ਕਿ ਅਜੇ ਵੀ ਅਸੀਂ ਕਹਾਂਗੇ ਕਿ ਮੇਰਾ ਭਾਰਤ ਮਹਾਨ........

ਇਸ ਵੇਲੇ ਬੜੀ ਹਫੜਾ ਦਫੜੀ ਮੱਚੀ ਹੋਈ ਹੈ, ਧਰਮ ਰਾਜ਼ਨੀਤੀ, ਖੇਡ ਸਭ ਕੁੱਝ ਭ੍ਰਿਸ਼ਟਾਚਾਰ ਦੀ ਭੇਂਟ ਚੜ ਗਿਆ ਹੈ।

ਸ਼ਰੀਫ ਆਦਮੀਂ ਚੁੱਪਚਾਪ ਦਰਸ਼ਕ ਬਣਿਆ ਖੜ੍ਹਾ ਵੇਖ ਰਿਹਾ ਹੈ ਤੇ ਵੇਖਣ ਤੋਂ ਸਿਵਾ ਉਸ ਕੋਲ ਹੋਰ ਕੋਈ ਦੂਸਰਾ ਰਸਤਾ ਨਹੀਂਅਮੀਰ ਹੋਰ ਅਮੀਰ ਹੋ ਰਿਹਾ ਹੈ ਤੇ ਗਰੀਬ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਰਹੀ।
ਦਿੱਲੀ,ਕਲਕੱਤਾ,ਮੁੰਬਈ ਵਰਗੇ ਮਹਾਂਨਗਰਾਂ ਵਿੱਚ ਫੁੱਟਪਾਥਾਂ ਉੱਪਰ ਰੁਲਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਰਿਹਾ ਹੈ। ਸ਼ਰਮ ਦੀ ਗੱਲ ਇਹ ਹੈ ਕਿ ਭਾਰਤ ਵਰਗੇ ਆਜ਼ਾਦ  ਤੇ ਵਿਕਸਤ ਕਹੇ ਜਾਣ ਵਾਲੇ ਮੁਲਕ ਵਿੱਚ ਤੇ ਉਹ ਵੀ ਦਿੱਲੀ ਵਰਗੇ ਰਾਜ਼ਧਾਨੀਂ ਦਾ ਦਰਜ਼ਾ ਪ੍ਰਾਪਤ ਸ਼ਹਿਰ  ਵਿੱਚ ਬੱਚੇ ਫੁੱਟਪਾਥਾਂ ਉੱਪਰ ਜਨਮ ਲੈ ਰਹੇ ਹਨ ਤੇ ਉਹਨਾ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਲੱਖਾਂ ਟਨ ਆਨਾਜ਼ ਪਿਆ ਗੋਦਾਮਾਂ ਵਿੱਚ ਸੜ ਰਿਹਾ ਹੈ ਸਰਕਾਰ ਫੇਰ ਵੀ ਨਹੀਂ ਚਾਹੁੰਦੀ ਕਿ ਉਹ ਆਨਾਜ਼ ਗਰੀਬਾਂ ਵਿੱਚ ਵੰਡ ਦੇਵੇ ,ਚਾਹੇਗੀ ਵੀ ਕਿਉਂ ਸਰਕਾਰ ਨੇਂ ਗਰੀਬਾਂ ਤੋਂ ਲੈਣਾ ਵੀ ਕੀ ਆ!
ਜੇ ਪਹਿਲਾਂ ਗੱਲ ਕਰੀਏ ਰਾਜ਼ਨੀਤੀ ਦੀ ਤਾਂ ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀ ਕਿ ਰਾਜ਼ਨੀਤੀ ਕਿੰਨੀਂ ਕੁ ਸਾਫ ਚਾਦਰ ਹੈ
ਭਾਰਤ ਦੇ ਜਿਆਦਾਤਰ ਮੰਤਰੀ , ਵਜ਼ੀਰ, ਅਪਰਾਧਿਕ ਪਿਛੋਕੜ ਵਾਲੇ ਹਨ।
ਕੋਈ ਬਲਾਤਕਾਰੀ, ਕੋਈ ਭ੍ਰਿਸ਼ਟਾਚਾਰ ਦੇ ਕੇਸ ਦੀਆਂ ਪੇਸ਼ੀਆਂ ਭੁਗਤ ਰਿਹਾ ਹੈ ਸੰਸਦ ਦੇ ਬਹੁਤ ਜਿਆਦਾ ਮੈਂਬਰ ਹਨ ਜਿੰਨਾਂ ਉੱਪਰ ਕਿਸੇ ਨਾਂ ਕਿਸੇ ਮੁਕੱਦਮੇਂ ਵਿੱਚ ਫੜੇ ਜਾਣ ਦਾ ਇਲਜ਼ਾਮ ਹੈ। ਹੁਣ ਤਾਂ ਇਹ ਗੱਲ ਵੀ ਸਾਫ ਹੋ ਚੁੱਕੀ ਹੈ ਕਿ ਸਵਿਸ ਬੈਂਕ ਵਿੱਚ ਸਭ ਤੋਂ ਜਿਆਦਾ ਪੈਸਾ  ਭਾਰਤ ਦਾ ਹੀ ਹੈ ਜਿਹੜਾ ਕਿ ਸਾਫ ਹੈ ਕਿ ਉਹ ਭਾਰਤ ਨੂੰ ਲੁੱਟ ਕੇ ਹੀ ਇਕੱਠਾ ਕੀਤਾ ਗਿਆ ਹੈ।
ਭਾਰਤ ਦੇ ਰਾਜ਼ ਮੁੱਖ ਮੰਤਰੀ ਵੀ ਕੋਈ ਦੁੱਧ ਧੋਤੇ ਨਹੀਂ ਹਨ;ਆਪਣੇਂ ਘਰ ਕਰੋੜਾਂ ਅਰਬਾਂ ਰੁਪਿਆ ਦੇ ਮਾਲਕ ਬਣ ਬੈਠੇ ਨੇਂ ਇਹ ਮੰਤਰੀ ਸਾਹਿਬਾਨ।ਕੇਂਦਰ ਸਰਕਾਰ ਦੀ ਕੋਈ ਵੀ ਸਕੀਮ ਕਿਸੇ ਵੀ ਰਾਜ਼ ਵਿੱਚ ਚੰਗੀ ਤਰ੍ਹਾਂ ਕਾਮਯਾਬ ਨਹੀਂ ਹੋ ਰਹੀ ਕਿਉਂ ਕਿ ਰਾਜ਼ ਮੁਖ ਮੰਤਰੀ ਸਕੀਮਾਂ ਨੂੰ ਆਮ ਆਦਮੀ ਤੱਕ ਪਹੁੰਚਣ ਹੀ ਨਹੀਂ ਦੇ ਰਹੇ।
ਅੱਜ਼ ਕਿਸਾਨ ,ਮਜ਼ਦੂਰ ਦੀ ਹਾਲਤ ਬਦਤਰ ਤੋਂ ਬਦਤਰ ਹੋ ਰਹੀ ਹੈ, ਮਹਿੰਗਾਈ ਨੇਂ ਛੋਟੇ ਕਿਸਾਨਾਂ , ਮਜ਼ਦੂਰਾਂ ਦਾ ਮਲੀਆਂ ਮੇਟ ਕਰਕੇ ਰੱਖ ਦਿੱਤਾ ਹੈ
ਜਨਰਲ ਕਾਸ਼ਤ ਵਿੱਚ ਆਉਣ ਕਰਕੇ ਨਾਂ ਤਾਂ ਕਿਸਾਨ ਨੂੰ ਕੋਈ ਸਕੀਮ  ਮਿਲਦੀ ਹੈ ਤੇ ਜੇ ਉਹ ਹੱਕਦਾਰ ਵੀ ਹੁਵੇ ਤਾਂ ਦੂਜੇ ਧਨੀਂ ਕਿਸਾਨ ਉਸਦੇ ਹੱਕ ਨੂੰ ਡਕਾਰ ਜਾਂਦੇ ਹਨ।ਦੂਸਰੇ ਪਾਸੇ ਕਿਸਾਨ ਦਾ ਖੱਬਾ ਹੱਥ ਖੇਤ ਮਜ਼ਦੂਰਾਂ ਦੀ ਹਾਲਤ ਵੀ ਬਹੁਤ ਬੁਰੀ ਹੋ ਰਹੀ ਹੈ ਖੇਤ ਮਜ਼ਦੂਰਾਂ ਨੂੰ ਨਾਂ ਤਾਂ ਰੋਜ਼ ਮਜ਼ਦੂਰੀ ਹੀ ਮਿਲਦੀ ਹੈ ਜੇ ਮਿਲਦੀ ਵੀ ਹੈ ਤਾਂ ਵੀ ਉਸ ਮਜ਼ਦੂਰੀ ਦਾ ਕੋਈ ਸਕੇਲ ਨਹੀਂ,ਨਰੇਗਾ ਵਰਗੀਆਂ ਸਰਕਾਰੀ ਸਕੀਮਾਂ ਵੀ ਤਕਰੀਬਨ ਫੇਲ ਹੋਚੁੱਕੀਆ ਨੇਂ।
ਅੰਤ ਨੂੰ ਥੱਕ ਹਾਰ ਕੇ ਕਰਜ਼ੇ ਦੇ ਭਾਰ ਹੇਠ ਦੱਬੇ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹਨ।
ਜੇ ਗੱਲ ਕਰੀਏ ਪ੍ਰਾਈਵੇਟ ਕੰਪਨੀਆਂ ਦੀ ਤਾਂ ਪ੍ਰਾਈਵੇਟ ਕੰਪਨੀਆਂ ਦਾ ਅੱਜ ਹਰੇਕ ਖੇਤਰ ਵਿੱਚ ਬੋਲਬਾਲਾ ਵਧ ਗਿਆ ਹੈ ਸਰਕਾਰੀ ਮਿੱਲਾਂ ਜਿੱਥੇ ਲਗਾਤਾਰ ਬੰਦ ਹੋ ਰਹੀਆ ਨੇਂ ਉੱਥੇ ਪ੍ਰਈਵੇਟ ਕੰਪਨੀਆਂ ਖਾਸ ਕਰਕੇ ਵਿਦੇਸ਼ੀ ਪ੍ਰਾਈਵੇਟ ਕੰਪਨੀਆਂ ਨੇਂ ਆਪਣੇਂ ਪੈਰ ਪੱਕੇ ਤੌਰ ਤੇ ਜ਼ਮਾ ਲਏ ਹਨ।ਫਸਲ ਵਾਸਤੇ ਵਰਤੀਆਂ ਜਾਂਦੀਆ ਕੀੜੇਮਾਰ ਦਵਾਈਆਂ ਤੇ ਹਾਈਬ੍ਰਿਡ ਬੀਜ਼ਾਂ ਨੇਂ ਤਾਂ ਕਿਸਾਨ ਨੂੰ ਆਪਣਾ ਮੁਹਤਾਜ਼ ਬਣਾ ਲਿਆ ਹੈ।ਇਹਨਾਂ ਪ੍ਰਾਈਵੇਟ ਕੰਪਨੀਆਂ ਨਾਲ ਮਿਲੀਆਂ -ਜੁਲੀਆਂ ਖੇਤੀਬਾੜੀ ਯੂਨੀਵਰਸਿਟੀਆਂ ਵੀ ਇਹਨਾਂ ਕੀੜੇਮਾਰ ਦਵਾਈਆਂ ਤੇ ਹਾਈਬ੍ਰਿਡ ਬੀਜ਼ਾਂ ਦੀ ਹੀ ਸ਼ਿਫਾਰਸ਼ ਹੀ ਕਰਦੀਆਂ ਹਨ।
ਹਾਈਬ੍ਰਿਡ ਬੀਜ਼ ਹਰ ਵਾਰ ਮਹਿੰਗਾ ਖ੍ਰੀਦਣਾ ਪੈਂਦਾ ਹੈ ਤੇ ਜੇ ਬੀਜ਼ ਕਿਸਾਨ ਨ ਖੁਦ ਤਿਆਰ ਕਰੇ ਤਾਂ ਉਹ ਮੁੜ ਦੋਬਾਰਾ ਬੀਜ਼ਣ ਦੇ ਕਾਬਿਲ ਨਹੀਂ ਹੁੰਦਾ।ਇਸ ਦੇ ਨਾਲ ਹੀ ਕੀੜੇਮਾਰ ਦਵਾਈਆਂ ਦੀਆਂ ਕੀਮਤਾਂ ਹੁਣ ਆਸਮਾਨ ਨੂੰ ਵੀ ਛੂਹਣ ਲੱਗੀਆਂ ਹਨ।
ਇਸ ਤੋਂ ਉਲਟ ਰਹਿੰਦੀ ਖੂੰਹਦੀ ਕਸਰ ਇਹਨਾਂ ਕੰਪਨੀਆਂ ਨੇਂ ਜ਼ਮੀਨ ਐਕੁਆਇਰ ਕਰਕੇ ਪੂਰੀ ਕਰ ਦਿੱਤੀ ਹੈ।
ਆਰਥਿਕ ਵਿਕਾਸ ਦੇ ਨਾਂ ਤੇ  ਹਜ਼ਾਰਾਂ ਏਕੜ ਜ਼ਮੀਂਨਾਂ ਐਕੁਆਇਰ ਕੀਤੀਆਂ ਜਾ ਰਹੀਆਂ ਹਨ।
ਜੇ ਅੱਕੇ ਹੋਏ ਕਿਸਾਨ ਵਿਚਾਰੇ ਸ਼ੰਘਰਸ਼ ਦੇ ਰਾਹ ਤੁਰਦੇ ਨੇਂ ਤਾਂ ਪੁਲਿਸ ਤੇ ਕਾਨੂੰਨ ਭੰਨ ਛੱਡਦਾ ਹੈ।
ਫਿਰ ਅੱਕੇ ਹੋਏ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੂੰਦੇ ਹਨ, ਇਸ ਤੋਂ ਸ਼ਰਮ ਦੀ ਗੱਲ ਕੀ ਹੋਵੇਗੀ ਕਿ ਦੇਸ਼  ਦਾ  ਕਿਸਾਨ ਖੁਦਕੁਸ਼ੀਆਂ ਦੇ ਰਹ ਤੁਰ ਪਿਆ ਹੈ ਕੀ ਅਸੀਂ ਇਸ ਨੂੰ ਵਿਕਾਸ ਦਾ ਨਾਂ ਦੇਵਾਂਗੇ ?
ਵਿਕਾਸ ਤੋਂ ਯਾਦ ਆਇਆ ਪਿਛਲੇ ਸਾਲ ਕਾਮਨ ਵੈਲਥ ਖੇਡਾਂ ਵੇਲੇ ਜਮੁਨਾਂ ਨਦੀ ਦੇ ਪਾਣੀ ਨੇਂ ਦਿੱਲੀ ਦਾ ਸਾਂਹ ਬੰਦ ਕਰਕੇ ਰੱਖ ਦਿੱਤਾ ਸੀ, ਦਿੱਲੀ ਦੀਆਂ ਸੜਕਾਂ ਉੱਪਰ ਖੜਾ ਗੋਡੇ-ਗੋਡੇ ਪਾਣੀ ਦੇਸ਼ ਦੇ ਵਿਕਾਸ ਦੀ ਗਵਾਹੀ ਭਰ ਰਿਹਾ ਸੀ ਤੇ ਸਰਕਾਰ ਕੋਲੋਂ ਕਾਮਨ ਵੈਲਥ ਖੇਡਾਂ ਕਰਵਾਉਣ ਦੀਆਂ ਖੁਸੀਆਂ ਨੀਂ ਸੀ ਸਾਂਭੀਆਂ ਜਾ ਰਹੀਆਂ।
ਲਉ ਜੇ ਖੇਡਾਂ ਦੀ ਗੱਲ ਵੀ ਤੁਰ ਪਈ ਹੈ ਤਾਂ ਇਹਨਾਂ ਬਾਰੇ ਵੀ ਸੁਣ ਲਉ;ਇਹ ਵੀ ਲੁਕਿਆ ਨਹੀ ਕਿ ਭਾਰਤ ਦੇ ਉੱਚ ਕੋਟੀ ਦੇ ਖਿਡਾਰੀ ਜਿੰਨਾਂ ਉੱਪਰ ਭਾਰਤ ਉਮੀਦਾ ਲਗਾਉਂਦਾ ਸੀ ਉਹ ਨਸ਼ੀਲੀਆਂ ਦਵਾਈਆਂ ਦੇ ਸੇਵਨ ਦੇ ਦੋਸ਼ੀ ਪਾਏ ਗਏ ਇਹ ਦੇਸ਼ ਉੱਪਰ ਕਲੰਕ ਨਹੀਂ ਤਾਂ ਹੋਰ ਕੀ ਹੈ ? ਸਾਡੇ ਦੇਸ਼ ਦੇ ਮੰਨੇਂ ਪ੍ਰਮੰਨੇਂ ਕ੍ਰਿਕਟ ਖਿਡਾਰੀ ਕਰੋੜਾਂ ਅਰਬਾਂ ਰੁਪਿਆਂ ਦੇ ਮਾਲਕ ਬਣ ਬੈਠੇ ਹਨ। ਸਰਕਾਰ ਕੋਲ ਵੀ ਖੇਡਾਂ ਉੱਪਰ ਖਰਚ ਕਰਨ ਲਈ ਤਾਂ ਪੈਸਾ ਹੈ ਪਰ ਭਾਰਤ ਦੀ ਗਰੀਬੀ ਦੂਰ ਕਰਨ ਲਈ ਸਰਕਾਰ ਕੋਲ ਪੈਸਾ ਨਹੀਂ।ਭਾਰਤ ਦੇ ਉਦਯੋਗਪਤੀ ਜਿੰਨਾਂ ਨੂੰ ਆਪਣੀ ਦੌਲਤ ਬਾਰੇ  ਖੁਦ ਵੀ ਅੰਦਾਜ਼ਾ ਨਹੀ ਕਿ ਕਿੰਨੀਂ ਕੇ ਹੋਵੇਗੀ!
ਉਹਨਾਂ ਦੇ ਵਰਕਰ ਇਸ ਹਾਲਤ ਵਿੱਚ ਹਨ ਕਿ ਅਪਣਾ ਇੱਕ ਖੁਦ ਦਾ ਘਰ ਹੋਵੇ ਉਹਨਾਂ ਲਈ ਇਹ ਗੱਲ ਸੁਫਨਾਂ ਬਣ ਚੁੱਕੀ ਹੈ।
ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਨੇਂ ਇਹ ਫੈਸਲਾ ਕੀਤਾ ਸੀ ਕਿ ਉਹ ਆਪਣੀ ਜਾਇਦਾਦ ਦਾ ਅੱਧਾ ਹਿੱਸਾ ਗਰੀਬਾਂ ਵਿੱਚ ਵੰਡ ਦੇਣਗੇ ਪਰ ਸਾਡੇ ਅਮੀਰ ਅਰਬਪਤੀ ਇੱਕ ਰੁਪਿਆ ਵੀ ਗਰੀਬਾਂ ਨੂੰ ਨਹੀਂ ਦੇ ਸਕਣਗੇ ਕਿਉਂ ਕਿ ਇਸ ਕੰਮ ਲਈ ਵੀਦਿਲ ਚਾਹੀਂਦਾ ਹੈ।
ਖੈਰ! ਗੱਲਾਂ ਤਾਂ ਬਹੁਤ ਨੇਂ ਕਰਨ ਵਾਲੀਆਂ ਇਸ ਲੇਖ ਵਿੱਚ ਸਭ ਕੁੱਝ ਨਹੀਂ ਕਿਹਾ ਜਾ ਸਕਦਾ
ਪਰ ਇੰਨਾਂ ਜਰੂਰ ਕਹਾਂਗਾ ਕਿ ਜਿਸ ਦੇਸ਼ ਦਾ ਭਵਿੱਖ ਪੜ੍ਹਨ ਲਿਖਣ ਦੀ ਥਾਂ ਹੋਟਲਾਂ ਉੱਪਰ ਭਾਂਡੇ ਮਾਂਜ਼ ਰਿਹਾ ਹੋਵੇ,ਨੌਜ਼ੁਆਂਨ ਨਸ਼ਿਆਂ 'ਚ ਗੁਲਤਾਨ ਹੋ ਰਹੇ ਹੋਣ,ਦੇਸ਼ ਦਾ ਅੰਨਦਾਤਾ ਖੁਦਕੁਸ਼ੀਆਂ ਦੇ ਰਾਹ ਤੁਰਿਆ ਹੋਵੇ, ਦੇਸ਼ ਦੇ ਲੀਡਰ ਦੇਸ਼ ਦੀ ਆਰਥਿਕ ਨਬਜ਼ ਤੋਂ ਜਾਣ ਬੁੱਝ ਕੇ ਅਣਜਾਣ ਬਣਕੇ ਵਿਕਾਸ ਦੀਆਂ ਸ਼ੇਖੀਆਂ ਮਾਰ ਰਹੇ ਹੋਣ, ਫੋਕੀ ਸ਼ਾਨ ਦੇ ਨਾਂ 'ਤੇ ਖੇਡਾਂ ਉੱਪਰ ਅੰਨ੍ਹੇਵਾਹ ਪੈਸਾ ਵਹਾਇਆ ਜਾ ਰਿਹਾ ਹੋਵੇ; ਦੇਸ਼ ਦਾ ਕਾਨੂੰਨ ਤੇ ਪੁਲਿਸ ਭ੍ਰਿਸ਼ਟ ਹੋ ਚੁੱਕਿਆ ਹੋਵੇ ,ਧਰਮ ਦੇ ਨਾਂ 'ਤੇ ਦੰਗੇ ਫਸਾਦ ਹੋ ਰਹੇ ਹੋਣ,ਆਨਾਜ਼ ਪਿਆ ਸੜ ਰਿਹਾ ਹੋਵੇ ਤੇ ਗਰੀਬ ਭੁੱਖੇ ਮਰ ਰਹੇ ਹੋਣ ਉਸ ਦੇਸ਼ ਨੂੰ ਮਹਾਨ ਕਿਹਾ ਜਾ ਸਕਦਾ ਹੈ ?
ਬਚਪਨ ਵਿੱਚ ਇੱਕ ਕਵਿਤਾ ਪੜੀ ਸੀ " ਮੇਰਾ ਭਾਰਤ ਮਹਾਨ" ਪਰ ਜਿਉਂ ਜਿਉਂ ਅਸੀਂ ਵੱਡੇ ਹੋਏ
ਤੇ ਭਾਰਤ ਦੀ ਮਹਾਨਤਾ ਅੱਖੀਂ ਵੇਖੀ ਤਾਂ ਖੂਦ ਆਪਣੇ ਆਪ 'ਤੇ ਸ਼ਰਮ ਆਉਂਦੀ ਹੈ ਕਿ ਅਜੇ ਵੀ ਅਸੀਂ ਕਹਾਂਗੇ ਕਿ ਮੇਰਾ ਭਾਰਤ ਮਹਾਨ ਹੈ? ਇਹ ਸਾਰੀਆ ਗੱਲਾਂ ਕਰਨ ਸੁਣਨ ਤੋਂ ਬਾਅਦ ਸਾਡੇ ਜਿਹਨ 'ਚ ਇੱਕ ਹੀ ਸੁਆਲ ਉੱਠਦਾ ਹੈਕਿ ਇਸ ਰਾਜ਼ਨੀਤਿਕ ਢਾਂਚੇ ਵਿੱਚ ਸੁਧਾਰ ਹੋਣਾਂ ਚਾਹੀਦਾ ਹੈ, ਪਰ ਸਿਰਫ ਸੁਧਾਰ ਨਾਲ ਹੀ ਆਰਥਿਕ ਬਰਾਬਰਤਾ ਸਮਾਜ਼ਿਕ ਬਰਾਬਰਤਾ ਸੰਭਵ ਹੈ? ਜਦ ਤੱਕ ਨਿੱਜ਼ੀ ਮੁਨਾਫੇ ਦਾ ਸਿਧਾਂਤ ਹੈ ਭਾਰਤ 'ਚ ਪੂੰਜ਼ੀਵਾਦੀ ਨਿਜ਼ਾਮ ਮੌਜ਼ੂਦ ਹੈ ਤਦ ਤੱਕ ਅਸੀਂ ਇਹਨਾਂ ਸਭ ਅਲਾਮਤਾਂ ਨਾਲ ਜੂਝਦੇ ਰਹਿਣਾਂ ਹੈ  ਸਭ ਕਾਸੇ ਦਾ ਹੱਲ ਪੂਰਨ ਤੌਰ ਤੇ ਸਮਾਜ਼ਵਾਦ ਅੰਦਰ ਹੀ ਸੰਭਵ ਹੈ ਜਿੱਥੇ ਸਭ ਨੂੰ ਯੋਗਤਾ ਅਨੁਸਾਰ ਕੰਮ ਅਤੇ ਜਰੂਰਤ ਮੁਤਾਬਕ ਸਾਰੀਆਂ ਚੀਜ਼ਾਂ ਮੁਹੱਈਆ ਹੋਣਗੀਆਂ ਆਉ ਸਾਰੇ ਮਿਲ ਕੇ ਅਜਿਹੇ ਸ਼ਾਨਮੱਤੇ ਸਮਾਜ਼ ਲਈ ਜੱਦੋ ਜਹਿਦ ਕਰੀਏ ਸ਼ਾਇਦ ਅਸੀਂ ਕਦੇ ਕਹਿ ਸਕੀਏ  ਕਿ ਮੇਰਾ ਭਾਰਤ ਮਹਾਨ ਹੈ..... 

ਬਿੰਦਰ ਪਾਲ ਫਤਿਹ                                                                 
                                                              

No comments:

Post a Comment