ਇਹ ਰੇਲਾ ਸੋਚਾਂ ਦਾ
ਕੁਛ ਏਦਾਂ ਚੱਲਦਾ ਏ
ਬੀਤੇ ਦੀਆਂ ਤਹਿਆਂ ਦੀ
ਅਣਦੇਖੀ ਨੁੱਕਰ ਚੋਂ
ਅਣਬੋਲਿਆ ਬੋਲ ਕੋਈ
ਭੁੱਲ ਚੁੱਕਾ ਖਾਬ ਕੋਈ
ਕਿਸੇ ਚਾਅ ਅੰਞਾਣੇ ਦੀ
ਉਂਗਲੀ ਫੜ ਤੁਰ ਪੈਂਦਾ
ਤਾਂਘਾਂ ਦੇ ਵੇਹੜੇ ਹੋ
ਸੋਚੀਂ ਆ ਰਲਦਾ ਏ
ਇਹ ਰੇਲਾ ਸੋਚਾਂ ਦਾ
ਏਦਾਂ ਹੀ ਚੱਲਦਾ ਏ !
ਯਾਦਾਂ ਤੇ ਸੋਚਾਂ ਵਿਚ
ਵਖਰੇਵਾਂ ਹੁੰਦਾ ਹੈ
ਯਾਦਾਂ ਤਾਂ ਬੀਤੇ ਦਾ
ਪਰਛਾਵਾਂ ਹੁੰਦਾ ਹੈ
ਸੋਚਾਂ ਦਾ ਤਾਂ ਘੇਰਾ
ਹੁੰਦਾ ਹੈ ਬਹੁਤ ਬੜਾ
ਉਸ ਵਿਚ ਸਮਾ ਜਾਂਦੇ
ਬੀਤੇ ਜਾਂ ਆਉਣ ਵਾਲੇ
ਜੀਵਨ ਦੇ ਸਭ ਪੜਾ
ਫਿਰ ਇੱਕ ਸੰਸਾਰ ਨਿਰਾ
ਤਾਂਘਾਂ ਦਾ ਹੁੰਦਾ ਹੈ
ਜਿਸ ਦੀ ਕੋਈ ਨੁੱਕਰ
ਯਾਦਾਂ ਵਿਚ ਵਸਦੀ ਏ
ਤੇ ਦੂਜੀ ਕੋਈ ਤੰਦ
ਸੋਚਾਂ ਦੇ ਚੁੱਲ੍ਹੇ ਦਾ
ਬਾਲਣ ਬਣ ਧੁਖਦੀ ਏ
ਧੂਆਂ ਇਸ ਬਾਲਣ ਦਾ
ਅਖਾਂ ਨੂੰ ਮਲ ਮਲ ਕੇ
ਦਿਲ ਹੀ ਫਿਰ ਝੱਲਦਾ ਹੈ
ਇਹ ਰੇਲਾ ਸੋਚਾਂ ਦਾ
ਏਦਾਂ ਹੀ ਚੱਲਦਾ ਹੈ !
ਸੋਚਾਂ ਦਾ ਇਹ ਦਰਿਆ
ਵਹਿੰਦਾ ਹੀ ਰਹਿੰਦਾ ਏ
ਕਦੇ ਟਿਕ ਨਾ ਬਹਿੰਦਾ ਏ
ਕਦੇ ਅਫਲਾਤੂਨ ਬਣੇ
ਕਦੇ ਈਸਾ ਬਣ ਆਵੇ
ਕਦੇ ਨਿਤਸ਼ੇ ਬਣ ਹੱਸੇ
ਸੁਕਰਾਤ ਬਣੇ ਕਿਧਰੇ
ਮਹੁਰਾ ਦਾ ਪਿਆਲਾ ਪੀ
ਜੀਣੇ ਦਾ ਵੱਲ ਦੱਸੇ
ਮਨਸੂਰ ਕਦੇ ਬਣ ਕੇ
ਸੂਲੀ ਤੇ ਚੜ੍ਹ ਜਾਵੇ
ਕਦੇ ਨਾਨਕ ਬਣ ਆਵੇ
ਤੁਰ ਪਏ ਉਦਾਸੀਆਂ ਤੇ
ਸੰਗ ਲੈ ਮਰਦਾਨੇ ਨੂੰ
ਚਹੁੰ ਕੂਟੀਂ ਜਾਂਦਾ ਹੈ
ਲਾਲੋ ਦੀ ਗੱਲ ਕਰਦਾ
ਬਾਬਰ ਜਰਵਾਣੇ ਨੂੰ
ਖਰੀਆਂ ਹੀ ਸੁਣਾਂਦਾ ਹੈ
ਤੁਰ ਕੇ ਨਨਕਾਣੇ ਤੋਂ
ਦੋ ਸਦੀਆਂ ਕਰ ਪੈਂਡਾ
ਗੋਬਿੰਦ ਬਣ ਆਉਂਦਾ ਹੈ
ਸੁੱਤੀ ਪਈ ਖਲਕਤ ਨੂੰ
ਫਿਰ ਪਕੜ ਜਗਾਉਂਦਾ ਹੈ
ਸਦੀਆਂ ਤੋਂ ਜਿਓੰਦੇ ਸੀ
ਜੋ ਵਾਂਗੂੰ ਗਿਦੜਾਂ ਦੇ
ਬੇ ਬਸ ਲਾਚਾਰਾਂ ਨੂੰ
ਜਦ ਸ਼ੇਰ ਬਣਾਉਂਦਾ ਹੈ
ਫਿਰ ਤਖਤ ਪਲਟਦਾ ਹੈ
ਤੇ ਤਾਜ ਬਦਲਦਾ ਹੈ
ਸੋਚਾਂ ਦਾ ਰੇਲਾ ਕੁਛ
ਏਦਾਂ ਵੀ ਚੱਲਦਾ ਹੈ!
Comments
Post a Comment