ਚੇਤਨਾ ਮਨੁੱਖ ਨੂੰ
ਦੂਸਰੇ ਮਨੁੱਖ ਨਾਲ ਸਿਹਤਮੰਦ ਸੰਵਾਦ ਰਚਾਉਣ ਸਮਾਜਿਕ ਵਰਤਾਰਿਆਂ ਦੀ ਤਹਿ ਤੱਕ ਪਹੁੰਚਣ ਤੱਕ ਅਤੇ
ਸਮਾਜ਼ ਅਤੇ ਜਿੰਮੇਵਾਰੀਆਂ ਪ੍ਰਤੀ ਸਹੀ ਸਮਝ ਵਿਕਸਿਤ ਕਰਦੀ ਹੈ | ਚੇਤਨਾ ਦੇ ਪੱਧਰ‘ਤੇ ਧਰਤੀ ਉੱਪਰ ਸਭ ਤੋਂ ਸੂਝਵਾਨ ਪ੍ਰਾਣੀ ਮਨੁੱਖ ਹੈ | ਇਹ
ਆਮ ਜਿਹੀ ਧਾਰਨਾ ਹੈ ਕਿ ਪਿੰਡ ਤੋਂ ਲੈ ਕੇ ਸ਼ਹਿਰ ਤੱਕ ਮਨੁੱਖੀ ਚੇਤਨਾ ਵਿਕਾਸ ਕਰਦੀ ਹੈ | ਇਹ ਵੀ
ਮੰਨਿਆ ਜਾਂਦਾ ਹੈ ਕਿ ਪੇਂਡੂ ਮਨੁੱਖ ਸਹਿਰੀ ਮਨੁੱਖ ਦੇ ਮੁਕਾਬਲੇ ਚੇਤਨ ਥੋੜਾ ਘੱਟ ਹੁੰਦਾ ਹੈ ਉਸਦਾ
ਬੌਧਿਕ ਵਿਕਾਸ ਵੀ ਸਹਿਰੀ ਮਨੁੱਖ ਜਿੰਨਾ ਨਹੀ ਹੁੰਦਾ |ਸ਼ਾਇਦ “ਮਿੱਟੀ ਦੇ ਪੁੱਤਾਂ” ਲਈ ਇਹ ਬੇਇਜ਼ਤੀ ਤੋ ਘੱਟ ਨਹੀ ਹੈ | ਪਰ ਸਹਿਰੀ ਮਨੁੱਖ ਦੀ
ਚੇਤਨਾ ਦਾ ਪੱਧਰ ਕਿਸ ਨੂੰ ਰਾਸ ਆਉਂਦਾ ਹੈ ? ਚੇਤਨ ਹੋ ਕੇ ਵੀ ਚੇਤਨਤਾ ਨੂੰ ਅਤੇ ਦਿਮਾਗ ਨੂੰ
ਜੰਦਰੇ ਮਾਰਨ ਵਾਲੀ ਅਤੇ ਬੌਧਿਕ ਤੌਰ ‘ਤੇ
ਬੇਈਮਾਨ, ਫੋਕੀ ਵਿਦਵਤਾ ਕਿਸੇ ਦਾ ਕੀ ਫਾਇਦਾ ਕਰਦੀ ਹੈ ? ਇਹ ਸੁਆਲ ਤਾਂ ਕਰਨੇ ਬਣਦੇ ਹੀ ਹਨ |
ਵਰਤਾਰਿਆਂ ਨੂੰ ਸਮਝਣਾ
ਉਹਨਾਂ ਦੀ ਸਹੀ ਪੜਚੋਲ ਕਰਨੀ ਚੇਤਨ ਬੰਦੇ ਦੀ ਨਿਸ਼ਾਨੀ ਹੁੰਦੀ ਹੈ |ਇਸ ਤੋਂ ਇਲਾਵਾ ਇਮਾਨਦਾਰੀ ਨਾਲ
ਲੋਕ ਪੱਖੀ ਹੋਣ ਅਤੇ ਸਮਾਜ਼ ਵਿੱਚ ਆਪਣੇ ਲੋਕਾਂ ਪ੍ਰਤੀ ਮਨੁੱਖ ਹੋਣ ਵਜੋਂ ਇੱਕ ਮਨੁੱਖ ਹੋਣ ਦਾ
ਫਰਜ਼ ਅਦਾ ਕਰਨਾ ਵੀ ਬੰਦੇ ਦੇ ਹਿੱਸੇ ਆਉਂਦਾ ਹੈ ਖਾਸ ਕਰ ਚੇਤਨ ਬੰਦੇ ਦੇ|
ਹੁਣ ਗੱਲ ਕਰਦੇ ਹਾਂ
ਚੇਤਨਾ ਦੇ ਸੰਦਰਭ ‘ਚ ਬਦਲਦੇ ਮਾਅਨਿਆਂ
ਦੀ ਕਿ ਮੌਜੂਦਾ ਦੌਰ ‘ਚ ਚੇਤਨ ਬੰਦਾ
ਆਪਣੇ ਫਰਜ਼ ਨਿਭਾ ਰਿਹਾ ਹੈ ਜਾਂ ਸਿਰਫ ਚੇਤਨ ਹੋ ਕੇ ਵੀ ਆਪਣੀ ਜਾਤ ਨਾਲ ਗੱਦਾਰੀ ਕਰ ਰਿਹਾ ਹੈ ?
ਕੁੱਝ ਵੀ ਹੋਵੇ ਇਹਨਾਂ
ਸੁਆਲਾਂ ਤੋਂ ਕੋਈ ਬੰਦਾ ਭੱਜ ਨਹੀ ਸਕਦਾ |ਖੁੱਲੀ ਮੰਡੀ ਦੀਆਂ
ਨਵ-ਉਦਾਰਵਾਦੀ ਨੀਤੀਆਂ ਦੀ ਭਰਮਾਰ ‘ਚ
ਮੁਨਾਫਾ ਕਮਾਉ ਪ੍ਰਬੰਧ ਦੀ ਮਾਰ ਪੂਰੇ ਸੰਸਾਰ ਨੂੰ ਝੱਲਣੀ ਪੈ ਰਹੀ ਹੈ | ਇਸ ਪ੍ਰਬੰਧ ਨੇ ਬੰਦੇ
ਅੰਦਰੋਂ ਬੰਦਾ ਮਨਫੀ ਕਰ ਦਿੱਤਾ ਹੈ | ਸੂਚਨਾ ਅਤੇ ਤਕਨੀਕ ਦੇ ਇਸ ਤੇਜ਼ ਰਫ਼ਤਰਾਰ ਯੁੱਗ ਵਿੱਚ
ਪੜ੍ਹ-ਲਿਖ ਕੇ ਕਾਮਯਾਬ ਹੋਣ ਦੀ ਦੌੜ ਦਿਨੋ-ਦਿਨ ਹੋਰ ਵੀ ਤੇਜ਼ ਹੁੰਦੀ ਜਾ ਰਹੀ ਹੈ | ਨਿੱਤ ਨਵੇਂ
ਵਰਤਾਰੇ ਵਰਤ ਰਹੇ ਨੇ | ਮਹਿੰਗਾਈ, ਭ੍ਰਿਸ਼ਟਾਚਾਰ ਬੇਰੋਜ਼ਗਾਰੀ, ਜੁਰਮ ਵਰਗੀਆਂ ਅਲਾਮਤਾਂ ਦੀ ਜੜ੍ਹ
ਖੋਜਣੀ ਪ੍ਰਬੰਧ ਦੀਆਂ ਵਧੀਕੀਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਚੇਤਨ ਬੰਦੇ ਦਾ ਕੰਮ ਬਣਦਾ ਹੈ |
ਹੁਣ ਸੁਆਲ ਇਹ ਵੀ ਬਣਦਾ ਹੈ ਕਿ ਆਖਿਰ ਚੇਤਨ ਬੰਦਾ ਹੈ ਕੌਣ ? ਜੁਆਬ ਹੈ ਕਿ ਕਾਲਜਾਂ,ਯੂਨੀਵਰਸਿਟੀਆਂ ‘ਚ ਪਹਿਲਾਂ ਆਪ
ਚੇਤਨ ਹੋ ਕੇ ਫੇਰ ਹੋਰਾਂ ਨੂੰ ਚੇਤਨ ਕਰਨ ਵਾਲਾ ਬੁੱਧੀਜੀਵੀ ਵਰਗ ਸਮਾਜ ਇਸ ਵਰਗ ਤੋਂ ਬੜੀ ਆਸ
ਰਖਦਾ ਹੈ ਪਰ ਇਹ ਵਰਗ ਸਮਾਜ ਦੀਆਂ ਆਸਾਂ ‘ਤੇ
ਕਿੰਨਾ ਕੁ ਖਰਾ ਉੱਤਰਦਾ ਹੈ ਇਹ ਵੀ ਵਿਚਾਰਨਯੋਗ ਮਸਲਾ ਹੈ | ਹੁਣ ਵਿਚਾਰ ਕਰੀਏ ਮੱਧ ਵਰਗੀ ਚੇਤਨਾ ਅਤੇ
ਮੱਧ ਵਰਗ ਦੀ | ਮੱਧ ਵਰਗ ਉਹ ਜਮਾਤ ਹੈ ਜਿਸ ਨੇ ਸਰਮਾਏ ਦੇ ਯੁੱਗ ‘ਚ ਸਰਮਾਏ ਦੁਆਰਾ ਹੱਡ ਭੰਨਵੀ ਕਿਰਤ ਕਰਨ ਵਾਲੇ ਮਜਦੂਰਾਂ ਦੀ ਕਿਰਤ
ਸ਼ਕਤੀ ਨੂੰ ਲੁੱਟ ਕੇ ਪੈਦਾ ਕੀਤੇ ਉਤਪਾਦਨ ਨੂੰ ਭੋਗਣਾ ਹੁੰਦਾ ਹੈ | ਇਸ ਤੋਂ ਇਲਾਵਾ ਮੰਡੀ ਦਾ
ਜਿਆਦਾਤਰ ਖਪਤਕਾਰ ਇਸੇ ਜਮਾਤ ‘ਚੋਂ
ਆਉਂਦਾ ਹੈ| ਇਸ ਜਮਾਤ ਦੀ ਇੱਕੋ ਇੱਕ ਸੋਚ ਹੁੰਦੀ
ਹੈ ਪੜ੍ਹ-ਲਿਖ ਕੇ ਨੌਕਰੀ ਕਰਨੀ ਵਧੀਆ ਮਕਾਨ,ਵਧੀਆ ਗੱਡੀ, ਵਧੀਆ ਰਹਿਣ-ਸਹਿਣ ਅਤੇ ਜਿੰਦਗੀ ਨੂੰ
ਆਰਾਮ ਦੇਹ ਬਣਾਉਣ ਹਿੱਤ ਇਹ ਜਮਾਤ ਕਿਸੇ ਦੇ ਹਿੱਤ ਵੀ ਦਾਅ ‘ਤੇ ਲਗਾ ਸਕਦੀ ਹੈ |ਇਹੋ ਜਿਹੀ ਹੀ ਸੋਚ ਦਾ ਧਾਰਨੀ ਇਸੇ ਜਮਾਤ ਦੀ
ਨੁਮਾਇੰਦਗੀ ਕਰਦਾ ਹੋਇਆ ਮੱਧ ਵਰਗੀ ਬੁੱਧੀਜੀਵੀ ਹੁੰਦਾ ਹੈ | ਪੰਜਾਬ ਵਿੱਚ ਬੁੱਧੀਜੀਵੀਆਂ ਦੇ
ਮਾਮਲੇ ਵਿੱਚ ਇੱਕ ਖਾਸ ਗੱਲ ਇਹੋ ਰਹੀ ਹੈ ਕਿ ਇੱਥੇ ਜਿਆਦਾਤਰ ਬੁੱਧੀਜੀਵੀ ਮੱਧ ਵਰਗੀ ਪਰਿਵਾਰਾਂ ‘ਚੋਂ ਜੰਮੇ ਪਲੇ ਹਨ|
ਅਤੇ ਇਹ ਜਿਆਦਾਤਰ ਆਪਣੀ
ਜਮਾਤ ਪ੍ਰਤੀ ਆਪਣੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਂਦੇ ਹਨ | ਪਰ ਗੈਰ ਮੱਧ ਵਰਗੀ ਜਮਾਤ ਬਾਰੇ
ਆਪਣੀ ਨੌਕਰੀ ,ਘਰ ਪਰਿਵਾਰ ਦੀ ਸੋਚ ,ਇਹ ਗੱਲ ਜਰਾ ਸੋਚ ਸਮਝ ਕੇ ਕਰਦੇ ਹਨ | ਸੰਸਾਰ ਵਿਆਪੀ
ਵਰਤਾਰਿਆਂ ਬਾਰੇ ਇਹਨਾਂ ਦੀ ਚੇਤਨਾ ਸਿੱਧਾ ਸੰਵਾਦ ਰਚਾਉਣ ਦੀ ਥਾਂ ਅਰਥਾਂ ਦੇ ਅਨਰਥ ਕਰਨ ‘ਚ ਜਿਆਦਾ ਮੁਹਾਰਤ ਹਾਸਿਲ ਕਰਦੀ ਹੈ |
ਪਿਛਲੇ ਸਮੇਂ ਰਾਜਧਾਨੀ
ਚੰਡੀਗੜ੍ਹ ‘ਚ ਮਸਹੂਰ ਦਸਤਾਵੇਜੀ
ਫਿਲਮਸਾਜ਼ ਦਲਜੀਤ ਅਮੀ ਦੇ ਰੂਬਰੂ ਪ੍ਰੋਗ੍ਰਾਮ ‘ਤੇ ਜਾਣ ਦਾ ਮੌਕਾ ਮਿਲਿਆ ਰੂਬਰੂ ਦੇ ਨਾਲ ਹੀ ਫਿਲਮਸਾਜ਼ ਦੁਆਰਾ ਤਿਆਰ ਦਸਤਾਵੇਜੀ ਫਿਲਮਾਂ
ਵੀ ਦਿਖਾਈਆਂ ਜਾਣੀਆਂ ਸਨ | ਬੁੱਧੀਜੀਵੀ ਇਕੱਠੇ ਹੋਏ ਬੈਠੇ ਸੀ | ਬਾਕੀ ਫਿਲਮਾਂ ਬਾਰੇ ਚੰਗੀ ਬਹਿਸ
ਹੋਈ ਪਰ ਜਦੋਂ ਜੰਗ ਅਤੇ ਅਮਨ ਦੇ ਇਸੇ ਵਿਸ਼ੇ ਨਾਲ ਤਾਅਲੁਕ ਰਖਦੀ ਇਸੇ ਨਾਮ ਦੀ ਫਿਲਮ ਦਿਖਾਈ ਗਈ
ਤਾਂ ਫਿਲਮਸਾਜ਼ ਤੋਂ ਛੁੱਟ ਕਿਸੇ ਨੇ ਬੋਲਣ ਦਾ ਹੀਆਂ ਨਾਂ ਕੀਤਾ | ਸਿਹਤਮੰਦ ਸੰਵਾਦ ਅਮਰੀਕਾ ਦਾ
ਨਾਮ ਆਉਂਦਿਆਂ ਹੀ ਦਮ ਤੋੜ ਗਿਆ | ਬੁੱਧੀਜੀਵੀਆਂ ਦੇ ਇਸ ਮੌਨ ਧਾਰਨ ਬਾਰੇ ਮੇਰੇ ਸੁਆਲ ਦੇ ਜੁਆਬ ‘ਚ ਇੱਕ ਨੇ ਵਿਅੰਗਮਈ ਲਹਿਜੇ ‘ਚ ਆਪਣੀ ਨਾਹਰੇ ਮਾਰਨ ਦੀ ਸਮਰੱਥਾ ਜਾਹਿਰ ਕੀਤੀ ਜੋ ਕਿ ਆਪਣੇ ਆਪ ‘ਚ ਹਾਸੋਹੀਣੀ ਲੱਗ ਰਹੀ ਸੀ|ਸੁਆਲ ਇਹ ਉੱਠਦਾ ਹੈ ਕਿ
ਅਮਰੀਕਾ ਦੇ ਸੱਤਰ ਤੋਂ ਵੀ ਜਿਆਦਾ ਮੁਲਕਾਂ ‘ਚ ਕੀਤੇ ਹਮਲਿਆਂ ਤੋਂ ਬਾਅਦ ਹੁਣ ਜਦ ਸੀਰਿਆ ਉਸਦੇ ਨਿਸ਼ਾਨੇ ‘ਤੇ ਹੈ ਤਾਂ ਫਿਰ ਚੇਤਨ ਮੁਨੁੱਖ ਹੋ ਕੇ ਖਾਸ ਕਰਕੇ ਬੁੱਧੀਜੀਵੀ
ਹੋਣ ਦਾ ਪਟਾ ਆਪਣੇ ਗਲ ਚ ਪਾਕੇ ਇਹ ਅਖੌਤੀ ਬੁੱਧੀਜੀਵੀ ਕਦ ਤੱਕ ਚੁੱਪ ਰਹਿਣਗੇ ਅਤੇ ਅਸੀਂ ਬੁੱਧੀਜੀਵੀ
ਵਰਗ ਦੀ ਇਸ ਬੌਧਿਕ ਬੇਈਮਾਨੀ ਨੂੰ ਕਿਹੜੇ ਖਾਤੇ ਪਾਵਾਂਗੇ ?
ਅੱਜ ਪੰਜਾਬ ਵਿੱਚ
ਬੁੱਧੀਜੀਵੀਆਂ ਦੀ ਖਾਸੀ ਚੰਗੀ ਜਮਾਤ ਹੈ ਜੋ ਆਰਥਿਕ ਪੱਖੋਂ ਮਜਬੂਤ ਹੈ ਯੂਨੀਵਰਸਿਟੀਆਂ ਵਿੱਚ
ਪ੍ਰੋਫੈਸਰੀਆਂ ਦੇ ਅਹੁਦਿਆਂ ਤੱਕ ਬਿਰਾਜਮਾਨ ਇਹ ਲੋਕ ਆਪਣੀਆਂ ਆਲੀਸ਼ਾਨ ਮਹਿਲਨੁਮਾ ਕੋਠੀਆਂ ਜਿੰਨਾਂ ਵਿੱਚ ਹਰਾ ਘਾਹ ,ਪਾਣੀ ਦੇ ਫੁਹਾਰੇ ਅਤੇ ਫੁੱਲਾਂ
ਭਰੀ ਬਗੀਚੀ ਹੁੰਦੀ ਹੈ ਵਿੱਚੋਂ ਕਾਲੇ ਸੀਸ਼ਿਆਂ ਵਾਲੀ ਗੱਡੀ ‘ਚ ਨਿੱਕਲਦੇ ਹਨ ਅਤੇ ਆਪਣੇ ਦਫਤਰਾਂ ‘ਚ ਬੈਠ ਜਾਂਦੇ ਹਨ | ਇਹਨਾਂ ਬੁੱਧੀਜੀਵੀਆਂ ਦਾ ਫੁੱਟਪਾਥਾਂ ਦੇ
ਲੋਕਾਂ ਨਾਲ ਕੋਈ ਸਰੋਕਾਰ ਨਹੀ ਨਾਂ ਹੀ ਇਹ ਰੱਖਣਾ ਚਾਹੁੰਦੇ ਹਨ | ਮਜਦੂਰਾਂ ,ਕਿਸਾਨਾਂ ਦੇ
ਸੰਘਰਸ਼ਾਂ ਨੂੰ ਇਹ ਬੁੱਧੀਜੀਵੀ ਘੱਟ ਵੱਧ ਹੀ ਗੌਲਦੇ ਹਨ ਕਿਉਂਕਿ ਇਹ ਸਰਮਾਏਦਾਰੀ ਦੇ ਚਾਕਰ ਜੋ ਹਨ
|ਹੁਣ ਅੱਜ ਦੇ ਜਿਆਦਾਤਰ ਬੁੱਧੀਜੀਵੀ ਡਾਲਰ ਦੇ ਮੁਕਾਬਲੇ ਰੁਪਈਏ ਦੀ ਮਾੜੀ ਹਾਲਤ ਦਾ ਫਿਕਰ ਭਾਰਤ
ਅਤੇ ਖਾਸ ਕਰ ਪੰਜਾਬ ਦੇ ਵਿਗੜ ਰਹੇ ਹਾਲਾਤਾਂ ,ਵਧ ਰਹੀ ਗਰੀਬੀ ਅਤੇ ਮਨੁੱਖਤਾ ਦੇ ਹੋ ਰਹੇ ਘਾਣ
ਤੋਂ ਜਿਆਦਾ ਹੋ ਰਿਹਾ ਹੈ |
ਅੱਜ ਕੱਲ ਲਗਭਗ ਸਾਰੇ
ਮੱਧ ਵਰਗੀ ਬੁੱਧੀਜੀਵੀ “ਮੁਕਤ-ਚਿੰਤਕ” ਹੋ ਗਏ ਹਨ| “ਮੁਕਤ-ਚਿੰਤਕ” ਹੋਣਾ ਠੀਕ ਉਸੇ ਤਰ੍ਹਾਂ ਹੈ ਜਿਵੇਂ ਬਿੱਲੀ ਨੂੰ ਦੇਖ ਕਬੂਤਰ ਅੱਖਾਂ ਬੰਦ ਕਰ ਲਵੇ ਤੇ ਇਹ
ਸੋਚੇ ਕਿ ਬਿੱਲੀ ਉਸਨੂੰ ਦੇਖ ਨਹੀ ਰਹੀ|
ਇਸ ਦੇ ਨਾਲ ਹੀ ਗੱਲ ਇਹ
ਵੀ ਕਰਨੀ ਬਣਦੀ ਹੈ ਕਿ ਪੇਂਡੂਆਂ ,ਦਿਹਾਤੀਆਂ ਨੇ ਜਿੰਨਾਂ ਨੂੰ ਆਮ ਸਹਿਰੀ ਲੋਕ ਜਿਆਦਾ ਪਸੰਦ ਨਹੀ
ਕਰਦੇ ਉਹਨਾਂ ਨੇ ਸੰਘਰਸ਼ਾਂ ਦੇ ਅਜਿਹੇ ਪਿੜ ਮੱਲੇ ਹਨ ਜਿੱਥੇ ਬੰਦੇ ਅੰਦਰਲਾ ਬੰਦਾ ਸਦੀਆਂ ਤੋਂ ਬਦੀ
ਦੀ ਮਾਰ ਨੂੰ ਨਾਂ ਸਹਿਣ ਦਾ ਅਹਿਦ ਕਰਦਾ ਹੈ | ਉਹ ਸਰਮਾਏਦਾਰਾਂ ,ਵਹਿਸ਼ੀਆਂ, ਕਾਤਲਾਂ, ਅਤੇ
ਲੁਟੇਰਿਆਂ ਦੀ ਗੁਲਾਮੀ ਦਾ ਫਸਤਾ ਵੱਢਣ ਲਈ ਤਿਆਰ ਹੋ ਚੁੱਕਾ ਹੈ | ਉਹ ਸੰਘਰਸ਼ ਆਮ ਬੰਦੇ ਦੇ ਸੰਘਰਸ਼
ਹਨ ਜੋ ਸਦੀਆਂ ਤੋਂ ਸਰਮਾਏ ਦੀ ਚੱਕੀ ‘ਚ
ਪਿਸ ਰਿਹਾ ਹੈ | ਉਹ ਹੁਣ ਬੁੱਧੀਜੀਵੀਆਂ ਦੀ ਉਡੀਕ ਛੱਡ ਖੁਦ ਚੇਤਨ ਹੋਣ ਦੇ ਰਾਹ ਤੁਰ ਪਿਆ ਹੈ ਅਤੇ
ਆਪਣੇ ਰਸਤੇ ਖੁਦ ਬਣਾ ਰਿਹਾ ਹੈ | ਇਹਨਾਂ ਸੰਘਰਸ਼ਾਂ ਦੇ ਪਿੜ ਚਾਹੇ ਕਿਤੇ ਵੀ ਹੋਣ ਪਰ ਬੁੱਧੀਜੀਵੀਆਂ
ਦੀ ਸਰਮਾਏਦਾਰਾ ਪੱਖੀ ਜਮਾਤ ਨੂੰ ਇੱਕ ਵੰਗਾਰ ਜਰੂਰ ਹਨ ਕਿ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਵੇਲੇ
ਉਹ ਕਿਉਂ ਦੜ ਵੱਟੀ ਖੜ੍ਹੇ ਹਨ,ਬੰਦੇ ਦੀ ਜਾਤ ਦੇ ਹੁੰਦੇ ਕਤਲੇਆਮ ਬਾਰੇ ਉਹ ਬੋਲਦੇ ਕਿਉਂ ਨਹੀ ?
ਮੱਧ ਵਰਗੀ ਬੁੱਧੀਜੀਵੀ ਲਾਣੇ ਦੇ ਸੋਚਣ ਦੀ ਗੱਲ ਹੈ ਕਿ ਗਰੀਬ ਕਿਸਾਨਾਂ, ਮਜਦੂਰਾਂ ਨਾਲ ਉਹ ਸੰਘਰਸ਼
ਦੇ ਪਿੜਾਂ ‘ਚ ਜਾ ਕੇ ਕਦੋਂ ਮੋਢੇ ਨਾਲ ਮੋਢਾ ਜੋੜਨਗੇ ? ਉਹਨਾਂ ਨੇ ਲੋਕਾਂ ਦੇ ਹੱਕਾਂ ,ਇਨਸਾਨੀਅਤ ਦੀ ਹੋਂਦ ਅਤੇ ਲੋਕ ਵਿਰੋਧੀ
,ਸਰਮਾਏ ਦੇ ਭੁੱਖੇ ਅਤੇ ਇਨਸਾਨੀਅਤ ਦੇ ਕਾਤਲਾਂ ‘ਚੋਂ ਕਿਹੜੇ ਖੇਮੇ ‘ਚ ਖੜ੍ਹਨਾ ਹੈ ? ਇਹ ਸੁਆਲ ਵਾਕਿਆ ਹੀ ਜੁਆਬਾਂ ਦੀ ਮੰਗ
ਕਰਦੇ ਹਨ ਅਤੇ ਬੁੱਧੀਜੀਵੀਆਂ ਵਾਸਤੇ ਅੱਜ ਦੀ ਘੜੀ ਇਹ ਸੁਆਲ ਪਰਖ ਦੀ ਕਸਵੱਟੀ ਬਣ ਗਏ ਹਨ|
(ਨੋਟ : ਇਹ ਲੇਖ 3.10.2013 ਨੂੰ ਨਵਾਂ ਜਮਾਨਾ ਵਿੱਚ ਛਪਿਆ ਹੈ ਪਰ ਇੱਥੇ ਬਿਨਾਂ ਕਿਸੇ ਸੰਪਾਦਕੀ ਕੱਟ ਦੇ ਛਾਪਿਆ ਜਾ ਰਿਹਾ ਹੈ )
ਸੰਪਰਕ -9464510678
Comments
Post a Comment