ਪੰਜਾਬ ਦਾ ਮੋਗਾ ਕਾਂਡ ਅਤੇ ਸਲਮਾਨ ਨੂੰ ਹੋਈ ਸਜਾ


ਮੁਲਕ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੂੰ ਵਧਾਈ ਦੇਣ ਅਤੇ ਮਿਲਣ ਵਾਲਿਆਂ ਵਿੱਚ ਸਲਮਾਨ ਵੀ ਇੱਕ ਸੀ।ਟੀਵੀ 'ਤੇ ਦੋਵਾਂ ਨੂੰ ਜੱਫ਼ੀਆਂ ਪਾਉਂਦਿਆਂ ਨੂੰ ਮੀਡੀਆ ਵਾਲੇ ਸਾਰਾ ਦਿਨ ਵਿਖਾਉਂਦੇ ਰਹੇ। ਇਹ ਵੀ ਉਹ ਵੇਲਾ ਸੀ ਜਦੋਂ ਸਲਮਾਨ 'ਤੇ ਇੱਕ ਗਰੀਬ ਬੰਦੇ ਨੂੰ ਆਪਣੀ ਗੱਡੀ ਹੇਠਾਂ ਸ਼ਰਾਬ ਦੇ ਨਸ਼ੇ ਵਿੱਚ ਦਰੜ ਦੇਣ ਦਾ ਕੇਸ ਚੱਲ ਰਿਹਾ ਸੀ। ਇਹ ਉਹ ਦੌਰ ਵੀ ਸੀ ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਗੁਜਰਾਤ ਦੇ 2002 ਦੇ ਦੰਗਿਆਂ ਬਾਬਤ ਕੇਸ ਚੱਲ ਰਿਹਾ ਸੀ।  ਖੈਰ ਇਸ ਤੋਂ ਪਹਿਲਾਂ ਸਲਮਾਨ ਨੇ ਨਰਿੰਦਰ ਮੋਦੀ ਨਾਲ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਪਤੰਗ ਵੀ ਉਡਾਈ ਸੀ।
ਪ੍ਰਧਾਨ ਮੰਤਰੀ ਅਤੇ ਸਲਮਾਨ ਖਾਨ ਰਲ ਕੇ ਪਤੰਗ ਉਡਾਉਂਦੇ ਹੋਏ
ਉਸ ਵੇਲੇ ਕਿਸੇ ਨੇ ਇਹ ਸੁਆਲ ਨਾ ਤਾਂ ਸਲਮਾਨ ਨੂੰ ਕੀਤਾ ਕਿ ਉਹ ਦੰਗਿਆਂ ਦੇ ਇਲਜ਼ਾਮ ਝੱਲ ਰਹੇ ਮੋਦੀ ਨਾਲ ਪਤੰਗ ਕਿਉਂ ਚੜ੍ਹ ਰਿਹਾ ਹੈ, ਨਾ ਹੀ ਨਰਿੰਦਰ ਮੋਦੀ ਨੂੰ ਕੀਤਾ ਕਿ ਉਹ ਇੱਕ ਕਤਲ ਕਰਨ ਦੇ ਇਲਜ਼ਾਮ ਸਹੇੜ੍ਹੇ ਹੋਏ ਬੰਦੇ ਨਾਲ ਜੱਫ਼ੀਆਂ ਕਿਉਂ ਪਾ ਰਿਹਾ ਹੈ ? ਖੈਰ! ਸਲਮਾਨ ਨੂੰ ਸਜਾ ਹੋ ਗਈ ਹੈ। ਕਈਆਂ ਨੂੰ ਦੁੱਖ ਹੈ ਇਸ ਗੱਲ ਦਾ ਕਿ ਸਜਾ ਕਿਉਂ ਹੋਈ। ਕਈ ਇਸ ਕਰਕੇ ਦੁਖੀ ਹਨ ਕਿ ਉਹ ਸਲਮਾਨ ਨੂੰ ਇੱਕ ਸਿਤਾਰਾ ਮੰਨਦੇ ਹਨ ਅਤੇ ਉਸ ਦੀਆਂ ਫ਼ਿਲਮਾਂ ਦੇ ਪ੍ਰਸੰਸ਼ਕ ਵੀ ਹਨ ਅਤੇ ਕੁਝ ਕੁ ਨੂੰ ਸਲਮਾਨ ਦੀਆਂ ਸੈੱਟ 'ਤੇ ਚੱਲ ਰਹੀਆਂ ਫ਼ਿਲਮਾਂ ਦੇ ਨੁਕਸਾਨ ਦਾ ਜ਼ਿਆਦਾ ਫ਼ਿਕਰ ਲੱਗਿਆ ਹੋਇਆ ਹੈ।ਇਹੀ ਲੋਕ ਸਲਮਾਨ ਨੂੰ ਦਬੰਗ ਖਾਨ ਦੇ ਵਿਸ਼ੇਸ਼ਣਾਂ ਨਾਲ ਨਿਵਾਜ਼ਦੇ ਹਨ ਅਤੇ ਮਾਣ ਵੀ ਦਿੰਦੇ ਹਨ ਇਸ ਮਾਮਲੇ ਵਿੱਚ ਭਾਰਤੀ ਮੀਡੀਆ ਨੇ ਆਪਣਾ ਬਣਦਾ ਯੋਗਦਾਨ ਵੀ ਪਾਇਆ ਹੈ।
ਸਲਮਾਨ
ਮੁੰਬਈ ਅਤੇ ਬਾਲੀਵੁੱਡ ਫ਼ਿਲਮ ਮੰਡੀ ਵਿੱਚ ਸਲਮਾਨ ਦੀ ਤੂਤੀ ਬੋਲਦੀ ਹੈ। ਸਲਮਾਨ ਦੀਆਂ ਬੀਤੀਆਂ ਕਈ ਫ਼ਿਲਮਾਂ ਸੋ ਕਰੋੜ ਦੇ ਕਲੱਬ ਵਿੱਚ ਸ਼ਾਮਲ ਦੱਸੀਆਂ ਜਾਂਦੀਆਂ ਰਹੀਆਂ ਹਨ। ਇਸ ਪੈਸੀ ਦੀ ਹੈਂਕੜ ਅਤੇ ਮੰਡੀ ਵਿੱਚ ਸਰਦਾਰੀ ਨੂੰ ਕਿਸੇ ਤਰ੍ਹਾ ਵੀ ਸੱਤ੍ਹਾ ਦੇ ਦਾਇਰੇ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ। ਸਲਮਾਨ ਇਸ ਗੱਲ ਦਾ ਦੋਸ਼ੀ ਮੰਨਿਆ ਗਿਆ ਹੈ ਕਿ ਉਸ ਨੇ ਸ਼ਰਾਬ ਦੇ ਨਸ਼ੇ ਵਿੱਚ ਫੁੱਟਪਾਥ 'ਤੇ ਸੌਂ ਰਹੇ ਲੋਕਾਂ 'ਤੇ ਗੱਡੀ ਚੜ੍ਹਾ ਦਿੱਤੀ ਸੀ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਸ਼ਰਾਬ ਦੇ ਨਸ਼ੇ ਨੂੰ ਸੱਤ੍ਹਾ ਦੇ ਨਸ਼ੇ ਨਾਲ ਜੋੜ ਕੇ ਕਿਉਂ ਨਹੀਂ ਵੇਖਿਆ ਜਾ ਰਿਹਾ ? ਇਸ ਨਸ਼ੇ ਦੀ ਤਸਦੀਕ ਪੰਜਾਬ ਵਿੱਚ ਮੋਗਾ ਕਾਂਡ ਦੁਆਰਾ ਪੁਖ਼ਤਾ ਢੰਗ ਨਾਲ ਹੁੰਦੀ ਹੈ।ਸ਼ਰਾਬ ਦੇ ਨਸ਼ੇ ਵਿੱਚ ਸਲਮਾਨ ਨੇ ਇੱਕ ਵਿਅਕਤੀ ਦਾ ਕਤਲ ਕੀਤਾ ਅਤੇ ਦੂਜੇ ਪਾਸੇ ਸੱਤ੍ਹਾ ਦੇ ਨਸ਼ੇ ਵਿੱਚ ਮੋਗਾ ਦੀ ਨਾਬਾਲਗ ਕੁੜੀ ਦੀ ਜਾਨ ਲਈ ਗਈ। ਇਨ੍ਹਾ ਦੋਵੇਂ ਘਟਨਾਵਾਂ ਵਿੱਚ ਆਮ ਲੋਕਾਂ ਦਾ ਰਵੱਈਆ ਵੱਖੋ ਵੱਖਰਾ ਨਜ਼ਰ ਆ ਰਿਹਾ ਹੈ। ਇੱਕ ਪਾਸੇ ਸ਼ਰਾਬ ਦੇ ਨਸ਼ੇ ਵਿੱਚ ਸਲਮਾਨ ਨੇ ਇੱਕ ਵਿਅਕਤੀ ਦਾ ਕਤਲ ਕੀਤਾ ਅਤੇ ਦੂਜੇ ਪਾਸੇ ਸੱਤ੍ਹਾ ਦੇ ਨਸ਼ੇ ਵਿੱਚ ਮੋਗਾ ਦੀ ਨਾਬਾਲਗ ਕੁੜੀ ਦੀ ਜਾਨ ਲਈ ਗਈ। ਇਨ੍ਹਾ ਦੋਵੇਂ ਘਟਨਾਵਾਂ ਵਿੱਚ ਆਮ ਲੋਕਾਂ ਦਾ ਰਵੱਈਆ ਵੱਖੋ ਵੱਖਰਾ ਨਜ਼ਰ ਆ ਰਿਹਾ ਹੈ। ਮੋਗਾ ਕਾਂਡ 'ਤੇ ਸੰਸਦੀ ਪਾਰਟੀਆਂ ਦੀ  ਸਿਆਸੀ ਪ੍ਰੈਕਟਿਸ ਤੇਜ਼ ਹੋਈ ਹੈ ਅਤੇ ਸਲਮਾਨ ਦੇ ਮਾਮਲੇ ਵਿੱਚ ਅਵਾਮ ਦੀ ਸਿਆਸੀ ਚੇਤਨਾ ਦੀ ਪਰਖ਼ ਵੀ ਹੋਈ ਹੈ।ਮੌਜੂਦਾ ਦੌਰ ਵਿੱਚ ਇੱਕ ਧਿਰ ਲੁੱਟੇ ਜਾਣ ਵਾਲਿਆਂ ਦੀ ਹੈ ਅਤੇ ਦੂਜੀ ਲੁੱਟਣ ਵਾਲਿਆਂ ਦੀ ਅਤੇ ਇਨ੍ਹਾਂ ਧਿਰਾਂ ਵਿੱਚ ਲੁੱਟਣ ਵਾਲੀ ਧਿਰ ਦੀ ਮੂੰਹਜ਼ੋਰ ਸਿਆਸਤ ਨੇ ਅਵਾਮੀ ਸਿਆਸੀ ਚੇਤਨਾ ਨੂੰ ਖੁੱਡੇਲਾਈਨ ਲਾਇਆ ਹੈ।ਜਿੱਥੇ ਇੱਜਤ ਅਤੇ ਇਨਸਾਫ਼ ਨੂੰ ਨੋਟਾਂ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ।ਸਾਡੇ ਸਮਾਜ ਦਾ ਸਿਆਸੀ ਖਾਸਾ ਬਣ ਚੁੱਕਿਆ ਹੈ ਮਾਂ ਅਤੇ ਭੈਣ ਦੀ ਇੱਜਤ ਨੂੰ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ। ਗਰੀਬਾਂ ਦੇ ਇਨਸਾਨ ਹੋਣ 'ਤੇ ਵੀ ਸੁਆਲ ਉਠਾਇਆ ਜਾ ਰਿਹਾ ਹੈ।ਆਖ਼ਰ ਨੁਕਸ ਕਿੱਥੇ ਹੈ ? ਸਾਡਿਆਂ ਧਰਮਾਂ ਵਿੱਚ ਮਾਂ ਦੀ ਪੂਜਾ ਕੀਤੀ ਜਾਂਦੀ ਹੈ ਧੀਆਂ ਨੂੰ ਧਿਆਣੀਆਂ ਦਾ ਦਰਜਾ ਦੇ ਕੇ ਧਿਆਇਆ ਜਾਂਦਾ ਹੈ।ਪਰ ਇਹ ਉਹੀ ਸਮਾਜ ਹੈ ਜੋ ਉਨ੍ਹਾਂ ਹੀ ਪੂਜਣਯੋਗ ਮਾਵਾਂ ਅਤੇ ਧਿਆਣੀਆਂ ਦਾ ਸੌਦਾ ਕਰਦਾ ਆਇਆ ਹੈ।ਮੁੱਖ ਮੰਤਰੀ ਅਤੇ ਉਨ੍ਹਾਂ ਦੇ ਹੋਰਨਾਂ ਸਿਆਸੀ ਕਾਰਕੁਨਾਂ ਦਾ ਲਹਿਜ਼ਾ ਅਤੇ ਬਿਆਨਾਂ ਦੀ ਸ਼ਬਦਾਵਲੀ ਸੁਆਲਾਂ ਦੇ ਘੇਰੇ ਵਿੱਚ ਹੈ।ਅਕਾਲੀ ਲੀਡਰ ਸੁਰਜੀਤ ਸਿੰਘ ਰੱਖੜਾ ਨੂੰ ਮੋਗਾ ਕਾਂਡ ਦੀ ਘਟਨਾ ਕੁਦਰਤੀ ਕਰੋਪੀ ਵਰਗੀ ਲਗਦੀ ਹੈ। ਪਰ ਮੰਤਰੀ ਸਾਹਿਬ ਨੂੰ ਕੌਣ ਸਮਝਾਵੇ ਕਿ ਕੁਦਰਤ ਬੱਸਾਂ ਨਹੀਂ ਚਲਾਉਂਦੀ ਨਾ ਹੀ ਬੱਸਾਂ ਵਿੱਚ ਚੜ੍ਹ ਕੇ ਟਿਕਟਾਂ ਕੱਟਦੀ ਹੈ। ਦੂਜੇ ਪਾਸੇ ਮੋਗਾ ਦੇ ਵਿਧਾਇਕ ਜੋਗਿੰਦਰਪਾਲ ਜੈਨ ਨੇ ਮਾਮਲੇ ਨੂੰ ਅਦਾਲਤ ਤੋਂ ਬਾਹਰ ਨਿਪਟਾਉਣ ਦੀ ਗੱਲ ਕਹਿ ਦਿੱਤੀ। ਵਿਰੋਧੀ ਸਿਆਸੀ ਪਾਰਟੀਆਂ ਦੀ ਇਸ ਮਸਲੇ 'ਤੇ ਆਪਣੀ ਅਕਲ ਅਤੇ ਸਿਆਸੀ ਪੈਂਤੜੇਬਾਜ਼ੀ ਦਾ ਸੁਆਲ ਹੈ ਪਰ ਆਮ ਸ਼ਹਿਰੀਆਂ ਲਈ ਇਹ ਵੱਖਰਾ ਮਸਲਾ ਹੈ।ਇਸੇ ਮਾਮਲੇ ਵਿੱਚ ਓਰਬਿਟ ਬੱਸਾਂ ਵਿੱਚ ਅਜੇ ਵੀ ਸਫ਼ਰ ਕਰਨ ਦੇ ਚਾਹਵਾਨਾਂ ਦੀ ਸਿਆਸੀ ਸਮਝ 'ਤੇ ਸੁਆਲ ਕਰਨੇ ਬਣਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲੋਕ ਪੱਖੀ ਜਾਂ ਸੱਤ੍ਹਾ ਪੱਖੀ ਖਾਸੇ ਦੀ ਪਹਿਚਾਣ ਕਰਨੀ ਬਣਦੀ ਹੈ।
ਮੋਗਾ ਬੱਸ ਕਾਂਡ ਦਾ ਪੀੜਤ ਪਰਿਵਾਰ
ਸਲਮਾਨ ਦੇ ਮਾਮਲੇ ਵਿੱਚ ਅਵਾਮੀ ਸੋਚ ਨੂੰ ਉਸ ਨਜ਼ਰੀਏ ਤੋਂ ਵੇਖਿਆ ਜਾਣਾ ਚਾਹੀਦਾ ਹੈ ਜੋ ਬਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਹੈ।ਇਸ ਦੇ ਨਾਲ ਹੀ  ਫ਼ਿਲਮਸਾਜ਼ਾਂ,ਹਦਾਇਤਕਾਰਾਂ ਅਤੇ ਅਦਾਕਾਰਾਂ ਦੀ ਸੋਚ, ਸਮਝ ਅਤੇ ਸਿਆਸੀ ਪੈਂਤੜੇ ਨੂੰ ਵੀ ਧਿਆਨ ਵਿੱਚ ਰੱਖ ਕੇ ਵੇਖਿਆ ਜਾਣਾ ਚਾਹੀਦਾ ਹੈ। ਮੋਗਾ ਕਾਂਡ ਨੂੰ ਮੁਕਾਮੀ ਅਤੇ ਕੌਮੀ ਪੱਧਰ ਦੇ ਮੀਡੀਆ ਨੇ ਬਣਦੀ ਤਰਜ਼ੀਹ ਦਿੱਤੀ ਪਰ ਕਿਸੇ ਵੀ ਬਾਲੀਵੁੱਡ ਅਦਾਕਾਰ, ਫ਼ਿਲਮਸਾਜ਼ ਜਾਂ ਹਦਾਇਤਕਾਰ ਨੇ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ ਕਿਉਂ? ਇਸ ਦੇ ਉਲਟ ਸਲਮਾਨ ਦੇ ਮਾਮਲੇ ਵਿੱਚ ਬਾਲੀਵੁੱਡ ਗਾਇਕ ਅਭਿਜੀਤ ਫੁੱਟਪਾਥ 'ਤੇ ਸੌਣ ਵਾਲਿਆਂ ਨੂੰ ਕੁੱਤਿਆਂ ਦੇ ਬਰਾਬਰ ਵੇਖਦਾ ਹੈ।ਕੀ ਇਹ ਦੋਗਲਾ ਰਵੱਈਆ ਨਹੀਂ? ਮੁਲਕ ਵਿੱਚ ਇਕੱਲਾ ਮੋਗਾ ਹੀ ਨਹੀਂ ਆਏ ਦਿਨ ਬਲਾਤਕਾਰ ਹੁੰਦੇ ਹਨ, ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਹੁੰਦੀਆਂ ਹਨ।ਅਭਿਜੀਤ ਵਰਗੇ ਲੋਕ ਉਸ ਸਮੇਂ ਮੁਲਕ ਦੇ ਹਾਲਾਤਾਂ ਦੀ ਚਰਚਾ ਕਿਉਂ ਨਹੀਂ ਕਰਦੇ? ਅਭਿਜੀਤ ਵਰਗੇ ਲੋਕ ਵੀ ਠੀਕ ਉਸੇ ਮਾਨਸਿਕ ਬਿਮਾਰੀ ਤੋਂ ਪੀੜਤ ਹਨ ਜੋ ਗਰੀਬੀ ਨਹੀਂ ਗਰੀਬ ਹਟਾਉ ਦੀ ਵਕਾਲਤ ਕਰਦੀ ਹੈ। ਮੋਗਾ ਬੱਸ ਕਾਂਡ ਵਿੱਚ ਇੱਕ ਗਰੀਬ ਦੀ ਧੀ ਮਾਰੀ ਗਈ ਬੱਸ ਸੱਤ੍ਹਾ ਦੇ ਨਸ਼ੇ ਵਿੱਚ ਆਏ ਹੋਏ ਉਪ ਮੁੱਖ ਮੰਤਰੀ ਦੀ ਸੀ ਅਤੇ ਦੂਜੇ ਪਾਸੇ ਸਲਮਾਨ ਨੇ ਸ਼ਰਾਬ ਦੇ ਨਸ਼ੇ ਵਿੱਚ ਇੱਕ ਗਰੀਬ ਨੂੰ ਦਰੜਿਆ ਗੱਡੀ ਸਲਮਾਨ ਦੀ ਅਤੇ ਚਲਾ ਵੀ ਉਹ ਖੁਦ ਰਿਹਾ ਸੀ। ਸਲਮਾਨ ਨੂੰ ਪੰਜ ਸਾਲ ਦੀ ਕੈਦ ਸੁਣਾਈ ਗਈ ਹੈ ਕਿਉਂ ਕਿ ਉਹ ਗੱਡੀ ਖੁਦ ਚਲਾ ਰਿਹਾ ਸੀ।ਇਸ ਤੋਂ ਉਲਟ ਮੋਗਾ ਕਾਂਡ ਦੇ ਪੀੜਤ ਪਰਿਵਾਰ ਨੂੰ ਲੱਖਾਂ ਰੁਪਿਆਂ ਦੇ ਹੇਠਾਂ ਦਬਾ ਕੇ ਚੁੱਪ ਕਰਵਾ ਦਿੱਤਾ ਗਿਆ ਹੈ। ਮੋਗਾ ਬੱਸ ਕਾਂਡ ਵਿੱਚ ਸਜਾ ਦਾ ਹੱਕਦਾਰ ਕਿਸ ਨੂੰ ਹੋਣਾ ਚਾਹੀਦਾ ਹੈ? ਕਤਲ ਦੀ ਨੈਤਿਕ ਜਿੰਮੇਵਾਰੀ ਕੌਣ ਲਵੇਗਾ? ਇਸ ਦੇ ਨਾਲ ਹੀ ਇੱਕ ਗੱਲ ਤਾਂ ਹੈ ਕਿ ਮਾਵਾਂ ਅਤੇ ਭੈਣਾਂ ਦੀ ਕੀਮਤ ਰੁਪਿਆਂ ਵਿੱਚ ਤਬਦੀਲ ਕਰਨ ਵਾਲਿਆਂ ਨੂੰ ਇਤਿਹਾਸ ਭੁੱਲ ਨਹੀਂ ਸਕਦਾ।

ਬਿੰਦਰਪਾਲ ਫ਼ਤਿਹ
ਸੰਪਰਕ: 94645-10678

No comments:

Post a Comment