Skip to main content

ਬੁੱਢੇ ਦਰਿਆ ਦਾ ਭੈਅ - ਸੁਖਦੇਵ ਸਿੱਧੂ (ਲੰਦਨ )

Sukhdev Sidhu
ਇਹ ਗੱਲ ਉੱਨੀ ਸੌ ਬਾਠ੍ਹ ਤ੍ਰੇਹਠ ਦੀ ਹੋਊ। ਹੱਦ ਚੌਂਹਟ ਦੀ। ਨਕੋਦਰ ਤਸੀਲ ਦੇ ਪਛੜੇ ਇਲਾਕੇ ਦਾ ਪਿੰਡ - ਉੱਧੋਵਾਲ। ਅਸੀਂ ਪਿੰਡ ਦੇ ਪ੍ਰਾਇਮਰੀ ਸਕੂਲੇ ਹੀ ਪੜ੍ਹਦੇ ਸੀ।ਸਕੂਲ ਘਰ ਤੋਂ ਕੁਝ ਕਰਮਾਂ ਦੀ ਵਿੱਥ 'ਤੇ ਈ ਸੀ।ਘਰ ਚ ਗੰਗਾ ਵਗਦੀ ਸੀ।
ਸਕੂਲ ਦੇ ਸਾਰੇ ਮਾਸਟਰ ਲਾਗੇ ਬੰਨੇ ਦੇ ਸੀ। ਇੱਕ ਮੁੰਡਾ ਪਿੰਡ ਦਾ ਵੀ ਆ ਲੱਗਿਆ ਸੀ। ਫਿਰ ਇਕ ਮਾਸਟਰਾਣੀ ਆ ਗਈ,
ਨੇੜਲੇ ਪਿੰਡ ਦੀ। ਪਿੰਡ ਦਾ ਮਾਸਟਰ ਨਵੀਂ-ਨਵੀਂ ਜੇ ਬੀਟੀ ਕਰਕੇ ਆਇਆ ਸੀ। ਸੋਹਣਾ ਜੁਆਨ। ਤੇਜ਼ ਤਰਾਰ। ਕਪਰੀਆਂ ਅੱਖਾਂ ਵਾਲ਼ਾ। ਨਾਂ ਸੀ ਅਵਤਾਰ। ਅਵਤਾਰ ਸਿੰਘ ਸੰਘਾ ਸਪੁੱਤਰ  ਪਾਖਰ ਸਿੰਘ। ਪਿੰਡ ਵਾਲੇ ਸਾਰੇ ਇਹ ਨੂੰ ਤਾਰ ਕਹਿੰਦੇ ਸੀ ਜਾਂ ਮਾਸਟਰ ਤਾਰ। ਸਾਡੇ ਲਈ ਇਹ  ਭਾਜੀ ਸੀ; ਕਈ ਵੱਧ ਮਾਣ ਦੇਣ ਲਈ ਇਹ ਨੂੰ ਭਾਅਜੀ ਜੀ ਜੀ ਕਹਿ ਕੇ ਵੀ ਬਲਾਉਂਦੇ । ਭਾਅ ਜੀ ਦਾ ਘਰ ਸਕੂਲ ਤੋਂ ਸੌ ਡੇੜ ਸੌ ਕਰਮਾਂ ਤੇ ਹੋਓੂਗਾ। ਐਨ ਬੂਹਿਆਂ ਦੇ ਸਾਹਮਣੇ ਕਰਕੇ। ਏਦੂੰ ਨੇੜੇ ਨੌਕਰੀ ਕਿਸੇ ਨੂੰ ਨਹੀਂ ਲੱਭਣੀ। ਫਿਰ ਇਨ੍ਹਾਂ ਜ਼ਮੀਨ ਦੀ ਅਦਲਾ ਬਦਲੀ ਕਰ ਲਈ। ਨਾਲ਼-ਦੇ ਪਿੰਡ ਚਲੇ ਗਏ।ਵੱਸੋਂ ਵੀ ਖੂਹ 'ਤੇ ਹੀ ਕਰ ਲਈ।
ਭਾਅਜੀ, ਕੰਮੀਆਂ ਦੇ ਮੁੰਡਿਆਂ ਤੋਂ ਪੜ੍ਹਾਈ ਵੱਟੇ ਵਗ਼ਾਰਾਂ ਵੀ ਕਰਵਾ ਲੈਂਦਾ ਸੀ। ਭਾਅ ਜੀ ਨੇ ਮੁੰਡਿਆਂ ਤੋਂ ਮੱਕੀ ਵਢਾ ਲੈਣੀ ਜਾਂ
ਕਣਕ ਨੂੰ ਗੋਡੀ ਕਰਵਾ ਲੈਣੀ। ਉਹ ਵੀ ਜੁਗਤ ਨਾਲ। ਮੁੰਡਿਆਂ ਖੁ ਸ਼ੀ ਖੁਸ਼ੀ ਹੁਕਮ ਮੰਨਣਾ। ਭੱਜ ਭੱਜ ਕੰਮ ਕਰਨਾ। ਭਾਅ ਜੀ ਨੇ ਕੰਮ ਸਿਰਫ਼ ਅੱਧੀ ਦਿਹਾੜੀ ਕਰਾਉਣਾ। ਸਵੇਰੇ ਤੜਕੇ ਸੱਦ ਲੈਣਾ। ਇੱਕ ਅੱਧੀ ਵਾਰ ਚਾਹ ਪਿਆ ਦੇਣੀ। ਫਿਰ ਮੁੰਡਿਆਂ ਨੂੰ ਕਹਿਣਾ: ਸ਼ਾਬਾਸ਼ ਬਈ
ਸ਼ਾਬਾਸ਼। ਬਾਰਾਂ ਵੱਜ ਗਏ ਆ, ਅੱਧਾ ਘੈਂਟਾ ਹੋਰ ਲਾਓ ਤੇ ਕੰਮ ਖ਼ਤਮ। ਘਰੋ ਘਰੀ ਜਾਓ। ਜਾ ਕੇ ਫੁਲਕੇ ਰੋਟੀਆਂ ਖਾਓ।
ਮਾਸਟਰਨੀ ਨੇੜਲੇ ਪਿੰਡ ਮਹਿਤਪੁਰ ਦੀ ਸੀ; ਮਹਿਤਪੁਰ ਸਾਡੇ ਲਈ ਸ਼ਹਿਰ ਵਾਂਗੂੰ ਈ ਸੀ। ਨੱਕ ਦੀ ਸੇਧੇ, ਮਹਿਤਪੁਰ ਮੇਰੇ ਪਿੰਡੋਂ
ਦੋ ਮੀਲ ਹੈ, ਹੱਦ ਢਾਈ ਹੋਊ। ਏਦੂੰ ਵੱਧ ਨਹੀਂ। ਸੜਕਾਂ ਓਦੋਂ ਹੈ ਈ ਨਹੀਂ ਸੀ। ਮਾਸਟਰਨੀ ਵੀ ਨਵੀਂ-ਨਵੀਂ ਟਰੇਨਿੰਗ ਲੈ ਕੇ ਆਈ ਸੀ।
ਇਹਦੀ ਪਹਿਲੀ ਨੌਕਰੀ ਲੱਗ ਗਈ ਸਾਡੇ ਪਿੰਡ; ਇਹ ਵੀ ਮੌਜਾਂ ਈ ਸਨ; ਸਰਕਾਰੀ ਨੌਕਰੀ ਤੇ ਉਹ ਵੀ ਨੇੜੇ। ਸ਼ਹਿਰ ਦੇ ਖੱਤਰੀਆਂ ਦੀ ਜੰਮੀ ਜਾਈ ਸੀ, ਮਾਸਟਰਨੀ। ਵੀਹਾਂ ਬਾਈਆਂ ਕੁ ਸਾਲਾਂ ਦੀ ਹੋਊ। ਸੁਹਲ ਜਿਹੀ। ਸਾਊ। ਹਿਸਾਬ ਦਾ ਬੋਲਦੀ। ਪਹਿਲਾਂ ਪਹਿਲ ਇਹ ਨੂੰ ਕੋਈ ਨਾ ਕੋਈ ਘਰ ਦਾ ਜੀਅ ਸਕੂਲ ਦੇ ਨੇੜੇ ਕਰ ਜਾਂਦਾ ਸੀ। ਫਿਰ ਇਹ ਆਪੇ ਹੀ 'ਕੱਲੀ ਤੁਰਕੇ ਆਉਣ ਲੱਗ ਪਈ ਤੇ ਤੁਰਕੇ ਈ ਵਾਪਸ ਚਲੀ ਜਾਂਦੀ। ਅਜੇ ਕੁੜੀਆਂ ਦਾ ਖੁਲ੍ਹ ਕੇ ਸਾਇਕਲ ਚਲਾਉਣ ਦਾ ਰਿਵਾਜ਼ ਨਹੀਂ ਸੀ ਪਿਆ। ਸਾਉਣ ਭਾਂਦੋਂ ਦੇ ਦਿਨ ਸੀ। ਉਦੋਂ ਮੀਂਹ ਵੀ ਬੜੇ ਡਾਢੇ ਪੈਣੇ - ਕੱਟੇ ਰੋੜ੍ਹ। ਜੋਰੀਂ  ਬੱਦਲ ਗਰਜਣੇ। ਮੀਂਹ ਦਾ ਸਬੱਬ ਬਣ ਗਿਆ ਸੀ।
ਸੰਘਣੇ ਬੱਦਲ ਚੜ੍ਹ ਆਏ। ਕਾਲੀਆਂ ਸ਼ਾਹ ਘਟਾਵਾਂ। ਜਾਨ ਤ੍ਰਾਹ ਤ੍ਰਾਹ ਕਰੇ। ਮਾਸਟਰਨੀ ਨੇ ਭਾਜੀ ਨਾਲ ਕੋਈ ਗਿਟ ਮਿਟ ਕੀਤੀ। ਮੈ ਨੂੰ ਤੇ ਪਿਆਰੇ ਨੂੰ ਹੁਕਮ ਹੋ ਗਿਆ:'ਜਰਾ ਐਧਰ ਆਓ ਉਏ। ਤੁਸੀਂ ਦੋਵੇਂ ਜਣੇ ਆਹ ਭੈਣ ਜੀ ਨੂੰ ਮਹਿਤਪੁਰ ਛੱਡ ਕੇ ਆਉ ।' ਸਾਡੇ ਭਾਣੇ ਮਾਸਟਰਾਂ ਦਾ ਹੁਕਮ ਵੀ ਰੱਬ ਦਾ ਈ ਹੁਕਮ ਹੁੰਦਾ ਸੀ। ਸਾ ਨੂੰ ਲਾਲਚ ਵੀ ਹੋਇਆ, ਬਈ ਸਕੂਲੋਂ ਜਾਨ ਖਲਾਸੀ ਪਹਿਲਾਂ ਹੋ ਗਈ। ਸੱਤ ਸੱਤ-ਅੱਠ ਅੱਠ ਸਾਲ ਦੇ ਹੋਵਾਂਗੇ ਅਸੀਂ। ਪੱਕੀ ਦੂਜੀ ਚ ਪੜ੍ਹਦੇ ਸਾਂ। ਨਿਕ-ਨਿਕੀਆਂ ਜਿੰਦਾਂ। ਦੋਵੇਂ ਤਰਸੇਵੇਂ ਦੇ ਪੁੱਤ। ਪਿਆਰਾ ਵੀ ਅਪਣੇ ਬਾਬੇ ਦਾ ਇੱਕੋ ਪੋਤਾ ਤੇ ਮੈਂ ਵੀ।ਪਿਆਰੇ ਦਾ ਬਾਪ ਵੀ 'ਕੱਲਾ ਈ ਸੀ।ਹੁਕਮਾਂ ਦੇ ਬੱਧੇ ਤੁਰ ਪਏ ਮਹਿਤਪੁਰ ਨੂੰ । ਮਾਸਟਰਨੀ ਮੋਹਰੇ ਮੋਹਰੇ ਤੇ ਅਸੀਂ ਮਗਰੇ ਮਗਰ। ਕਾਹਲ਼ੀ ਕਾਹਲ਼ੀ ਪੈਰ ਪੁੱਟਦੇ, ਸਾਹੋ ਸਾਹੀ ਹੋਏ ਅਸੀਂ ਮਾਸਟਰਨੀ ਨਾਲ ਰਲ਼ਣ ਦੀ ਕੋਸਿਸ਼ ਕਰਦੇ।
ਇਕ ਦੋ ਵਾਰੀ ਵਿਚ ਵਿਚ ਪਤਲਾ ਪਤਲਾ ਮੀਂਹ ਵੀ ਸਾਡੇ ਉੱਤੇ ਵਰ੍ਹ ਗਿਆ। ਵਿਚ ਵਿਚ ਛਰਾਟੇ ਵੀ ਪੈ ਗਏ ਤੇ ਸਾਡੇ ਕਪੜੇ ਤਰ ਹੋ ਗਏ।
ਮਾਸਟਰਨੀ ਨੇ ਚੂੜੀਦਾਰ ਚਿੱਟੀ ਪਜਾਮੀ ਤੇ ਘੁੱਟਵਾਂ ਫੱਬਵਾਂ ਰੰਗਦਾਰ ਜੰਪਰ ਪਾਇਆ ਹੋਇਆ ਸੀ ਅਤੇ ਸਿਰ 'ਤੇ ਮੇ ਲ਼ ਦੀ ਚੁੰਨੀ। ਜਿੱਦਾਂ ਦੇ ਉਦੋਂ ਵੈਜੰਤੀ ਮਾਲਾ ਪਾਉਂਦੀ ਸੀ। ਮੀਂਹ ਨਾਲ਼ ਕਪੜੇ ਵਾਹਵਾ ਗਿੱਲੇ ਹੋ ਗਏ ਸੀ ਤੇ ਸਰੀਰ ਨਾਲ ਚੰਬੜਣ ਲੱਗੇ; ਫਿਰ ਖਹਿਣ ਲੱਗੇ। ਅੰਗ ਮਟਕਣ ਲੱਗੇ।ਮਾਸਟਰਨੀ 'ਕੱਠੀ ਹੁੰਦੀ ਜਾਵੇ।ਜਿੱਦਾਂ ਜਿੱਦਾਂ ਇਹ ਸੁੰਗੜੇ, ਜਿਸਮ ਜਲਵਾ ਦਿਖਾਵੇ। ਸੀਨ ਪੂਰਾ ਫਿਲਮੀ ਸੀ। ਇਹ ਨੂੰ ਅਪਣੇ ਆਲ਼ੇ-ਦੁਆਲ਼ੇ ਦੀ ਪੂਰੀ ਸੁਧ-ਬੁਧ ਸੀ, ਸਾ ਨੂੰ ਨਹੀਂ ਸੀ। ਸਾਡੀ ਬਾਲ ਬੁੱਧ ਅਜੇ ਇਸ ਸੱਭ ਕਾਸੇ ਤੋਂ ਬੇਖ਼ਬਰ ਸੀ। ਜਾਣੀ ਸਾਨੂੰ ਅਜੇ ਬੋਅ ਨਹੀਂ ਸੀ ਪਈ। ਬੱਸ ਹੁਕਮ ਪਾਲਣਾ ਦਾ ਵੱਡਾ ਭਰੋਸਾ ਮਨ ਚ ਸੀ। ਸਾਡਾ ਸਾਰਾ ਤਾਣ ਏਸ ਗੱਲ ਚ ਹੀ ਲੱਗਾ ਹੋਇਆ ਸੀ ਕਿ ਅਸੀਂ ਮਾਸਟਰਨੀ ਦੇ ਨਾਲ ਰਲ਼ੇ ਰਹੀਏ। ਮਾਸਟਰਨੀ ਨਿਕ-ਨਿਕੀ ਤੋਰੇ ਬੜਾ ਛੋਹਲ਼ਾ ਤੁਰਦੀ ਸੀ। ਜਾਂ ਸਾ ਨੂੰ ਈ ਏਦਾਂ ਲਗਦਾ ਸੀ। ਪਿੱਛੇ ਪਿੱਛੇ ਅਸੀਂ ਠੁਰ ਠੁਰ ਕਰਦੇ ਭੱਜਦੇ। ਜੇ ਬਹੁਤਾ ਪਿੱਛੇ ਰਹਿ ਜਾਂਦੇ ਤਾਂ ਅਸੀਂ ਨੱਠ ਕੇ ਨੇੜੇ ਹੋ ਜਾਂਦੇ; ਪਰ ਪੈਰਾਂ ਦਾ ਖੜਾਕ ਨਾ ਹੋਣ ਦਿੰਦੇ।ਇਹਦੇ ਨਾਲ ਵੀ ਨਾ ਰਲ਼ਦੇ, ਰਤਾ ਕੁ ਪਿੱਛੇ ਹੀ ਰਹਿੰਦੇ। ਸਾਰੀ ਵਾਟ ਇਹਨੇ ਇੱਕ ਵਾਰੀ ਵੀ ਪਿੱਛੇ ਮੁੜ ਕੇ ਵੀ ਨਾ ਦੇਖਿਆ ਕਿ ਅਸੀਂ ਕਿੱਥੇ ਕੁ ਸੀ ਜਾਂ ਇਹਦੇ ਨਾਲ ਵੀ ਸੀ ਕਿ ਨਹੀਂ। ਇਹ ਨੂੰ ਸੁੱਖ ਸੁਖੀਲੀ ਘਰ ਪਹੁੰਚਣ ਦਾ ਸੰਸਾ ਸੀ ਤੇ ਸਾ ਨੂੰ ਇਹਦੀ ਰਾਖੀ ਦਾ। ਸਾ ਨੂੰ ਕੋਈ ਖ਼ਬਰ ਨਹੀਂ ਕਿ ਕਿੰਨੇ ਕੁ ਟੈਮ ਚ ਇਹ ਸਫ਼ਰ ਕੀਤਾ ਹੋਊ।
ਘਰਾਂ ਦੇ ਨੇੜੇ ਜਾ ਕੇ ਮਾਸਟਰਨੀ ਨੇ ਹੁਕਮ ਦਿੱਤਾ: ਚਲੋ, ਹੁਣ ਤੁਸੀਂ ਮੁੜ ਜਾਓ। ਮਾਸਟਰਨੀ ਨੂੰ ਪਤਾ ਸੀ ਕਿ ਸਾਡੇ ਕੱਪੜੇ ਗਿੱਲੇ
ਸੀ। ਇਹਦੇ ਆਵਦੇ ਵੀ ਗਿੱਲੇ ਈ ਸੀ। ਇਹ ਨੂੰ ਨਾ ਸਾਡੇ ਕਪੜੇ ਸੁਕਾਉਣ ਦੀ ਸੁੱਝੀ, ਨਾ ਹੀ ਅੱਗ ਸਕਾਉਣ ਦੀ, ਬਈ ਨਿਆਣਿਆਂ ਦੀ ਠੰਢ ਹੀ ਲਹਿ ਜਾਊ। ਗਰਮ ਚਾਹ ਤਾਂ ਦੂਰ ਦੀ ਗੱਲ ਹੋਊ ਇਹਦੇ ਲਈ। ਸਾ ਨੂੰ ਏਸ ਗੱਲ ਦੀ ਤਵੱਕੋਂ ਵੀ ਨਹੀਂ ਸੀ। ਅਸੀਂ ਥੋੜ੍ਹਾ ਚਿਰ ਏਧਰ ਓਧਰ
ਪੈਰ ਘਸਾਏ। ਜਦੋਂ ਇਹ ਅੱਖਾਂ ਤੋਂ ਓਹਲੇ ਹੋ ਗਈ, ਪਿਆਰਾ ਕਹਿੰਦਾ: ਬਈ ਮੀਂਹ ਤਾਂ ਹੁਣ ਜ਼ੋਰ ਨਾਲ ਪੈਣ ਈ ਵਾਲਾ ਹੈ, ਆਪਾਂ ਮੀਂਹ ਏਥੇ ਹੀ ਵਰ੍ਹਾ ਲਈਏ ਤਾਂ ਚੰਗਾ; ਫਿਰ ਘਰ ਨੂੰ ਚਲੇ ਚੱਲਾਂਗੇ। ਗੱਲ ਮੇਰੇ ਮਨ ਲੱਗੀ ਤੇ ਮੈਂ ਮੰਨ ਲਈ। ਨਾਲੇ ਉਹ ਕਹਿੰਦਾ ਏਥੇ ਸੰਤਾਂ ਨੇ ਵੀ ਆਉਣਾ ਹੈ "ਮੱਥਾ ਟੇਕਦੇ ਚੱਲਾਂਗੇ। ਏਸ ਗੱਲ ਦੀ ਮੈ ਨੂੰ ਕੋਈ ਖ਼ਬਰ ਨਹੀਂ ਸੀ। ਇਹ ਵੀ ਪਿਆਰੇ ਦੀ ਚਾਲ ਹੀ ਨਿਕਲੀ।
ਅਸੀਂ ਦੋਵੇਂ ਪੁਰਾਣੇ ਅੱਡੇ ਵਾਲ਼ੇ ਵੱਡੇ ਬੋਹੜ ਥੱਲੇ ਹੋ ਗਏ। ਆਲ਼ੇ ਦੁਆਲ਼ੇ ਕੋਈ ਚੂੰ ਨਾ ਪੈਂ। ਨਾ ਕੋਈ ਬੰਦਾ ਦਿਸੇ ਨਾ ਪਰਿੰਦਾ।
ਦੁਕਾਨਾਂ ਵਾਲੇ ਵੀ ਅੰਦਰ ਵੜ੍ਹ ਗਏ ਤੇ ਬੂਹੇ ਭੇੜ ਲਏ। ਮੀਂਹ ਵੀ ਕਵ੍ਹੇ, ਬਈ ਅੱਜ ਮੈਂ ਸਾਰੇ ਅਗਲੇ ਪਿਛਲੇ ਘਾਟੇ ਪੂਰੇ ਕਰੂੰ। ਜਾਣੀ ਕੜ੍ਹ ਹੀ ਪਾਟ ਗਿਆ। ਕੁੰਗੜੇ ਹੋਏ ਅਸੀਂ ਘੰਟਾ ਡੇੜ ਘੰਟਾ ਉੱਥੇ ਰੁਕੇ। ਫਿਰ ਪਿਆਰਾ ਝਕਾਨੀ ਦੇ ਕੇ ਮੈਥੋਂ ਪਰ੍ਹੇ ਹੋ ਗਿਆ। ਮੈ ਨੂੰ 'ਕੱਲੇ ਨੂੰ ਛੱਡ
ਗਿਆ। ਮੈਂ ਅੱਧਾ ਪੌਣਾ ਘੰਟਾ ਇਹ ਨੂੰ ਲੱਭਿਆ ਪਰ ਇਹਦੀ ਕਿਤੇ ਭਿਣਕ ਨਾ ਪਈ। ਮੈਂ ਰੋਣਹਾਕਾ ਹੋ ਗਿਆ, ਸੋਚਾਂ ਬਈ ਹੁਣ ਮੈਂ ਕੀ ਕਰੂੰ।
ਮੈਂ 'ਕੱਲਾ ਘਰੋਂ ਬਾਹਰ ਕਦੇ ਨਹੀਂ ਸੀ ਨਿਕਲਿਆ। ਬਾਅਦ ਚ ਪਤਾ ਲੱਗਿਆ ਕਿ ਪਿਆਰੇ ਦੀ ਏਥੇ ਮਾਸੀ ਸੀ। ਇਹ ਆਪਣੀ ਮਾਸੀ ਕੋਲ਼
ਚਲੇ ਗਿਆ ਸੀ। ਇਹਨੇ ਪਹਿਲਾਂ ਹੀ ਮਨ ਚ ਧਾਰਿਆ ਹੋਇਆ ਸੀ। ਅਖ਼ੀਰ, ਮੀਂਹ ਵੀ ਮੱਠਾ ਹੋ ਗਿਆ। ਮੇਰਾ ਮਨ ਦੁਖੀ ਪ੍ਰੇ ਸ਼ਾਨ ਸੀ; ਡਰਦਾ ਸੀ। ਆਖ਼ਿਰ ਮੈਂ ਹੌਂਸਲਾ ਕਰਕੇ 'ਕੱਲਾ ਹੀ ਪਿੰਡ ਨੂੰ ਮੁੜ ਪਿਆ। ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ।
ਓਧਰ ਸਕੂਲੋਂ ਛੁੱਟੀ ਹੋ ਗਈ ਸਾਰੇ ਨਿਆਣੇ ਘਰੋ ਘਰੀਂ ਜਾ ਵੜੇ। ਅਸੀਂ ਘਰੀਂ ਕਿੱਥੋਂ ਪਹੁੰਚਣਾ ਸੀ। ਅਸੀਂ ਤਾਂ ਮਹਿਤਪੁਰ ਸੀਗੇ,
ਏਧਰ ਘਰਦੇ ਸਾ ਨੂੰ ਲਭਦੇ ਫਿਰਨ। ਬਈ, ਸਾਡੇ ਮੁੰਡੇ ਸਕੂਲੋਂ ਨਹੀਂ ਮੁੜੇ। ਕਿੱਥੇ ਚਲੇ ਗਏ। ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਿਸੇ ਨੂੰ ਏਨੀ ਸੁੱਝੀ ਹੀ ਨਾ ਕਿ ਇਹਨਾਂ ਦੇ ਘਰ ਖ਼ਬਰ ਈ ਕਰ ਦੇਈਏ ਕਿ ਉਹ ਮਹਿਤਪੁਰ ਮਾਸਟਰਨੀ ਨੂੰ ਛੱਡਣ ਗਏ ਹਨ। ਜਦੋਂ ਘਰਦਿਆਂ ਨੂੰ ਪਤਾ ਲੱਗਾ ਤਾਂ ਇਹ ਵਰ੍ਹਦੇ ਮੀਂਹ ਚ ਮਹਿਤਪੁਰ ਵੱਲ ਆਪ ਵੀ ਗੇੜੇ ਮਾਰ ਗਏ ਸਨ, ਪਰ ਅਸੀਂ ਉਨ੍ਹਾਂ ਨੂੰ ਨਾ ਮਿਲੇæ।
ਜਦੋਂ ਮੈਂ ਮੁੜਕੇ ਰਾਮੂੰਵਾਲ ਕੋਲ ਪੁੱਜਾ, ਤਾਂ ਮੇਰੇ ਤਾਂ ਸਾਹ ਸੂਤੇ ਗਏ। ਚਿਰਾਂ ਦਾ ਸੁੱਕਿਆ ਬੁੱਢਾ ਦਰਿਆ ਠਾਠਾਂ ਮਾਰ ਰਿਹਾ ਸੀ।
ਸ਼ੂਕਰਾਂ ਮਾਰੇ। ਆਲ਼ੇ ਦੁਆਲ਼ੇ ਕੋਈ ਚਿੜੀ ਜਨੌਰ ਵੀ ਨਜ਼ ਰ ਨਾ ਆਵੇ।'ਕੱਲਾ ਪਾਣੀ ਦਾ ਸ਼ੋਰ ਸੁਣੇ। ਮੇਰੇ ਦੇਖਦੇ ਦੇਖਦੇ ਹੀ ਪਾਣੀ ਚੜ੍ਹਦਾ
ਜਾਵੇ। ਜਦੋਂ ਅਸੀਂ ਗਏ ਸੀ, ਏਥੇ ਤਾਂ ਪਾਣੀ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਸੱਭ ਸੁਕ ਪੁਕਾ ਹੀ ਸੀ। ਹੁਣ ਸੱਭ ਜਲੋ ਥਲ ਹੋਇਆ ਪਿਆ ਸੀ।
ਮੈਂ ਨਾ ਏਧਰ ਜੋਗਾ ਨਾ ਓਧਰ ਜੋਗਾ। ਮੈ ਨੂੰ ਪਤਾ ਨਾ ਲੱਗੇ ਮੈਂ ਕੀ ਕਰਾਂ। 'ਕੱਲਾ ਮੈਂ ਪਾਣੀ ਤੋਂ ਵੀ ਡਰਦਾ ਸਾਂ ਤੇ ਤੇ ਜ਼ ਵਹਿਣ ਤੋਂ ਵੀ। ਪਾਣੀ ਦਾ ਚੜ੍ਹਾਅ ਦੇਖਣ ਨੂੰ ਮੈਂ ਢੀਮ ਦੀ ਨਿਸ਼ ਾਨੀ ਲਾਉਣੀ ਤੇ ਮੇਰੇ ਦੇਖਦੇ ਦੇਖਦੇ,ਪਾਣੀ ਓਥੋਂ 'ਗਾਂਹ ਆ ਚੜ੍ਹਨਾ।ਮੈਂ ਰਤਾ ਕੁ ਹੋਰ ਪਿੱਛੇ ਹੋ ਕੇ ਬਹਿ ਜਾਣਾ। ਕਦੇ ਖੜਾ ਹੋ ਕੇ ਆਲੇ ਦੁਆਲ਼ੇ ਦੇਖਣਾ, ਕੋਈ ਬਹੁੜ ਹੀ ਪਵੇ। ਅਖ਼ੀਰ ਮੈਂ ਦਿਲ ਛੱਡਤਾ। ਡਰ ਗਿਆ। ਰੋਣ ਲੱਗ ਪਿਆ। ਮੈ ਨੂੰ ਬੁਖ਼ਾਰ ਹੋ ਗਿਆ। 
ਮੈਂ ਹੋਰ ਉੱਚੀ ਉੱਚੀ ਰੋਣ ਲੱਗ ਪਿਆ। ਭਿਆਨਕ ਖਿਆਲ ਆਉਣ ਲੱਗੇ। ਮੈਂ ਹੋਰ ਜ਼ੋਰ ਨਾਲ ਰੋਣ ਲੱਗਾ। ਓਧਰੋਂ ਘੁਸਮੁਸਾ ਹੋਣ ਲੱਗਾ। ਮੈਨੂੰ ਸਮਝ ਨਾ ਆਵੇ ਕਿ ਹੁਣ ਮੇਰਾ ਕੀ ਬਣੂਗਾ। ਘੈਂਟਾ ਡੇੜ ਘੈਂਟਾ ਮੈਂ ਰੋਂਦਾ ਰਿਹਾ। ਰੋਅ ਰੋਅ ਕੇ ਮੇਰਾ ਘੱਗ ਬਹਿ ਗਿਆ। ਫਿਰ ਮੇਰਾ ਰੋਣਾ ਨਿਕਲਣਾ ਵੀ ਬੰਦ ਹੋ ਗਿਆ। ਮੈ ਨੂੰ ਕੁਝ ਨਹੀਂ ਸੀ ਸੁੱਝਦਾ।
ਮੇਰੀ ਭਲੀ ਕਿਸਮਤ ਨੂੰ ਸਾਉਣ ਸਿਓਂ ਦਾ ਪੂਰਨ ਮਹਿਤਪੁਰੋਂ ਆ ਗਿਆ। ਇਹ ਮੇਰੇ ਪਿੰਡ ਦਾ ਈ ਸੀ। ਇਹ ਨੂੰ ਦੇਖਕੇ ਮੇਰੀ ਢਾਰਸ
ਬੱਝੀ। ਇਹਨੇ ਮੇਰਾ ਹਵਾਲ ਪੁੱਛਿਆ। ਮੈਂ ਡੁਸਕਣ ਲੱਗਾ। ਹੌਲ਼ੀ ਹੌਲ਼ੀ ਮੈਂ ਸਾਰੀ ਗੱਲ ਇਹ ਨੂੰ ਦੱਸ ਦਿੱਤੀ। ਇਹਨੇ ਮੈ ਨੂੰ ਹੌਂਸਲਾ ਦਿੱਤਾ।
ਮੈਂ ਇਹਦੇ ਮਗਰ ਮਗਰ ਹੋ ਤੁਰਿਆ ਤੇ ਸੈਕਲ ਦੀ ਮਗਰਲੀ ਕਾਠੀ ਫੜ ਲਈ, ਦੋਹਾਂ ਹੱਥਾਂ ਨਾਲ ਘੁੱਟ ਕੇ। ਡਰ ਅਜੇ ਵੀ ਮੇਰੇ
ਮਨੋਂ ਨਿਕਿਲਿਆ ਨਹੀਂ ਸੀ। ਪੂਰਨ ਸਿਓਂ ਵਾਰ ਵਾਰ ਪੁੱਛਦਾ: ਠੀਕ ਆਂ ਨਾ; ਡਰ ਨਾ; ਮੈਂ ਤੇਰੇ ਨਾਲ ਈ ਹਾਂ। ਓਧਰੋਂ ਪਾਣੀ ਵੀ ਚੜਦਾ ਈ ਜਾਵੇ। ਐਨ ਵਿਚਾਲੇæ ਜਾ ਕੇ ਪਾਣੀ ਮੇਰੇ ਗਲ਼ ਗਲ਼ ਹੋ ਗਿਆ। ਮੈਂ ਹੋਰ ਡਰ ਗਿਆ। ਮੈਂ ਕਿਹਾ ਹੁਣ ਮਰਨ ਤੋਂ ਪਹਿਲਾਂ ਜ਼ਰੂਰ ਗੋਤੇ ਆਉਣਗੇ।
ਪੂਰਨ ਨੇ ਫਿਰ ਮੈ ਨੂੰ ਹੌਂਸਲਾ ਦਿੱਤਾ: ਡਰੀ ਨਾ ਜਾਹ। ਮੈਂ ਵੀ ਤੇਰੇ ਨਾਲ ਈ ਹਾਂ। ਬੱਸ ਤੂੰ ਕਾਠੀ ਘੁੱਟ ਕੇ ਫੜੀ ਰੱਖ। ਬੁਖ਼ਾਰ ਨਾਲ ਮੈ ਨੂੰ ਕਾਂਬਾ ਵੀ ਛਿੜਿਆ ਹੋਇਆ ਸੀ; ਮੇਰੇ ਦੰਦ ਵਜਣ ਲੱਗੇ। ਫਿਰ ਪਾਣੀ ਘਟਣ ਲੱਗਾ। ਪਹਿਲਾਂ ਹਿੱਕ ਹਿੱਕ ਹੋਇਆ ਤੇ ਫਿਰ ਧੁੰਨੀਏ ਆਇਆ। ਫਿਰ ਨੇਫੇ ਤਾਈਂ ਹੋਇਆ, ਫਿਰ ਪੱਟਾਂ ਤਾਈਂ ਤੇ ਫਿਰ ਗੋਡੇ ਗੋਡੇ। ਮੇਰੀ ਜਾਨ ਚ ਜਾਨ ਆਈ। ਹੁਣ ਮੈ ਨੂੰ ਤਸੱਲੀ ਹੋ ਗਈ ਕਿ ਮੈਂ ਹੁਣ ਨਹੀਂ ਮਰਦਾ। ਇਹ ਪੂਰਨ ਸਿਓਂ ਮੈ ਨੂੰ ਰੱਬ ਬਣਕੇ ਬਹੁੜਿਆ ਸੀ। ਮੈਂ ਸੋਚਾਂ ਬਈ ਜੇ ਇਹ ਵਿਚਾਰਾ ਨਾ ਆਉਂਦਾ ਤਾਂ ਮੈਂ ਡੁੱਬ ਮਰਨਾ ਸੀ ਜਾਂ ਬੁਖ਼ਾਰ ਨਾਲ ਮਰ ਜਾਣਾ ਸੀ। ਉਦੋਂ ਦਾ ਦਹਿਲਿਆ ਮੈਂ ਅਜੇ ਵੀ ਪਾਣੀ ਤੋਂ ਡਰ ਜਾਂਦਾ ਹਾਂ।

ਏਦੂੰ ਬਾਅਦ ਵੀ ਬੁੱਢੇ ਦਰਿਆ ਨੇ ਇਕ ਦੋ ਵਾਰ ਮਾਰਾਂ ਕੀਤੀਆਂ ਸੀ। ਅਸਲ ਚ ਇਹ ਦਰਿਆ ਦਰਿਊ ਤਾਂ ਹੈ ਨਹੀਂ ਸੀ, ਪਤਾ
ਨਹੀਂ ਇਹਦਾ ਨਾਂ ਕਿੱਦਾਂ ਪੈ ਗਿਆ। ਇਹ ਤਾਂ ਨੀਵੀਆਂ ਪੈਲ਼ੀਆਂ ਵਿਚਦੀ ਪਾਣੀ ਦਾ ਵਹਾਅ ਸੀ। ਆਦਰਾਮਾਨ ਤੇ ਲੋਹਗੜ੍ਹ ਦੇ ਕੋਲ਼ ਦੀ ਕਰਕੇ ਇਹਦਾ ਨੱਕਾ ਸਤਲੁਜ ਨਾਲ ਜਾ ਮਿਲਦਾ ਸੀ। ਜਦੋਂ ਸਤਲੁਜ ਦਾ ਪਾਣੀ ਵਿਤੋਂ ਵੱਧ ਜਾਂਦਾ, ਏਧਰ ਨੂੰ ਵਹਿ ਤੁਰਦਾ ਸੀ। ਵਹਾਅ ਕਈ ਵਾਰ ਤੇਜ਼ ਵੀ ਹੁੰਦਾ ਸੀ। ਬਾਅਦ ਚ ਇਕ ਦੋ ਵਾਰੀ ਇਹਨੇ ਪੱਕੀ ਸੜਕ ਵੀ ਵਹਾ ਲਈ ਸੀ। ਪਹਿਲਾਂ ਸੜਕ ਬਨਾਉਣ ਵੇਲੇ ਕਿਸੇ ਨੂੰ ਪਾਣੀ ਦੇ ਨਿਕਾਸ ਦਾ ਚੇਤਾ ਈ ਨਾ ਆਇਆ। ਲੋਕ ਗੱਡਿਆਂ ਤੇ ਇੱਕ ਪਾਸਿਓਂ ਦੂਜੇ ਪਾਸੇ ਪੈਸੇ ਲੈ ਕੇ ਬੰਦੇ ਲੰਘਾਉਂਦੇ ਸਨ। ਬਹੁਤੀ ਵਾਰ ਲਾਗੇ ਬੰਨੇ ਦੇ ਲੋਕ ਆਪਣੀ ਫ਼ਸਲ ਦੇ ਬਚਾ ਲਈ ਵੀ ਸੜਕ ਤੋੜ ਦਿਆ ਕਰਦੇ ਸੀ। ਹੁਣ ਤਾਂ ਪਤਾ ਵੀ ਨਾ ਲੱਗੇ ਕਿ ਕਦੇ ਏਥੋਂ ਦੀ ਬੁੱਢਾ ਦਰਿਆ ਵਹਿਣ ਲੱਗ ਪੈਂਦਾ ਸੀ। ਲੋਕਾਂ ਨੇ ਆਪਣੀਆਂ ਜ਼ਮੀਨਾਂ ਵੀ ਪੱਧਰੀਆਂ ਕਰ ਲਈਆਂ ਹਨ।
ਪੂਰਨ ਮੈ ਨੂੰ ਘਰ ਛੱਡ ਕੇ ਆਇਆ। ਮੇਰੇ ਬਾਪ ਨੂੰ ਕਹਿੰਦਾ: ਆਹ ਲਓ ਬਈ, ਸਾਂਭੋ ਆਵਦਾ ਮੁੰਡਾ। ਮੈਂ ਫਿਰ ਰੋ ਪਿਆ; ਮੇਰੀਆਂ
ਧਾਹਾਂ ਨਿਕਲ਼ ਗਈਆਂ। ਮੇਰੀ ਦਾਦੀ ਨੇ ਘੁੱਟ ਕੇ ਛਾਤੀ ਨਾਲ ਲਾਇਆ। ਮਾਂ ਨੇ ਗਿੱਲੇ ਕਪੜੇ ਲਾਹ ਕੇ ਹੋਰ ਪਾਏ; ਉੱਤੇ ਖੇ ਸ ਦਿੱਤਾ ਤੇ ਉੱਪਰ ਦੀ ਰਜਾਈ। ਮੇਰੀ ਦਾਦੀ ਨੇ ਪਰਾਤ ਚ ਅੱਗ ਬਾਲ ਕੇ ਮੰਜੇ ਦੇ ਹੇਠਾਂ ਰੱਖੀ। ਮਾਂ ਨੇ ਦੁੱਧ ਦਾ ਗਰਮ ਗਿਲਾਸ ਦਿੱਤਾ। ਦਾਦੀ ਕਿੰਨਾ ਚਿਰ ਬੁੱਕਲ਼ 'ਚ ਲੈ ਕੇ ਥਾਪੜਦੀ ਰਹੀ। ਬਾਪ ਨਰਾਜ਼ ਸੀ ਤੇ ਮੇਰਾ ਤਾਇਆ ਪੂਰਾ ਖ਼ਫਾ। ਸਵੇਰੇ ਜਾ ਕੇ ਭਾਜੀ ਨੂੰ ਕਹਿ ਆਇਆ: ਖ਼ਬਰਦਾਰ ਜੇ ਸਾਡੇ ਮੁੰਡੇ ਨੂੰ ਮੁੜ ਕੇ ਕਿਤੇ ਘੱਲਿਆ। ਅਸੀਂ ਇਹ ਨੂੰ ਪੜ੍ਹਨ ਭੇਜੀਦਾ ਹੈ। ਹੋਰ ਪਤਾ ਨਹੀਂ ਕੀ ਕੀ ਕਿਹਾ ਹੋਊ। ਬੁਖ਼ਾਰ ਦਾ ਭੰਨਿਆ ਮੈਂ ਦੋ-ਤਿੰਨ ਦਿਨ ਸਕੂਲ ਨਾ ਗਿਆ। ਭੈੜੇ ਭੈੜੇ ਸੁਪਨੇ ਆਉਂਦੇ  ਰਹੇ। ਸਕੂਲ ਜਾਂਦੇ ਨੂੰ ਭਾਜੀ ਨੇ ਤਾਏ ਦਾ ਗੁੱਸਾ ਮੇਰੇ 'ਤੇ ਕੱਢਿਆ:ਤੈਨੂੰ ਕੀ ਹੋ ਗਿਆ ਸੀ
ਓਏ। ਤੂੰ ਮਰ ਤੇ ਨਹੀਂ ਸੀ ਗਿਆ।
ਹੁਣ ਉਹ ਵੇਲਾ ਯਾਦ ਆਉਂਦਾ ਹੈ, ਤਾਂ ਮੀਂਹ ਚ ਭਿੱਜਿਆ ਮਾਸਟਰਨੀ ਦਾ ਪਿੰਡਾ ਵੀ ਬਹੁਤਾ ਸੁੱਖ ਨਹੀਂ ਦਿੰਦਾ। "

Comments

Popular posts from this blog

ਸਾਕਾ ਨੀਲਾ ਤਾਰਾ ਬਾਰੇ ਨਵੇਂ ਸਵਾਲ 'ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ'

ਜੂਨ 1984 ਦੇ ਸਾਕਾ ਨੀਲਾ ਤਾਰਾ ਓਪਰੇਸ਼ਨ ਬਾਬਤ ਸਿਰਫ਼ ਸੁਣਿਆਂ ਜਾਂ ਪੜ੍ਹਿਆ ਹੀ ਹੈ।ਇੰਦਰਾ ਗਾਂਧੀ ਦੀ ਮੌਤ ਪਿੱਛੋਂ ਪੰਜਾਬ ਵਿੱਚ ਚੱਲੀ ਕਾਲੀ ਹਨ੍ਹੇਰੀ ਨੇ 25,000 ਤੋਂ ਵੱਧ ਬੰਦਿਆਂ ਨੂੰ ਨਿਗਲ ਲਿਆ ਪੁਲੀਸ, ਸਰਕਾਰ ਅਤੇ ਧਾਰਮਿਕ ਜਨੂੰਨੀਆਂ ਦੇ ਜੋ ਵੀ ਹੱਥੇ ਚੜ੍ਹਿਆ ਉਹ ਜਾਂ ਤਾਂ ਕਿਸੇ ਖੇਤ ਦੀ ਪਹੀ 'ਚ ਮਿਲਿਆ ਜਾਂ ਕਣਕਾਂ ਦੀਆਂ ਵੱਟਾਂ 'ਤੇ ਜਾਂ ਫ਼ਿਰ ਹਰੀਕੇ ਪੱਤਣ ਦੀਆਂ ਮੱਛੀਆਂ ਦੀ ਖੁਰਾਕ ਬਣ ਗਿਆ। ਪਰ ਕੁਝ ਉਹ ਵੀ ਸਨ ਜਿਨ੍ਹਾਂ ਦਾ ਬਚਪਨ ਉਨ੍ਹਾਂ ਦਿਨਾਂ ਦੀ ਭੇਟ ਚੜ੍ਹ ਗਿਆ ਜਿਨ੍ਹਾਂ ਦੇ ਖੇਡਣ ਦੇ ਦਿਨ ਸਹਿਮ ਦੇ ਸਾਏ ਹੇਠਾਂ ਛਿਪਦੇ ਰਹੇ। ਜਿਨ੍ਹਾਂ ਦੇ ਯਾਦ ਕਰਨ ਲਈ ਸਿਰਫ਼ ਕਰਫ਼ਿਊ ਜਾਂ ਆਏ ਦਿਨ ਹੁੰਦੇ ਪੁਲੀਸ ਮੁਕਾਬਲਿਆਂ ਦੀਆਂ ਗੱਲਾਂ ਹੀ ਬਚੀਆਂ ਹਨ। ਉਨ੍ਹਾਂ ਦਿਨਾਂ ਦੀ ਜਦ ਕੋਈ ਗੱਲ ਛੇੜਦਾ ਹੈ ਤਾਂ ਨੀਝ ਲਾ ਕੇ ਸੁਣੀ ਜਾਂਦੀ ਹੈ। ਉਨ੍ਹਾਂ ਦਿਨ੍ਹਾਂ ਦੀਆਂ ਹੋਰ ਕਈ ਨਵੀਆਂ ਗੱਲਾਂ ਅਤੇ ਨਵੀਆਂ ਕਹਾਣੀਆਂ  ਕਹਿੰਦਾ ਨਾਵਲ ਅਮਨਦੀਪ ਸੰਧੂ ਨੇ ਅੰਗਰੇਜੀ ਵਿੱਚ ਲਿਖਿਆ ਹੈ। ਨਾਵਲ ਦਾ ਨਾਮ "ਰੋਲ ਆਫ਼ ਆਨਰ" ਹੈ। ਨਾਵਲ ਸਾਕਾ ਨੀਲਾ ਤਾਰਾ ਦੀ ਕਹਾਣੀ ਕਹਿੰਦਾ ਅਤੇ ਉਸ ਦੌਰ ਵਿੱਚ ਸੜਕਾਂ, ਗਲੀਆਂ ਅਤੇ ਘਰਾਂ ਤੋਂ ਦੂਰ ਇੱਕ ਮਿਲਟਰੀ ਸਕੂਲ ਵਿੱਚ ਪੜ੍ਹਦੇ ਪਾੜ੍ਹਿਆਂ ਅਤੇ ਉਨ੍ਹਾਂ ਦੇ ਮਨਾਂ ਉੱਤੇ ਹੋ ਰਹੀ ਤਬਦੀਲੀ ਨੂੰ ਬਿਆਨ ਕਰਦਾ ਹੈ। ਇਸ ਨਾਵਲ ਦਾ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਪੱਤਰਕਾਰ ਦਲਜੀਤ ਅਮੀ ਨੇ ਪੰਜਾਬੀ ਵਿੱਚ...

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱ...

ਆਪਣੇ ਹਿੱਸੇ ਦਾ ਪਾਸ਼

     ਸੁਖਦੇਵ ਸਿੱਧੂ    ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ , ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ...