ਭਾਰਤ ਅਤੇ ਪਾਕਿਸਤਾਨ ਰਿਸ਼ਤੇ ਹਮੇਸ਼ਾ ਤੋਂ ਹੀ ਮੁੱਖ ਧਾਰਾ ਦੀ ਰਾਜਨੀਤੀ ਦਾ ਅਟੁੱਟ ਹਿੱਸਾ ਰਹੇ ਹਨ | 1947 ਵੇਲੇ ਕੌਮੀ ਆਜ਼ਾਦੀ ਦੇ ਨਾਮ ਤੇ ਅੰਗਰੇਜ ਹਕੂਮਤ ਹੱਥੋਂ ਇੱਕ ਅਜੀਬ ਤੋਹਫ਼ਾ ਮਿਲਿਆ ਸਦੀਆਂ ਤੋਂ ਭਾਈ ਭਾਈ ਬਣ ਕੇ ਰਹਿੰਦੇ ਲੋਕ ਮਜਹਬ ਅਤੇ ਫਿਰਕਾਪ੍ਰਸਤੀ ਦੀ ਭੇਂਟ ਚੜ੍ਹਾ ਦਿੱਤੇ ਗਏ| ਲਗਭਗ ਦਸ ਲੱਖ ਲੋਕ ਇਸ ਖੂਨੀ ਕਤਲੋਗਾਰਤ ਵਿੱਚ ਮਾਰੇ ਗਏ | ਹਿੰਦੁਆਂ,ਸਿੱਖਾਂ ਅਤੇ ਮੁਸਲਮਾਨਾਂ ਨੇ ਆਪਸ ਵਿੱਚ ਲੜ ਕੇ ਆਪਣੇ ਹੀ ਭਾਈਆਂ ਦੇ ਲਹੂ ‘ਚ ਨਵੀਂ ਮਿਲੀ ‘ਆਜ਼ਾਦੀ’ ਨੂੰ ਖੂਬ ਮਾਣਿਆ| ਦੁਨੀਆਂ ਦੇ ਸਭ ਤੋਂ ਵੱਡੇ ਆਲਮੀ ਉਜਾੜੇ ਅਤੇ ਧਰਮ ਦੇ ਨਾਮ ‘ਤੇ ਹੋਈ ਮਾਰ ਧਾੜ ਜਿਸਦੀ ਸ਼ਾਇਦ ਕੀਤੇ ਹੋਰ ਮਿਸਾਲ ਨਹੀ ਮਿਲਦੀ , ਤੋਂ ਬਾਅਦ ਮਜਹਬੀ ਵੰਡ ਹੋਈ ਦੋ, ਮੁਲਕ ਦੋ ਰਿਆਸਤਾਂ ਕਾਇਮ ਹੋਈਆਂ | ਉਸ ਤੋਂ ਬਾਅਦ ਦੌਰ ਸ਼ੁਰੂ ਹੋਇਆ ਆਪਸੀ ਨਫਰਤ ਅਤੇ ਜੰਗਾਂ ਦਾ 1971 ਦੀ ਜੰਗ ਅਤੇ ਫੇਰ 1999 ਦੀ ਕਾਰਗਲ ਜੰਗ ਹੋਈ | ਦੋਵ੍ਹਾਂ ਜੰਗਾਂ ਵਿੱਚ ਦੋ ਰਿਆਸਤਾਂ ਦੇ ਆਪਸੀ ਨਿੱਜੀ ਮੁਫਾਦਾਂ
ਤੋਂ ਇਲਾਵਾ ਧਰਮ ਅਤੇ ਫਿਰਕਾਪ੍ਰਸਤੀ ਦੀ ਵੀ ਪੁੱਠ ਚੜ੍ਹੀ ਹੋਈ ਸੀ | ਦੋਵੇ ਪਾਸੇ ਸਰਕਾਰੀ ਏਜੰਸੀਆਂ , ਖੁਫੀਆ ਏਜੰਸੀਆਂ ਦਾ ਅਹਿਮ ਰੋਲ ਅਮਰੀਕਾ ਦੁਆਰਾ ਪਾਕਿਸਤਾਨ ਨੂੰ ਸ਼ਿਹ ਦੇਣਾ ਹਥਿਆਰਾਂ ਦੀ ਸਪਲਾਈ ਆਪਣੀ ਥਾਂ ਖੂਬ ਰਹੀ |ਆਰਥਿਕਤਾ ਨੂੰ ਕਾਬੂ ਕਰਨ, ਪੂਰੀ ਦੁਨੀਆਂ ਇਕ ਮੰਡੀ ਬਣਾਉਣ ਅਤੇ ਦੁਨੀਆਂ ਦੇ ਵੱਡੇ ਸਰਮਾਏਦਾਰਾਂ ਦੀ ਹਵਸ ਪੂਰੀ ਕਰਨ ਦੇ ਸਿਲਸਲੇ ਵਿੱਚ ਆਪਸੀ ਰਿਸ਼ਤੇ ,ਪਿਆਰ ਅਤੇ ਕੁੱਲ ਆਲਮੀ ਭਾਵਨਾਵਾਂ ਸਹਿਤ ਮਨੁੱਖਾਂ ਦੀ ਬਲੀ ਦਿੱਤੀ ਜਾਣੀ ਜਾਰੀ ਰਹੀ ਹੈ |ਵੰਡ ਦੀ ਗੱਲ ਅਤੇ ਉਸਦੇ ਸ਼ਿਕਾਰ ਹੋਏ ਜੀਆਂ ਦੁਆਰਾ ਹੰਢਾਏ ਸੰਤਾਪ ਦੀ ਕਹਾਣੀ ਸ਼ਬਦਾਂ ਵਿੱਚ ਕਦੇ ਵੀ ਬਿਆਨ ਨਹੀ ਕੀਤੀ ਜਾ ਸਕਦੀ | ਵੰਡ ਦੇ
ਉਸ ਦੌਰ ਵੇਲੇ ਬੀ.ਬੀ.ਸੀ. ਦੁਆਰਾ ਨਿਯੁਕਤ ਕੀਤੀ ਬੀਬੀ ਬੁਰਕੇ ਵਾਇਟ ਦੁਆਰਾ ਉਸ ਵੇਲੇ ਵੰਡ ਦੇ ਪ੍ਰਭਾਵਿਤ ਇਲਾਕਿਆਂ ਖਾਸ ਕਰ ਪੰਜਾਬ ਵਿੱਚ ਕੀਤੀ ਤਸਵੀਰਸਾਜ਼ੀ ਦੇਖ ਕੇ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ ਕਈ ਤਸਵੀਰਾਂ ਤਾਂ ਦੇਖੀਆਂ ਵੀ ਨਹੀ ਜਾਂਦੀਆਂ | ਮਨੁੱਖੀ ਹਵਸ ,ਧਰਮ ਅਤੇ ਮਜਹਬਾਂ ਦਾ ਅਸਲੀ ਰੂਪ ਉਦੋਂ ਸਾਫ਼ ਦੇ ਰਿਹਾ ਸੀ | ਇਨਸਾਨੀਅਤ ਉਸ ਵੇਲੇ ਸ਼ਰਮਸ਼ਾਰ ਸੀ ਅਤੇ ਇਨਸਾਨ ਬੇਸ਼ਰਮ | ਇਹ ਭਾਰਤ ਅਤੇ ਪਾਕਿਸਤਾਨ ਦੋਵ੍ਹਾਂ ਦੇਸ਼ਾਂ ਦੇ ਬਸ਼ਿੰਦੇ ਹੀ ਮੰਨਦੇ ਹਨ ਕੀ ਦੇਸ਼ ਦੀ ਵੰਡ ਸਾਡੀ ਇੱਕ ਇਤਹਾਸਕ ਗਲਤੀ ਸੀ ਅਤੇ ਇਸ ਗਲਤੀ ਨੂੰ ਜਿੰਨੀ ਛੇਤੀ ਕਬੂਲ ਕਰ ਲਈਏ ਤਾਂ ਸ਼ਾਇਦ ਸਾਡੇ ਦਿਲ ਦਾ ਬੋਝ ਹਲਕਾ ਹੋ ਜਾਵੇ ਅਤੇ ਅਸੀਂ ਸਾਡੀਆਂ ਅਗਲੀਆਂ ਪੁਸਤਾਂ ਸ਼ਾਇਦ ਆਜ਼ਾਦ ਫਿਜ਼ਾ ਵਿੱਚ ਸਾਂਹ ਲੈ ਸਕਣ ਅਤੇ ਸਾਡੀ ਕੀਤੀ ਲਈ ਸਾਨੂੰ ਮੁਆਫ ਕਰ ਦੇਣ | ਪਿਛਲੇ ਦਿਨੀਂ ਭਾਰਤ ਅਤੇ ਪਾਕਿਸਤਾਨ ਦੇ ਵਜੀਰਾਂ ਦਰਮਿਆਨ ਇੱਕ ਹੋਰ ਸਮਝੌਤਾ ਜੋ ਹੋਇਆ ਉਹ ਇਹ ਕਿ ਵਾਹਗਾ-ਅਟਾਰੀ ਬਾਰਡਰ ਦਿਨ ਰਾਤ ਵਪਾਰਕ ਗਤਿਵਿਧਿਆਂ ਵਾਸਤੇ ਖੋਲ ਦਿੱਤੇ ਜਾਣਗੇ| ਬਿਨਾਂ ਸ਼ੱਕ ਇਹ ਇੱਕ ਵਪਾਰਕ ਮਸਲਾ ਸੀ ਅਤੇ ਸਰਮਾਏ ਦਾ ਹੋ ਰਿਹਾ ਨੁਕਸਾਨ ਵੀ ਤਾਂ ਹੀ ਅਜਿਹਾ ਸੰਜੀਦਾ ਕਦਮ ਭਾਰਤ ਪਾਕ ਬਾਰਡਰ ਤੇ ਚੱਲ ਰਹੇ ਇਸ ਸਮੇਂ ਨਾਜੁਕ ਰਿਸ਼ਤੇ ਅਤੇ ਏਧਰੋਂ ਓਧਰੋਂ ਹੋ ਰਹੀਆਂ ਜੰਗੀ ਕਾਰਵਾਈਆਂ ਦਰਮਿਆਨ ਛੇਤੀ ਚੁੱਕ ਲਿਆ ਗਿਆ | ਇਸ ਤੋਂ ਉਲਟ ਦੋਵੇਂ ਦੇਸ਼ਾਂ ਦੀਆਂ ਰਿਆਸਤਾਂ ਨੇ ਕਦੇ ਵੀ ਮਨੁੱਖੀ ਰੂਹਾਂ ਅਤੇ ਜਜਬਿਆਂ ,ਭਾਵਨਾਵਾਂ ਦਾ ਕਦੇ ਵੀ ਮੇਲ ਹੋਣ ਨਹੀ ਦਿੱਤਾ| ਜੇ ਚੜ੍ਹਦੇ ਪੰਜਾਬ ਦੇ ਸਿੱਖਾਂ ਲਈ ਲਹਿੰਦੇ ਪੰਜਾਬ ਵਿੱਚ ਖਿੱਚ ਦਾ ਕਾਰਨ ਨਨਕਾਣਾ ਹੈ ਤਾਂ ਲਹਿੰਦੇ ਪੰਜਾਬ ਵਾਲਿਆਂ ਵਾਸਤੇ ਚੜ੍ਹਦੇ ਪੰਜਾਬ ਵਿੱਚ ਵੀ ਕਈ ਥਾਵਾਂ ਹਨ ਜਿਨ੍ਹਾਂ ਵਿੱਚੋਂ ਇੱਕ ਫਤਿਹਗੜ੍ਹ ਨੇੜੇ ਸੀਸਗੰਜ ਗੁਰੁਦਵਾਰੇ ਕੋਲ ਸਾਈ ਰੋਜਾ ਸ਼ਰੀਫ਼ ਦੀ ਦਰਗਾਹ ਹੈ| ਉੱਥੇ ਇਸ ਵਾਰ ਜਾਨ ਦਾ ਮੌਕਾ ਮਿਲਿਆ ਤਾਂ ਜੋ ਅੱਖਾਂ ਨੇ ਦੇਖਿਆ ਹੈਰਾਨ ਕਰ ਦੇਣ ਵਾਲਾ ਸੀ | ਲਹਿੰਦੇ ਪੰਜਾਬ ਦੇ ਯਾਤਰੂ ਦਰਗਾਹ ਅੰਦਰ ਹੀ ਤਾੜ ਕੇ ਰੱਖੇ ਹੋਏ ਸਨ ਜਿਵੇ ਕੋਈ ਮੁਜ਼ਰਮ ਹੋਣ, ਕਿਸੇ ਦਾ ਮੋਬਾਇਲ ਨਹੀ ਚੱਲ ਰਿਹਾ ਸੀ ਕਿਉਂਕਿ ਬੰਦੇ ਦੀ ਕੁਜਾਤ ਨੇ ਯਾਤਰੂਆਂ ਨੂੰ ਕਿਸੇ ਦੇ ਸੰਪਰਕ ਵਿੱਚ ਨਹੀ ਰਹਿਣ ਦੇਣਾ ਸੀ ਤੇ ਹਰੇਕ ਯਾਤਰੂ ਨਾਲ ਕੁਜਾਤ ਦਾ ਸਾਇਆ ਨਾਲ ਨਾਲ
ਚੱਲ ਰਿਹਾ ਸੀ| ਇੱਕ ਯਾਤਰੂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਉਹ ਗੱਲ ਕਰਨੋਂ ਝਿਜਕ ਰਿਹਾ ਸੀ ਆਖਿਰ ਉਸਨੇ ਕਹਿ ਵੀ ਦਿੱਤਾ ਕਿ “ਮੈਨੂੰ ਤੁਹਾਡੇ ਤੋਂ ਡਰ ਆਣ ਡਿਹਾ, ਕੀ ਪਤਾ ਤੁਸੀਂ ਵੀ ਇੰਟੈਲੀਜੈਂਸੀ ਦੇ ਬੰਦੇ ਹੋਵੋਂ !” ਥੋੜ੍ਹੀਆਂ ਹੋਰ ਗੱਲਾਂ ਬਾਤਾਂ ਤੋਂ
ਬਾਅਦ ਉਹ ਥੋੜ੍ਹਾ ਸਹਿਜ ਹੋਇਆ | ਉਸਦਾ ਕਹਿਣਾ ਸੀ ਕੀ ਏਧਰਲੀ ਰਿਆਸਤ ਪਾਕਿਸਤਾਨੀ ਯਾਤਰੂਆਂ ਨੂੰ ਇੱਕ ਫੋਨ ਦੀ ਸਹੂਲਤ ਨਹੀ ਦੇ ਸਕਦੀ ਕਿ ਯਾਤਰੂ ਵਿਚਾਰੇ ਆਪਣੇ ਘਰ ਇਸ ਗੱਲ ਦਾ ਪਤਾ ਦੇ ਸਕਣ ਕੀ ਉਹ ਰਾਜ਼ੀ ਖੁਸ਼ੀ ਹਨ ਅਤੇ ਘੱਟੋ ਘੱਟ ਜਿਉਂਦੇ ਰਹੇ ਹਨ | ਉਤੋਂ ਉਹਨਾਂ ਉਤੇ ਕਿੰਨੇ ਬੰਦੇ ਸੂਹੀਏ ਘੁੰਮ ਰਹੇ ਹਨ ਕਿ ਅਸੀਂ ਕਿਸੇ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀ ਕਰ ਸਕਦੇ| ਬੰਦੇ ਦੁਆਰਾ ਇਸ ਤਰੀਕੇ ਨਾਲ ਬੰਦੇ ਦੀ ਸੂਹ ਲੈਣੀ ਇੱਕ ਨੈਤਿਕ ਜੁਰਮ ਮੰਨਿਆ ਜਾ ਸਕਦਾ ਹੈ| ਭਾਰਤ ਵੱਲੋਂ ਅਮਰੀਕਾ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਕਈ ਫੈਸਲੇ ਲਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਇੱਕ ਨਵਾਂ ਫੈਸਲਾ ਇਹ ਹੈ ਕਿ ਭਾਰਤ ਨੇ ਸੈਰ ਸਪਾਟੇ ਲਈ ਇੱਕ ਸੌ ਅੱਸੀ ਮੁਲਕਾਂ ਵਾਸਤੇ ਵੀਜ਼ਾ ਸਹੂਲਤ ਨਿਯਮਾਂ ਵਿੱਚ ਫੇਰ ਬਦਲ ਕੀਤੇ ਹਨ ਪਰ ਸੂਡਾਨ , ਨਾਇਜੀਰਿਆ, ਇਰਾਕ, ਅਫਗਾਨਿਸਤਾਨ ਸ਼੍ਰੀਲੰਕਾ ਸਮੇਤ ਪਾਕਿਸਤਾਨ ਨੂੰ ਇਸ ਸਹੂਲਤ ਤੋਂ ਵਾਂਝਾ ਰੱਖਿਆ ਹੈ | ਜ਼ਾਹਿਰ ਹੈ ਭਾਰਤ ਨੂੰ ਅਮਰੀਕਾ ਵਾਂਗ ਇਹਨਾਂ ਮੁਲਕਾਂ ਤੋਂ ਸੁਰੱਖਿਆ ਦੇ ਮਾਮਲੇ ਵਿੱਚ ‘ਖ਼ਤਰਾ’ ਜਾਪਦਾ ਹੈ | ਗੱਲ ਕਰਨੀ ਬਣਦੀ ਹੈ ਕਿ ਅਮਰੀਕਾ ਨੇ 9/11 ਦੇ ਹਮਲੇ ਤੋਂ ਮਗਰੋਂ ਹਮਲੇ ਦੇ ਦੋਸ਼ੀ ਮੰਨੇ ਜਾਂਦੇ ਉਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਇਰਾਕ ਵਿੱਚ ਵੱਡੇ ਪੱਧਰ ਤੇ ਖੂਨੀ ਕਤਲੋਗਾਰਤ ਮਚਾਈ ਗਈ | ਲੱਖਾਂ ਬੇਦੋਸ਼ਿਆਂ ਦਾ ਕਤਲ ਕੀਤਾ ਗਿਆ ਅਖੀਰ ਲਾਦੇਨ ਨੂੰ ਪਾਕਿਸਤਾਨ ਵਿੱਚ ਇੱਕ ‘ਖਾਸ’ ਆਪ੍ਰੇਸ਼ਨ ਦੁਆਰਾ
ਮਾਰ ਮੁਕਾਇਆ ਗਿਆ ਅਤੇ ਪਾਕਿਸਤਾਨ ਨੂੰ ਵੀ ਦਹਿਸ਼ਤਗਰਦੀ ਦਾ ਅੱਡਾ ਐਲਾਨਿਆ ਗਿਆ | ਹੁਣ 'ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ' ਦੀ ਅਖਾਣ ਮੁਤਾਬਕ ਭਾਰਤ ਨੇ ਵੀ ਆਪਣੇ ਆਕਾ ਅਮਰੀਕਾ ਦੀਆਂ ਕਰਨੀਆਂ ਤੇ ਸਹੀ ਪਾਉਂਦੇ ਹੋਏ ਪਾਕਿਸਤਾਨ ਨਾਲ ਦੋ ਕਦਮ ਦੀ ਦੂਰੀ ਬਣਾ ਕੇ ਚੱਲਣਾ ਸ਼ਰੂ ਕਰ ਦਿੱਤਾ ਹੈ | ਖੈਰ ਇਹ ਉਹ ਗੱਲਾਂ ਨੇ ਜੋ ਸੁਣਨ ਵਿੱਚ ਆਉਂਦੀਆਂ ਹਨ
ਅਤੇ ਜਿਹਨਾਂ ਨੂੰ ਬੁਰਜੂਆ ਮੀਡੀਆ ਦੁਆਰਾ ਵੀ ਖੂਬ ਹਵਾ ਦਿੱਤੀ ਜਾਂਦੀ ਰਹੀ ਹੈ| ਪਰ ਅਸਲ ਵਿੱਚ ਸਰਮਾਏ ਦੀ ਬੀਨ ਅੱਗੇ ਅਮਰੀਕਾ ਹੋਵੇ ਜਾ ਭਾਰਤ ਹੱਥ ਮਿਲਾ ਕੇ ਨੱਚਦੇ ਹਨ | ਪਾਕਿਸਤਾਨ ਵਿੱਚ ਅਮਰੀਕਾ ਦੇ ਉੰਨੇ ਹੀ ਉਤਪਾਦ ਵਿਕਦੇ ਹਨ ਜਿੰਨੇ ਉਹ ਤਿਆਰ ਕਰਦਾ ਹੈ| ਭਾਰਤੀ ਫਿਲਮਾਂ ਤੋਂ ਲੈ ਕੇ ਭਾਰਤੀ ਤਿਆਰ ਮਾਲ ਦੀ ਵੀ ਪਾਕਿਸਤਾਨ ਵਿੱਚ ਚੰਗੀ ਖਪਤ ਹੈ | ਬੱਸ ਗੱਲ ਆਮ ਮਨੁੱਖ ਦੇ ਮੇਲਜੋਲ 'ਤੇ ਆ ਕੇ ਰੁਕ ਜਾਂਦੀ ਹੈ ਅਤੇ ਇੱਥੋਂ ਹੀ ਸਿਆਸਤ ਦਾ ਰਸਤਾ ਸ਼ੁਰੂ ਹੁੰਦਾ ਹੈ|
ਸੰਪਰਕ 9464510678
Comments
Post a Comment