇ ਸੋਮਵਾਰ ਨੂੰਮਾਨਹਾਨੀ ਦੇ ਮੁਕੱਦਮੇ ਵਿੱਚ ਬਾਂਬੇ ਹਾਈਕੋਰਟ ਦੇ ਉਸ ਫੈਸਲੇ ਨੂੰ ਕਾਇਮ ਰੱਖਿਆ ਸੀ, ਜਿਸ ਵਿੱਚ ਉਸ ਨੇ ਚੈਨਲ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਮੁਕੱਦਮਾ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਪੀ ਬੀ ਸਾਵੰਤ ਨੇ ਪੁਣੇ ਦੀ ਅਦਾਲਤ ਵਿੱਚ ਦਾਖਲ ਕੀਤਾ ਸੀ। ਉਨ੍ਹਾਂ ਨੇ ਗਾਜ਼ੀਆਬਾਦ ਪ੍ਰਾਵੀਡੈਂਟ ਫੰਡ ਘਪਲੇ ਨਾਲ ਜੁੜੀ ਖਬਰ 'ਚ ਚੈੱਨਲ ਵਲੋਂ ਅਪਣੀ ਤਸਵੀਰ ਦਿਖਾਏ ਜਾਣ ਤੋਂ ਬਾਅਦ ਇਹ ਮੁਕੱਦਮਾ ਦਾਖਲ ਕੀਤਾ ਸੀ। ਅਨਜਾਣੇ 'ਚ ਹੋਈ ਇਸ ਗਲਤੀ ਲਈ ਚੈੱਨਲ ਨੇ ਜਸਟਿਸ ਸਾਵੰਤ ਤੋਂ ਮੁਆਫ਼ੀ ਮੰਗਦੇ ਹੋਏ ਲਗਾਤਾਰ ਪੰਜ ਦਿਨ ਤੱਕ ਖੇਦ ਛਾਪਿਆ ਸੀ। ਹੇਠਲੀ ਅਦਾਲਤ ਨੇ ਜਸਟਿਸ਼ ਸਾਵੰਤ ਦੇ ਪੱਖ 'ਚ ਫੈਸਲਾ ਸੁਣਾਉਂਦੇ ਹੋਏ ਚੈੱਨਲ ਨੂੰ 100 ਕਰੋੜ ਰੁਪਏ ਦਾ ਜ਼ੁਰਮਾਨਾ ਭਰਨ ਦਾ ਹੁਕਮ ਦਿੱਤਾ ਸੀ। ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਅਪੀਲ ਤੇ ਸੁਣਵਾਈ ਤੋਂ ਪਹਿਲਾਂ ਬਾਂਬੇ ਹਾਈ ਕੋਰਟ ਨੇ ਟਾਈਮਸ ਨਾਓ ਦੀ ਮਲਕੀਅਤ ਰੱਖਣ ਵਾਲੀ ਟਾਈਮਜ਼ ਗਲੋਬਲ ਬ੍ਰਾਡਕਾਸਟਿੰਗ ਕੰਪਨੀ ਲਿਮਿਟੇਡ (ਟੀਜੀਬੀਸੀਐਲ) ਨੂੰ ਹੁਕਮ ਦਿੱਤਾ ਸੀ ਕਿ ਉਹ 20 ਕਰੋੜ ਰੁਪਏ ਜਮ੍ਹਾਂ ਕਰਵਾਏ ਅਤੇ 80 ਕਰੋੜ ਦੀ ਬੈਂਕ ਗਾਰੰਟੀ ਦੇਵੇ। ਇੰਡੀਅਨ ਨਿਊਜ਼ਪੇਪਰ ਸੁਸਾਇਟੀ (ਆਈ ਐਨ ਐਸ) ਨੇ ਕਿਹਾ ਕਿ ਮਾਨਹਾਨੀ ਦੇ ਕਾਨੂੰਨ ਦਾ ਇਸ ਤਰਾਂ ਪਾਲਣ ਹੋਣਾ ਚਾਹੀਦਾ ਹੈ ਕਿ ਇਹ ਮੀਡੀਆ ਦੇ ਕੰਮ ਕਾਜ ਵਿੱਚ ਦਖਲ ਦਿੰਦਾ ਨਾ ਮਹਿਸੂਸ ਹੁੰਦਾ ਹੋਵੇ।...............।"
    ਇਹ ਸੋਚਣ ਵਾਲੀ ਗੱਲ ਹੈ ਕਿ ਇੱਕ ਜਿਉਂਦੇ ਬੰਦੇ ਦੀ ਪਟੀਸ਼ਨ ਤੇ ਅਦਾਲਤ ਨੇ 100 ਕਰੋੜ ਰੁਪਏ ਦੇ ਜੁਰਮਾਨੇ ਤੇ ਸਹੀ ਪਾਈ ਹੈ, ਅਤੇ ਇੱਕ ਤ੍ਰਾਸਦੀ ਦੇ ਸ਼ਿਕਾਰ ਹੋਏ ਲੋਕਾਂ ਦੇ ਵਾਰਸਾਂ ਨੂੰ ਰਾਹਤ ਵਜੋਂ ਠੂਠਾ ਦਿਖਾਇਆ ਜਾ ਰਿਹਾ ਹੈ।
    ਕੀ ਇਹ ਨਿਆਂ ਹੈ?
    ਕੀ ਇਹ ਸਮਾਜਿਕ ਬਰਾਬਰੀ ਹੈ?
    ਕੀ ਫੈਸਲੇ ਸਿਰਫ ਗਵਾਹਾਂ ਜਾਂ ਸਬੂਤਾਂ ਦੇ ਆਧਾਰ ਤੇ ਹੀ ਹੁੰਦੇ ਨੇ, ਪ੍ਰਸਥਿਤੀਆਂ ਦੇ ਆਧਾਰ ਤੇ ਨਹੀਂ?
    ਕੀ ਕੋਈ ਜਾਗਦੀ ਜ਼ਮੀਰ ਵਾਲਾ ਵਿਅਕਤੀ ਨਿਆਂਪਾਲਿਕਾ ਦੀ ਕਾਰਗੁਜ਼ਾਰੀ ਨੂੰ ਸਹੀ ਆਖ ਸਕਦਾ ਹੈ?
    ਕੀ ਇਹ ਫੈਸਲੇ ਸਵਾਗਤਯੋਗ ਹੈਣ?
    ਕੀ ਅਜਿਹੇ ਫੈਸਲੇ ਅਰਾਜਕਤਾ ਫੈਲਾਉਣ ਦਾ ਆਧਾਰ ਨਹੀਂ ਬਣਦੇ?
    ਇਨ੍ਹਾਂ ਸਵਾਲਾਂ ਦੇ ਜਵਾਬ ਤੁਸੀਂ ਲੱਭਣੇ ਹਨ, ਅਸੀਂ ਲੱਭਣੇ ਹਨ, ਜਵਾਬ ਲੱਭ ਕੇ ਹੀ ਸਰਨਾ ਹੈ, ਮੂੰਹੋਂ "ਮਾੜਾ ਹੈ" ਕਹਿ ਕੇ ਜਾਂ "ਵਾਹੇਗੁਰੂ ਭਲੀ ਕਰੇਗਾ" ਆਦਿ ਕਹਿ ਕੇ ਡੰਗ ਟਪਾਉਣ ਨਾਲ ਕੁੱਝ ਨਹੀਂ ਬਣਨਾ। ਪੰਜਾਬੀ ਕਵੀ ਕਵਿੰਦਰ ਚਾਂਦ ਦੀਆਂ ਇਨ੍ਹਾਂ ਲਾਈਨਾਂ ਨਾਲ ੳਪਰੋਕਤ ਸਵਾਲ ਤੁਹਾਡੇ ਸਪੁਰਦ ਕਰ ਰਿਹਾ ਹਾਂ।
        "ਹਰ ਸੀਨਾ ਧੁਖਦਾ-ਧੁਖਦਾ ਹੈ, ਤੇ ਸੋਚਾਂ ਵਿੱਚ ਜਵਾਲਾ ਹੈ,
        ਇੱਕ ਚੀਜ਼ ਬਦਲਿਆਂ ਨਹੀਂ ਸਰਨਾ, ਇਹ ਢਾਂਚਾ ਬਦਲਣ ਵਾਲਾ ਹੈ।"

                                                                                                                                                                                                                                                                                  ਸੁਰਜੀਤ ਗੱਗ (94633-89628)
                                                                                                                      ਪਿੰਡ ਢੇਰ, ਜਿਲਾ ਰੋਪੜ

Comments

Popular posts from this blog

ਸਾਕਾ ਨੀਲਾ ਤਾਰਾ ਬਾਰੇ ਨਵੇਂ ਸਵਾਲ 'ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ'

ਜੂਨ 1984 ਦੇ ਸਾਕਾ ਨੀਲਾ ਤਾਰਾ ਓਪਰੇਸ਼ਨ ਬਾਬਤ ਸਿਰਫ਼ ਸੁਣਿਆਂ ਜਾਂ ਪੜ੍ਹਿਆ ਹੀ ਹੈ।ਇੰਦਰਾ ਗਾਂਧੀ ਦੀ ਮੌਤ ਪਿੱਛੋਂ ਪੰਜਾਬ ਵਿੱਚ ਚੱਲੀ ਕਾਲੀ ਹਨ੍ਹੇਰੀ ਨੇ 25,000 ਤੋਂ ਵੱਧ ਬੰਦਿਆਂ ਨੂੰ ਨਿਗਲ ਲਿਆ ਪੁਲੀਸ, ਸਰਕਾਰ ਅਤੇ ਧਾਰਮਿਕ ਜਨੂੰਨੀਆਂ ਦੇ ਜੋ ਵੀ ਹੱਥੇ ਚੜ੍ਹਿਆ ਉਹ ਜਾਂ ਤਾਂ ਕਿਸੇ ਖੇਤ ਦੀ ਪਹੀ 'ਚ ਮਿਲਿਆ ਜਾਂ ਕਣਕਾਂ ਦੀਆਂ ਵੱਟਾਂ 'ਤੇ ਜਾਂ ਫ਼ਿਰ ਹਰੀਕੇ ਪੱਤਣ ਦੀਆਂ ਮੱਛੀਆਂ ਦੀ ਖੁਰਾਕ ਬਣ ਗਿਆ। ਪਰ ਕੁਝ ਉਹ ਵੀ ਸਨ ਜਿਨ੍ਹਾਂ ਦਾ ਬਚਪਨ ਉਨ੍ਹਾਂ ਦਿਨਾਂ ਦੀ ਭੇਟ ਚੜ੍ਹ ਗਿਆ ਜਿਨ੍ਹਾਂ ਦੇ ਖੇਡਣ ਦੇ ਦਿਨ ਸਹਿਮ ਦੇ ਸਾਏ ਹੇਠਾਂ ਛਿਪਦੇ ਰਹੇ। ਜਿਨ੍ਹਾਂ ਦੇ ਯਾਦ ਕਰਨ ਲਈ ਸਿਰਫ਼ ਕਰਫ਼ਿਊ ਜਾਂ ਆਏ ਦਿਨ ਹੁੰਦੇ ਪੁਲੀਸ ਮੁਕਾਬਲਿਆਂ ਦੀਆਂ ਗੱਲਾਂ ਹੀ ਬਚੀਆਂ ਹਨ। ਉਨ੍ਹਾਂ ਦਿਨਾਂ ਦੀ ਜਦ ਕੋਈ ਗੱਲ ਛੇੜਦਾ ਹੈ ਤਾਂ ਨੀਝ ਲਾ ਕੇ ਸੁਣੀ ਜਾਂਦੀ ਹੈ। ਉਨ੍ਹਾਂ ਦਿਨ੍ਹਾਂ ਦੀਆਂ ਹੋਰ ਕਈ ਨਵੀਆਂ ਗੱਲਾਂ ਅਤੇ ਨਵੀਆਂ ਕਹਾਣੀਆਂ  ਕਹਿੰਦਾ ਨਾਵਲ ਅਮਨਦੀਪ ਸੰਧੂ ਨੇ ਅੰਗਰੇਜੀ ਵਿੱਚ ਲਿਖਿਆ ਹੈ। ਨਾਵਲ ਦਾ ਨਾਮ "ਰੋਲ ਆਫ਼ ਆਨਰ" ਹੈ। ਨਾਵਲ ਸਾਕਾ ਨੀਲਾ ਤਾਰਾ ਦੀ ਕਹਾਣੀ ਕਹਿੰਦਾ ਅਤੇ ਉਸ ਦੌਰ ਵਿੱਚ ਸੜਕਾਂ, ਗਲੀਆਂ ਅਤੇ ਘਰਾਂ ਤੋਂ ਦੂਰ ਇੱਕ ਮਿਲਟਰੀ ਸਕੂਲ ਵਿੱਚ ਪੜ੍ਹਦੇ ਪਾੜ੍ਹਿਆਂ ਅਤੇ ਉਨ੍ਹਾਂ ਦੇ ਮਨਾਂ ਉੱਤੇ ਹੋ ਰਹੀ ਤਬਦੀਲੀ ਨੂੰ ਬਿਆਨ ਕਰਦਾ ਹੈ। ਇਸ ਨਾਵਲ ਦਾ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਪੱਤਰਕਾਰ ਦਲਜੀਤ ਅਮੀ ਨੇ ਪੰਜਾਬੀ ਵਿੱਚ...

ਅੱਵਲ ਅੱਲਾ ਨੂਰ ਉਪਾਇਆ

ਅੱਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗੁ ਉਪਜਿਆ ਕੌਣ ਭਲੇ ਕੋ ਮੰਦੇ॥ ਗੁਰਬਾਣੀ ਦੀਆਂ ਇਹ ਸਤਰਾਂ ਸਭ ਨੇ ਸੁਣੀਆਂ ਹੋਣਗੀਆਂ ਇਨ੍ਹਾਂ ਉੱਤੇ ਅਮਲ ਦੀ ਗੱਲ ਹਰ ਸਿੱਖ ਜੋ ਕਿ ਪੰਜਾਬੀ ਵੀ ਹੈ, ਅਕਸਰ ਕਰਦਾ ਸੁਣਾਈ ਦਿੰਦਾ ਹੈ।ਇਨ੍ਹਾਂ ਦਾ ਅਰਥ ਵੀ ਸਭ ਨੂੰ ਪਤਾ ਹੀ ਹੈ।ਗੁਰੂਦੁਆਰਿਆਂ ਦੇ ਸਪੀਕਰਾਂ ਵਿੱਚੋਂ ਸੁਣਦੇ ਇਹ ਸ਼ਬਦ ਕਿਸੇ ਵੀ ਪੰਜਾਬੀ ਲਈ ਸੁਹਾਵਣੇ ਅਤੇ ਰੱਬੀ ਫ਼ਰਮਾਨ ਵਰਗੇ ਲਗਦੇ ਹਨ।ਪਰ ਪੰਜਾਬ ਵਿੱਚ ਉਹ ਪੰਜਾਬੀ ਵੀ ਵਸਦੇ ਹਨ ਜਿੰਨ੍ਹਾਂ ਨੂੰ ਹੁਣ ਇਸ ਦੇ ਮਤਲਬ ਸਮਝ ਆਉਣੇ ਸ਼ੁਰੂ ਹੋ ਗਏ ਹਨ ਅਤੇ ਜਿੰਨ੍ਹਾਂ ਨੂੰ ਹੁਣ ਇਨ੍ਹਾਂ ਸ਼ਬਦਾਂ ਦੇ ਅਰਥ ਦੋਬਾਰਾ ਕਰਨੇ ਪੈ ਰਹੇ ਹਨ।ਉਹ ਪੰਜਾਬੀ ਹਨ ਪੰਜਾਬ ਦੇ ਦਲਿਤ, ਜਿੰਨ੍ਹਾ ਲਈ ਇਹ ਸ਼ਬਦ ਉਸ ਕਵਿਤਾ ਵਰਗੇ ਹਨ ਜੋ ਕਵੀ ਨੂੰ ਤਾਂ ਮਹਾਨ ਬਣਾ ਦਿੰਦੀ ਹੈ ਪਰ ਜਿਸ ਬਾਰੇ ਲਿਖੀ ਜਾਂਦੀ ਹੈ ਉਸ ਦੀ ਹਾਲਤ ਜਿਉਂ ਦੀ ਤਿਉਂ ਰਹਿੰਦੀ ਹੈ। ਪੰਜਾਬ ਵਿੱਚ ਗੁਰੂਦੁਆਰਿਆਂ ਦਾ ਪਿੰਡਾਂ ਵਿੱਚ ਇੱਕ ਤੋਂ ਚਾਰ ਦੀ ਗਿਣਤੀ ਤੱਕ ਪਹੁੰਚਣਾ ਅੱਜ ਦੀ ਗੱਲ ਨਹੀਂ ਹੈ। ਮੇਰੀ ਉਮਰ ਦੇ ਤਿੰਨ ਦਹਾਕੇ ਪੂਰੇ ਹੋ ਗਏ ਹਨ। ਬਚਪਨ ਤੋਂ ਪਿੰਡ ਵਿੱਚ ਵੇਖਦਾ ਆਇਆ ਹਾਂ ਕਿ ਪਿੰਡ ਵਿੱਚ ਦੋ ਆਹਮੋ-ਸਾਹਮਣੇ ਅਤੇ ਦੋ ਵੱਖ-ਵੱਖ ਥਾਵਾਂ ਉੱਤੇ ਗੁਰੂਦੁਆਰੇ ਬਣੇ ਹੋਏ ਹਨ।ਪੰਜਾਬ ਵਿੱਚ ਅਕਸਰ ਆਖਿਆ ਜਾਂਦਾ ਹੈ ਕਿ ਇਹ ਗੁਰਾਂ ਦੇ ਨਾਮ ਉੱਤੇ ਵਸਦਾ ਹੈ ਪਰ ਸੱਚਾਈ ਕੀ ਹੈ ਇਸ ਤੋਂ ਪਾਸਾ ਹੀ ਵੱਟਿਆ ਜਾਂਦਾ ਰਿਹਾ ਹੈ। ਗੋਲਕਾਂ ਦੀ ਲੜ...

ਆਸਤਿਕ ,ਨਾਸਤਿਕ ਅਤੇ ਧਰਮ ਉਪਦੇਸ਼

  ਅੱਜ ਦੀ ਦੁਨੀਆਂ ਜਿੱਥੇ ਮਨੁੱਖ ਨੇ ਵਿਗਿਆਨ ਦੇ ਲੜ ਲੱਗ ਕੇ ਕੀਤੀਆਂ ਖੋਜਾਂ ਸਦਕਾ ਧਰਤੀ ਤੋਂ ਇਲਾਵਾ ਚੰਨ ਤੱਕ ਆਪਣੀ ਪਹੁੰਚ ਬਣਾ ਲਈ ਹੈ | ਜਿੱਥੇ ਕੁਦਰਤ ਦੇ ਅਥਾਹ ਭੇਦ ਬੰਦੇ ਨੇ ਜਾਣ ਲਏ ਹਨ ਉੱਥੇ ਕਿਤੇ ਨਾਂ ਕਿਤੇ ਸਾਡੇ ਅੰਦਰ ਧਾਰਮਿਕ ਅਤੇ ਫਿਰਕੂ ਭਾਵਨਾਵਾਂ ਅਜੇ ਵੀ ਪਈਆਂ ਹਨ | ਮੌਜੂਦਾ ਹਾਲਾਤਾਂ ਮੁਤਾਬਕ ਦੇਖਣਾ ਬਣਦਾ ਹੈ ਕਿ ਨਿੱਤ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ,ਔਰਤਾਂ ਦਾ ਘਰੇਲੂ ਹਿੰਸਾ ਵਿੱਚ ਸ਼ਿਕਾਰ ਹੋਣਾ , ਫਿਰਕੂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੀ ਹੋ ਰਿਹਾ ਹੈ| ਜਿੱਥੇ ਬੰਦੇ ਦੇ ਅੰਦਰੋਂ ਬੰਦਾ ਤਕਰੀਬਨ ਮਨਫੀ ਹੁੰਦਾ ਜਾ ਰਿਹਾ ਹੈ ਉੱਥੇ ਨਾਲ ਹੀ ਬੰਦੇ ਅੰਦਰੋਂ ਇਨਸਾਨੀਅਤ ,ਸਹਿਣਸ਼ੀਲਤਾ ਨਾਮ ਦੀ ਚੀਜ ਲਗਭਗ ਖਤਮ ਹੀ ਹੋ ਗਈ ਹੈ  |ਬਿਨਾਂ ਸ਼ੱਕ ਧਰਮ ਇੱਕ ਨਿੱਜੀ ਮਸਲਾ ਹੈ ਹਰੇਕ ਬੰਦਾ ਆਪਣੀ ਮਰਜੀ ਨਾਲ ਕਿਸੇ ਵੀ ਧਰਮ ਵਿੱਚ ਵਿਸ਼ਵਾਸ਼ ਰੱਖ ਸਕਦਾ ਹੈ ਇਹ ਉਸਦਾ ਜਮਹੂਰੀ ਹੱਕ ਹੈ | ਵਿਗਿਆਨਿਕ ਯੁੱਗ ਹੋਣ ਦੇ ਬਾਵਜੂਦ ਦੁਨੀਆਂ ਦੇ ਲਗਭਗ 80 ਪ੍ਰਤੀਸ਼ਤ ਤੋਂ ਵੀ ਵੱਧ ਲੋਕ ਧਰਮ ਨੂੰ ਮੰਨਦੇ ਹਨ ਅਤੇ ਹੋਰ ਦੂਸਰੇ ਕਰਮ ਕਾਂਡਾਂ ਦੇ ਵੀਸ਼ਿਕਾਰ ਹਨ | ਬੇਸ਼ੱਕ ਇੰਨੇ ਸਾਰੇ ਲੋਕਾਂ ਵਿੱਚ ਬਹੁਤੇ ਪੜ੍ਹੇ ਲਿਖੇ ਲੋਕਾਂ ਦੇ ਇਲਾਵਾ ਬਹੁਤ ਸਾਰੇ ਵਿਗਿਆਨੀ ਤੱਕ ਸ਼ਾਮਿਲ ਹਨ| ਫਿਰ ਵੀ ਚਾਹੇ ਜੋ ਵੀ ਹੋਵੇ ਆਸਤਿਕ ਅਤੇ ਧਰਮੀ ਲੋਕ ਧਰਮ ਨੂੰ ਅਤਿ ਦਾ ਉੱਤਮ ਅਤੇ ਬੰਦੇ ਲਈ ਬਾਕਾਇਦਾ ਮੰਨ ਣਯੋਗ ਕਰਾਰ ਦਿੰਦੇ ਹਨ | ਇਸ ਤੋਂ ਉਲਟ ਨਾਸਤਿ...