ਮੈਂ ਇੱਕ ਛੋਟੇ ਜਿਹੇ ਪਿੰਡ ਦਾ ਸਰਕਾਰੀ ਸਕੂਲ ਬੋਲਦਾ ਹਾਂ, ਮੈਂ ਹਾਰ ਕੇ ਆਪਣੀ ਹੱਡ ਬੀਤੀ ਸੁਣਾਉਣ ਲੱਗਾ ਹਾਂ ਕਿਉਂਕਿ ਮੈਂ ਹੁਣ ਆਖਰੀ ਸਾਹਾਂ ਤੇ ਹਾਂ ਅਤੇ ਮੈਂ ਆਪਣੇ ਵਾਰਸਾਂ ਨੂੰ ਆਖਰੀ ਵਾਰ ਮਿਲਣਾ ਚਾਹੁੰਦਾ ਹਾਂ। 60 ਕੁ ਸਾਲ ਪਹਿਲਾਂ ਪਿੰਡ ਦੇ ਸਰਪੰਚ ਨੇ ਨਿੱਕੇ ਬੱਚਿਆਂ ਲਈ ਮੇਰੀ ਪਹਿਲੀ ਤੋਂ ਪੰਜਵੀ ਤੱਕ ਪੜ੍ਹਨ ਲਈ ਸਰਕਾਰ ਤੋਂ ਮਨਜੂਰੀ ਲਈ ਅਤੇ ਦੋ ਕਮਰੇ ਦੀ ਇਮਾਰਤ ਬਣਾ ਜੇ ਪਿੰਡ ਦੇ ਮੁੱਢ ਵਿੱਚ, ਸੜਕ ਦੇ ਨਾਲ, ਮੇਰਾ ਢਾਂਚਾ ਖੜਾ ਕਰ ਦਿੱਤਾ। ਅਧਿਆਪਕਾਂ ਸਮੇਤ ਮੈਨੂੰ ਸੁਸ਼ੋਭਤ ਕੀਤਾ ਅਤੇ ਮੈਂ ਬੜੇ ਫਖਰ ਨਾਲ ਪੂਰੀ ਸੇਵਾ ਵਿੱਚ ਸਥਾਪਿਤ ਹੋ ਗਿਆ। ਆਪਣੇ ਪਿੰਡ ਦੇ ਨਿੱਕੇ ਬਾਲ ਬੱਚਿਆਂ ਨੂੰ ਤਰੱਕੀ ਕਰਦੇ ਦੇਖਣ ਲਈ ਭਲੇ ਜਮਾਨੇ ਸਨ। ਧੀਆਂ ਪੰਜ ਪੜ੍ਹ ਕੇ ਕੰਮ ਕਾਰ ਸਿੱਖਦੀਆਂ ਅਤੇ ਸਹੁਰੇ ਘਰ ਜਾ ਵਸਦੀਆਂ, ਪੁੱਤਰ ਕੁਝ ਕੁ ਪਿੰਡ ਦਾ ਕਾਰੋ ਬਾਰ ਸੰਭਾਲ ਲੈਂਦੇ ਅਤੇ ਹਰ ਸਾਲ ਵਿੱਚੋਂ ਇੱਕ ਦੋ ਕੋਈ ਸ਼ਹਿਰੀ ਜਾਂ ਨਾਲ ਦੇ ਪਿੰਡਾ ਦੇ ਵੱਡੇ ਸਕੂਲਾਂ ਤੋਂ ਪੜ੍ਹ ਕੇ ਸਰਕਾਰੀ ਨੌਕਰੀ ਤੱਕ ਵੀ ਅੱਪੜ ਜਾਂਦੇ। ਜਦੋਂ ਉਹ ਸੂਟਡ ਬੂਟਡ ਹੋ ਕੇ ਮੇਰੇ ਕੋਲ ਦੀ ਲੰਘਦੇ ਤਾਂ ਮੈਂ ਫੁੱਲਿਆ ਨਾਂ ਸਮਾਉਂਦਾ ਅਤੇ ਪਾਸੇ ਥੁੱਕ ਦਿੰਦਾ ਕਿਧਰੇ ਮੇਰੇ ਪੁੱਤਰਾਂ ਨੂੰ ਮੇਰੀ ਨਜ਼ਰ ਨਾਂ ਲੱਗ ਜਾਵੇ। ਮਨ ਹੀ ਮਨ ਉਹਨਾਂ ਦੀ ਖੁਸ਼ਹਾਲੀ ਦੀਆਂ ਦੁਆਵਾਂ ਕਰਦਾ। ਪਰ ਸਮੇਂ ਦੇ ਗੇੜ ਨਾਲ ਬੁਰੀ ਨਜ਼ਰ ਮੈਨੂੰ ਹੀ ਲੱਗ ਗਈ। ਮੈਂ ਪੰਜਵੀ ਤੋਂ ਅੱਠਵੀਂ ਦਾ ਤਾਂ ਹੋ ਗਿਆ, ਪਰ ਮੇ...