ਆਲਮੀ ਪੱਧਰ 'ਤੇ ਸੰਘਰਸ਼ਾਂ ਦਾ ਦੌਰ ਅੱਜ ਤੇਜ਼ ਹੋ ਚੁੱਕਿਆ ਹੈ। ਸੰਘਰਸ਼ ਦੇ ਪਿੜ ਚਾਹੇ ਕਿਤੇ ਵੀ ਹੋਣ ਪਰ ਇਹ ਸੰਘਰਸ਼ ਮਨੁੱਖ ਦੀ ਬਿਹਤਰ ਜ਼ਿੰਦਗੀ ਨਾਲ ਜੁੜੇ ਮੁੱਦਿਆਂ ਦੀ ਤਰਫ਼ਦਾਰੀ ਕਰਦੇ ਹੋਏ ਬੰਦੇ ਦੀ ਬੰਦਿਆਈ ਨੂੰ ਵੱਡਾ ਕਰਨ ਲਈ ਲੜੇ ਜਾ ਰਹੇ ਹਨ। ਇਨ੍ਹਾਂ ਵਿੱਚ ਕਿਤੇ ਮਨੁੱਖੀ ਹਕੂਕਾਂ ਦੀ ਮੰਗ ਸ਼ਾਮਲ ਹੁੰਦੀ ਹੈ ਤਾਂ ਕਿਤੇ ਹਕੂਕਾਂ ਦੇ ਹਵਾਲੇ ਨਾਲ ਇਨਸਾਫ਼ ਦੀ ਮੰਗ। ਦੋਵਾਂ ਹੀ ਹਾਲਤਾਂ ਵਿੱਚ ਮਨੁੱਖੀ ਨਾਬਰੀ ਭਾਰੂ ਹੁੰਦੀ ਹੈ। ਇਨ੍ਹਾਂ ਸੰਘਰਸ਼ਾਂ ਵਿੱਚ ਜਦੋਂ ਵੀ ਲੋਕ ਰੋਹ ਤੇਜ਼ ਹੁੰਦਾ ਹੈ ਤਾਂ ਸੱਤ੍ਹਾ ਉੱਤੇ ਕਾਬਜ਼ ਮੁਕਾਮੀ ਤਾਕਤਾਂ ਸੰਘਰਸ਼ ਨੂੰ ਤੋੜਨ ਜਾਂ ਖੁਰਦ-ਬੁਰਦ ਕਰਨ ਲਈ ਹਰ ਹਰਬਾ ਵਰਤਦੀਆਂ ਹਨ।ਇਨ੍ਹਾਂ ਹਰਬਿਆਂ ਵਿੱਚ ਪੁਲੀਸ ਦੀ ਵਰਤੋਂ ਸੱਤ੍ਹਾ ਦੀ ਪਹਿਲਕਦਮੀ ਵਜੋਂ ਸਾਹਮਣੇ ਆਉਂਦੀ ਹੈ। ਬੀਤੇ ਕਈ ਦਿਨਾਂ ਤੋਂ ਬਾਲਟੀਮੋਰ ਵਿੱਚ ਇੱਕ ਸਿਆਹਫਾਮ ਵਿਅਕਤੀ ਫਰੈੱਡੀ ਗਰੇ ਦੀ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਤੋ ਬਾਅਦ ਅਮਰੀਕੀ ਸਟੇਟ ਮੈਰੀਲੈਂਡ ਦਾ ਸ਼ਹਿਰ ਬਾਲਟੀਮੋਰ, ਇਨਸਾਫ਼ ਪਸੰਦ ਲੋਕਾਂ ਦੇ ਸੰਘਰਸ਼ ਦਾ ਪਿੜ ਬਣਿਆ ਹੋਇਆ ਹੈ। ਫ੍ਰੈੱਡੀ ਗਰੇ ਨੂੰ ਜੇਬ ਵਿੱਚ ਚਾਕੂ ਬਰਾਮਦ ਕੀਤੇ ਜਾਣ ਪਿੱਛੋਂ ਕਾਨੂੰਨ ਦੀ ਉਲੰਘਣਾ ਦੇ ਮਾਮਲੇ ਵਿੱਚ ਪੁਲੀਸ ਦੁਆਰਾ ਅਣਮਨੁੱਖੀ ਤਰੀਕੇ ਨਾਲ ਧੂਹ ਕੇ ਗੱਡੀ ਵਿੱਚ ਸੁੱਟਿਆ ਗਿਆ। ਇਸ ਦੌਰਾਨ ਫ੍ਰੈੱਡੀ ਦੀ ਰੀੜ੍ਹ ਦੀ ਹੱਡੀ ਉੱਤੇ ਗੰਭੀਰ ਸੱਟ ਲੱਗੀ ਜਿਸ ਦਾ ਸਿੱਟਾ ਉਸ ਦੇ ਕੋਮਾ ਵਿੱਚ ਜਾਣ ਤੋਂ ਬਾਅਦ ਮੌਤ ਦੇ ਰੂਪ ...