ਮਿੰਦਰਪਾਲ ਭੱਠਲ ਦੀਆਂ ਕਵਿਤਾਵਾਂਦਿੱਲੀ ਦਾ ਰੰਗ    


ਫਿੱਕਾ ਰਹੇ ਕਿਉਂ ਆਨੰਦਪੁਰ ਦਾ ਰੰਗ
ਜਦੋਂ ਦਿੱਲੀ ਦਾ ਰੰਗ ਉਹੀ ਹੈ |
ਉਹੀ ਹੈ ਅਜੇ ਤੱਕ ਜ਼ੁਲਮ ਦਾ ਰੰਗ
ਉਹੀ ਹੈ ਜ਼ਾਲਮ ਦੀ ਤਲਵਾਰ ਦਾ ਰੰਗ
ਉਹੀ ਹੈ ਤਲਵਾਰ ਤੇ ਲੱਗੇ ਖੂਨ ਦਾ ਰੰਗ
ਗੱਲ ਕੀ ਸਮੁੱਚੀ ਦਿੱਲੀ ਦਾ ਰੰਗ ਉਹੀ ਏ|

ਹਿਮਾਲਾ ਤੋਂ ਲੈ ਕੇ ਕੰਨਿਆਕੁਮਾਰੀ ਤੱਕ
ਪਸਰ ਗਿਆ ਹੈ ਸਰਹੰਦ ਦਾ ਖੇਤਰਫ਼ਲ |
ਮੋਗੇ ਤੋਂ ਕਲਕੱਤੇ ਤੱਕ ਕੰਧਾਂ ਹੀ ਕੰਧਾਂ ਨੇ
ਅਣਗਿਣਤ ਕੰਧਾਂ .....
ਕੰਧਾਂ ਕਿ ਜਿੰਨ੍ਹਾਂ ਦੀਆਂ ਨੀਹਾਂ ਚ ਚਿਣੇ ਜਾਂਦੇ
ਸਾਹਿਬਜ਼ਾਦੇ ਹਰ ਰੋਜ਼ |
ਕੰਧਾਂ ਕਿ ਜਿਹੜੀਆਂ ਹੋਰ ਉੱਚੀਆਂ ਹੁੰਦੀਆਂ ਜਾਵਣ
ਦਿਨ.....ਬ.....ਦਿਨ |
ਇੰਨੀ ਵਧ ਗਈ ਬੂਟਾਂ ਦੀ ਦਗੜ ਦਗੜ
ਮਾਛੀਵਾੜੇ ਦੇ ਇਰਦ ਗਿਰਦ
ਕਿ ਕਿਸੇ ਬੱਚੇ ਨੂੰ ਲਤੜ ਕੇ ਲੰਘ ਜਾਣਾ
ਕੋਈ ਅਣਹੋਣੀ ਨਹੀ |

ਜ਼ਫਰਨਾਮਿਆਂ ਦੇ ਲੇਖਕ
ਪਲ ਰਹੇ ਨੇ ਸਕਿਉਰਟੀ ਐਕਟ ਦੀ ਗੋਦੀ ਵਿੱਚ
ਹੁਣ ਉਨ੍ਹਾਂ ਦੇ ਪਿੰਡੇ ਤੇ ਸੂਲਾਂ ਨਹੀ
ਤੱਤੇ ਸਰੀਏ ਖੁਭਦੇ ਨੇ |
ਪਰ ਜ਼ੁਲਮ ਨਾਲ ਜੁੜੇ ਹੱਥ ਕਦੋਂ ਟਿਕਦੇ ਨੇ
ਦਾਅ ਲਗਦਾ ਹੈ ਜੇਲ੍ਹ ਦੀਆਂ ਕੰਧਾਂ ਤੇ ਲਿਖਦੇ ਨੇ
ਸੂਲ ਸੁਰਾਹੀ ਖੰਜਰ ਪਿਆਲਾ,
ਵਿੰਗ ਕਸਾਈਆਂ ਦਾ ਸਹਿਣਾ!
ਯਾਰੜੇ ਦਾ ਸਾਨੂੰ ਸੱਥਰ ਚੰਗਾ,
ਭੱਠ ਖੇੜਿਆਂ ਦਾ ਰਹਿਣਾ !
ਨੀਲੇ ਕੱਪੜਿਆਂ ਚ ਕੈਦ
ਖਾਲਸੇ ਦਾ ਰੰਗ ਉੱਡ ਪੁੱਡ ਚੁੱਕਾ ਹੈ|
ਚਿੜੀਆਂ ਨੂੰ ਬਾਜ਼ ਲੜਾਉਣ ਦੀ ਥਾਂ
ਲੜਾ ਰਹੇ ਨੇ ਉਹ ਅੱਜ ਕੱਲ੍ਹ
ਮੱਖੀਆਂ ਨੂੰ ਮੱਛਰ ਦੇ ਨਾਲ |
ਚਮਕੌਰ ਦੀ ਗੜ੍ਹੀ ਹੈ ਉਹਨਾਂ ਲਈ
ਗੁਰੂਦੁਆਰੇ ਦਾ ਲੰਗਰ|

ਜੇ ਉਨ੍ਹਾਂ ਕਦੀ ਕੋਈ ਸੁਭ ਕਰਮਨ ਵੀ ਕੀਤਾ ਹੈ
ਬੱਸ ਇਹੋ ਕੀਤਾ ਹੈ
ਕਿ ਸੁੱਖਾ ਘੋਟ ਕੇ ਪੀਤਾ ਹੈ
ਜੇ ਭੁੱਲ ਕੇ ਉਹ ਕਦੇ ਤੇਰੀ ਗਲੀ ਆਉਂਦੇ ਨੇ,
ਸੀਸ ਤਲੀ ਤੇ ਨਹੀ ਪੱਗੜ ਚ ਲਪੇਟ ਕੇ ਲਿਆਉਂਦੇ ਨੇ ,
ਯਾਰੜੇ ਦੇ ਸੱਥਰ ਨਾਲੋਂ ਚੰਗਾ ਹੈ
ਉਨ੍ਹਾਂ ਲਈ ਅਸੈਂਬਲੀ ਦਾ ਹਾਲ |

ਕੋ ਕਾਹੂੰ ਕੋ ਰਾਜ਼ ਨਾ ਦੇਹਿ|
ਜੋ ਲੇਹਿ ਨਿਜ਼ ਬਲ ਸੇ ਲੇਹਿ |
ਇਹੀ ਜਿਹੇ ਸ਼ਬਦ ਉਨ੍ਹਾਂ ਨੂੰ ਤੇਰੇ ਨਹੀ
ਕਿਸੇ ਮਾਉ ਦੇ ਲਗਦੇ ਨੇ
ਤੇ ਤੇਰੇ ਪੁੱਤਰਾਂ ਨੂੰ ਉਹ ਬਦੇਸ਼ੀ ਏਜੰਟ ਸੱਦਦੇ ਨੇ |
ਪਰ ਕਲਗੀਧਰ !
ਸੱਚ ਦਾ ਕੋਈ ਰੰਗ ਨਹੀ ਹੁੰਦਾ
ਨਾ ਨੀਲਾ ਨਾ ਖੱਟਾ
ਸੱਚ ਤੇ ਮਾਰ ਆਉਂਦੀ ਹੈ
ਸੱਚ ਬਗਾਵਤ ਕਰਦਾ ਹੈ
ਸੱਚ ਨੰਗੇ ਧੜ ਲੜਦਾ ਹੈ
ਕਦੇ ਕਲਮ ਦੇ ਨਾਲ
ਕਦੇ ਤਲਵਾਰ ਦੇ ਨਾਲ
ਬੇਸ਼ੱਕ ਅਸੀਂ ਛਕਿਆ ਨਹੀ ਬਾਟੇ ਦਾ ਅੰਮ੍ਰਿਤ
ਖਾਲਾਂ ਦਾ ਪਾਣੀ ਹੀ ਪੀਤਾ ਹੈ |
ਬੇਸ਼ੱਕ ਅਸੀਂ ਚੱਖੀ ਨਹੀ ਤਿੰਨ ਮੇਲ ਦੀ ਦੇਗ
ਬਾਜਰੇ ਦੀ ਰੋਟੀ ਹੀ ਖਾਧੀ ਹੈ |
ਬੇਸ਼ੱਕ ਸਾਨੂੰ ਕੀਤਾ ਨਹੀ ਆਨੰਦਪੁਰ ਨੇ ਸੂਚਿਤ
ਪਰ ਦਿਲ ਚੋਂ ਤਾਂ ਆਵਾਜ਼ ਉੱਠੀ ਹੈ
ਕਿ ਅਬ ਜੂਝਣ ਕਾ ਦਾਓ ਹੈ
ਤੇ ਸਾਡੇ ਮਨ ਪ੍ਰੇਮ ਖੇਲਣ ਕਾ ਚਾਓ ਹੈ
ਤੇ ਅਸੀਂ ਤੇਰੀ ਗਲੀ ਆਏ ਹਾਂ |
ਆਹ ਲੈ! ਸਾਡਾ ਸੀਸ
ਤਲੀ ਤੇ ਧਰ ਲਿਆਏ ਹਾਂ |
ਪਿਆਰਿਆਂ ਦੀ ਚੋਣ ਤੂੰ
ਫਿਰ  ਕਰ ਲਵੀਂ ......
ਦਿੱਲੀ ਦਾ ਰੰਗ ਬਦਲਣ ਤੋਂ ਬਾਅਦ|
ਦਿੱਲੀ ਦਾ ਰੰਗ ਬਦਲਣ ਤੋਂ ਬਾਅਦ|

ਸਾਮਰਾਜੀ ਹੋਕਾ

ਧਰਤੀ ਦੇ ਹਰ ਉਸ ਟੁਕੜੇ ਨੂੰ
ਐਟਮ ਸੰਗ ਝੁਲਸ ਦਿਉ
ਜਿਸ ਵਿੱਚੋਂ ਉਪਜਦਾ ਏ
ਅੱਗ ਦੀ ਗੱਲ ਕਰਨ ਵਾਲਾ ਮਨੁੱਖ |

ਹਰ ਉਸ ਕਲਮ ਨੂੰ ਤੋੜ ਦਿਉ
ਹਰ ਉਸ ਸ਼ਬਦ ਦੀ ਸੰਘੀ ਘੁੱਟ ਦਿਉ
ਜਿੰਨ੍ਹਾਂ ਤੋਂ ਖਤਰਾ ਹੈ
ਨਵਾਂ ਇਤਿਹਾਸ ਸਿਰਜਣ ਦਾ |

ਵੀਅਤਨਾਮ ਦੇ ਅਸਫਲ ਤਜਰਬੇ ਤੇ
ਦਿਲ ਨਾਂ ਸੁੱਟੋ! ਹੌਂਸਲਾ ਰੱਖੋ!
ਕੋਈ ਹੋਰ ਪ੍ਰਯੋਗਸ਼ਾਲਾ ਲੱਭ ਲਓ
ਜਿੱਥੇ ਬਾਰੂਦ ਰੀਐਕਸ਼ਨ ਨਹੀ ਕਰਦਾਸਾਹਿਤਿਕ ਵਪਾਰੀਆਂ ਨੂੰ

ਅਰਥ ਜੋ-
ਸਪਸ਼ਟ ਕਹੇ ਜਾ ਸਕਦੇ ਨੇ
ਰੰਗੀਨ ਸ਼ਬਦਾਂ ਚ ਲਪੇਟ ਕੇ
ਪੇਸ਼ ਕਰਨ ਦੀ ਲੋੜ ਕੀ?
ਗੰਢਿਆਂ ਦਾ ਰਸ
ਕੈਪਸੂਲਾਂ ਚ ਭਰਕੇ
ਬਥੇਰਾ ਧੋਖਾ ਦੇ ਚੁੱਕੀਆਂ
ਬ੍ਰਿਟਿਸ਼ ਕੰਪਨੀਆਂ|

ਤੀਹ ਰੁਪਏ ਰੋਜ਼ ਤੇ
ਵਿਕਣ ਵਾਲੇ ਲੋਕ
ਕਿੱਥੋਂ ਲੈਣਗੇ ਤਿੰਨ ਸੌ
ਖਰੀਦਣ ਲਈ ਸ਼ਬਦ-ਕੋਸ਼|
ਤੁਹਾਡੇ ਸ਼ਬਦਾਂ ਦੇ ਅਰਥ ਵੇਖਣ ਲਈ|


ਪੁਰਜ਼ੇ
ਜੇ ਮੈਥੋਂ ਕੋਈ ਪੁੱਛੇ....
ਕਿ ਵਿੱਦਿਅਕ ਸੰਸਥਾਂਵਾਂ ਦੇ ਕੀ ਮਾਹਨੇ ਹੁੰਦੇ ਨੇ...

ਮੈਂ ਕਹਾਂਗਾ....
ਫੈਕਟਰੀਆਂ ਹੁੰਦੀਆਂ ਨੇ ਜਾਂ ਕਾਰਖਾਨੇ ਹੁੰਦੇ ਨੇ
ਜਿਨ੍ਹਾ 'ਚ ਸਰਕਾਰੀ ਮਸ਼ੀਨਰੀ ਦੇ
ਪੁਰਜ਼ੇ ਬਣਾਏ ਜਾਂਦੇ ਨੇ
ਰੇਤੀ ਮਾਰੀ ਜਾਂਦੀ ਹੈ
ਘਾਸੇ ਪਾਏ ਜਾਂਦੇ ਨੇ
'ਪੈਕਿੰਗ' ਕੀਤੀ ਜਾਂਦੀ ਹੈ
'ਲੇਵਲ' ਲਾਏ ਜਾਂਦੇ ਨੇ
ਖੋਦਿਆ ਜਾਂਦਾ ਹੈ ਪੁਰਜ਼ੇ 'ਤੇ
ਮੇਡ ਇਨ ਯੂਨੀਵਰਸਿਟੀ ਪੁਰਜ਼ਾ
ਕੀਮਤ ਨੌਂ ਸੌ ਰੁਪਿਆ
'ਲੋਕਲ' ਟੈਕਸ ਐਕਸਟਰਾ

ਇਹ ਕਾਰਖਾਨਿਆਂ 'ਚ ਨੁਕਸ ਹੈ
ਜਾਂ ਮਜ਼ਦੂਰ ਦੀ ਅਣਗਹਿਲੀ...
ਕਿ ਪੁਰਜ਼ੇ ਜਦ ਮੰਡੀ 'ਚ ਜਾਂਦੇ ਨੇ
ਸਿਰਫ 5 % ਹੀ ਆਪਣੀ ਕੀਮਤ ਪੁਆਉਂਦੇ ਨੇ
ਬਾਕੀ ਅਨਫਿਟ ਹੋ ਜਾਂਦੇ ਨੇ
ਉਹਨਾਂ ਨੂੰ ਸਿਕਲੀਗਰ ਲੈ ਜਾਂਦੇ ਨੇ
ਉਨ੍ਹਾਂ ਦੇ ਬੱਠਲ਼ ਬਣਾਉਂਦੇ ਨੇ
ਬੱਠਲ਼ 'ਚ ਗੋਹਾ ਪਾਉਂਦੇ ਨੇ
'ਬੱਠਲ਼' ਬੜਾ ਸ਼ਰਮਾਉਂਦੇ ਨੇ
ਜਦੋਂ ਕੋਲੋਂ ਦੀ ਇੰਜਣ ਲੰਘ ਜਾਂਦੇ ਨੇ...

ਜੇ ਤੁਸੀਂ ਇਹਨਾਂ ਸੰਸਥਾਂਵਾਂ ਦੇ
ਜਨਮਦਾਤਿਆਂ ਤੋਂ ਇਹਨਾਂ ਦੇ ਮਾਹਨੇ ਪੁੱਛੋ ...
ਉਹ ਕਹਿਣਗੇ .... ਇਹ ਡੂੰਘੇ ਸਮੁੰਦਰ ਨੇ
ਜਿੱਥੇ ਹੰਸ ਮੋਤੀ ਚੁਗਦੇ ਨੇ .......
ਇਹ ਬਹਾਰਾਂ ਦੇ ਗੁਲਸ਼ਨ ਨੇ
ਜਿੱਥੇ ਗੁਲਾਬ ਉੱਗਦੇ ਨੇ .....
ਜੋ ਇਕੇਰਾਂ ਇਨ੍ਹਾਂ 'ਚੋਂ ਗੁਜ਼ਰ ਜਾਂਦਾ ਏ
ਉਹ ਰੁਤਬੇ ਪਾਉਂਦਾ ਏ
ਜ਼ਿੰਦਗੀ ਸਫਲ ਬਣਾਂਦਾ ਏ......

ਪਰ ਉਹਨਾਂ ਤੋਂ ਇਹ ਤਾਂ ਪੁੱਛੋ
ਕਿ ਅਰਥਸਾਸ਼ਤਰ ਦਾ 'ਕੀਮਤ ਸਿਧਾਂਤ'
ਕਿਥੋਂ ਦੀ ਲੰਘਦਾ ਹੈ
ਜਦੋਂ ਕੋਈ ਕਿੱਲੋ ਖੰਡ ਦੇ
ਸਾਢ਼ੇ ਪੰਦਰਾਂ ਮੰਗਦਾ ਹੈ..
ਉਹਨਾਂ ਤੋਂ ਇਹ ਤਾਂ ਪੁੱਛੋ
ਕਿ ਕਿੱਥੇ ਛੁਪ ਜਾਂਦੀ ਏ
ਵਿਧਾਨ ਦੀ 'ਉਨਤਾਲੀਵੀਂ ਧਾਰਾ'
ਰਿਕਸ਼ੇ ਵਾਲੇ ਨੂੰ ਕੁਚਲ ਕੇ
ਲੰਘ ਜਾਂਦਾ ਜਦੋਂ ਕਾਰ ਵਾਲਾ

ਪਰ ਉਹ ਕੀ ਦੱਸਣਗੇ
ਉਹ ਤਾਂ ਜਿਉਂਦੇ ਹੀ ਮੁਰਦੇ ਨੇ
ਉਹਨਾਂ ਬਾਂਗ ਕੀ ਦੇਣੀ ਹੈ
ਉਹ ਤਾਂ ਗੂੰਗੇ ਮੁਰਗੇ ਨੇ
ਸਰਕਾਰੀ ਮਸ਼ੀਨਰੀ '
ਫਿਟ ਆਏ ਹੋਏ ਪੁਰਜ਼ੇ ਨੇ
ਬੱਸ ਜਰਾ ਕੁ ਖੜਕਦੇ ਨੇ
ਜਦੋਂ ਉਹ ਤੁਰਦੇ ਨੇ |

ਥੋੜ੍ਹੇ ਦਿਨ ਹੋਰ ਉਡੀਕੋ
ਤੁਹਾਨੂੰ ਖੁਦ ਪਤਾ ਲਗ ਜਾਵੇਗਾ
ਜਦੋਂ ਤੁਸੀਂ ਪੁਰਜ਼ੇ ਬਣ ਜਾਵੋਗੇ
ਸੁਪੀਰੀਅਰ ਕੁਆਲਿਟੀ
ਦਾ ਲੇਵਲ ਲਾਵੋਗੇ...
ਪਰ ਜਦੋਂ ਮੰਡੀ ਵਿਚ ਜਾਵੋਗੇ
ਓਥੇ ਵਿਕ ਨਹੀਂ ਪਾਵੋਗੇ,
ਅਣਫਿੱਟਾਂ ਵਾਲੇ ਡੱਬੇ '
ਸੁੱਟ ਦਿੱਤੇ ਜਾਵੋਗੇ

ਹੁਣ ਜੇ ਤੁਹਾਨੂੰ ਕੋਈ
ਸਿਕਲੀਗਰ ਵੀ ਲੈ ਜਾਵੇਗਾ
ਉਹ ਵੀ ਘਾਟੇ 'ਚ ਹੀ ਆਵੇਗਾ
ਕਿ ਜਦੋਂ ਤੁਹਾਡਾ 'ਬੱਠਲ਼' ਬਣਾਵੇਗਾ
ਲੋਹਾ ਘਟ ਜਾਵੇਗਾ
ਉਹ ਥੱਲਾ ਕਿਥੋਂ ਲਾਵੇਗਾ
ਚੁੱਕ ਕੇ ਹੀ ਪਛਤਾਵੇਗਾ
ਕਿਸੇ ਰੂੜੀ 'ਤੇ ਸੁੱਟ ਆਵੇਗਾ

ਹੁਣ ਤੁਸੀਂ ਗੰਦ 'ਚ ਰੁਲ਼ੀ ਜਾਵੋਗੇ
ਜੇ ਸੜਕ 'ਤੇ ਆਵੋਗੇ
ਤਾਂ ਠੇਡੇ ਖਾਵੋਗੇ...

ਓ ਅਧਬਣੇ ਪੁਰਜ਼ਿਓ
ਸਾਂਚਿਆਂ 'ਚੋਂ ਬਾਹਰ ਆਵੋ
ਕੁਠਾਲ਼ੀ 'ਚ ਡਿੱਗ ਪਵੋ
ਹਥੌੜੇ ਬਣ ਜਾਵੋ |
ਉਸ ਢਾਂਚੇ 'ਤੇ ਕਰਾਰੀ ਸੱਟ ਲਾਵੋ
ਜੋ ਕੱਚ ਦਾ ਬਣਿਆ ਹੈ
ਜਿਸ ਇਹ ਸਭ ਕੁਝ ਜਣਿਆਂ ਹੈ|
 

No comments:

Post a Comment