ਜਤਿੰਦਰ ਮੌਹਰ, ਲੇਖਕ ਅਤੇਫਿਲਮਸਾਜ਼ ਪੰਜਾਬੀ ਸੰਗੀਤ ਸਨਅਤ ਵਿੱਚ ਆਮ ਤੌਰ ਉੱਤੇ ਕਿਹਾ ਜਾਂਦਾ ਹੈ ਕਿ ਚੰਗੇ ਗੀਤ ਲੋਕਾਂ ਦੇ ਸਮਝ ਨਹੀਂ ਆਉਂਦੇ। ਇਸ ਕਰਕੇ ਚਾਲੂ ਬੋਲਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਇਹ ਆਪੂੰ ਬਣਾਇਆ ਤਰਕ ਉਦੋਂ ਬੁਲੰਦੀ ਉੱਤੇ ਪਹੁੰਚ ਜਾਂਦਾ ਹੈ ਜਦੋਂ ਕਹਿੰਦੇ ਕਹਾਉਂਦੇ ਪੜਚੋਲੀਏ ਵੀ ਇਸ ਤਰਕ ਦੇ ਹੱਕ ਵਿੱਚ ਭੁਗਤ ਜਾਂਦੇ ਹਨ। ਉਹ ਚਾਲੂ-ਸੰਗੀਤ ਦਾ ਅਖੌਤੀ ਵਿਰੋਧ ਕਰਦੇ ਹੋਏ ਵੀ ਇਹ ਕਹਿਕੇ ਪਿੱਛਾ ਛੁਡਾ ਜਾਂਦੇ ਹਨ ਕਿ ਲੋਕ ਤਾਂ ਇਹੀ ਸੁਣਦੇ ਹਨ। ਜੇ ਲੋਕ ਅਜਿਹਾ ਕੁਝ ਨਾ ਸੁਣਨ ਤਾਂ ਅਜਿਹੇ ਗੀਤ ਬਣਨੇ ਵੀ ਬੰਦ ਹੋ ਜਾਣਗੇ। ਲੋਕਾਂ ਨੂੰ ਕਸੂਰਵਾਰ ਠਹਿਰਾਉਣ ਦਾ ਰੁਝਾਨ ਜ਼ੋਰਾਂ ਉੱਤੇ ਹੈ। ਇਹ ਤਰਕ ਸਭ ਦੇ ਫਿੱਟ ਬੈਠਦਾ ਹੈ। ਬਜ਼ਾਰੂ ਗੀਤ ਗਾਉਣ ਵਾਲਿਆਂ ਦੇ ਵੀ ਅਤੇ ਪੜਚੋਲੀਆਂ ਦੇ ਵੀ। ਸੰਗੀਤ ਮੰਡੀ ਦੇ ਵਪਾਰੀ ਨਾ ਕੋਈ ਜ਼ਿੰਮੇਵਾਰੀ ਆਪ ਉਟਦੇ ਹਨ ਅਤੇ ਨਾ ਕੋਈ ਸੁਣਨ ਵਾਲੇ ਦੇ ਸਿਰ ਪਾਉਣੀ ਚਾਹੁੰਦੇ ਹਨ। ਉਨ੍ਹਾਂ ਦਾ ਮੁੱਖ ਮੁੱਦਾ ਤਾਂ ਦਮੜੇ ਕਮਾਉਣ ਤੱਕ ਮਹਿਦੂਦ ਹੁੰਦਾ ਹੈ। ਸਵਾਲ ਅਤੇ ਸੰਵਾਦ ਦੀ ਗੱਲ ਕਰਦੇ ਗੀਤ ਤਾਂ ਬਿਲਕੁਲ ਵੀ ਨਹੀਂ ਪੇਸ਼ ਕਰਨਾ ਚਾਹੁੰਦੇ। ਅਜਿਹੇ ਗੀਤਾਂ ਦੀ ਸੋਝੀ ਨਾਲ ਆਵਾਮ ਪਹਿਲਾ ਸਵਾਲ ਸੰਗੀਤ ਮੰਡੀ ਦੇ ਵਪਾਰੀਆਂ ਉੱਤੇ ਹੀ ਕਰੇਗੀ। ਗੀਤ-ਸੰਗੀਤ ਮਨੁੱਖੀ ਰੂਹ ਦੀ ਖੁਰਾਕ ਹੈ। ਮਸਲਾ ਇਹ ਹੈ ਕਿ ਸੰਗੀਤ ਦੇ ਕਰਤਾ ਕੀ ਪਰੋਸ ਰਹੇ ਹਨ ਅਤੇ ਚਲੰਤ ਮੀਡੀਆ ਵਿੱਚ ਕਿਹਦੀ ਮਸ਼ਹੂਰੀ ਕੀਤੀ ਜ...