Skip to main content

“ਮੰਡੀ ਸਭਿਆਚਾਰ” ਬਨਾਮ ਖੁੰਢੀ ਹੁੰਦੀ ਜਾ ਰਹੀ ਸਮਾਜਿਕ ਚੇਤਨਾ

ਬਿੰਦਰਪਾਲ ਫਤਿਹ 


ਕਿਸੇ ਵੀ ਵੱਡੇ ਸੱਭਿਆਚਾਰਕ ਇਨਕਲਾਬ ਦੀ ਅਣਹੋਂਦ ਵਿੱਚ ਵਿਕਾਸ ਕਰ ਰਿਹਾ ਸਮਾਜ ਕਿੰਨਾਂ ਕੁ ਚੇਤਨ ਹੋਵੇਗਾ ਕਿੰਨੀ ਕੁ ਸਮਝ ਰਖਦਾ ਹੋਵੇਗਾ ਇਹ ਸਭ ਕੁਝ ਉਸ ਸਮਾਜ ਦੇ ਅਟੁੱਟ ਹਿੱਸੇ ਸੰਗੀਤ ਜਾਂ ਹੋਰ ਕੋਮਲ ਕਲਾਵਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ |ਭਾਰਤੀ ਸਮਾਜ ਇਸ ਦੀ ਚੰਗੀ ਖਾਸੀ ਉਦਾਹਰਣ ਹੈ |ਭਾਰਤੀ ਸੰਗੀਤ ਦਾ ਇਤਿਹਾਸ ਬੜਾ ਪੁਰਾਣਾ ਹੈ ਅਤੇ ਅੱਜ ਖੁੱਲੀ ਮੰਡੀ ਵਿੱਚ ਜਿੱਥੇ ਹਰ ਚੀਜ ਵਿਕ ਰਹੀ ਹੈ ਸੰਗੀਤ ਵੀ ਸਭ ਤੋਂ ਮੂਹਰੇ ਹੋ ਕੇ ਵਿਕ ਰਿਹਾ ਹੈ | ਤਾਨਸੇਨ ਵਰਗੇ ਮਹਾਨ ਸੰਗੀਤਕਾਰ  ਜਾਂ ਉਸਤੋਂ ਬਾਅਦ ਵੀ ਖਾਸਕਰ ਵੀਹਵੀਂ ਸਦੀ ਦੇ ਕਈ ਦਹਾਕਿਆਂ ਤੱਕ ਸੰਗੀਤ ਦੀ ਇਸ ਵਿਸ਼ਾਲ ਵਿਰਾਸਤ ,ਪਰੰਪਰਾ ਨੂੰ ਘਰਾਣਾ ਗਾਇਕਾਂ ਨੇ ਸਾਂਭੀ ਰੱਖਿਆ  ਪਰ ਸੰਗੀਤ ਦੀ ਹਾਲਤ ਵਿਕਾਊ ਚੀਜ ਤੋਂ ਵੱਧ ਕੀ ਹੋ ਸਕਦੀ ਸੀ ? ਮਨੁੱਖੀ ਵਿਚਾਰਧਾਰਾ ,ਸੋਚ, ਸਮਾਂ ਹਾਲਾਤ ਇਹ ਸਾਰੇ ਤੱਤ ਸਮੇਂ ਸਮੇਂ ਸਿਰ ਇਸਨੂੰ ਪ੍ਰਭਾਵਿਤ ਕਰਦੇ ਰਹੇ ਹਨ | ਸਭ ਤੋਂ ਵੱਧ ਜੇ ਕਿਸੇ ਚੀਜ ਨੇ ਸੰਗੀਤ ਨੂੰ ਪ੍ਰਭਾਵਿਤ ਕੀਤਾ ਹੈ ਤਾਂ ਉਹ ਹੈ ਸਰਮਾਏਦਾਰਾਨਾ ,ਬੁਰਜੂਆ ਮੰਡੀ ਨੇ ਜਿਸਨੂੰ ਹਰ ਚੀਜ ਨੂੰ ਆਪਨੇ ਵੱਸ ‘ਚ ਕਰ ਲੈਣ ਦੀ ਪੂਰੀ ਜਾਚ ਹੈ | ਮੋਜੂਦਾ ਸੰਗੀਤਿਕ ਦੌਰ ਪੂਰੀ ਤਰ੍ਹਾਂ ਮੰਡੀ ਦੇ ਕਲਾਵੇ ‘ਚ ਹੀ ਖੇਲ ਰਿਹਾ ਸਾਡੇ ਸਮਾਜ ਦੀ ਸੋਚ ਦੀ ਭਰਪੂਰ ਤਰਜਮਾਨੀ ਕਰਦਾ ਹੋਇਆ  ਪੂਰੀ ਤਰ੍ਹਾਂ ਨਸ਼ਿਆਏ ਅਤੇ ਸੱਤਾ ‘ਤੇ ਕਾਬਜ  ਧਿਰਾਂ ਦੀ ਡਟਵੀਂ ਹਮਾਇਤ ਕਰਦਾ ਹੈ |ਅਸਲ ‘ਚ ਇਹੀ ਦੌਰ ਹੈ ਜਦੋਂ ਕਿ ਸਮੁੱਚੀ ਮੰਡੀ ਹਾਸ਼ੀਏ ਤੋਂ ਪਾਰ ਸੁੱਟੇ ਗਏ ਮਨੁੱਖ ਨੂੰ ਬੁਰਜੂਆ ਸੰਗੀਤ ਅਤੇ ਕੰਨ ਪਾੜਵੇਂ ਸ਼ੋਰ ਨਾਲ ਬਹੁਤ ਭੱਦਾ ਅਤੇ  ਬੇਹੁਦਾ ਮਜਾਕ ਕਰ ਰਹੀ ਹੈ | 

ਮੰਡੀ ਦੀ ਇਹ ਸੁਰ ਇੱਕ ਖਾਸ ਜਮਾਤ ਦੇ ਹੱਕ ਵਿੱਚ ਵਜਦੀ ਹੈ | ਸੱਤਰਵਿਆਂ ਦੇ ਦੌਰ ਵੇਲੇ ਜੋ ਹਰੀ ਕ੍ਰਾਂਤੀ ਪੰਜਾਬ ਵਿੱਚ ਆਈ ਉਸ ਨੇ ਪੰਜਾਬ ਦੇ ਜਿਮੀਦਾਰ ਨੂੰ ਕੰਮਾਂ ਕਾਰਾਂ ਤੋਂ ਅਜਾਦ ਕਰ ਦਿੱਤਾ ਹਰੀ ਕ੍ਰਾਂਤੀ ਦੇ ਸੋਹਿਲੇ ਗਾਏ ਗਏ ‘ਤੇ ਇੱਕ ਖਾਸ ਜਾਤੀ ਤੁਅੱਸਬ ਦਾ ਮਾਣ ਕਰਦੇ ਜਿਮੀਦਾਰ ਨੂੰ ਸੰਗੀਤ ,ਫਿਲਮਾਂ ਵਿੱਚ ਮੂਹਰਲੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ | ਖਾਸ ਜਾਤੀਦੀ ਦੀ ਮੋਹਰੀ ਹੈਂਕੜ ਹੁਣ ਸੰਗੀਤ ਨੂੰ ਆਪਨੇ ਹੱਥਾਂ ਵਿੱਚ ਕਰਨ ਤੁਰ ਪਈ| ਗੀਤਾਂ ਵਿੱਚ ਸਰਦਾਰੀ ਜਿਮੀਦਾਰੀ ਦੇ ਚਰਚੇ ਜੋਰਾਂ ਸ਼ੋਰਾਂ ਨਾਲ ਹੋਣ ਲੱਗ ਪਏ ਜਿਮੀਦਾਰ ਨੂੰ ਮੰਡੀ ਨੇ ਬੁਰੀ ਤਰ੍ਹਾਂ ਪਾਗਲ ਕਰ ਦਿੱਤਾ ਕੁਝ ਕੁ ਧਨੀ ਅਤੇ ਚਤੁਰ ਲੋਕ ਪੂਰੇ ਆਲਮ ਦੀਆਂ ਅੱਖਾਂ ਚ ਘੱਟਾ ਪਾਕੇ ਮੰਡੀ ਦਾ ਪੂਰਾ ਫਾਇਦਾ ਉਠਾ ਗਏ ‘ਤੇ ਅੱਜ ਪੂਰੇ ਪੰਜਾਬ ਵਿੱਚ ਉਹਨਾਂ ਦੀ ਸਰਦਾਰੀ ਕਾਇਮ ਹੈ! ਅਤੇ ਕੁਝ ਨੂੰ  ਪਤਾ ਹੀ ਨਾ ਲੱਗਣ ਦਿੱਤਾ ਕਿ ਕਦੋਂ ਉਹ ਇਸ ਮੰਡੀ ਵਿੱਚ ਵਿਕਣ ਦੀ ਕਗਾਰ ਤੇ ਪਹੁੰਚ ਗਏ |ਵੱਡੀ ਮਛਲੀ ਛੋਟੀ ਨੂੰ ਖਾ ਗਈ ਵੱਡੇ ਫਾਰਮਾਂ ਵਾਲੇ ਕਿਸਾਨਾਂ ਨੇ ਛੋਟੇ ਕਾਰੋਬਾਰ ਸ਼ੁਰੂ ਕਰਕੇ ਬਾਜਾਰ ਵਿੱਚ ਉੱਤਰਨਾ ਸ਼ੁਰੂ ਕਰ ਦਿੱਤਾ ਅਤੇ ਛੋਟੇ ਕਿਸਾਨਾ ਨੇ ਜਾਂ ਤਾਂ ਜਮੀਨਾਂ ਵੇਚੀਆਂ ਜਾਂ ਗਹਿਣੇ ਪਾਈਆਂ ਜਾਂ ਕਰਜੇ ਦੇ ਭਾਰ ਹੇਠ ਦੱਬ ਕੇ ਰਹਿ ਗਏ | 


ਖੁਦਕੁਸ਼ੀਆਂ ਦਾ ਇੱਕ ਅਟੁੱਟ ਸਿਲਸਿਲਾ ਜੋ ਹੁਣ ਤੱਕ ਬੇਰੋਕ ਜਾਰੀ ਹੈ ,ਨੇ ਨਿੱਤ ਦੀਆਂ ਅਖਬਾਰਾਂ ਦੇ ਕਾਲਮਾਂ ਨੂੰ ਖੂਬ ਸ਼ਿੰਗਾਰਿਆ ਪਰ ਨਾਲ ਤੁਰ ਰਿਹਾ ਸੰਗੀਤ ਹਮੇਸ਼ਾ ਆਲਮ ਉੱਪਰ ਸੁਨਿਹਰੀ ਛਤਰੀ ਤਾਣਕੇ ਤੁਰਦਾ ਰਿਹਾ| ਸੰਗੀਤ ਨੂੰ ਰਾਜ ਕਰਦੀ ਜਮਾਤ ਨੇ ਆਪਣੀ ਬੁੱਕਲ ‘ਚ ਗੋਦ ਲੈ ਲਿਆ ਅਤੇ ਹੁਣ ਤੱਕ ਉਸਦੀ ਮੱਤ ਮਾਰੀ ਰੱਖੀ ਹੈ |ਬਾਕੀ ਬਚੇ ਖੁਚੇ ਕੰਮੀਆਂ ਦਾ ਜੋ ਹਸ਼ਰ ਹੋਇਆ ਉਹ ਕਿਸਾਨ ਨਾਲੋਂ ਵੀ ਮਾੜਾ ਹੋਇਆ ਜਿਹੜੇ ਕਿ ਜਮੀਨ ਦੇ ਮਾਲਿਕ ਕਦੇ ਰਹੇ ਨਹੀ ਸਨ| ਜਿਮੀਦਾਰਾਂ ਨਾਲ ਸਾਂਝੀ ਕਾਸ਼ਤ ਕਰਨੀ ਜਾਂ ਸਾਲਾਂ ਭਰ ਵਾਸਤੇ ਜਿਮੀਦਾਰਾਂ ਦੀ ਹੁਕਮ ਅਦੂਲੀ ਕਰ ਕੇ ਪੇਟ ਪਾਲਣ ਵਾਲੇ ਇਹ ਗਰੀਬ ਮਜਦੂਰ ਕੰਮੀ ਹਰੀ ਕ੍ਰਾਂਤੀ ਦੇ ਇਸ ਅਜੀਬ ਵਰਤਾਰੇ ਦੀ ਮਾਰ ਸਹਿੰਦੇ ਪਿੰਡਾਂ ਵਿੱਚੋ ਨਿੱਕਲ ਸਹਿਰਾਂ ਨੂੰ ਭੱਜ ਆਏ ਅਤੇ ਸਨਅਤੀ ਮਜਦੂਰ ਦੀ ਜੂਨੀ ਪੈ ਗਏ ਪਰ ਪੰਜਾਬੀ ਸੰਗੀਤ ਕਦੇ ਇਹਨਾਂ ਕੰਮੀਆਂ ਕਮੀਣਾਂ ਦੀ ਬੋਲੀ ਨਾਂ ਬੋਲਿਆ ਕਦੇ ਇਹਨਾਂ ਦੇ ਹਾਣ  ਦੇ ਗੀਤ ਫਿਜਾ ਵਿੱਚ ਨਾਂ ਗੂੰਜੇ  ਹਰੀ ਕ੍ਰਾਂਤੀ ਦੇ ਦੌਰ ਤੋਂ ਲੈ ਕੇ ਅੱਜ ਤੱਕ ਦੇ ਇਤਿਹਾਸ ਵਿੱਚ ਸੰਗੀਤ ਦੀ ਪਰੰਪਰਾ ਹਮੇਸ਼ਾ ਸੱਤਾ ਦੇ ਹੱਥਾਂ ਦੀ ਕਠਪੁਤਲੀ ਬਣੀ ਰਹੀ ਇਸਨੇ ਕਦੇ ਵੀ ਖੁੱਲ੍ਹ ਕੇ ,ਸਿਦਕਦਿਲੀ ਨਾਲ ਸੱਚਾਈ ਦਾ ਪੱਲਾ ਨਹੀ ਫੜਿਆ ਉਲਟਾ ਅਵਾਮੀ ਲੋਕ ਲਹਿਰਾਂ, ਲੋਕ ਸਭ੍ਹਿਆਚਾਰ ਅਤੇ ਲੋਕ ਚੇਤਨਾ ਨੂੰ ਖੁੰਢਾ ਕਰਦੀ ਰਹੀ |ਰੁਜਗਾਰ ਤੋਂ ਥੁੜੇ ਛੋਟੀ ਕਿਸਾਨੀ ਦੇ ਦੁਰਕਾਰੇ ਹੋਏ ਕਿਸਾਨਾਂ ਦੇ ਪੁੱਤਾਂ ਨੇ ਭੰਡਾਂ ,ਡੂੰਮਾਂ ,ਮਿਰਾਸੀਆਂ ਦਾ ਕਿੱਤਾ ਕਹਾਈ ਜਾਂਦੀ ਗਾਇਕੀ ਅਤੇ ਸੰਗੀਤ ਦੀ ਧਾਰਾ ਦਾ ਪੱਲਾ ਫੜ ਲਿਆ ਅਤੇ ਆਪਣੇ ਹੀ ਲੋਕਾਂ ਦੇ ਖਿਲਾਫ਼ ਭੁਗਤਦੇ ਇਹ ਕਲਾਕਾਰ ਮੰਡੀ ਦੀ ਲੋੜ ਬਣ ਗਏ | ਜੱਟਦੀ ਸਿਫਤ ਕਰਦੇ,ਹਥਿਆਰਾਂ ,ਕਬਜਿਆਂ ,ਲੜਾਈਆਂ ਸਰਾਬ ਦੀ ਨਿਰੰਤਰ ਇਸ਼ਤਿਹਾਰਬਾਜ਼ੀ ਨੂੰ ਸਮਰਪਿਤ ਗੀਤ ਹੁਣ ਤਕ ਫਿਜਾ ਵਿੱਚ ਗੂੰਜਦੇ ਆ ਰਹੇ ਹਨ| 
ਸੰਗੀਤ ਦੀ ਇਸ ਨਵੀਂ ਅਤੇ ਆਪ ਹੁਦਰੀ ਕੌੜੀ ਸੁਰ ਨੇ ਅਵਾਮੀ ਮਨੋਰੰਜਨ ਦਾ ਬਹਾਨਾ ਮਾਰ ਕੇ  ਮਨੁੱਖੀ ਸੋਚ ਕੋਲੋਂ ਉਸਦਾ ਵਜੂਦ ਖੋਹ ਲਿਆ |ਇਸ ਸੰਗੀਤਿਕ ਨਾਬਰੀ ਦੇ ਮਾਹੌਲ ਵਿੱਚ ਔਰਤ ਦਾ ਵਜੂਦ ਵੀ ਕੋਈ ਵਧੀਆ ਦਿੱਖ ਵਾਲਾ ਨਹੀ ਰਿਹਾ ਸਗੋਂ ਇਉਂ ਕਹੋ ਕਿ ਰਹਿਣ ਹੀ ਨਹੀ ਦਿੱਤਾ ਗਿਆ |ਮੌਜੂਦਾ ਸੰਗੀਤ ਦੀ ਇਸ ਨਿਤ ਵਧਦੀ-ਫੁਲਦੀ ਜਾ ਰਹੀ ਮੰਡੀ ਵਿੱਚ ਔਰਤ ਦਾ ਅਕਸ ਇੱਕ ਵਿਕਾਊ ਚੀਜ ਤੋਂ ਵਧ ਕੇ ਕੁਝ ਨਹੀ ਰਿਹਾ | ਪੁਰਜਾ”, “ਬੋਤਲ,ਚੀਜੀਆਦਿ ਦੇ ਵਿਸ਼ੇਸ਼ਣ ਔਰਤ ਦੇ ਨਾਮ ਨਾਲ ਜੋੜ ਦਿੱਤੇ ਗਏ | ਦੂਜੇ ਪਾਸੇ ਇਸ ਵਰਤਾਰੇ ਨੂੰ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਤੇ ਇਹ ਸਭਿਆਚਾਰ ਦੀ ਪੁੱਠ ਚਾੜ੍ਹ ਕੇ ਹਰ ਰੋਜ਼ ਪੇਸ਼ ਹੋ ਰਿਹਾ ਹੈ ਅਤੇ ਸਮਾਜਿਕ ਚੇਤਨਾ ਨੂੰ ਹੱਥ ਮਾਰਨ ਦੀ ਥਾਂ ਅਸੀਂ ਗਾਹੇ ਬਗਾਹੇ ਕੁਝ ਕੁ ਵਿਅਕਤੀ ਵਿਸੇਸ਼ ਬਾਰੇ ਆਪਨੇ ਫ਼ਤਵੇ ਜਾਰੀ ਕਰ ਦਿੰਦੇ ਹਾਂ ਬੇਸ਼ੱਕ ਉਹ ਵੀ ਜਰੂਰੀ ਹੈ ਪਰ ਇਹਨਾਂ ਫਤਵਿਆਂ ,ਅੰਦੋਲਨਾਂ ਨਾਲ ਅਤੇ ਕੁਝ ਕੁ ਗਾਉਣ ਵਾਲਿਆਂ ਨੂੰ ਅਸੀਂ ਅਸ਼ਲੀਲ ਵਿਸ਼ੇਸ਼ਣਦੇ ਕੇ ਬਰੀ ਨਹੀ ਕਰ ਸਕਦੇ |ਇਸ ਵਰਤਾਰੇ ਦੀਆਂ ਜੜਾਂ ਵੱਲ ਸਾਨੂੰ ਝਾਤੀ ਮਾਰਨੀ ਪੈਣੀ ਹੈ ਦਰਅਸਲ  ਇਸ ਦੇ ਕੌੜੇ ਬੀਅ ਸਾਡੀ ਸਮਾਜਿਕ ਚੇਤਨਾ ਦੇ ਖੁੰਢੇ ਹੋਣ ਦੀ ਵਜ੍ਹਾ ਕਰਕੇ ਪੁੰਗਰੇ ਹਨ |ਸਾਡੀ ਗੰਧਲੀ ਸੋਚ ,ਜਮਾਤੀ ਹੈਂਕੜ ,ਪੈਦਾਵਾਰ ਦੇ ਸਾਧਨਾਂ ਦੀ ਮਲਕੀਅਤ ਦਾ ਰੋਹਬ ਇਸ ਮੌਜੂਦਾ ਅਸ਼ਲੀਲਤਾ ਦੀਆਂ ਜੜ੍ਹਾਂ ਪੱਕੀਆਂ ਕਰਦਾ ਰਿਹਾ|ਸਮਾਜਿਕ ਚੇਤਨਾ ਹੋਰ ਖੁੰਢੀ ਹੁੰਦੀ ਗਈ ਅਸ਼ਲੀਲਤਾ ਦੀ ਇਹ ਖੇਡ ਚੁੱਪ-ਚੁਪੀਤੇ ਕੱਚੇ ਕੋਠਿਆਂ ਨੂੰ ਪਾਰ ਕਰਦੀ ਹੋਈ ਖੇਤ ਦੀ ਸੁਨਿਹਰੀ ਫ਼ਸਲ ਮਿੱਧਦੀ ਰਹੀ |
ਇਸ ਮਨਮਾਨੀ ਖੇਡ ਦੀ ਪੁਸ਼ਟੀ ਪੰਜਾਬੀ ਦੇ ਇਨਕਲਾਬੀ ਕਵੀ ਪਾਸ਼ ਦੀਆਂ ਸਤਰਾਂ ਬੜੀ ਚੰਗੀ ਤਰ੍ਹਾਂ ਕਰਦਿਆਂ ਹਨ

  
 ਚਿੜੀਆਂ ਦਾ ਚੰਬਾ ਉੱਡ ਕੇ
ਕਿਸੇ ਵੀ ਦੇਸ਼ ਨਹੀ ਜਾਏਗਾ
ਸਾਰੀ ਉਮਰ ਕੰਡ ਚਰ੍ਹੀਆਂ ਦੀ ਹੰਢਾਏਗਾ
ਤੇ ਚਿੱਟੇ ਚਾਦਰੇ ‘ਤੇ ਲੱਗਿਆ
ਉਹਦੀ ਮਾਹਵਾਰੀ ਦਾ ਖੂਨ ਉਸਦਾ ਮੂੰਹ ਚਿੜਾਏਗਾ

ਸਮਝ ਵਿੱਚ ਆਉਂਦਾ ਹੈ ਕਿ ਇਹ ਅਸ਼ਲੀਲਤਾ ਸਾਡੇ ਦਿਮਾਗਾਂ ,ਸਮੁੱਚੀ ਲੋਕ ਚੇਤਨਾ ਅੰਦਰ ਚਿਰੋਕਣੇ ਹੀ ਆਪਣਾ ਰੂਪ ਅਖਤਿਆਰ ਕਰ ਗਈ| ਬੱਸ ਅਸੀਂ ਇਸ ਦੇ ਮੰਡੀ ਰੂਪ ਨੂੰ ਦੇਖ ਕੇ ਹੀ ਘਬਰਾ ਰਹੇ ਹਾਂ| ਇਹ ਦੁਖਾਂਤ ਹੈ ਸਾਡੇ ਅੱਜ ਦੇ ਸਮਿਆਂ ਦਾ ਕਿ ਕਿਸੇ ਸੱਭਿਆਚਾਰਕ ਇਨਕਲਾਬ ਦੀ ਘਾਟ ਦਾ ਨਤੀਜਾ ਸਾਨੂੰ ਭੁਗਤਣਾ ਪੈ ਰਿਹਾ ਹੈ ਚੰਗੇ ਸਾਹਿਤ ਦੀ ਘਾਟ ,ਸਾਹਿਤ ਪ੍ਰਤੀ ਸਾਡਾ ਅਵੇਸਲਾਪਣ, ਕਿਤਾਬਾਂ ਨਾਲੋਂ ਮੋਹ ਭੰਗ ਕਿਤੇ ਨਾਂ ਕਿਤੇ ਸਮਾਜਿਕ ਚੇਤਨਾ ਦੇ ਨੀਵੇਂ ਮਿਆਰ ਲਈ ਜਿੰਮੇਵਾਰ ਤੱਤ ਹਨ |ਉਸਾਰੂ ਸਾਹਿਤ ਪੜ੍ਹਨ ਦੀ ਲੋੜ ਉੱਪਰ ਜੋਰ ਦਿੱਤਾ ਜਾਣਾ ਚਾਹਿਦਾ ਹੈ| ਉਸਾਰੂ ਬਹਿਸਾਂ ,ਗੋਸ਼ਟੀਆਂ , ਪੁਸਤਕ ਪ੍ਰਦਰਸ਼ਨੀਆਂ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ ਹਨ ਤਾਂਹੀ ਸਮਾਜ ਵਿੱਚ ਚੰਗੇ ਦੀ ਕੋਈ ਆਸ ਰੱਖੀ ਜਾ ਸਕਦੀ ਹੈ|

 (ਇਹ ਲੇਖ ਪਹਿਲਾਂ 6 ਫਰਵਰੀ 2013 ਨੂੰ "ਨਵਾਂ ਜਮਾਨਾ" ਵਿੱਚ ਛਪ ਚੁੱਕਾ ਹੈ )


ਸੰਪਰਕ: 9464510678

Comments

Popular posts from this blog

ਸਾਕਾ ਨੀਲਾ ਤਾਰਾ ਬਾਰੇ ਨਵੇਂ ਸਵਾਲ 'ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ'

ਜੂਨ 1984 ਦੇ ਸਾਕਾ ਨੀਲਾ ਤਾਰਾ ਓਪਰੇਸ਼ਨ ਬਾਬਤ ਸਿਰਫ਼ ਸੁਣਿਆਂ ਜਾਂ ਪੜ੍ਹਿਆ ਹੀ ਹੈ।ਇੰਦਰਾ ਗਾਂਧੀ ਦੀ ਮੌਤ ਪਿੱਛੋਂ ਪੰਜਾਬ ਵਿੱਚ ਚੱਲੀ ਕਾਲੀ ਹਨ੍ਹੇਰੀ ਨੇ 25,000 ਤੋਂ ਵੱਧ ਬੰਦਿਆਂ ਨੂੰ ਨਿਗਲ ਲਿਆ ਪੁਲੀਸ, ਸਰਕਾਰ ਅਤੇ ਧਾਰਮਿਕ ਜਨੂੰਨੀਆਂ ਦੇ ਜੋ ਵੀ ਹੱਥੇ ਚੜ੍ਹਿਆ ਉਹ ਜਾਂ ਤਾਂ ਕਿਸੇ ਖੇਤ ਦੀ ਪਹੀ 'ਚ ਮਿਲਿਆ ਜਾਂ ਕਣਕਾਂ ਦੀਆਂ ਵੱਟਾਂ 'ਤੇ ਜਾਂ ਫ਼ਿਰ ਹਰੀਕੇ ਪੱਤਣ ਦੀਆਂ ਮੱਛੀਆਂ ਦੀ ਖੁਰਾਕ ਬਣ ਗਿਆ। ਪਰ ਕੁਝ ਉਹ ਵੀ ਸਨ ਜਿਨ੍ਹਾਂ ਦਾ ਬਚਪਨ ਉਨ੍ਹਾਂ ਦਿਨਾਂ ਦੀ ਭੇਟ ਚੜ੍ਹ ਗਿਆ ਜਿਨ੍ਹਾਂ ਦੇ ਖੇਡਣ ਦੇ ਦਿਨ ਸਹਿਮ ਦੇ ਸਾਏ ਹੇਠਾਂ ਛਿਪਦੇ ਰਹੇ। ਜਿਨ੍ਹਾਂ ਦੇ ਯਾਦ ਕਰਨ ਲਈ ਸਿਰਫ਼ ਕਰਫ਼ਿਊ ਜਾਂ ਆਏ ਦਿਨ ਹੁੰਦੇ ਪੁਲੀਸ ਮੁਕਾਬਲਿਆਂ ਦੀਆਂ ਗੱਲਾਂ ਹੀ ਬਚੀਆਂ ਹਨ। ਉਨ੍ਹਾਂ ਦਿਨਾਂ ਦੀ ਜਦ ਕੋਈ ਗੱਲ ਛੇੜਦਾ ਹੈ ਤਾਂ ਨੀਝ ਲਾ ਕੇ ਸੁਣੀ ਜਾਂਦੀ ਹੈ। ਉਨ੍ਹਾਂ ਦਿਨ੍ਹਾਂ ਦੀਆਂ ਹੋਰ ਕਈ ਨਵੀਆਂ ਗੱਲਾਂ ਅਤੇ ਨਵੀਆਂ ਕਹਾਣੀਆਂ  ਕਹਿੰਦਾ ਨਾਵਲ ਅਮਨਦੀਪ ਸੰਧੂ ਨੇ ਅੰਗਰੇਜੀ ਵਿੱਚ ਲਿਖਿਆ ਹੈ। ਨਾਵਲ ਦਾ ਨਾਮ "ਰੋਲ ਆਫ਼ ਆਨਰ" ਹੈ। ਨਾਵਲ ਸਾਕਾ ਨੀਲਾ ਤਾਰਾ ਦੀ ਕਹਾਣੀ ਕਹਿੰਦਾ ਅਤੇ ਉਸ ਦੌਰ ਵਿੱਚ ਸੜਕਾਂ, ਗਲੀਆਂ ਅਤੇ ਘਰਾਂ ਤੋਂ ਦੂਰ ਇੱਕ ਮਿਲਟਰੀ ਸਕੂਲ ਵਿੱਚ ਪੜ੍ਹਦੇ ਪਾੜ੍ਹਿਆਂ ਅਤੇ ਉਨ੍ਹਾਂ ਦੇ ਮਨਾਂ ਉੱਤੇ ਹੋ ਰਹੀ ਤਬਦੀਲੀ ਨੂੰ ਬਿਆਨ ਕਰਦਾ ਹੈ। ਇਸ ਨਾਵਲ ਦਾ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਪੱਤਰਕਾਰ ਦਲਜੀਤ ਅਮੀ ਨੇ ਪੰਜਾਬੀ ਵਿੱਚ...

ਅੱਵਲ ਅੱਲਾ ਨੂਰ ਉਪਾਇਆ

ਅੱਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗੁ ਉਪਜਿਆ ਕੌਣ ਭਲੇ ਕੋ ਮੰਦੇ॥ ਗੁਰਬਾਣੀ ਦੀਆਂ ਇਹ ਸਤਰਾਂ ਸਭ ਨੇ ਸੁਣੀਆਂ ਹੋਣਗੀਆਂ ਇਨ੍ਹਾਂ ਉੱਤੇ ਅਮਲ ਦੀ ਗੱਲ ਹਰ ਸਿੱਖ ਜੋ ਕਿ ਪੰਜਾਬੀ ਵੀ ਹੈ, ਅਕਸਰ ਕਰਦਾ ਸੁਣਾਈ ਦਿੰਦਾ ਹੈ।ਇਨ੍ਹਾਂ ਦਾ ਅਰਥ ਵੀ ਸਭ ਨੂੰ ਪਤਾ ਹੀ ਹੈ।ਗੁਰੂਦੁਆਰਿਆਂ ਦੇ ਸਪੀਕਰਾਂ ਵਿੱਚੋਂ ਸੁਣਦੇ ਇਹ ਸ਼ਬਦ ਕਿਸੇ ਵੀ ਪੰਜਾਬੀ ਲਈ ਸੁਹਾਵਣੇ ਅਤੇ ਰੱਬੀ ਫ਼ਰਮਾਨ ਵਰਗੇ ਲਗਦੇ ਹਨ।ਪਰ ਪੰਜਾਬ ਵਿੱਚ ਉਹ ਪੰਜਾਬੀ ਵੀ ਵਸਦੇ ਹਨ ਜਿੰਨ੍ਹਾਂ ਨੂੰ ਹੁਣ ਇਸ ਦੇ ਮਤਲਬ ਸਮਝ ਆਉਣੇ ਸ਼ੁਰੂ ਹੋ ਗਏ ਹਨ ਅਤੇ ਜਿੰਨ੍ਹਾਂ ਨੂੰ ਹੁਣ ਇਨ੍ਹਾਂ ਸ਼ਬਦਾਂ ਦੇ ਅਰਥ ਦੋਬਾਰਾ ਕਰਨੇ ਪੈ ਰਹੇ ਹਨ।ਉਹ ਪੰਜਾਬੀ ਹਨ ਪੰਜਾਬ ਦੇ ਦਲਿਤ, ਜਿੰਨ੍ਹਾ ਲਈ ਇਹ ਸ਼ਬਦ ਉਸ ਕਵਿਤਾ ਵਰਗੇ ਹਨ ਜੋ ਕਵੀ ਨੂੰ ਤਾਂ ਮਹਾਨ ਬਣਾ ਦਿੰਦੀ ਹੈ ਪਰ ਜਿਸ ਬਾਰੇ ਲਿਖੀ ਜਾਂਦੀ ਹੈ ਉਸ ਦੀ ਹਾਲਤ ਜਿਉਂ ਦੀ ਤਿਉਂ ਰਹਿੰਦੀ ਹੈ। ਪੰਜਾਬ ਵਿੱਚ ਗੁਰੂਦੁਆਰਿਆਂ ਦਾ ਪਿੰਡਾਂ ਵਿੱਚ ਇੱਕ ਤੋਂ ਚਾਰ ਦੀ ਗਿਣਤੀ ਤੱਕ ਪਹੁੰਚਣਾ ਅੱਜ ਦੀ ਗੱਲ ਨਹੀਂ ਹੈ। ਮੇਰੀ ਉਮਰ ਦੇ ਤਿੰਨ ਦਹਾਕੇ ਪੂਰੇ ਹੋ ਗਏ ਹਨ। ਬਚਪਨ ਤੋਂ ਪਿੰਡ ਵਿੱਚ ਵੇਖਦਾ ਆਇਆ ਹਾਂ ਕਿ ਪਿੰਡ ਵਿੱਚ ਦੋ ਆਹਮੋ-ਸਾਹਮਣੇ ਅਤੇ ਦੋ ਵੱਖ-ਵੱਖ ਥਾਵਾਂ ਉੱਤੇ ਗੁਰੂਦੁਆਰੇ ਬਣੇ ਹੋਏ ਹਨ।ਪੰਜਾਬ ਵਿੱਚ ਅਕਸਰ ਆਖਿਆ ਜਾਂਦਾ ਹੈ ਕਿ ਇਹ ਗੁਰਾਂ ਦੇ ਨਾਮ ਉੱਤੇ ਵਸਦਾ ਹੈ ਪਰ ਸੱਚਾਈ ਕੀ ਹੈ ਇਸ ਤੋਂ ਪਾਸਾ ਹੀ ਵੱਟਿਆ ਜਾਂਦਾ ਰਿਹਾ ਹੈ। ਗੋਲਕਾਂ ਦੀ ਲੜ...

ਆਸਤਿਕ ,ਨਾਸਤਿਕ ਅਤੇ ਧਰਮ ਉਪਦੇਸ਼

  ਅੱਜ ਦੀ ਦੁਨੀਆਂ ਜਿੱਥੇ ਮਨੁੱਖ ਨੇ ਵਿਗਿਆਨ ਦੇ ਲੜ ਲੱਗ ਕੇ ਕੀਤੀਆਂ ਖੋਜਾਂ ਸਦਕਾ ਧਰਤੀ ਤੋਂ ਇਲਾਵਾ ਚੰਨ ਤੱਕ ਆਪਣੀ ਪਹੁੰਚ ਬਣਾ ਲਈ ਹੈ | ਜਿੱਥੇ ਕੁਦਰਤ ਦੇ ਅਥਾਹ ਭੇਦ ਬੰਦੇ ਨੇ ਜਾਣ ਲਏ ਹਨ ਉੱਥੇ ਕਿਤੇ ਨਾਂ ਕਿਤੇ ਸਾਡੇ ਅੰਦਰ ਧਾਰਮਿਕ ਅਤੇ ਫਿਰਕੂ ਭਾਵਨਾਵਾਂ ਅਜੇ ਵੀ ਪਈਆਂ ਹਨ | ਮੌਜੂਦਾ ਹਾਲਾਤਾਂ ਮੁਤਾਬਕ ਦੇਖਣਾ ਬਣਦਾ ਹੈ ਕਿ ਨਿੱਤ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ,ਔਰਤਾਂ ਦਾ ਘਰੇਲੂ ਹਿੰਸਾ ਵਿੱਚ ਸ਼ਿਕਾਰ ਹੋਣਾ , ਫਿਰਕੂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੀ ਹੋ ਰਿਹਾ ਹੈ| ਜਿੱਥੇ ਬੰਦੇ ਦੇ ਅੰਦਰੋਂ ਬੰਦਾ ਤਕਰੀਬਨ ਮਨਫੀ ਹੁੰਦਾ ਜਾ ਰਿਹਾ ਹੈ ਉੱਥੇ ਨਾਲ ਹੀ ਬੰਦੇ ਅੰਦਰੋਂ ਇਨਸਾਨੀਅਤ ,ਸਹਿਣਸ਼ੀਲਤਾ ਨਾਮ ਦੀ ਚੀਜ ਲਗਭਗ ਖਤਮ ਹੀ ਹੋ ਗਈ ਹੈ  |ਬਿਨਾਂ ਸ਼ੱਕ ਧਰਮ ਇੱਕ ਨਿੱਜੀ ਮਸਲਾ ਹੈ ਹਰੇਕ ਬੰਦਾ ਆਪਣੀ ਮਰਜੀ ਨਾਲ ਕਿਸੇ ਵੀ ਧਰਮ ਵਿੱਚ ਵਿਸ਼ਵਾਸ਼ ਰੱਖ ਸਕਦਾ ਹੈ ਇਹ ਉਸਦਾ ਜਮਹੂਰੀ ਹੱਕ ਹੈ | ਵਿਗਿਆਨਿਕ ਯੁੱਗ ਹੋਣ ਦੇ ਬਾਵਜੂਦ ਦੁਨੀਆਂ ਦੇ ਲਗਭਗ 80 ਪ੍ਰਤੀਸ਼ਤ ਤੋਂ ਵੀ ਵੱਧ ਲੋਕ ਧਰਮ ਨੂੰ ਮੰਨਦੇ ਹਨ ਅਤੇ ਹੋਰ ਦੂਸਰੇ ਕਰਮ ਕਾਂਡਾਂ ਦੇ ਵੀਸ਼ਿਕਾਰ ਹਨ | ਬੇਸ਼ੱਕ ਇੰਨੇ ਸਾਰੇ ਲੋਕਾਂ ਵਿੱਚ ਬਹੁਤੇ ਪੜ੍ਹੇ ਲਿਖੇ ਲੋਕਾਂ ਦੇ ਇਲਾਵਾ ਬਹੁਤ ਸਾਰੇ ਵਿਗਿਆਨੀ ਤੱਕ ਸ਼ਾਮਿਲ ਹਨ| ਫਿਰ ਵੀ ਚਾਹੇ ਜੋ ਵੀ ਹੋਵੇ ਆਸਤਿਕ ਅਤੇ ਧਰਮੀ ਲੋਕ ਧਰਮ ਨੂੰ ਅਤਿ ਦਾ ਉੱਤਮ ਅਤੇ ਬੰਦੇ ਲਈ ਬਾਕਾਇਦਾ ਮੰਨ ਣਯੋਗ ਕਰਾਰ ਦਿੰਦੇ ਹਨ | ਇਸ ਤੋਂ ਉਲਟ ਨਾਸਤਿ...