ਇਹ ਗੱਲ ਉੱਨੀ ਸੌ ਬਾਠ੍ਹ ਤ੍ਰੇਹਠ ਦੀ ਹੋਊ। ਹੱਦ ਚੌਂਹਟ ਦੀ। ਨਕੋਦਰ ਤਸੀਲ ਦੇ ਪਛੜੇ ਇਲਾਕੇ ਦਾ ਪਿੰਡ - ਉੱਧੋਵਾਲ। ਅਸੀਂ ਪਿੰਡ ਦੇ ਪ੍ਰਾਇਮਰੀ ਸਕੂਲੇ ਹੀ ਪੜ੍ਹਦੇ ਸੀ।ਸਕੂਲ ਘਰ ਤੋਂ ਕੁਝ ਕਰਮਾਂ ਦੀ ਵਿੱਥ 'ਤੇ ਈ ਸੀ।ਘਰ ਚ ਗੰਗਾ ਵਗਦੀ ਸੀ। ਸਕੂਲ ਦੇ ਸਾਰੇ ਮਾਸਟਰ ਲਾਗੇ ਬੰਨੇ ਦੇ ਸੀ। ਇੱਕ ਮੁੰਡਾ ਪਿੰਡ ਦਾ ਵੀ ਆ ਲੱਗਿਆ ਸੀ। ਫਿਰ ਇਕ ਮਾਸਟਰਾਣੀ ਆ ਗਈ, ਨੇੜਲੇ ਪਿੰਡ ਦੀ। ਪਿੰਡ ਦਾ ਮਾਸਟਰ ਨਵੀਂ-ਨਵੀਂ ਜੇ ਬੀਟੀ ਕਰਕੇ ਆਇਆ ਸੀ। ਸੋਹਣਾ ਜੁਆਨ। ਤੇਜ਼ ਤਰਾਰ। ਕਪਰੀਆਂ ਅੱਖਾਂ ਵਾਲ਼ਾ। ਨਾਂ ਸੀ ਅਵਤਾਰ। ਅਵਤਾਰ ਸਿੰਘ ਸੰਘਾ ਸਪੁੱਤਰ ਪਾਖਰ ਸਿੰਘ। ਪਿੰਡ ਵਾਲੇ ਸਾਰੇ ਇਹ ਨੂੰ ਤਾਰ ਕਹਿੰਦੇ ਸੀ ਜਾਂ ਮਾਸਟਰ ਤਾਰ। ਸਾਡੇ ਲਈ ਇਹ ਭਾਜੀ ਸੀ; ਕਈ ਵੱਧ ਮਾਣ ਦੇਣ ਲਈ ਇਹ ਨੂੰ ਭਾਅਜੀ ਜੀ ਜੀ ਕਹਿ ਕੇ ਵੀ ਬਲਾਉਂਦੇ । ਭਾਅ ਜੀ ਦਾ ਘਰ ਸਕੂਲ ਤੋਂ ਸੌ ਡੇੜ ਸੌ ਕਰਮਾਂ ਤੇ ਹੋਓੂਗਾ। ਐਨ ਬੂਹਿਆਂ ਦੇ ਸਾਹਮਣੇ ਕਰਕੇ। ਏਦੂੰ ਨੇੜੇ ਨੌਕਰੀ ਕਿਸੇ ਨੂੰ ਨਹੀਂ ਲੱਭਣੀ। ਫਿਰ ਇਨ੍ਹਾਂ ਜ਼ਮੀਨ ਦੀ ਅਦਲਾ ਬਦਲੀ ਕਰ ਲਈ। ਨਾਲ਼-ਦੇ ਪਿੰਡ ਚਲੇ ਗਏ।ਵੱਸੋਂ ਵੀ ਖੂਹ 'ਤੇ ਹੀ ਕਰ ਲਈ। ਭਾਅਜੀ, ਕੰਮੀਆਂ ਦੇ ਮੁੰਡਿਆਂ ਤੋਂ ਪੜ੍ਹਾਈ ਵੱਟੇ ਵਗ਼ਾਰਾਂ ਵੀ ਕਰਵਾ ਲੈਂਦਾ ਸੀ। ਭਾਅ ਜੀ ਨੇ ਮੁੰਡਿਆਂ ਤੋਂ ਮੱਕੀ ਵਢਾ ਲੈਣੀ ਜਾਂ ਕਣਕ ਨੂੰ ਗੋਡੀ ਕਰਵਾ ਲੈਣੀ। ਉਹ ਵੀ ਜੁਗਤ ਨਾਲ। ਮੁੰਡਿਆਂ ਖੁ ਸ਼ੀ ਖੁਸ਼ੀ ਹੁਕਮ ਮੰਨਣਾ। ਭੱਜ ਭੱਜ ਕੰਮ ਕਰਨਾ। ਭਾਅ ਜੀ ਨੇ ਕੰਮ ਸਿਰਫ਼ ਅੱਧੀ ਦਿਹਾੜੀ ਕਰਾਉਣਾ।...