ਰਹਿਮ ਦਿੱਲ ਰੱਬ ਦੇ 'ਸੇਲਜ਼ਪਰਸਨ' ਏਨੇ ਬੇਰਹਿਮ ਕਿਉਂ ?

ਸ਼ੌਂਕੀ ਇੰਗਲੈਂਡੀਆ

ਸ਼ੌਂਕੀ ਨੂੰ ਯੂ ਟਿਊਬ 'ਤੇ ਪਾਈਆਂ ਦੋ ਵੀਡੀਓ ਨਹੀਂ ਭੁਲਦੀਆਂ ਜਿਹਨਾਂ ਦਾ ਜ਼ਿਕਰ ਸ਼ੌਂਕੀ ਨੇ ਡੇਢ ਕੁ ਮਹੀਨਾ ਪਹਿਲਾਂ ਇਕ ਲੇਖ ਵਿੱਚ ਕੀਤਾ ਸੀ। ਇਕ ਵੀਡੀਓ ਵਿੱਚ ਇਕ ਕਥਿਤ ਤੌਰ 'ਤੇ ਸ਼ਰਾਬੀ ਬਜ਼ੁਰਗ ਨਿਹੰਗ ਨੂੰ ਉਸ ਦੇ ਬੇਟੇ ਦੀ ਉਮਰ ਦਾ ਨਿਹੰਗ ਬੁਰੀ ਤਰਾਂ ਕੁੱਟਣ ਪਿੱਛੋਂ ਉਸ ਦੀ ਪਗੜੀ ਅਤੇ ਕੱਪੜੇ ਤੱਕ ਉਤਾਰ ਲੈਂਦਾ ਹੈ। ਦੂਜੀ ਵੀਡੀਓ ਵਿੱਚ ਇਕ 14-15 ਸਾਲ ਦੇ ਲੜਕੇ ਨੂੰ ਕ੍ਰਿਪਾਨਧਾਰੀਆਂ ਦਾ ਇੱਕ ਵੱਡਾ ਟੋਲਾ ਏਨੀ ਬੁਰ ਤਰਾਂ ਕੁੱਟ ਰਿਹਾ ਹੈ ਕਿ ਵੀਡੀਓ ਵੇਖਣ ਵਾਲੇ ਤੋਂ ਵੇਖਿਆ ਨਹੀਂ ਜਾਂਦਾ। ਮਾੜੀ ਮੋਟੀ ਚੋਰੀ ਦੇ ਦੋਸ਼ ਵਿੱਚ ਫੜੇ ਗਏ ਇਸ ਗਰੀਬ ਲੜਕੇ ਨੂੰ ਦੈਂਤਾਂ ਦੇ ਟੋਲੇ ਵਲੋਂ ਪੈ ਰਹੀ ਕੁੱਟ ਨੂੰ ਗੁਰੂ ਦੀਆਂ ਸੰਗਤਾਂ ਅਰਾਮ ਨਾਲ ਵੇਖ ਰਹੀਆਂ ਹਨ। ਇਹ ਭਿਆਨਕ ਦ੍ਰਿਸ਼ ਗੁਰੂ ਨਾਨਕ ਦੇ ਪੈਰੋਕਾਰਾਂ ਵਲੋਂ ਬਣਾਏ ਗਏ ਕਿਸੇ ਧਰਮ ਅਸਥਾਨ ਦਾ ਹੈ।

         ਇਸ ਹਫ਼ਤੇ ਸ਼ੌਂਕੀ ਇਕ ਖ਼ਬਰ ਪੜ ਰਿਹਾ ਸੀ ਜਿਸ ਨਾਲ ਇਕ ਤਸਵੀਰ ਵੀ ਸੀ। ਤਸਵੀਰ ਵਿੱਚ ਇਕ ਜਿੰæਦਾ ਸਾੜੇ ਗਏ ਵਿਅਕਤੀ ਦੀ ਰਾਖ ਨੂੰ ਕੈਦ ਕੀਤਾ ਗਿਆ ਸੀ। ਖ਼ਬਰ ਦੀ ਹੈੱਡ ਲਾਈਨ ਇੰਝ ਸੀ, "ਗੁਰਦੁਆਰੇ ਵਿੱਚ ਗ੍ਰੰਥੀ ਕਤਲ ਕੀਤਾ, ਨਿਹੰਗ ਪਰਵਾਰ ਖਿਲਾਫ ਕੇਸ ਦਰਜ।" ਇਸ ਘਟਨਾ ਵਿੱਚ ਮਾਰੇ ਗਏ ਵਿਅਕਤੀ ਦੀ ਸ਼ਨਾਖਤ ਵਰਿਆਮ ਸਿੰਘ ਵਜੋਂ ਹੋਈ ਹੈ, ਜੋ ਅਜਨਾਲਾ ਦੇ ਪਿੰਡ ਗੁੱਜਰਪੁਰਾ ਦਾ ਰਹਿਣ ਵਾਲਾ ਸੀ ਅਤੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਬਤੌਰ ਗ੍ਰੰਥੀ ਸੇਵਾ ਕਰਦਾ ਸੀ। ਇਸ ਗੁਰਦੁਆਰੇ ਦੇ ਕਬਜ਼ੇ ਲਈ ਪਿੰਡ ਵਾਸੀਆਂ ਅਤੇ ਨਿਹੰਗ ਸ਼ਮਸ਼ੇਰ ਸਿੰਘ ਵਿਚਾਲੇ ਝਗੜਾ ਚੱਲ ਰਿਹਾ ਸੀ। ਨਿਹੰਗ ਸ਼ਮਸ਼ੇਰ ਸਿੰਘ ਦਾ ਦਾਅਵਾ ਹੈ ਕਿ ਇਹ ਗੁਰਦੁਆਰਾ ਉਸ ਦੀ ਜ਼ਮੀਨ ਉਪਰ ਬਣਿਆ ਹੋਇਆ ਹੈ। ਇਸ ਲਈ ਗੁਰਦੁਆਰੇ ਦੀ ਸੇਵਾ ਕਰਨ ਦਾ ਹੱਕ ਉਸ ਦਾ ਹੈ। ਪਿੰਡ ਵਾਸੀਆਂ ਨੇ ਗੁਰਦੁਆਰੇ ਦੀ ਸੇਵਾ ਲਈ ਵਰਿਆਮ ਸਿੰਘ ਨੂੰ ਗ੍ਰੰਥੀ ਰੱਖਿਆ ਹੋਇਆ ਸੀ। ਪਿੰਡ ਦਾ ਨਾਮ ਵਰਪਾਲ ਹੈ ਜੋ ਕਿ ਤਰਨ ਤਾਰਨ ਰੋਡ ਤੇ ਸਥਿਤ ਦੱਸਿਆ ਜਾਂਦਾ ਹੈ। ਨਿਹੰਗ ਨੇ ਕਥਿਤ 'ਤੌਰ 'ਤੇ ਬਜ਼ੁਰਗ ਗ੍ਰੰਥੀ ਨੂੰ ਕਤਲ ਕਰ ਕੇ ਉਸ ਦਾ ਸਰੀਰ ਸਾੜ ਦਿੱਤਾ। ਐਸਪੀਡੀ ਜਸਦੀਪ ਸਿੰਘ ਦੇ ਦੱਸਣ ਮੁਤਾਬਿਕ  ਨਿਹੰਗ ਸ਼ਮਸ਼ੇਰ ਸਿੰਘ ਉਸ ਦੀ ਪਤਨੀ ਰਾਜ ਕੌਰ, ਬੇਟਾ ਸੱਜਣ ਸਿੰਘ, ਕਸ਼ਮੀਰ ਕੌਰ ਆਦਿ ਗੁਰਦੁਆਰੇ ਵਿਖੇ ਰਾਤ ਨੂੰ ਆਏ ਅਤੇ ਗ੍ਰੰਥੀ ਵਰਿਆਮ ਸਿੰਘ ਦੀ ਗੁਰਦਵਾਰੇ ਵਿੱਚ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਮਗਰੋਂ ਉਨ੍ਹਾਂ ਨੇ ਮ੍ਰਿਤਕ ਸਰੀਰ ਨੂੰ ਇੱਕ ਮੰਜੀ 'ਤੇ ਪਾ ਕੇ ਲੰਗਰ ਹਾਲ ਨੇੜੇ ਅੱਗ ਲਾ ਦਿੱਤੀ।

         ਇਹ ਭਿਆਨਕ ਘਟਨਾ ਇਕ ਗੁਰਦਵਾਰੇ ਵਿੱਚ ਵਾਪਰੀ ਹੈ ਅਤੇ ਗੁਰੂ ਬਾਬੇ ਦੇ ਪੈਰੋਕਾਰਾਂ ਨੇ ਇਸ ਨੂੰ ਅੰਜਾਮ ਦਿੱਤਾ ਹੈ।

         ਇਹ ਹਾਲਤ ਤਕਰੀਬਨ ਹਰ ਧਰਮ ਦੇ ਕਈ ਵੱਡੇ ਧਰਮੀਆਂ ਦੀ ਇਹੀ ਬਣੀ  ਹੋਈ ਹੈ ਜੋ ਧਰਮ ਦੇ ਨਾਮ 'ਤੇ ਮੁਜਰਮਾਨਾ ਕਾਰਵਾਈਆਂ ਕਰ ਰਹੇ ਹਨ। ਸੰਤ ਬਾਬਾ ਆਸਾ ਰਾਮ ਦੀ ਕਹਾਣੀ ਤਾਂ ਹਰ ਰੋਜ਼ ਹੀ ਹੁਣ ਖ਼ਬਰਾਂ ਵਿੱਚ ਰਹਿੰਦੀ ਹੈ। ਸੁਣ ਕੇ ਲੂੰ-ਕੰਡੇ ਖੜੇ ਹੁੰਦੇ ਹਨ ਕਿ ਭਗਵਾਨ ਕ੍ਰਿਸ਼ਨ ਦਾ ਇਹ ਕਥਿਤ ਭਗਤ ਕਿਸ ਤਰਾਂ ਨਬਾਲਗ ਲੜਕੀਆਂ ਨੂੰ ਫਸਾ ਕੇ ਉਹਨਾਂ ਨਾਲ ਬਲਤਾਕਾਰ ਕਰਦਾ ਸੀ।  "ਸੱਤਰਿਆ ਬਹੱਤਰਿਆ" ਇਹ ਬਾਬਾ ਆਪਣੀ ਕਾਮ ਸ਼ਕਤੀ ਵਧਾਉਣ ਵਾਸਤੇ ਕੁਸ਼ਤੇ ਅਤੇ ਅਫ਼ੀਮ ਛਕਦਾ ਸੀ ਅਤੇ ਇਸ ਨੇ ਕਈ ਚੇਲੇ ਬਾਲਕੇ ਆਪਣੇ ਵਾਸਤੇ ਤਾਜ਼ਾ ਸ਼ਿਕਾਰ ਤਲਾਸ਼ਣ 'ਤੇ ਲਗਾਏ ਹੋਏ ਸਨ।

         ਕੋਈ ਮਹੀਨਾ ਕੁ ਪਹਿਲਾਂ ਸਾਊਦੀ ਅਰਬ ਦੇ ਇਕ ਮੌਲਵੀ ਨੇ ਇਕ ਫਤਵਾ ਜਾਰੀ ਕੀਤਾ ਸੀ ਜਿਸ ਦੀ ਬਹੁਤ ਚਰਚਾ ਹੋਈ ਸੀ। ਮੌਲਵੀ ਮੁਹੰਮਦ ਅਲ ਅਰੀਫ਼ੀ ਨੇ ਕਿਹਾ ਸੀ ਕਿ ਸੀਰੀਆ ਵਿੱਚ ਚੱਲ ਰਹੇ "ਧਰਮ ਯੁੱਧ" ਵਿੱਚ ਲੜਾਕੂਆਂ ਨੂੰ ਖੁਸ਼ ਰੱਖਣ ਵਸਤੇ ਔਰਤਾਂ ਨੂੰ ਉਹਨਾਂ ਨਾਲ "ਅਰਾਜ਼ੀ ਨਿਕਾਹ" ਕਰਵਾ ਲੈਣਾ ਚਾਹੀਦਾ ਹੈ। ਉਸ ਦਾ ਕਹਿਣਾ ਸੀ ਕਿ ਅਜੇਹਾ ਨਿਕਾਹ ਮਿੰਟ ਕੁ ਵਿੱਚ ਕੀਤਾ ਜਾ ਸਕਦਾ ਹੈ ਅਤੇ ਇਕ ਲੜਾਕੂ ਦੀ ਜਿਸਮਾਨੀ ਭੁੱਖ ਪੂਰੀ ਕਰਵਾ ਕੇ ਝੱਟ ਖ਼ਤਮ ਕੀਤਾ ਜਾ ਸਕਦਾ ਹੈ। ਤੇ ਫਿਰ ਇਹੋ ਤਰੀਕਾ ਅਗਲੇ ਲੜਾਕੂ ਦੀ ਜਿਸਮਾਨੀ ਭੁੱਖ ਪੂਰੀ ਕਰਨ ਵਾਸਤੇ ਵਰਤਿਆ ਜਾਣਾ ਚਾਹੀਦਾ ਹੈ। ਮੌਲਵੀ ਮੁਤਾਬਿਕ ਔਰਤਾਂ ਇੰਝ ਕਰਕੇ ਜਹਾਦ ਵਿੱਚ ਵੱਡਾ ਹਿੱਸਾ ਪਾ ਸਕਦੀਆਂ ਹਨ। ਉਸ ਨੇ ਅਜੇਹਾ ਕਰਨ ਵਾਸਤੇ ਲੜਕੀਆਂ ਦੀ ਉਮਰ ਵੀ ਬਹੁਤ ਘੱਟ ਦੱਸੀ ਸੀ।

         ਅੱਜ ਇਹ ਬਹੁਤ ਵੱਡੀ ਖ਼ਬਰ ਬਣੀ ਹੋਈ ਹੈ ਜਿਸ ਨੂੰ "ਸੈਕਸ ਜਿਹਾਦ" ਦਾ ਨਾਮ ਦਿੱਤਾ ਜਾ ਰਿਹਾ ਹੈ। ਤੁਨੇਸ਼ੀਆ ਦੇ ਗ੍ਰਹਿ ਮੰਤਰੀ ਨੇ ਇਕ ਬਿਆਨ ਦਿੱਤਾ ਹੈ ਕਿ ਉਸ ਦੇ ਦੇਸ਼ ਦੀਆਂ ਨੌਜਵਾਨ ਔਰਤਾਂ ਨੂੰ "ਸੈਕਸ ਜਿਹਾਦ" ਵਾਸਤੇ ਸੀਰੀਆ ਭੇਜਿਆ ਜਾ ਰਿਹਾ ਹੈ ਅਤੇ ਉਹ ਜਹਾਦੀਆਂ ਨੂੰ "ਖੁਸ਼" ਕਰਨ ਉਪਰੰਤ ਗਰਭਵਤੀ ਹੋ ਕੇ ਵਾਪਸ ਮੁੜ ਰਹੀਆਂ ਹਨ। ਵੱਖ ਵੱਖ ਮੀਡੀਆ ਰਪੋਰਟਾਂ ਮੁਤਾਬਿਕ ਇਕ ਇਕ ਔਰਤ 100-100 ਤੱਕ ਜਹਾਦੀਆਂ ਨਾਲ ਹਮਬਿਸਤਰੀ ਕਰ ਕੇ ਵਾਪਸ ਪਰਤ ਰਹੀ ਹੈ। ਅਜੇਹਾ ਓਸ ਇਲਾਮ ਵਿੱਚ ਹੋ ਰਿਹਾ ਹੈ ਜਿਸ ਵਿੱਚ ਗੈਰ ਮਰਦ ਨਾਲ ਸਬੰਧ ਬਨਾਉਣ ਵਾਲੀ ਔਰਤ ਨੂੰ ਪੱਥਰ ਮਾਰੇ ਕੇ ਮਾਰ ਦਿੱਤਾ ਜਾਂਦਾ ਹੈ। ਪਰ ਹੁਣ ਇਸ ਦੇ ਓਲਟ ਸੈਂਕੜੇ ਮਰਦਾਂ ਨਾਲ ਸਬੰਧ ਬਨਾਉਣ ਵਾਸਤੇ ਪ੍ਰੇਰਿਆ ਜਾ ਰਿਹਾ ਹੈ।

         ਸਾਊਦੀ ਅਰਬ ਸਮੇਤ ਕਈ ਦੇਸ਼ਾਂ ਵਿੱਚ ਔਰਤਾਂ ਦੇ ਹੱਕ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਬਹੁਤ ਸਾਰੇ ਇਸਲਾਮਿਕ ਦੇਸ਼ਾਂ ਵਿੱਚ ਉਂਝ ਤਾਂ ਜਮਹੂਰੀਅਤ ਹੈ ਹੀ ਨਹੀਂ ਹੈ ਅਤੇ ਕੁਝ ਵਿੱਚ ਜੇ ਮਾਮੂਲੀ ਹੈ ਵੀ ਤਾਂ ਔਰਤਾਂ ਨੂੰ ਵੋਟ ਦਾ ਹੱਕ ਨਹੀਂ ਹੈ। ਸਾਊਦੀ ਅਰਬ ਵਿੱਚ ਔਰਤਾਂ ਵਹੀਕਲ ਚਲਾਉਣ ਦਾ ਲਸੰਸ ਨਹੀਂ ਲੈ ਸਕਦੀਆਂ। ਬਹੁਤ ਸਾਰੀਆਂ ਔਰਤਾਂ ਇਹ ਹੱਕ ਮੰਗ ਰਹੀਆਂ ਹਨ ਅਤੇ ਜਥੇਬੰਦ ਵੀ ਹੋ ਰਹੀਆਂ ਹਨ।

         ਹੁਣ ਇਕ ਮਾਹਰ ਮੌਲਵੀ ਨੇ ਆਖ ਦਿੱਤਾ ਹੈ ਕਿ ਕਾਰ ਚਲਾਉਣ ਨਾਲ ਔਰਤਾਂ ਦੇ ਅੰਡਕੋਸ਼ ਅਤੇ ਬੱਚੇਦਾਨੀ 'ਤੇ ਅਜੇਹਾ ਭਾਰ ਪੈਂਦਾ ਹੈ ਜਿਸ ਨਾਲ ਇਹਨਾਂ ਨਾਜ਼ੁਕ ਜਨਣ ਅੰਗਾਂ ਦਾ ਬਹੁਤ ਨੁਕਸਾਨ ਹੁੰਦਾ ਹੈ। ਇਸ ਨਾਲ ਉਹਨਾਂ ਨੂੰ ਗਰਭਵਤੀ ਹੋਣ ਅਤੇ ਸਿਹਤਮੰਦ ਬੱਚੇ ਜੰਮਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਮੌਲਵੀ ਸ਼ੇਖ ਸਲੇਹ ਬਿੰਨ ਸਾਦ ਅਲ ਲਾਹੇਦਨ ਨੇ ਇਹ ਨਹੀਂ ਦੱਸਿਆ ਕਿ ਇਸ ਕਿਸਮ ਦੀ ਖੋਜ ਕਿਸ ਨੇ ਅਤੇ ਕਦ ਕੀਤੀ ਸੀ? ਸ਼ੇਖ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਸ ਦੇ ਦੇਸ਼ ਵਿੱਚ ਔਰਤਾਂ ਕਾਰ ਚਲਾਉਣ ਦਾ ਹੱਕ ਹਾਸਲ ਕਰ ਸਕਣ ਅਤੇ ਉਹ ਇਸ ਕਿਸਮ ਦੇ ਬਹਾਨੇ ਬਨਾਉਣ ਤੱਕ ਜਾ ਰਿਹਾ ਹੈ। ਸ਼ੇਖ ਇਹ ਸਮਝਦਾ ਹੈ ਕਿ ਉਸ ਦਾ ਰੱਬ ਔਰਤਾਂ ਨੂੰ ਅਜੇਹੇ ਹੱਕ ਨਹੀਂ ਦਿੰਦਾ ਇਸ ਲਈ ਔਰਤਾਂ ਨੂੰ ਇਸ ਤੋਂ ਹਰ ਹਾਲਤ ਵਿੱਚ ਵਰਜਿਆ ਜਾਣਾ ਚਾਹੀਦਾ ਹੈ।

         ਟੋਰਾਂਟੋ ਸੰਨ ਅਖ਼ਬਾਰ ਦੇ ਪ੍ਰਸਿਧ ਕਾਲਮਨਵੀਸ ਤਾਰਿਕ ਫਤਹਾ ਨੇ ਆਪਣੀ ਵੈਬਸਾਈਟ 'ਤੇ ਇਕ ਵੀਡੀਓ ਪਾਈ ਹੈ ਜਿਸ ਵਿੱਚ ਇਕ ਸਾਉਦੀ ਮੌਲਵੀ ਕਥਾ ਕਰਦਾ ਹੋਇਆ ਕਹਿ ਰਿਹਾ ਹੈ ਕਿ ਹਰ ਧਰਮੀ ਮੁਸਲਮਾਨ ਮਰਦ ਨੂੰ ਸਵਰਗ ਵਿੱਚ  19,604 ਤੱਕ ਨੌਜਵਾਨ ਔਰਤਾਂ ਦਾ ਸਾਥ ਮਿਲ ਸਕਦਾ ਹੈ। 23 ਮਾਰਚ 2013 ਦੀ ਇਸ ਵੀਡੀਓ ਵਿੱਚ ਮੌਲਵੀ ਆਖਦਾ ਹੈ ਕਿ ਹਰ ਇਕ ਮੁਸਲਮਾਨ ਮਰਦ ਨੂੰ ਸਵਰਗ ਵਿੱਚ ਘੱਟੋ ਘੱਟ ਦੋ ਕੁਆਰੀਆਂ ਲੜਕੀਆਂ ਮਿਲਦੀਆ ਹਨ ਅਤੇ ਹਰ ਕੁਆਰੀ ਨਾਲ 70-70 ਨੌਕਰਾਣੀਆਂ ਹੁੰਦੀਆਂ ਹਨ। ਅਗਰ ਕੋਈ ਮੁਸਲਮਾਨ ਇਸ ਸੰਸਾਰ ਵਿੱਚ ਸ਼ਾਦੀ ਸ਼ੁਦਾ ਹੈ ਤਾਂ ਸਵਰਗ ਵਿੱਚ ਉਸ ਨੂੰ ਆਪਣੀ ਪਤਨੀ ਵੀ ਮਿਲਦੀ ਹੈ ਅਤੇ 70 ਕੁਆਰੀਆਂ ਮਿਲਦੀਆਂ ਹਨ ਜਿਹਨਾਂ ਕੋਲ 70-70 ਨੌਜਵਾਨ ਕੁਆਰੀਆਂ ਹੁੰਦੀਆਂ ਹਨ। ਅੱਲਾ ਦਾ ਪਿਆਰਾ ਜਦ ਇਕ ਔਰਤਾਂ ਨਾਲ ਤ੍ਰਿਪਤ ਹੋ ਜਾਂਦਾ ਹੈ ਤਾਂ ਦੂਜੀ ਆ ਕੇ ਪੁੱਛਦੀ ਹੈ, ਅੱਲਾ ਦੇ ਬੰਦੇ ਅੱਲਾ ਨੇ ਮੈਨੂੰ ਤੇਰੇ ਵਾਸਤੇ ਭੇਜਿਆ ਹੈ ਅਤੇ ਇਹ ਸਲਿਸਿਲਾ ਚਲਦਾ ਰਹਿੰਦਾ ਹੈ। ਇਸ ਮੌਲਵੀ ਦਾ ਅੱਲਾ ਧਰਮੀ ਮੁਸਲਮਾਨ ਔਰਤ ਨੂੰ ਸਵਰਗ ਵਿੱਚ ਕੀ ਦਿੰਦਾ ਹੋਵੇਗਾ? ਇਹ ਇਕ ਵੱਡਾ ਸਵਾਲ ਹੈ? ਅਗਰ ਅੱਲਾ ਕਿਸੇ ਧਰਮੀ ਮੁਸਲਮਾਨ ਔਰਤ ਨੂੰ ਸਵਰਗ ਵਿੱਚ ਉਸ ਦਾ ਬੁੱਢਾ ਖ਼ਸਮ ਅਤੇ ਨਾਲ 19,604 ਨੌਜਵਾਨ ਸੌਕਣਾਂ ਹੀ ਦਿੰਦਾ ਹੈ ਤਾਂ ਫਿਰ ਇਸ ਮੌਲਵੀ ਦਾ ਅੱਲਾ "ਰਹਿਮਨੋ ਰਾਹੀਮ" ਨਹੀਂ ਹੈ ਜਿਹਾ ਕਿ ਮੁਸਲਮਾਨ ਹਰ ਕੰਮ ਕਰਨ ਵੇਲੇ ਦੁਆ ਕਰਦੇ ਹਨ। ਅਜੇਹਾ ਅੱਲਾ ਤਾਂ ਫਿਰ ਬਹੁਤ ਵਿਤਕਰੇਬਾਜ਼ ਸਮਝਿਆ ਜਾਣਾ ਚਾਹੀਦਾ ਹੈ। ਅਕਸਰ ਮਸਲਮਾਨ ਹਰ ਕਰਮ ਕਰਨ ਵੇਲੇ ਅੱਲਾ ਨੂੰ ਯਾਦ ਕਰਨ ਵਾਸਤੇ "ਬਿਸਮਿੱਲਾ ਰਹਿਮਾਨੋ ਰਾਹੀਮ" ਆਖਦੇ ਹਨ। ਜਿਸ ਦਾ ਅਸਾਨ ਮੁਤਲਬ ਕਿਸ ਸਿਆਣੇ ਸੱਜਣ ਨੇ ਇਹ ਦੱਸਿਆ ਸੀ ਕਿ ਮੈਂ ਇਹ ਕੰਮ ਓਸ ਅੱਲਾ ਨੂੰ ਯਾਦ ਕਰ ਕੇ ਸ਼ੁਰੂ ਕਰ ਰਿਹਾ ਹਾਂ ਜੋ ਰਹਿਮ ਦਿਲ ਦਾਤਾ ਹੈ।

         ਇਕ ਸੱਜਣ ਨੇ ਸ਼ੌਂਕੀ ਨੂੰ ਇਕ ਪਾਕਿਸਤਾਨੀ ਅਖ਼ਬਾਰ ਦੀ ਮੁਲਤਾਨ ਤੋਂ ਛਾਇਆ ਹੋਈ ਇਕ ਖ਼ਬਰ ਭੇਜੀ ਹੈ। ਘਟਨਾ ਮੁਲਤਾਨ ਦੀ ਕੁਰਾਏਵਾਲਾ ਕਲੋਨੀ ਦੀ ਹੈ। ਇਕ ਮੁਸਲਮਾਨ ਬਾਪ ਆਪਣੀ ਛੋਟੀ ਜਿਹੀ ਧੀ ਅਤੇ ਪੁੱਤ ਨੂੰ ਇਕ ਮਦਰਸੇ ਵਿੱਚ ਕੁਰਾਨ ਦੀ ਪੜਾ੍ਹਈ ਵਾਸਤੇ ਛੱਡ ਆਉਂਦਾ ਹੈ। ਐਕਪ੍ਰੈਸ ਟ੍ਰਿਬਿਊਨ ਦੀ ਇਸ ਖ਼ਬਰ ਮੁਤਾਬਿਕ ਮੌਲਵੀ ਬਹਾਉਦੀਨ ਜ਼ਕਰੀਆ ਲੜਕੇ ਨੂੰ ਕੁਝ ਦੇਰ ਬਾਅਦ ਇਹ ਆਖ ਕੇ ਘਰ ਭੇਜ ਦਿੰਦਾ ਹੈ ਕਿ ਲੜਕੀ (ਭੈਣ) ਦਾ ਪਾਠ ਅਜੇ ਖ਼ਤਮ ਨਹੀਂ ਹੋਇਆ ਅਤੇ ਮੌਲਵੀ ਲੜਕੀ ਦੀ ਪੜ੍ਹਾਈ ਦਾ ਪਾਠ ਖ਼ਤਮ ਹੋਣ ਪਿੱਛੋਂ ਉਸ ਨੂੰ ਆਪ ਘਰ ਛੱਡ ਆਵੇਗਾ। ਜਦ ਲੜਕਾ ਚਲੇ ਜਾਂਦਾ ਹੈ ਤਾਂ ਮੌਲਵੀ ਇਸ ਛੋਟੀ ਬੱਚੀ ਨੂੰ ਇਕ ਕਬਰਸਤਾਨ ਵਿੱਚ ਲੈ ਜਾਂਦਾ ਹੈ ਅਤੇ ਇਕ ਟੋਆ ਪੁੱਟ ਲੈਂਦਾ ਹੈ। ਇਸ ਕਬਰਸਾਤਨ ਵਿੱਚ ਇਕ ਵਿਅਕਤੀ ਦੂਰੋਂ ਮੌਲਵੀ ਨੂੰ ਅਪਣੇ ਕੱਪੜੇ ਉਤਾਰਦਾ ਵੇਖ ਕੇ ਹੈਰਾਨ ਹੁੰਦਾ ਹੈ ਅਤੇ ਸਹਿਜ ਨਾਲ ਨੇੜੇ ਚਲੇ ਜਾਂਦਾ ਹੈ। ਬੱਚੀ ਨਾਲ ਕੁਕਰਮ ਲਈ ਤਿਆਰ ਮੌਲਵੀ ਨੂੰ ਵੇਖ ਕੇ ਉਹ ਦੁਹਾਈ ਪਾ ਦਿੰਦਾ ਹੈ ਅਤੇ ਹੋਰ ਲੋਕ ਭੱਜ ਆਉਂਦੇ ਹਨ ਜੋ ਮੌਲਵੀ ਨੂੰ ਨਗਨ ਅਵਸਥਾ ਵਿੱਚ ਫੜ ਲੈਂਦੇ ਹਨ। ਲੋਕ ਮੌਲਵੀ ਨੂੰ ਫੜ ਕੇ ਕੁਟੱਦੇ ਹਨ ਅਤੇ ਇਕ ਖੰਬੇ ਨਾਲ ਬੰਨ ਲੈਂਦੇ ਹਨ। ਪੁਲਿਸ  ਅਫਸਰ ਸ਼ੇਖ਼ ਮੁਖਤਿਆਰ ਮੁਤਾਬਿਕ ਮੌਲਵੀ ਬੱਚੀ ਨਾਲ ਬਲਾਤਕਾਰ ਕਰ ਕੇ ਉੁਸ ਨੁੰ ਟੋਏ ਵਿੱਚ ਦਫ਼ਨ ਕਰ ਦੇਣਾ ਚਾਹੁੰਦਾ ਸੀ ਪਰ ਫੜਿਆ ਗਿਆ। ਪਲਿਸ ਨੇ ਐਫਆਈਆਰ ਦਰਜ ਕਰ ਕੇ ਮੌਲਵੀ ਨੂੰ ਚਾਰਜ ਕਰ ਲਿਆ ਹੈ। ਬੱਚੀ ਨੂੰ ਹਸਪਤਾਲ ਭੇਜਿਆ ਗਿਆ ਅਤੇ ਉਹ ਠੀਕ ਠਾਕ ਦੱਸੀ ਜਾਂਦੀ ਹੈ। ਇਸ ਖ਼ਬਰ ਮੁਤਾਬਿਕ ਲੋਕ ਦੋਸ਼ੀ ਮੌਲਵੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।

         ਸ਼ੌਂਕੀ ਨੇ ਇਕ ਵਾਰ ਪ੍ਰਸਿਧ ਕਥਾ ਵਾਚਕ ਸਵਰਗੀ ਸੰਤ ਸਿੰਘ ਮਸਕੀਨ ਦੀ ਇਕ ਕਥਾ ਸੁਣੀ ਸੀ ਜਿਸ ਵਿੱਚ ਉਹ ਰੱਬ ਦੇ ਸੁਭਾਅ ਬਾਰੇ ਦੱਸਦੇ ਹੋਏ ਭਗਤ ਕਬੀਰ ਦੀ ਬਾਣੀ ਦਾ ਹਵਾਲਾ ਦੇ ਰਹੇ ਸਨ। ਕਬੀਰ ਸਾਹਿਬ ਹੰਕਾਰ ਨੂੰ ਮਾਰਨ ਵਾਸਤੇ ਰੱਬ ਦੇ ਬੰਦੇ ਨੂੰ ਨੀਵਾਂ ਹੋਣ ਦੀ ਸਲਾਹ ਦਿੰਦੇ ਹੋਏ ਪਹਿਲਾਂ ਰੋੜਾ (ਛੋਟਾ ਪੱਥਰ ਜਾਂ ਟੋਟਾ) ਬਨਣ ਦਾ ਤਸੱਵੁਰ ਕਰਦੇ ਹਨ ਪਰ ਫਿਰ ਇਹ ਕਹਿੰਦਿਆਂ ਰੱਦ ਕਰ ਦਿੰਦੇ ਹਨ ਕਿ ਰੋੜਾ ਲੋਕਾਂ ਦੇ ਪੈਰਾਂ ਵਿੱਚ ਵੱਜ ਕੇ ਦੁੱਖ ਦੇਵੇਗਾ। ਫਿਰ ਘੱਟਾ (ਗਰਦ) ਬਨਣ ਦੀ ਗੱਲ ਕਰਦੇ ਹਨ ਅਤੇ ਇਹ ਸੋਚ ਕੇ ਰੱਦ ਕਰ ਦਿੰਦੇ ਹਨ ਕਿ ਘੱਟਾ ਲੋਕਾਂ 'ਤੇ ਡਿੱਗ ਕੇ ਦੁਖ ਦੇਵੇਗਾ। ਫਿਰ ਅੱਗੇ ਉਹ ਪਾਣੀ ਬਨਣ ਦੀ ਗੱਲ ਕਰਦੇ ਹਨ ਪਰ ਇਹ ਸੋਚ ਕੇ ਮਨ ਬਦਲ ਲੈਂਦੇ ਹਨ ਕਿ ਪਾਣੀ ਮੌਸਮ ਮੁਤਾਬਿਕ ਤੱਤਾ - ਠੰਡਾ ਹੁੰਦਾ ਰਹਿੰਦਾ ਹੈ। ਅੰਤ ਵਿੱਚ ਕਬੀਰ ਸਾਹਿਬ ਕਹਿੰਦੇ ਹਨ ਕਿ ਰੱਬ ਦਾ ਬੰਦਾ ਹਰੀ ਪ੍ਰਮਾਤਮਾ (ਰੱਬ) ਦੇ ਗੁਣਾਂ ਦਾ ਧਾਰਨੀ ਹੋਣਾ ਚਾਹੀਦਾ ਹੈ। ਹੈਰਾਨੀ ਹੁੰਦੀ ਹੈ ਕਿ ਆਖਰ ਅੱਜ "ਰਹਿਮਾਨੋ ਰਾਹੀਮ" ਰੱਬ ਦੇ 'ਸੇਲਜ਼ਪਰਸਨ' ਏਨੇ ਬੇਰਹਿਮ ਕਿਉਂ ਹੋ ਗਏ ਹਨ?No comments:

Post a Comment