ਦਾਸਤਾਨ ਇੱਕ ਸਰਕਾਰੀ ਸਕੂਲ ਦੀ

ਮੈਂ ਇੱਕ ਛੋਟੇ ਜਿਹੇ ਪਿੰਡ ਦਾ ਸਰਕਾਰੀ ਸਕੂਲ ਬੋਲਦਾ ਹਾਂ, ਮੈਂ ਹਾਰ ਕੇ ਆਪਣੀ ਹੱਡ ਬੀਤੀ ਸੁਣਾਉਣ ਲੱਗਾ ਹਾਂ ਕਿਉਂਕਿ ਮੈਂ ਹੁਣ ਆਖਰੀ ਸਾਹਾਂ ਤੇ ਹਾਂ ਅਤੇ ਮੈਂ ਆਪਣੇ ਵਾਰਸਾਂ ਨੂੰ ਆਖਰੀ ਵਾਰ ਮਿਲਣਾ ਚਾਹੁੰਦਾ ਹਾਂ। 60 ਕੁ ਸਾਲ ਪਹਿਲਾਂ ਪਿੰਡ ਦੇ ਸਰਪੰਚ ਨੇ ਨਿੱਕੇ ਬੱਚਿਆਂ ਲਈ ਮੇਰੀ ਪਹਿਲੀ ਤੋਂ ਪੰਜਵੀ ਤੱਕ ਪੜ੍ਹਨ ਲਈ ਸਰਕਾਰ ਤੋਂ ਮਨਜੂਰੀ ਲਈ ਅਤੇ ਦੋ ਕਮਰੇ ਦੀ ਇਮਾਰਤ ਬਣਾ ਜੇ ਪਿੰਡ ਦੇ ਮੁੱਢ ਵਿੱਚ, ਸੜਕ ਦੇ ਨਾਲ, ਮੇਰਾ ਢਾਂਚਾ ਖੜਾ ਕਰ ਦਿੱਤਾ। ਅਧਿਆਪਕਾਂ ਸਮੇਤ ਮੈਨੂੰ ਸੁਸ਼ੋਭਤ ਕੀਤਾ ਅਤੇ ਮੈਂ ਬੜੇ ਫਖਰ ਨਾਲ ਪੂਰੀ ਸੇਵਾ ਵਿੱਚ ਸਥਾਪਿਤ ਹੋ ਗਿਆ। ਆਪਣੇ ਪਿੰਡ ਦੇ ਨਿੱਕੇ ਬਾਲ ਬੱਚਿਆਂ ਨੂੰ ਤਰੱਕੀ ਕਰਦੇ ਦੇਖਣ ਲਈ ਭਲੇ ਜਮਾਨੇ ਸਨ। ਧੀਆਂ ਪੰਜ ਪੜ੍ਹ ਕੇ ਕੰਮ ਕਾਰ ਸਿੱਖਦੀਆਂ ਅਤੇ ਸਹੁਰੇ ਘਰ ਜਾ ਵਸਦੀਆਂ, ਪੁੱਤਰ ਕੁਝ ਕੁ ਪਿੰਡ ਦਾ ਕਾਰੋ ਬਾਰ ਸੰਭਾਲ ਲੈਂਦੇ ਅਤੇ ਹਰ ਸਾਲ ਵਿੱਚੋਂ ਇੱਕ ਦੋ ਕੋਈ ਸ਼ਹਿਰੀ ਜਾਂ ਨਾਲ ਦੇ ਪਿੰਡਾ ਦੇ ਵੱਡੇ ਸਕੂਲਾਂ ਤੋਂ ਪੜ੍ਹ ਕੇ ਸਰਕਾਰੀ ਨੌਕਰੀ ਤੱਕ ਵੀ ਅੱਪੜ ਜਾਂਦੇ। ਜਦੋਂ ਉਹ ਸੂਟਡ ਬੂਟਡ ਹੋ ਕੇ ਮੇਰੇ ਕੋਲ ਦੀ ਲੰਘਦੇ ਤਾਂ ਮੈਂ ਫੁੱਲਿਆ ਨਾਂ ਸਮਾਉਂਦਾ ਅਤੇ ਪਾਸੇ ਥੁੱਕ ਦਿੰਦਾ ਕਿਧਰੇ ਮੇਰੇ ਪੁੱਤਰਾਂ ਨੂੰ ਮੇਰੀ ਨਜ਼ਰ ਨਾਂ ਲੱਗ ਜਾਵੇ। ਮਨ ਹੀ ਮਨ ਉਹਨਾਂ ਦੀ ਖੁਸ਼ਹਾਲੀ ਦੀਆਂ ਦੁਆਵਾਂ ਕਰਦਾ। ਪਰ ਸਮੇਂ ਦੇ ਗੇੜ ਨਾਲ ਬੁਰੀ ਨਜ਼ਰ ਮੈਨੂੰ ਹੀ ਲੱਗ ਗਈ। ਮੈਂ ਪੰਜਵੀ ਤੋਂ ਅੱਠਵੀਂ ਦਾ ਤਾਂ ਹੋ ਗਿਆ, ਪਰ ਮੇਰੇ ਪੁੱਤਰਾਂ ਨੇ ਮੇਰੇ ਪੋਤਰੇ ਪੋਤਰੀਆਂ ਨੂੰ ਮੇਰੇ ਘਰ ਨਾਂ ਪੜ੍ਹਾਉਣ ਦੀ ਸਹੁੰ ਖਾ ਲਈ ਕਿ ਇੱਥੇ ਤਾਂ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ, ਬੱਚੇ ਚੰਗੀਆਂ ਨੌਕਰੀਆਂ ਨਹੀਂ ਕਰ ਸਕਦੇ। ਬਾਹਰਲੇ ਦੇਸ਼ਾਂ ਵਿੱਚ ਜਾ ਕੇ ਅੰਗਰੇਜੀ ਬੋਲ ਨਹੀਂ ਸਕਦੇ। ਸਰੀਕਾਂ ਨੇ ਘਰ ਦੀ ਪਾਟੋ ਧਾੜ ਦਾ ਫਾਇਦਾ ਉਠਾਇਆ। ਸੜਕ ਦੇ ਦੂਜੇ ਪਾਰ ਅਗਲੇ ਪਿੰਡ ਦੇ ਸ਼ੁਰੂ ਵਿੱਚ ਅੰਗਰੇਜ਼ੀ ਮੀਡੀਅਮ ਸਕੂਲ ਖ੍ਹੋਲ ਲਏ। ਹੁਣ ਸਾਰੇ ਪਿੰਡ ਦੇ ਸਰਦੇ ਪੁੱਗਦੇ ਪੁੱਤਰਾਂ ਦੇ ਬੱਚੇ ਮੈਨੂੰ ਬਿਨਾਂ ਮਿਲਿਆਂ ਵੈਨਾਂ ਤੇ ਸਵਾਰ ਹੋ ਕੇ ਲਾਗਲੇ ਪਿੰਡਾ ਵਿੱਚ ਪੜ੍ਹਨ ਜ਼ਾਂਦੇ ਹਨ। ਬੱਸ ਮੇਰੇ ਕੋਲ ਤਾਂ ਕੁਝ ਕੁ ਗਰੀਬ ਜਿਹੇ ਪੋਤਰੇ ਪੋਤਰੀਆਂ ਹੀ ਪੜ੍ਹਨ ਆਉਂਦੇ ਹਨ।
ਉਹ ਵੀ ਪੜ੍ਹਨ ਤਾਂ ਕੀ ਜਿਵੇਂ ਬੱਸ ਖਾਣਾਂ ਖਾਣ ਹੀ ਆਉਂਦੇ ਹਨ। ਮੈਂ ਉਹਨਾਂ ਨੂੰ ਜੁੱਤੀਆਂ, ਕੱਪੜੇ ਕਿਤਾਬਾਂ, ਖਾਣਾਂ ਸਭ ਕੁਝ ਹੀ ਦੇ ਕੇ ਵਰਾ ਵਰਾ ਕਿ ਪੜਾਉਂਦਾ ਹਾਂ ਕਿ ਕਿਧਰ ਇਹ ਵੀ ਆਉਣੋ ਹਟ ਗਏ ਤਾਂ ਪਤਾ ਨਹੀਂ ਮੇਰੀਆਂ ਨਬਜ਼ਾਂ ਕਦੋਂ ਖੜ ਜਾਣ। ਪਰ ਇਸ ਦੇ ਉਲਟ ਮੇਰੇ ਪਿੰਡ ਦੇ ਬਹੁਤ ਸਾਰੇ ਬੱਚੇ ਪਿੰਡੋਂ ਪੜ੍ਹ ਕੇ ਅਧਿਆਪਕ, ਇੰਜੀਨੀਅਰ, ਡਿਜਾਈਨਰ ਬਣ ਚੁਕੇ ਹਨ ਬਾਕੀ ਮੇਰੇ ਬਹੁਤ ਸਾਰੇ ਧੀਆਂ ਪੁੱਤਰ ਸਖਤ ਮਿਹਨਤ ਸਦਕਾ ਬਾਹਰਲੇ ਦੇਸ਼ਾਂ ਵਿੱਚ ਚੰਗਾ ਨਾਮਣਾ ਖੱਟ ਰਹੇ ਹਨ। ਪਰ ਹੁਣ ਇਹਨਾਂ ਨੁੰ ਕੌਣ ਸਮਝਾਵੇ ਹੁਣ ਤਾਂ ਮੇਰੀ ਸਾਂਭ ਸੰਭਾਲ ਵੱਲ ਵੀ ਕੋਈ ਧਿਆਨ ਨਹੀਂ ਦਿੰਦਾ ਮੇਰੇ ਸਿਰ ਤੇ ਬਹੁਤ ਸਾਰਾ ਘਾਹ ਉਗ ਆਇਆ ਹੈ।ਛੱਤਾਂ ਦੇ ਪਰਨਾਲੇ ਜਿਵੇਂ ਕਮਰਿਆਂ ਵਿੱਚ ਵਗਦੇ ਹੋਣ ਬਾਰੀਆਂ ਬੂਹੇ ਟੁੱਟੇ ਪਏ ਹਨ ਫੁੱਲ ਬੂਟੇ ਗਾਂਵਾਂ ਵੱਛੇ ਖਾਅ ਜਾਂਦੇ ਹਨ।ਬਸ ਮੇਰਾ ਹਾਲ ਪੁਰਾਣੀ ਮਸੀਤ ਵਰਗਾ ਹੋਇਆ ਪਿਆ ਹੈ।ਮੀਂਹ ਵਾਲੇ ਦਿਨ ਨਿੱਕੇ ਬੱਚੇ ਸਾਰਾ ਦਿਨ ਪਾਣੀ ਹੂੰਝਣ ਲੱਗੇ ਰਹਿੰਦੇ ਹਨ।ਜਦ ਕੇ ਮੇਰੇ ਸਾਹਮਣੇ ਪ੍ਰਾਈਵੇਟ ਸਕੂਲ ਹਰ ਸਾਲ ਇੱਕ ਮੰਜਲ ਵਧਾ ਲੈਂਦਾ ਹੈ।ਪੰਜ ਸ਼੍ਰੇਣੀਆਂ ਕੋਲ ਸਿਰਫ ਇੱਕ ਅਧਿਆਪਕ ਅਤੇ ਇੱਕ ਵਲੰਟੀਅਰ ਹਨ।ਜਿੰਨਾਂ ਦੇ ਸਿਰ ਤੇ ਸਾਰਾ ਦਿਨ ਡਾਕ ਸਵਾਰ ਰਹਿੰਦੀ ਹੈ ਆਪਣੇ ਹੀ ਪਿੰਡ ਵਿੱਚ ਹੁੰਦਿਆਂ ਹੋਇਆਂ ਮੇਰੀ ਹਾਲਤ ਵਿਆਹ ਵਾਲੇ ਘਰ ਦੇ ਮੰਗਤਿਆਂ ਵਰਗੀ ਹੋਈ ਪਈ ਹੈ।ਬੱਸ ਪੁੱਤਰੋ ਮੈਂ ਤਾਂ ਹੁਣ ਥੱਕ ਗਿਆ ਹਾਂ ਰੱਬ ਥੋਨੂੰ ਰਾਜੀ ਰੱਖੇ ਕਿਹੜਾ ਕਿਸੇ ਤੇ ਕੋਈ ਜੋਰ ਐ।

ਸ਼ਰਨਜੀਤ ਕੌਰ

9876591022


(ਸ਼ਰਨਜੀਤ ਕੌਰ ਮੋਗਾ ਜਿਲ੍ਹੇ ਦੇ ਪਿੰਡ ਜੋਗੇਵਾਲਾ ਦੇ ਸਰਕਾਰੀ ਸਕੂਲ ਵਿੱਚ ਇੱਕ ਵਲੰਟੀਅਰ ਦੇ ਤੌਰ ''ਤੇ ਪੜ੍ਹਾਉਂਦੇ ਹਨ। ਇਨ੍ਹਾਂ ਦੁਆਰਾ ਲਿਖਿਆ ਇਹ ਆਰਟੀਕਲ ਪੰਜਾਬ ਦੇ ਇੱਕ ਸਰਕਾਰੀ ਸਕੂਲ ਦੀ ਬਾਤ ਪਾਉਂਦਾ, ਸਰਕਾਰੀ ਤੰਤਰ ਅੱਗੇ ਸਵਾਲ ਖੜ੍ਹੇ ਕਰਦਾ ਹੋਇਆ ਸਾਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ।
 
ਤਸਵੀਰਾਂ: ਖੁਦ ਲੇਖਕ ਅਤੇ ਹਰਜੀਤ ਸਿੰਘ )

No comments:

Post a Comment