ਅੱਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗੁ ਉਪਜਿਆ ਕੌਣ ਭਲੇ ਕੋ ਮੰਦੇ॥ ਗੁਰਬਾਣੀ ਦੀਆਂ ਇਹ ਸਤਰਾਂ ਸਭ ਨੇ ਸੁਣੀਆਂ ਹੋਣਗੀਆਂ ਇਨ੍ਹਾਂ ਉੱਤੇ ਅਮਲ ਦੀ ਗੱਲ ਹਰ ਸਿੱਖ ਜੋ ਕਿ ਪੰਜਾਬੀ ਵੀ ਹੈ, ਅਕਸਰ ਕਰਦਾ ਸੁਣਾਈ ਦਿੰਦਾ ਹੈ।ਇਨ੍ਹਾਂ ਦਾ ਅਰਥ ਵੀ ਸਭ ਨੂੰ ਪਤਾ ਹੀ ਹੈ।ਗੁਰੂਦੁਆਰਿਆਂ ਦੇ ਸਪੀਕਰਾਂ ਵਿੱਚੋਂ ਸੁਣਦੇ ਇਹ ਸ਼ਬਦ ਕਿਸੇ ਵੀ ਪੰਜਾਬੀ ਲਈ ਸੁਹਾਵਣੇ ਅਤੇ ਰੱਬੀ ਫ਼ਰਮਾਨ ਵਰਗੇ ਲਗਦੇ ਹਨ।ਪਰ ਪੰਜਾਬ ਵਿੱਚ ਉਹ ਪੰਜਾਬੀ ਵੀ ਵਸਦੇ ਹਨ ਜਿੰਨ੍ਹਾਂ ਨੂੰ ਹੁਣ ਇਸ ਦੇ ਮਤਲਬ ਸਮਝ ਆਉਣੇ ਸ਼ੁਰੂ ਹੋ ਗਏ ਹਨ ਅਤੇ ਜਿੰਨ੍ਹਾਂ ਨੂੰ ਹੁਣ ਇਨ੍ਹਾਂ ਸ਼ਬਦਾਂ ਦੇ ਅਰਥ ਦੋਬਾਰਾ ਕਰਨੇ ਪੈ ਰਹੇ ਹਨ।ਉਹ ਪੰਜਾਬੀ ਹਨ ਪੰਜਾਬ ਦੇ ਦਲਿਤ, ਜਿੰਨ੍ਹਾ ਲਈ ਇਹ ਸ਼ਬਦ ਉਸ ਕਵਿਤਾ ਵਰਗੇ ਹਨ ਜੋ ਕਵੀ ਨੂੰ ਤਾਂ ਮਹਾਨ ਬਣਾ ਦਿੰਦੀ ਹੈ ਪਰ ਜਿਸ ਬਾਰੇ ਲਿਖੀ ਜਾਂਦੀ ਹੈ ਉਸ ਦੀ ਹਾਲਤ ਜਿਉਂ ਦੀ ਤਿਉਂ ਰਹਿੰਦੀ ਹੈ। ਪੰਜਾਬ ਵਿੱਚ ਗੁਰੂਦੁਆਰਿਆਂ ਦਾ ਪਿੰਡਾਂ ਵਿੱਚ ਇੱਕ ਤੋਂ ਚਾਰ ਦੀ ਗਿਣਤੀ ਤੱਕ ਪਹੁੰਚਣਾ ਅੱਜ ਦੀ ਗੱਲ ਨਹੀਂ ਹੈ। ਮੇਰੀ ਉਮਰ ਦੇ ਤਿੰਨ ਦਹਾਕੇ ਪੂਰੇ ਹੋ ਗਏ ਹਨ। ਬਚਪਨ ਤੋਂ ਪਿੰਡ ਵਿੱਚ ਵੇਖਦਾ ਆਇਆ ਹਾਂ ਕਿ ਪਿੰਡ ਵਿੱਚ ਦੋ ਆਹਮੋ-ਸਾਹਮਣੇ ਅਤੇ ਦੋ ਵੱਖ-ਵੱਖ ਥਾਵਾਂ ਉੱਤੇ ਗੁਰੂਦੁਆਰੇ ਬਣੇ ਹੋਏ ਹਨ।ਪੰਜਾਬ ਵਿੱਚ ਅਕਸਰ ਆਖਿਆ ਜਾਂਦਾ ਹੈ ਕਿ ਇਹ ਗੁਰਾਂ ਦੇ ਨਾਮ ਉੱਤੇ ਵਸਦਾ ਹੈ ਪਰ ਸੱਚਾਈ ਕੀ ਹੈ ਇਸ ਤੋਂ ਪਾਸਾ ਹੀ ਵੱਟਿਆ ਜਾਂਦਾ ਰਿਹਾ ਹੈ। ਗੋਲਕਾਂ ਦੀ ਲੜ...