ਕਈ ਸ਼ਖਸ਼ ਅਜਿਹੇ ਹੁੰਦੇ ਹਨ ਜੋ ਦੁਨੀਆਂ ਤੇ ਆ ਕੇ ਥੋੜੇ ਸਮੇਂ 'ਚ ਹੀ ਇੰਨੀ ਮਕਬੂਲੀਅਤ ਤੇ ਇੱਜ਼ਤ,ਸ਼ੁਹਰਤ ਹਾਸਿਲ ਕਰਦੇ ਹਨ ਅਤੇ ਲੋਕ ਦਿਲਾਂ ਵਿੱਚ ਅਜਿਹੀ ਥਾਂ ਬਣਾ ਲੈਂਦੇ ਹਨ ਕਿ ਜਿੰਨਾਂ ਦੇ ਤੁਰ ਜਾਣ ਬਾਅਦ ਪੂਰੀ ਹਯਾਤੀ ਗਮ ਤੇ ਵਿਯੋਗ ਵਿੱਚ ਡੁੱਬੀ ਨਜ਼ਰ ਆਉਂਦੀ ਹੈ।ਐਸੇ ਸ਼ਖਸ਼ ਦੇ ਬਿਨਾਂ ਦੁਨੀਆਂ ਸੱਖਣੀਂ ਜਿਹੀ ਜਾਪਦੀ ਹੈ,ਜਿਵੇਂ ਬਾਕੀ ਕੁੱਝ ਬਚਿਆ ਹੀ ਨਾਂ ਹੋਵੇ। ਉਹਨਾਂ ਲੋਕਾਂ ਵਿੱਚੋਂ ਬੜਾ ਮਾਣਮੱਤਾ ਅਤੇ ਸਤਿਕਾਰਯੋਗ ਨਾਮ ਹੈ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਜੋ ਕਿ ਸੰਗੀਤ ਦੀ ਦੁਨੀਆਂ ਦੇ ਬੇਤਾਜ਼ ਬਾਦਸ਼ਾਹ ਸਨ। ਨੁਸਰਤ ਸਾਹਿਬ ਭਾਵੇਂ ਹਿੰਦੋਸਤਾਨੀਂ ਸਨ ਭਾਵੇਂ ਪਾਕਿਸਤਾਨੀਂ ਪਰ ਉਹ ਕੁੱਲ ਦੁਨੀਆ ਦੇ ਸਾਂਝੇ ਇਨਸਾਨ ਸਨ ।ਅੱਜ ਨੁਸਰਤ ਸਾਹਿਬ ਨੂੰ ਇਸ ਫਾਨੀਂ ਸੰਸਾਰ ਤੋਂ ਰੁਖਸਤ ਹੋਇਆਂ ੧੪ ਸਾਲ ਹੋ ਗਏ ਹਨ। ਪਰ ਫੇਰ ਵੀ ਦਿਲ ਨਹੀਂ ਮੰਨਦਾ ਕਿ ਉਹ ਸੱਚਮੁੱਚ ਹੀ ਨਹੀਂ ਹਨ। ਨੁਸਰਤ ਸਾਹਿਬ ਭਾਵੇਂ ਇਸ ਦੁਨੀਆਂ ਵਿੱਚੋਂ ਤੁਰ ਗਏ ਹੋਣ ਪਰ ਆਪਣੇ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਉਹ ਅੱਜ ਵੀ ਜਿਊਂਦੇ ਹਨ।
ਸਾਨੂੰ ਇੱਕ ਪਲ ਚੈਨ ਨਾਂ ਆਵੇ
ਸੱਜਣਾਂ ਤੇਰੇ ਬਿਨਾਂ
ਦਿਲ ਕਮਲਾ ਡੁੱਬ-ਡੁੱਬ ਜਾਵੇ
ਸੱਜਣਾਂ ਤੇਰੇ ਬਿਨਾਂ……
ਇਹ ਗੀਤ ਸੁਣਦਿਆਂ ਹੀ ਦਿਲਕਸ਼ ਆਵਾਜ਼,ਸਾਦਗੀ ਤੇ ਸਾਫ-ਸੁਥਰੀ ਗਾਇਕੀ ਦੇ ਮਾਲਿਕ ਨੁਸਰਤ ਸਾਹਿਬ ਦੀ ਤਸਵੀਰ ਅੱਖਾਂ ਸਾਹਮਣੇਂ ਉੱਭਰ ਆਉਂਦੀ ਹੈ।ਉਹਨਾਂ ਦੀ ਗਾਇਕੀ ਰੂਹ ਨੂੰ ਚਿੱਤ ਕਰਨ ਵਾਲੀ ਸੀ ਇਸ ਵਿੱਚ ਕੋਈ ਅਤਿਕਥਨੀਂ ਨਹੀਂ ਹੋਵੇਗੀ ਕਿ ਨੁਸਰਤ ਸਾਹਿਬ ਦੀ ਆਵਾਜ਼ ਦਾ ਅੱਜ ਤੱਕ ਕੋਈ ਤੋੜ ਨਹੀਂ ਮਿਲ ਸਕਿਆ। ਗੱਲ 1965 ਦੇ ਨੇੜੇ-ਤੇੜੇ ਦੀ ਹੈ ਕਿ ਰੇਡੀਉ ਪਾਕਿਸਤਾਨ ਨੇਂ ਜਸ਼ਨ-ਏ-ਬਾਹਾਰ ਨਾਂ ਦਾ ਇੱਕ ਸੰਗੀਤਕ ਮੇਲਾ ਆਯੋਜਿਤ ਕੀਤਾ ਜਿਸ ਵਿੱਚ ਪਾਕਿਸਤਾਨ ਦੇ ਵੱਡੇ-ਵੱਡੇ ਸੰਗੀਤ ਮਹਾਂਰਥੀ ਸ਼ਾਮਿਲ ਹੋਏ। ਸਭ ਨੇਂ ਆਪਣੀ-ਆਪਣੀ ਕਲਾ ਦੇ ਜੌਹਰ ਵਿਖਾਏ ਉੱਥੇ ਹੀ ਇੱਕ ਵਿਲੱਖਣ ਆਵਾਜ਼ ਦਾ ਮਾਲਿਕ ਇੱਕ ਨੌਜੁਆਨ ਆਇਆ ਹੋਇਆ ਸੀ। ਜਦੋਂ ਉਸ ਨੇਂ ਆਪਣੀਂ ਮੰਤਰ-ਮੁਗਧ ਕਰ ਦੇਣ ਵਾਲੀ ਆਵਾਜ਼ ਵਿੱਚ ਸਰਗਮ ਲਾਈ ਤਾਂ ਪੰਡਾਲ ਵਿੱਚ ਬੈਠੇ ਸਰੋਤੇ ਦੰਗ ਰਹਿ ਗਏ। ਫੇਰ ਤਾਂ ਜਿਵੇਂ ਲੋਕ ਦੀਵਾਨੇਂ ਹੀ ਹੋ ਗਏ। ਪਾਕਿਸਤਾਨ-ਭਾਰਤ ਨੂੰ ਤਾਂ ਜਿਵੇਂ ਦੂਸਰਾ ਤਾਨਸੈਨ ਮਿਲ ਗਿਆ ਹੋਵੇ।ਇਸ ਤਰਾਂ ਲੋਕ ਨੁਸਰਤ ਸਾਹਿਬ ਦੇ ਚਰਚੇ ਕਰਨ ਲੱਗੇ|
ਨੁਸਰਤ ਸਾਹਿਬ ਪੂਰੇ ਏਸ਼ੀਆ ਵਿੱਚ ਜਿਵੇਂ ਛਾ ਹੀ ਗਏ। 1979 ਵਿੱਚ ਉਹਨਾਂ ਦਾ ਐੱਲ.ਪੀ ਰਿਕਾਰਡ "ਦਮ-ਦਮਾ ਦਮ ਮਸਤ ਕਲੰਦਰ" ਆਇਆ। ਜਿਸ ਨੇ ਪੂਰੀ ਦੁਨੀਆਂ ਵਿੱਚ ਧੁੰਮ ਮਚਾ ਦਿੱਤੀ। ਨੁਸਰਤ ਸਾਹਿਬ ਦਾ ਨਾਂ ਬੱਚੇ-ਬੱਚੇ ਦੀ ਜੁਬਾਨ ਤੇ ਚੜ੍ਹ ਗਿਆ। ਨੁਸਰਤ ਸਾਹਿਬ ਦੀ ਆਵਾਜ਼ ਵਿੱਚ ਕਹਿਰਾਂ ਦਾ ਜਾਦੂ ਸੀ। ਆਪਣੀਂ ਸੋਜ਼ ਭਰੀ ਆਵਾਜ਼ ਰਾਹੀਂ ਨੁਸਰਤ ਸਾਹਿਬ ਨੇਂ ਪੰਜਾਬੀ ਤੋਂ ਇਲਾਵਾ ਅੰਗਰੇਜੀ ਅਤੇ ਹਿੰਦੀ ਵਿੱਚ ਗੀਤ ਗਾਏ। ਜੇ ਗੱਲ ਨੁਸਰਤ ਸਾਹਿਬ ਦੇ ਜਨਮ ਦੀ ਕਰੀਏ ਤਾਂ ਨੁਸਰਤ ਸਾਹਿਬ ਦਾ ਜਨਮ 13 ਅਕਤੂਬਰ 1948ਵਿੱਚ ਪਾਕਿਸਤਾਨ ਦੇ ਇੱਕ ਸ਼ਹਿਰ ਫੈਸਲਾਬਾਦ ਵਿੱਚ ਹੋਇਆ।ਭਾਵੇਂ ਕਿ ਨੁਸਰਤ ਸਾਹਿਬ ਦੇ ਪਿਤਾ ਫਤਿਹ ਅਲੀ ਖਾਨ ਅਤੇ ਪੁਰਖੇ ਬਸਤੀ ਸ਼ੇਖ ਜਲੰਧਰ ਤੋਂ ਹੀ ਸਨ।ਪਰੰਤੂ ਬਟਵਾਰੇ ਵੇਲੇ ਉਹਨਾਂ ਨੂ ਪਾਕਿਸਤਾਨ ਜਾਣਾ ਪਿਆ। ਨੁਸਰਤ ਸਾਹਿਬ ਚਾਰ ਭੈਣਾਂ ਅਤੇ ਦੋ ਭਰਾਵਾਂ ਦੇ ਲਾਡਲੇ ਸਨ। ਨੁਸਰਤ ਸਾਹਿਬ ਦੇ ਵਾਲਿਦ ਫਤਿਹ ਅਲੀ ਖਾਨ ਕੱਵਾਲੀ ਦੇ ਗਿਣੇਂ-ਚੁਣੇਂ ਉਸਤਾਦਾਂ ਵਿੱਚੋਂ ਇੱਕ ਸਨ ਉਹਨਾਂ ਦੇ ਨਾਲ ਨੁਸਰਤ ਸਾਹਿਬ ਦੇ ਤਾਇਆ ਜਾਨ ਉਸਤਾਦ ਮੁਬਾਰਕ ਅਲੀ ਖਾਨ ਵੀ ਸਾਥ ਨਿਭਾਉਂਦੇ ਸਨ। ਪਿਤਾ ਅਤੇ ਤਾਇਆ ਦੀ ਸੰਗਤ ਵਿੱਚ ਰਹਿਣ ਕਰਕੇ ਨੁਸਰਤ ਸਾਹਿਬ ਬਚਪਨ ਤੋਂ ਹੀ ਕੱਵਾਲੀ ਗਾਉਣ ਲੱਗ ਪਏ ਸਨ।12 ਮਾਰਚ,1964 ਨੂੰ ਨਿੱਕੇ ਨੁਸਰਤ 'ਤੇ ਦੁੱਖਾਂ ਦਾ ਪਹਾੜ ਉਦੋਂ ਟੁੱਟਿਆਂ ਜਦੋਂ ਪਿਤਾ ਫਤਿਹ ਅਲੀ ਖਾਨ ਫੌਤ ਹੋ ਗਏ। ਪਰ ਹਿੰਮਤ ਨਾਂ ਹਾਰਦੇ ਹੋਏ ਨੁਸਰਤ ਸਾਹਿਬ ਨੇਂ ਗਾਉਣਾਂ ਜਾਰੀ ਰੱਖਿਆ। ਆਪ ਨੇਂ ਕੱਵਾਲੀ ਨੂੰ ਨਵੇਂ ਰੰਗ ਤੇ ਨਵੀਆਂ ਸੇਧਾਂ ਦਿੱਤੀਆਂ। ਪਹਿਲਾਂ ਜੋ ਕੱਵਾਲੀਆਂ ਸਿਰਫ ਪੀਰਾਂ-ਫਕੀਰਾਂ ਦੀਆਂ ਮਜ਼ਾਰਾਂ ਤੇ ਦਰਗਾਹਾਂ ਤੱਕ ਹੀ ਸੀਮਿਤ ਸਨ ਨੁਸਰਤ ਸਾਹਿਬ ਨੇਂ ਉਹਨਾਂ ਕੱਵਾਲੀਆਂ ਨੂੰ ਪੂਰੇ ਸੰਸਾਰ ਵਿੱਚ ਮਕਬੂਲੀਅਤ ਦਿਵਾਈ। ਅੱਜ ਬਹੁਤ ਸਾਰੇ ਲੋਕ ਕੱਵਾਲੀ ਨੂੰ ਸ਼ੌਕ ਨਾਲ ਸੁਣਦੇ ਹਨ। ਨੁਸਰਤ ਸਾਹਿਬ ਸਾਹਿਤ-ਰਸੀਏ ਵੀ ਸਨ। ਉਹਨਾਂ ਨੇਂ ਬੁੱਲੇ ਸ਼ਾਹ ਦੀਆ ਲਿਖੀਆਂ ਕਾਫੀਆਂ ਗਾਈਆਂ ਅਤੇ ਸ਼ਾਹ ਹੁਸੈਨ ਦੇ ਕਲਾਮ ਵੀ ਗਾਏ।ਗੁਰੁ ਗੋਬੰਦ ਸਿੰਘ ਰਚਿਤ ਸ਼ਬਦ "ਮਿੱਤਰ ਪਿਆਰੇ ਨੂੰ" ਅਤੇ ਗੁਰਬਾਣੀਂ ਦੇ ਕਈ ਹੋਰ ਰੂਪ ਵੀ ਨੁਸਰਤ ਸਾਹਿਬ ਨੇਂ ਗਾਏ। ਕਾਫੀਆਂ ਵਿੱਚੋਂ "ਮੇਰਾ ਪਿਆਂ ਘਰ ਆਇਆਂ" ਕਾਫੀ ਹਿੱਟ ਰਹੀ ਹੈ।ਨੁਸਰਤ ਸਾਹਿਬ ਨੇਂ ਪੰਜਾਬੀ ਦੇ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਨੂੰ ਵੀ ਆਵਾਜ਼ ਵੀ ਦਿੱਤੀ ਜਿਵੇਂ "ਮਾਏ ਨੀ ਮਾਏ" ਬੜਾ ਮਸ਼ਹੂਰ ਹੋਇਆ।"ਚਰਖੇ ਦੇ ਹਰ ਹਰ ਗੇੜੇ", "ਕਿਸੇ ਦਾ ਯਾਰ ਨਾਂ ਵਿੱਛੜੇ", "ਕਿੰਨਾਂ ਸੋਹਣਾਂ", "ਦਮ ਮਸਤ ਕਲੰਦਰ", ਨੁਸਰਤ ਸਾਹਿਬ ਦੇ ਚਰਚਿਤ ਗੀਤਾਂ ਵਿੱਚੋਂ ਹਨ। ਨੁਸਰਤ ਸਾਹਿਬ ਦੀ ਬਾਲੀਵੱਡ ਵਿੱਚ ਪੂਰੀ ਧਾਕ ਹੋਣ ਕਾਰਨ ਬਾਲੀਵੁੱਡ ਦੇ ਸਾਰੇ ਮਿਉਜ਼ਕ ਡਾਇਰੈਕਟਰਾਂ ਦੀ ਪਹਿਲੀ ਪਸੰਦ ਨੁਸਰਤ ਸਾਹਿਬ ਬਣ ਚੁੱਕੇ ਸਨ। ਬਾਲੀਵੁੱਡ ਦੀਆਂ ਫਿਲਮਾਂ ਵਿੱਚ ਨੁਸਰਤ ਸਾਹਿਬ ਦੇ ਗੀਤ ਆਉਣੇ ਸ਼ੁਰੂ ਹੋ ਗਏ।"ਕੱਚ ਧਾਗੇ" "ਕਾਰਤੂਸ","ਬੈਂਡਿੰਟ-ਕੁਈਨ","ਔਰ ਪਿਆਰ ਹੋ ਗਿਆ" ਆਦਿ ਫਿਲਮਾਂ ਦੇ ਗੀਤ ਬੜੇ ਹਰਮਨ ਪਿਆਰੇ ਹੋ ਗਏ । 'ਕੱਚੇ ਧਾਗੇ' ਫਿਲਮ ਦਾ ਮਿਊਜ਼ਕ ਆਪਣੇ ਹੱਥ ਵਿੱਚ ਲੈਣ ਤੋਂ ਬਾਅਦ ਨੁਸਰਤ ਸਾਹਿਬ ਨੇਂ ਪਹਿਲੀ ਵਾਰ ਪੰਜਾਬੀ ਗਾਇਕ ਹੰਸ ਰਾਜ਼ ਹੰਸ ਨੂੰ ਕਿਸੇ ਹਿੰਦੀ ਫਿਲਮ ਵਿੱਚ ਗਾਉਣ ਦਾ ਮੌਕਾ ਦਿੱਤਾ।ਅਲਕਾ ਯਾਗਨਿਕ ਤੇ ਹੰਸ ਰਾਜ਼ ਹੰਸ ਦੀ ਆਵਾਜ਼ ਵਿੱਚ ਗਾਇਆ ਦੋਗਾਣਾਂ "ਇਸ਼ਕ ਦੀ ਗਲੀ" ਅੱਜ ਵੀ ਸਦਾ ਬਾਹਾਰ ਹੈ ਇਹ ਨੁਸਰਤ ਸਾਹਿਬ ਦੇ ਸੰਗੀਤ ਦਾ ਹੀ ਕਮਾਲ ਹੀ ਹੈ ਕਿ ਅੱਜ ਪੂਰੀ ਦੁਨੀਆਂ ਨੁਸਰਤ ਸਾਹਿਬ ਦੀਆਂ ਬਣਾਈਆਂ ਹੋਈਆਂ ਤਰਜ਼ਾਂ ਚੋਰੀ ਕਰਦੀ ਹੈ। ਨੁਸਰਤ ਸਾਹਿਬ ਨੇਂ ਜਾਵੇਦ ਅਖਤਰ ਨਾਲ ਇੱਕ ਐਲਬਮ ਕੀਤਾ ਜਿਸ ਦਾ ਇੱਕ ਗੀਤ "ਆਫਰੀਨ-ਆਫਰੀਨ" ਬੜਾ ਹਿੱਟ ਹੋਇਆ। ਨੁਸਰਤ ਸਾਹਿਬ ਨੇਂ ਜਾਵੇਦ ਅਖਤਰ ਤੇ ਪ੍ਰਸਿੱਧ ਮਿਊਜ਼ਕ ਡਾਇਰੈਕਟਰ ਏ.ਆਰ ਰਹਿਮਾਨ ਨਾਲ ਇੱਕ ਐਗਰੀਮੈਂਟ ਵੀ ਸਾਇਨ ਕੀਤਾ ਸੀ। ਜਿਸ ਦੇ ਤਹਿਤ ਨੁਸਰਤ ਸਾਹਿਬ ਨੇਂ ਜਾਵੇਦ ਅਖਤਰ ਦੇ ਲਿਖੇ ਗੀਤਾਂ ਨੂੰ ਏ.ਆਰ ਰਹਿਮਾਨ ਦੇ ਮਿaੈਜ਼ਕ ਵਿੱਚ ਗਾਉਣਾਂ ਸੀ। ਨੁਸਰਤ ਸਾਹਿਬ ਦੇ ਸੰਗੀਤ ਦੀ ਤਾਕਤ ਨੂੰ ਦੇਖਦਿਆਂ ਇੱਕ ਵਾਰ ਜਾਪਾਨ ਦੇ ਵਿਗੀਆਨੀਆਂ ਨੇਂ ਜਾਪਾਨ ਵਿੱਚ ਉਹਨਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਇੱਕ ਵਿਸ਼ਾਲ ਪਹਾੜ ਦੀ ਚੋਟੀ ਉੱਪਰ ਲਿਜ਼ਾ ਕੇ ਇੱਕ ਪ੍ਰੀਖਣ ਕੀਤਾ ਸੀ। ਨੁਸਰਤ ਸਾਹਿਬ ਨੇਂ ਕਈ ਰਾਗ ਅਤੇ ਰਾਗਨੀਆਂ ਦੀ ਰਚਨਾਂ ਵੀ ਕੀਤੀ। ਜਿੰਨਾਂ ਉੱਪਰ ਸਾਇੰਸਦਾਨਾਂ ਨੇਂ ਖੋਜ਼ ਵੀ ਕੀਤੀ ਹੈ।ਨੁਸਰਤ ਸਾਹਿਬ ਦੀ ਸੰਗੀਤਕ ਪ੍ਰਤਿਭਾ ਨੂੰ ਦੇਖਦਿਆਂ ਹੀ ਅਮਰੀਕਾ ਦੀ ਇੱਕ ਯੂਨੀਵਰਸਿਟੀ ਨੇਂ ਉਹਨਾਂ ਨੂ ਸੰਗੀਤ ਵਿਭਾਗ ਦਾ ਪ੍ਰੋਫੈੱਸਰ ਨਿਯੁਕਤ ਕੀਤਾ ਸੀ। ਆਪ ਅਕਸਰ ਉੱਥੇ ਸੰਗੀਤ ਦੀ ਤਾਲੀਮ ਦੇਣ ਜਾਇਆ ਕਰਦੇ ਸਨ।
8 ਅਗਸਤ 1997 ਨੂੰ ਪਾਕਿਸਤਾਨ ਟੈੱਲੀਵਿਜ਼ਨ (ਪੀ.ਟੀ.ਵੀ) ਲਈ ਇੱਕ ਗੀਤ ਰਿਕਾਰਡ ਕਰਵਾਉਣ ਪਿੱਛੋਂ ਨੁਸਰਤ ਸਾਹਿਬ ਲੰਡਨ ਲਈ ਰਾਵਾਨਾ ਹੋ ਗਏ। ਅਤੇ ਇੱਕ ਹਫਤੇ ਬਾਅਦ ਲੰਡਨ ਦੇ "ਕਾਮਨ-ਵੈਲਥ" ਹਸਪਤਾਲ ਵਿੱਚ ਨੁਸਰਤ ਸਾਹਿਬ ਫੌਤ ਗਏ।
16 ਅਗਸਤ 1997 ਨੂੰ ਸਾਡੇ ਹਰ ਦਿਲ ਅਜ਼ੀਜ਼,ਕਰੋੜਾਂ ਦਿਲਾਂ ਦੀ ਧੜਕਣ,ਬੁਲੰਦ ਆਵਾਜ਼ ਦੇ ਮਾਲਿਕ,ਕੱਵਾਲੀ ਦੇ ਸ਼ਹਿਨਸ਼ਾਹ ਸਾਨੂੰ ਸਭ ਨੂੰ ਰੋਂਦਿਆ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
Salaam Nusrat Sahib
ReplyDelete