ਅੱਵਲ ਅੱਲਾ ਨੂਰ ਉਪਾਇਆ

ਅੱਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ।
ਏਕ ਨੂਰ ਤੇ ਸਭ ਜਗੁ ਉਪਜਿਆ ਕੌਣ ਭਲੇ ਕੋ ਮੰਦੇ॥

ਗੁਰਬਾਣੀ ਦੀਆਂ ਇਹ ਸਤਰਾਂ ਸਭ ਨੇ ਸੁਣੀਆਂ ਹੋਣਗੀਆਂ ਇਨ੍ਹਾਂ ਉੱਤੇ ਅਮਲ ਦੀ ਗੱਲ ਹਰ ਸਿੱਖ ਜੋ ਕਿ ਪੰਜਾਬੀ ਵੀ ਹੈ, ਅਕਸਰ ਕਰਦਾ ਸੁਣਾਈ ਦਿੰਦਾ ਹੈ।ਇਨ੍ਹਾਂ ਦਾ ਅਰਥ ਵੀ ਸਭ ਨੂੰ ਪਤਾ ਹੀ ਹੈ।ਗੁਰੂਦੁਆਰਿਆਂ ਦੇ ਸਪੀਕਰਾਂ ਵਿੱਚੋਂ ਸੁਣਦੇ ਇਹ ਸ਼ਬਦ ਕਿਸੇ ਵੀ ਪੰਜਾਬੀ ਲਈ ਸੁਹਾਵਣੇ ਅਤੇ ਰੱਬੀ ਫ਼ਰਮਾਨ ਵਰਗੇ ਲਗਦੇ ਹਨ।ਪਰ ਪੰਜਾਬ ਵਿੱਚ ਉਹ ਪੰਜਾਬੀ ਵੀ ਵਸਦੇ ਹਨ ਜਿੰਨ੍ਹਾਂ ਨੂੰ ਹੁਣ ਇਸ ਦੇ ਮਤਲਬ ਸਮਝ ਆਉਣੇ ਸ਼ੁਰੂ ਹੋ ਗਏ ਹਨ ਅਤੇ ਜਿੰਨ੍ਹਾਂ ਨੂੰ ਹੁਣ ਇਨ੍ਹਾਂ ਸ਼ਬਦਾਂ ਦੇ ਅਰਥ ਦੋਬਾਰਾ ਕਰਨੇ ਪੈ ਰਹੇ ਹਨ।ਉਹ ਪੰਜਾਬੀ ਹਨ ਪੰਜਾਬ ਦੇ ਦਲਿਤ, ਜਿੰਨ੍ਹਾ ਲਈ ਇਹ ਸ਼ਬਦ ਉਸ ਕਵਿਤਾ ਵਰਗੇ ਹਨ ਜੋ ਕਵੀ ਨੂੰ ਤਾਂ ਮਹਾਨ ਬਣਾ ਦਿੰਦੀ ਹੈ ਪਰ ਜਿਸ ਬਾਰੇ ਲਿਖੀ ਜਾਂਦੀ ਹੈ ਉਸ ਦੀ ਹਾਲਤ ਜਿਉਂ ਦੀ ਤਿਉਂ ਰਹਿੰਦੀ ਹੈ।
ਪੰਜਾਬ ਵਿੱਚ ਗੁਰੂਦੁਆਰਿਆਂ ਦਾ ਪਿੰਡਾਂ ਵਿੱਚ ਇੱਕ ਤੋਂ ਚਾਰ ਦੀ ਗਿਣਤੀ ਤੱਕ ਪਹੁੰਚਣਾ ਅੱਜ ਦੀ ਗੱਲ ਨਹੀਂ ਹੈ। ਮੇਰੀ ਉਮਰ ਦੇ ਤਿੰਨ ਦਹਾਕੇ ਪੂਰੇ ਹੋ ਗਏ ਹਨ। ਬਚਪਨ ਤੋਂ ਪਿੰਡ ਵਿੱਚ ਵੇਖਦਾ ਆਇਆ ਹਾਂ ਕਿ ਪਿੰਡ ਵਿੱਚ ਦੋ ਆਹਮੋ-ਸਾਹਮਣੇ ਅਤੇ ਦੋ ਵੱਖ-ਵੱਖ ਥਾਵਾਂ ਉੱਤੇ ਗੁਰੂਦੁਆਰੇ ਬਣੇ ਹੋਏ ਹਨ।ਪੰਜਾਬ ਵਿੱਚ ਅਕਸਰ ਆਖਿਆ ਜਾਂਦਾ ਹੈ ਕਿ ਇਹ ਗੁਰਾਂ ਦੇ ਨਾਮ ਉੱਤੇ ਵਸਦਾ ਹੈ ਪਰ ਸੱਚਾਈ ਕੀ ਹੈ ਇਸ ਤੋਂ ਪਾਸਾ ਹੀ ਵੱਟਿਆ ਜਾਂਦਾ ਰਿਹਾ ਹੈ। ਗੋਲਕਾਂ ਦੀ ਲੜਾਈ ਤੋਂ ਲੈ ਕੇ ਦਲਿਤਾਂ ਦੀ ਗੁਰੂਦੁਆਰਿਆਂ ਵਿੱਚ ਹੁੰਦੀ ਬੇਹੁਰਮਤੀ ਆਮ ਜਿਹੀ ਗੱਲ ਰਹੀ ਹੈ।ਪੰਜਾਬ ਦੇ ਪਿੰਡਾਂ ਵਿੱਚ ਅਲੱਗ-ਅਲੱਗ ਭਾਈਚਾਰਿਆਂ ਦੀਆਂ ਆਪਣੀਆਂ ਸੱਥਾਂ ਹਨ ਅਤੇ ਆਪਣੀਆਂ ਥਾe੍ਹੀਆਂ (ਧਰਮਸ਼ਾਲਾਵਾਂ) ਬਣੀਆਂ ਹੋਈਆਂ ਹਨ।ਜੱਟ ਜ਼ਿਮੀਦਾਰ ਜੇ ਆਪਣੀ ਪੱਤੀ ਦੀ ਥਾe੍ਹੀ ਵਿੱਚ ਅਖੰਡ ਪਾਠ ਪ੍ਰਕਾਸ਼ ਕਰਵਾਉਂਦੇ ਹਨ ਤਾਂ ਜ਼ਾਹਰ ਹੈ ਕਿ ਉਹ ਵਿਹੜ੍ਹੇ ਵਾਲਿਆਂ ਨੂੰ ਭੋਗ ਉੱਤੇ ਨਹੀਂ ਬੁਲਾਉਂਦੇ।ਜੇ ਦਲਿਤਾਂ ਦੇ ਬੱਚੇ ਕਦੀ ਕਦੀ ਜ਼ਿਮੀਦਾਰਾਂ ਦੀ ਥਾe੍ਹੀ ਵਿੱਚ ਪੈ ਰਹੇ ਭੋਗ ਉੱਤੇ ਪਹੁੰਚ ਵੀ ਜਾਣ ਤਾਂ ਉਨ੍ਹਾਂ ਦੀ ਅਲੱਗ ਤੋਂ ਲਾਈਨ ਲਗਵਾਈ ਜਾਂਦੀ ਹੈ।ਅਖੰਡ ਪਾਠਾਂ ਦੇ ਭੋਗਾਂ ਦੀਆਂ ਇਨ੍ਹਾਂ ਲਾਈਨਾਂ ਲੱਗਣ ਦਾ ਮੈਂ ਪ੍ਰਤੱਖ ਗਵਾਹ ਹਾਂ।ਉਧਰ ਜੇ ਮਜ਼੍ਹਬੀ ਸਿੱਖ ਜਾਂ ਰਵਿਦਾਸੀਏ ਸਿੱਖ ਆਪਣੀ ਥਾe੍ਹੀ ਵਿੱਚ ਕਰਵਾਉਣ ਤਾਂ ਉਹ ਇਨ੍ਹਾਂ ਜ਼ਿਮੀਦਾਰਾਂ ਨੂੰ ਜਰੂਰ ਬੁਲਾਉਂਦੇ ਹਨ।ਵਿਆਹਾਂ ਸ਼ਾਦੀਆਂ ਵੇਲੇ ਵੀ ਤਕਰੀਬਨ ਇਹੀ ਹੁੰਦਾ ਹੈ। 
90 ਦੇ ਦਹਾਕੇ ਵਿੱਚ ਦਲਿਤਾਂ ਨੇ ਇਨ੍ਹਾਂ ਸਾਰੇ ਕਾਰਨਾਂ ਕਰਕੇ ਪਹਿਲਾਂ ਗੁਰੂਦੁਆਰਿਆਂ ਦੀ ਉਸਾਰੀ ਵੱਖਰੀ ਹੂੰਦੀ ਗਈ ਅਤੇ ਗੱਲ ਇੱਥੇ ਹੀ ਨਾ ਰੁਕ ਕੇ ਦਲਿਤ ਭਾਈਚਾਰੇ ਨੇ ਸਿੱਖ ਧਰਮ ਛੱਡ ਕੇ ਡੇਰਿਆਂ ਵਿੱਚ ਜਾਣ ਨੂੰ ਵੀ ਤਰਜ਼ੀਹ ਦਿੱਤੀ। ਸਿਰਸੇ ਵਾਲੇ, ਭਨਿਆਰੇ ਵਾਲੇ, ਨੂਰਮਹਿਲੀਏ ਵਰਗੇ 'ਬਾਬੇ' ਇਸ ਦਾ ਚੰਗਾ ਫ਼ਾਇਦਾ ਉਠਾ ਗਏ ਅਤੇ ਇਨ੍ਹਾਂ ਪਿੱਛੇ ਜੋ ਸਿਆਸਤ ਕੰਮ ਕਰ ਰਹੀ ਸੀ ਉਸ ਨੂੰ ਤਾਂ ਆਪਣੇ ਮਕਸਦ ਵਿੱਚ ਵੀ ਕਾਮਯਾਬੀ ਮਿਲੀ।ਇਹ ਹਾਲਤ ਹੈ ਪੰਜਾਬ ਵਿੱਚ ਦਲਿਤ ਦੀ ਜੋ ਕਿ ਹੁਣ ਉੱਭਰ ਕੇ ਸਾਹਮਣੇ ਆ ਰਹੀ ਹੈ।ਮਾਨਸਾ ਦੇ ਪਿੰਡ ਫਫੜੇ ਭਾਈਕੇ ਦੇ ਗੁਰੂਦੁਆਰਾ ਦੀ ਹਦੂਦ ਅੰਦਰ ਨਿੱਕੀ ਬੱਚੀ ਨਾਲ ਜੋ ਵਤੀਰਾ ਹੋਇਆ ਹੈ ਉਸ ਕਰਕੇ ਬੱਚੀ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ।ਇਸ ਵਰਤਾਰੇ ਨੂੰ ਰੋਕਿਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਰੋਕਣ ਦਾ ਕੰਮ ਸਿੱਖਾਂ ਦੀ 'ਸਿਰਮੌਰ' ਸੰਸਥਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਪਰ ਕਮੇਟੀ ਇਨ੍ਹਾ ਹਾਲਤਾਂ ਵਿੱਚ ਫਫੜੇ ਭਾਈਕੇ ਦੇ ਗੁਰੂਦੁਆਰਾ ਪ੍ਰਧਾਨ ਨੂੰ ਗ੍ਰਿਫ਼ਤਾਰ ਵੀ ਨਹੀਂ ਕਰਵਾ ਸਕੀ। ਉਲਟਾ ਦਲਿਤ ਆਗੂਆਂ ਉੱਤੇ ਹੀ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ ਕਿ ਕੁੜੀ ਨੇ ਕੋਈ ਜ਼ਹਿਰੀਲੀ ਚੀਜ਼ ਨਹੀਂ ਖਾਧੀ ਅਤੇ ਪ੍ਰਧਾਨ ਨੇ ਕੁੜੀ ਨੂੰ ਕੋਈ ਜਾਤੀ ਸੂਚਕ ਸ਼ਬਦ ਨਹੀਂ ਬੋਲਿਆ।ਇਨ੍ਹਾਂ ਹਲਾਤਾਂ ਵਿੱਚ 'ਗੁਰੂ ਨਾਨਕ ਨਾਮ ਲੇਵਾ' ਸਿੱਖ ਸੰਗਤਾਂ ਦੇ ਸੋਚਣ ਦਾ ਸੁਆਲ ਹੈ ਕਿ ਇਨ੍ਹਾਂ ਗੱਲਾਂ ਦੇ ਸੱਚ ਅਤੇ ਝੂਠ ਦਾ ਨਿਤਾਰਾ ਕੌਣ ਕਰੇਗਾ? ਗੁਰੁ ਗ੍ਰੰਥ ਸਾਹਿਬ ਦੇ 'ਏਕਸ ਕੇ ਹਮ ਬਾਰੁਕ' ਦੀ ਲਾਜ਼ ਕੌਣ ਰੱਖੇਗਾ? ਇਨ੍ਹਾਂ ਨੂੰ ਝੂਠਾ ਪੈਣ ਤੋਂ ਕੌਣ ਬਚਾਵੇਗਾ?

No comments:

Post a Comment