Skip to main content

ਫ਼ਿਲਮ ਇੰਸਟੀਚਿਊਟ ਦੀ ਅਹੁਦੇਦਾਰੀ ਬਨਾਮ ਹਿਟਲਰੀ ਕਾਰਵਾਈ



ਜਦੋਂ ਕੋਈ ਸੱਤ੍ਹਾ ਰੂੜੀਵਾਦੀ ਕਦਰਾਂ ਕੀਮਤਾਂ ਅਤੇ ਸ਼ੁੱਧਤਾ ਦੇ ਸਿਧਾਂਤ ਦੇ ਆਧਾਰ ਉੱਤੇ ਨਿਰੋਲ ਫਾਸ਼ੀਵਾਦੀ ਖਾਸਾ ਰੱਖਦੀ ਹੋਵੇ ਤਾਂ ਸੰਭਾਵਨਾਵਾਂ ਵਧ ਜਾਂਦੀਆਂ ਹਨ ਕਿ ਉਹ ਸੱਭਿਆਚਾਰਕ ਅਦਾਰਿਆਂ ਉੱਤੇ ਆਪਣਾ ਗਲਬਾ ਵਧਾਵੇਗੀ। ਇਸ ਗਲਬੇ ਨਾਲ ਹੀ ਉਹ ਇਨ੍ਹਾਂ ਅਦਾਰਿਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਉਹ ਪੜ੍ਹਾਵੇਗੀ ਜੋ ਉਹ ਪੜ੍ਹਾਉਣਾ ਚਾਹੁੰਦੀ ਹੈ। ਕਾਫ਼ੀ ਦਿਨਾਂ ਤੋਂ ਪੂਨਾ ਦੇ ਫ਼ਿਲਮ ਅਤੇ ਟੈੱਲੀਵਿਜ਼ਨ ਇੰਸਟੀਚਿਊਟ ਦੇ ਚੇਅਰਮੈਨ ਦੀ ਨਿਯੁਕਤੀ ਉੱਥੋਂ ਦੇ ਵਿਦਿਆਰਥੀਆਂ ਨੂੰ ਰਾਸ ਨਹੀਂ ਆ ਰਹੀ। ਵਿਦਿਆਰਥੀਆਂ ਨੇ ਨਿਯੁਕਤੀ ਦੇ ਰੋਸ ਵਿੱਚ ਆਪਣੇ ਤਰੀਕੇ ਨਾਲ ਕਲਾਸਾਂ ਦਾ ਬਾਈਕਾਟ ਕਰ ਦਿੱਤਾ ਹੈ ਅਤੇ ਚੇਅਰਮੈਨ ਦੀ ਨਿਯੁਕਤੀ ਦੇ ਐਲਾਨ ਤੋਂ ਬਾਅਦ ਹੁਣ ਤੱਕ ਹਰ ਦਿਨ ਰੋਸ ਮੁਜ਼ਾਹਰਾ ਕਰ ਰਹੇ ਹਨ।ਵਿਦਿਆਰਥੀ ਨਵੇਂ ਚੇਅਰਮੈਨ ਗਜਿੰਦਰ ਚੌਹਾਨ ਦੀ ਨਿਯੁਕਤੀ ਤੋਂ ਖੁਸ਼ ਨਹੀਂ ਕਿਉਂ ਕਿ ਉਨ੍ਹਾ ਦਾ ਮੰਨਣਾ ਹੈ ਕਿ ਇਹ ਨਿਯੁਕਤੀ ਰਾਜਨੀਤੀ ਤੋਂ ਅਸਰਅੰਦਾਜ਼ ਹੈ ਅਤੇ ਭਾਜਪਾ ਦੀਆਂ ਸੰਘੀ ਕਾਰਵਾਈਆਂ ਦਾ ਹੀ ਹਿੱਸਾ ਹੈ।
ਮੁਲਕ ਭਰ ਦੇ ਬੁੱਧੀਜੀਵੀਆਂ ਅਤੇ ਫ਼ਿਲਮ ਹਦਾਇਤਕਾਰਾਂ ਦੀ ਹਮਾਇਤ ਵਿਦਿਆਰਥੀਆਂ ਦੇ ਨਾਲ ਹੈ।ਵਿਦਿਆਰਥੀ ਚੌਹਾਨ ਦੀ ਨਿਯੁਕਤੀ ਦਾ ਵਿਰੋਧ ਕਰ ਰਹੇ ਹਨ ਪਰ ਚੋਣਕਾਰ ਆਪਣੀ ਚੋਣ 'ਤੇ ਅੜੇ ਹੋਏ ਹਨ। ਅਜਿਹੀਆਂ ਕਾਰਵਾਈਆਂ ਨਾਲ ਬੀਤੇ ਇੱਕ ਸਾਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਅਤੇ ਸੰਘ ਵਿਚਲਾ ਰਿਸ਼ਤਾ ਦਿਨ-ਬ-ਦਿਨ ਹੋਰ ਜੱਗ ਜ਼ਾਹਰ ਹੋਇਆ ਹੈ।ਸੰਘ ਦੀ ਵਿਚਾਰਧਾਰਾ ਅਤੇ ਕਦੇ ਸੰਘ ਨਾਲ ਜੁੜੇ ਹੋਏ ਲੋਕਾਂ ਨੂੰ ਇਸ ਇੱਕ ਸਾਲ ਦੌਰਾਨ ਕਾਫ਼ੀ ਫਾਇਦਾ ਪਹੁੰਚਾਇਆ ਗਿਆ ਹੈ।ਇੰਝ ਵੀ ਕਿਹਾ ਜਾ ਸਕਦਾ ਹੈ ਕਿ ਸੰਘ ਅਜਿਹੇ ਲੋਕਾਂ ਨੂੰ ਫਾਇਦਾ ਪਹੁੰਚਾ ਕੇ ਸੰਘ ਦੀ ਵਿਚਾਰਧਾਰਾ ਅਤੇ ਇੱਕ ਵੱਖਰਾ ਸੱਭਿਆਚਾਰ ਸਿਰਜਣ ਅਤੇ ਫਾਸ਼ੀਵਾਦ ਨੂੰ ਹੀ ਹੋਰ ਵਧਾ ਅਤੇ ਸੰਵਾਰ ਰਹੀ ਹੈ।ਭਾਜਪਾ ਦੀ ਸੇਵਾ ਕਰਨ ਵਾਲਿਆਂ ਨੂੰ ਅਜਿਹੇ ਅਹੁਦੇ ਦੇਣ ਦੀ ਰਵਾਇਤ ਹੁਣ ਗੂੜ੍ਹਾ ਰੰਗ ਅਖ਼ਤਿਆਰ ਕਰ ਰਹੀ ਹੈ। 26 ਅਕਤੂਬਰ 2014 ਨੂੰ ਹੀ ਬੀਤੇ 36 ਸਾਲਾਂ ਤੋਂ ਸੰਘ ਦੇ ਮੈਂਬਰ ਰਹੇ ਮਨੋਹਰ ਲਾਲ ਖੱਟਰ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾਇਆ ਗਿਆ।ਮਨੋਹਰ ਲਾਲ ਖੱਟਰ ਬਾਰੇ ਹੁਣ ਸਾਰੇ ਹੀ ਜਾਣਦੇ ਹਨ ਕਿ ਉਹ ਕਾਫ਼ੀ ਸਮਾਂ ਸੰਘ ਵਿੱਚ ਕੰਮ ਕਰਦਾ ਰਿਹਾ ਹੈ। ਖੱਟਰ ਸਰਕਾਰ ਨੇ ਪਹਿਲਾ ਕੰਮ ਹਰਿਆਣਾ ਵਿੱਚ ਇਹ ਕੀਤਾ ਕਿ ਸਾਰੇ ਸਕੂਲਾਂ ਵਿੱਚ ਗੀਤਾ ਦਾ ਪਾਠ ਜਰੂਰੀ ਕਰ ਦਿੱਤਾ। ਇਸ ਕਦਮ ਨੂੰ ਭਾਰਤ ਦੀ 'ਭੁੱਲੀ ਵਿੱਸਰੀ ਸੰਸਕ੍ਰਿਤੀ' ਦੇ 'ਮੁੜ ਸੁਰਜੀਤ' ਕਰਨ ਨਾਲ ਜੋੜਿਆ ਗਿਆ।ਇਸ ਦੌਰਾਨ ਹੀ ਭਾਜਪਾ ਦੀ ਮੋਦੀ ਸਰਕਾਰ ਦੁਆਰਾ ਸੰਘ ਦੀ ਹਿੰਦੂ ਵਿਚਾਰਧਾਰਾ ਨੂੰ ਮੁਲਕ 'ਤੇ ਥੋਪਣ ਲਈ ਸਿੱਖਿਆ ਦਾ ਭਗਵਾਂਕਰਨ ਕਰਨਾ ਸ਼ੁਰੂ ਕੀਤਾ ਗਿਆ ਅਤੇ ਦੀਨਾ ਨਾਥ ਬੱਤਰਾ ਜੋ ਕਿ ਸੰਘ ਦਾ ਮਾਨਤਾ ਪ੍ਰਾਪਤ 'ਇਤਿਹਾਸਕਾਰ' ਹੈ, ਨੇ ਹੋਇਆ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰੀਸਰਚ ਐਂਡ ਟਰੇਨਿੰਗ  ਦੀਆਂ ਕਿਤਾਬਾਂ ਨੂੰ ਬਦਲਣ ਦੀ ਹੀ ਸਲਾਹ ਦੇ ਦਿੱਤੀ। ਦੀਨਾ ਨਾਥ ਬੱਤਰਾ ਦੀਆਂ ਵਾਹੀਯਾਤ ਕਿਤਾਬਾਂ ਗੁਜਰਾਤ ਦੇ ਸਕੂਲੀ ਸਿਲੇਬਸ ਵਿੱਚ ਸ਼ਾਮਲ ਕੀਤੀਆਂ ਗਈਆਂ। ਅੰਗਰੇਜੀ ਅਖ਼ਬਾਰ 'ਦ ਹਿੰਦੂ' ਦੀ ਇੱਕ ਰਿਪੋਰਟ ਮੁਤਾਬਕ 30 ਜੂਨ 2014 ਨੂੰ ਮੋਦੀ ਸਰਕਾਰ ਦੇ ਸੱਤ੍ਹਾ ਵਿੱਚ ਆਉਣ ਤੋਂ ਬਾਅਦ ਗੁਜਰਾਤ ਸੂਬੇ ਦੇ ਲਗਭਗ 42,000 ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਦੀਨਾ ਨਾਥ ਬੱਤਰਾ ਦੀਆਂ ਛੇ ਕਿਤਾਬਾਂ ਪੜ੍ਹਾਉਣ ਦਾ ਹੁਕਮ ਜਾਰੀ ਕੀਤਾ ਗਿਆ।ਇਸ ਤੋਂ ਬਾਅਦ ਇਸੇ ਸਾਲ ਅਪ੍ਰੈਲ ਮਹੀਨੇ ਵਿੱਚ 90 ਦੇ ਸੁਪਰ ਹੀਰੋ 'ਸ਼ਕਤੀਮਾਨ' ਦੇ ਰੂਪ ਵਿੱਚ ਜਾਣੇ ਜਾਂਦੇ ਮੁਕੇਸ਼ ਖੰਨਾ ਨੂੰ ਚਿਲਡਰਨ ਫ਼ਿਲਮ ਸੁਸਾਇਟੀ ਆਫ਼ ਇੰਡੀਆ ਦਾ ਚੇਅਰਮੈਨ ਥਾਪਿਆ ਗਿਆ। ਮੁਕੇਸ਼ ਖੰਨਾ ਵੀ ਚੌਹਾਨ ਵਾਂਗ ਭਾਜਪਾ ਦਾ ਸਰਗਰਮ ਮੈਂਬਰ ਹੈ ਅਤੇ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਉਮੀਦਵਾਰ ਉਮੇਸ਼ ਕੁਮਾਰ ਲਈ ਚੋਣ ਪ੍ਰਚਾਰ ਕਰ ਚੁੱਕਿਆ ਹੈ।ਹੁਣ ਜੇ ਵੇਖੀਏ ਤਾਂ 90 ਦੇ ਬਹੁਚਰਚਿਤ ਸੀਰੀਅਲ 'ਮਹਾਭਾਰਤ' ਵਿੱਚ ਯੁਧਿਸ਼ਟਰ ਦਾ ਕਿਰਦਾਰ ਅਦਾ ਕਰਨ ਵਾਲੇ ਗਜਿੰਦਰ ਚੌਹਾਨ ਦੀ ਨਿਯੁਕਤੀ ਵੇਲੇ ਜੋ ਨਾਮ ਫਰਿਹਿਸਤ ਵਿੱਚ ਸਨ ਉਨ੍ਹਾਂ ਨਾਵਾਂ ਵਿੱਚੋਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਸੀ ਜਿਸ ਦਾ ਫ਼ਿਲਮ ਅਤੇ ਟੈੱਲੀਵਿਜ਼ਨ ਦੀ ਦੁਨੀਆਂ ਵਿੱਚ ਖਾਸ ਮੁਕਾਮ ਨਾ ਹੋਵੇ। ਇਨ੍ਹਾਂ ਨਾਵਾਂ ਵਿੱਚ ਗੀਤਕਾਰ ਅਤੇ ਫ਼ਿਲਮ ਹਦਾਇਤਕਾਰ ਗੁਲਜ਼ਾਰ, ਫ਼ਿਲਮ ਹਦਾਇਤਕਾਰ ਸ਼ਿਆਮ ਬੈਨੇਗਲ ਅਤੇ ਅਡੂਰ ਗੋਪਾਲਾਕ੍ਰਿਸ਼ਨਨ ਦਾ ਨਾਮ ਸ਼ਾਮਲ ਸੀ। ਇਨ੍ਹਾਂ ਹਸਤੀਆਂ ਸਾਹਮਣੇ ਗਜਿੰਦਰ ਚੌਹਾਨ ਦੀ ਫ਼ਿਲਮ ਸਨਅਤ ਵਿੱਚ ਇੱਕ ਹੀ ਪ੍ਰਾਪਤੀ ਹੈ ਕਿ ਉਹ ਭਾਜਪਾ ਦਾ ਮੈਂਬਰ ਹੈ ਅਤੇ ਉਸ ਨੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਲਈ ਚੋਣ ਪ੍ਰਚਾਰ ਕੀਤਾ ਸੀ।ਇਨ੍ਹਾਂ ਸਾਰੀਆਂ ਗੱਲਾਂ ਦਰਮਿਆਨ ਹੀ ਇੱਕ ਗੱਲ ਉੱਤੇ ਧਿਆਨ ਦੇਣਾ ਪਏਗਾ ਕਿ ਲੰਘੇ ਇੱਕ ਸਾਲ ਦੌਰਾਨ ਬੁੱਧੀਜੀਵੀਆਂ ਅਤੇ ਲੋਕ ਪੱਖੀ ਕਾਰਕੁਨਾਂ ਦੁਆਰਾ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ਜਰਮਨੀ ਦੇ ਚਾਂਸਲਰ ਅਤੇ ਸਾਬਕਾ ਤਾਨਾਸ਼ਾਹ ਐਡੋਲਫ ਹਿਟਲਰ ਨਾਲ ਕੀਤੀ ਜਾਣ ਲੱਗੀ ਹੈ।
ਰਿਚਰਡ ਸਟਰਾਅਸ
1933 ਵਿੱਚ ਐਡੋਲਫ਼ ਹਿਟਲਰ ਨੇ ਵੀ ਜਰਮਨੀ ਦੀ ਸੱਤ੍ਹਾ ਉੱਤੇ ਕਾਬਜ਼ ਹੋਣ ਤੋਂ ਬਾਅਦ ਸਾਹਿਤ ਅਤੇ ਸੱਭਿਆਚਾਰ ਅਦਾਰਿਆਂ ਵਿੱਚ ਵੱਡੀਆਂ ਸੋਧਾਂ ਕੀਤੀਆਂ। ਸਾਹਿਤਕ, ਫ਼ਿਲਮੀ, ਅਖ਼ਬਾਰੀ ਅਤੇ ਰੇਡੀਓ ਵਰਗੇ ਅਦਾਰਿਆਂ ਵਿੱਚ ਪ੍ਰਚਾਰ ਮਹਿਕਮੇ ਦੁਆਰਾ ਪੂਰੀ ਤਰ੍ਹਾਂ ਨਾਜ਼ੀ ਸੱਤ੍ਹਾ ਦਾ ਕੰਟਰੋਲ ਕਰਨ ਲਈ ਇੱਕ ਚੈਂਬਰ ਸਥਾਪਤ ਕੀਤਾ ਗਿਆ ਜਿਸਨੂੰ ਰਾਈਕ ਚੈਂਬਰ ਆਫ਼ ਕਲਚਰ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ।ਇਸ ਸੰਸਥਾਂ ਵਿੱਚ ਨਾਜ਼ੀ ਸੱਤ੍ਹਾ ਦੁਆਰਾ ਸੱਤ੍ਹਾ ਦੇ ਚਹੇਤਿਆਂ ਨੂੰ ਅਹੁਦੇ ਦਿੱਤੇ ਗਏ। ਯਹੂਦੀਆਂ ਨੂੰ ਇਨ੍ਹਾਂ ਅਦਾਰਿਆਂ ਵਿੱਚ ਕੰਮ ਕਰਨ ਦੀ ਮਨਾਹੀ ਕਰ ਦਿੱਤੀ ਗਈ। ਹਿਟਲਰ ਦੇ ਪ੍ਰਚਾਰ ਮੰਤਰੀ ਗੋਬਲੇਜ਼ ਨੇ ਉਨ੍ਹਾਂ ਕਿਤਾਬਾਂ ਦੀ ਸਿਫ਼ਾਰਸ਼ ਕੀਤੀ ਜੋ ਸਿਰਫ਼ ਜਰਮਨ ਦੇ ਮਿਥਿਹਾਸ ਅਤੇ ਸ਼ੁੱਧਤਾ ਦੇ ਸਿਧਾਂਤ 'ਤੇ ਸਹੀ ਪਾਉਂਦੀਆਂ ਸੀ।ਗੋਬਲੇਜ਼ ਨੇ ਸੰਗੀਤ ਦੀ ਦੁਨੀਆਂ ਵਿੱਚ ਢਲਦੀ ਉਮਰ ਦੇ ਸੰਗੀਤਕਾਰ ਰਿਚਰਡ ਸਟਰਾਅਸ ਦੀ ਨਿਯੁਕਤੀ ਰਾਈਕ ਮਿਊਜ਼ਿਕ ਚੈਂਬਰ ਦੇ ਪ੍ਰੈਜ਼ੀਡੈਂਟ ਦੇ ਤੌਰ ਉੱਤੇ ਕੀਤੀ।

ਰਿਚਰਡ ਅਜਿਹਾ ਸੰਗੀਤਕਾਰ ਸੀ ਜਿਸ ਦੇ ਸੰਗੀਤ ਨੂੰ ਹਿਟਲਰ ਨੇ 1907 ਵਿੱਚ ਪਸੰਦ ਕਰ ਲਿਆ ਸੀ ਅਤੇ ਸੱਤ੍ਹਾ ਵਿੱਚ ਆਉਂਦਿਆਂ ਹੀ ਜਰਮਨੀ 'ਸ਼ੁੱਧ ਸੰਗੀਤ' ਅਤੇ ਜਰਮਨੀ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਰਾਈਕ ਮਿਊਜ਼ਿਕ ਚੈਂਬਰ ਦਾ ਪ੍ਰੈਜ਼ੀਡੈਂਟ ਬਣਾ ਦਿੱਤਾ।
ਹੈਨਸ ਹਿੰਕਲ
ਰਿਚਰਡ ਨੂੰ ਅਕਸਰ ਆਪਣੇ ਆਲੋਚਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਸੀ। 1933 ਵਿੱਚ ਹਿਟਲਰ ਦੀ ਸੱਤ੍ਹਾ ਵਿੱਚ ਉਸ ਨੂੰ ਰੁਤਬਾ ਦਿੱਤਾ ਗਿਆ ਤਾਂ ਉਸ ਨੇ ਕਿਹਾ ਕਿ ਹੁਣ ਉਹ ਆਰਾਮ ਨਾਲ ਆਪਣੀ ਜਿੰਦਗੀ ਕੱਟ ਸਕੇਗਾ। ਇੱਕ ਕਾਰਨ ਇਹ ਵੀ ਸੀ ਕਿ ਰਿਚਰਡ ਦੇ ਨੇ ਯਹੂਦੀ ਲੜਕੀ ਨਾਲ ਵਿਆਹ ਕਰਵਾਇਆ ਸੀ ਅਤੇ ਉਹ ਆਪਣੇ ਪਰਿਵਾਰ ਨੂੰ ਹਿਟਲਰ ਦੀ ਯਹੂਦੀ ਵਿਰੋਧੀ ਫਾਸ਼ੀਵਾਦੀ ਵਿਚਾਰਧਾਰਾ ਤੋਂ ਬਚਾਉਣਾ ਚਾਹੁੰਦਾ ਸੀ।ਇਸ ਬਾਬਤ ਹਿਟਲਰ ਦੇ ਪ੍ਰਚਾਰ ਮੰਤਰੀ ਗੋਬਲੇਜ਼ ਨੇ ਵੀ ਸਾਫ਼ ਕੀਤਾ ਸੀ ਕਿ ਨਾਜ਼ੀ ਜਰਮਨੀ ਨੂੰ ਉਦੋਂ ਤੱਕ ਰਿਚਰਡ ਦੀ ਜਰੂਰਤ ਹੈ ਜਦੋਂ ਤੱਕ ਉਹ ਆਪਣੇ ਸੰਗੀਤਕਾਰ ਪੈਦਾ ਨਹੀਂ ਕਰ ਲੈਦੇ। ਹਿਟਲਰ ਨੇ ਰਿਚਰਡ ਤੋਂ ਇਲਾਵਾ ਇੱਕ ਪੱਤਰਕਾਰ ਅਤੇ ਜਰਮਨੀ ਦੀ ਨੈਸ਼ਨਲ ਸੋਸ਼ਲਿਸਟ ਜਰਮਨ ਵਰਕਰਜ਼ ਪਾਰਟੀ ਦੇ ਮੈਂਬਰ ਰਹੇ ਹੈਨਸ ਹਿੰਕਲ ਨੂੰ ਰਾਈਕ ਚੈਂਬਰ ਆਫ਼ ਕਲਚਰ ਦਾ ਮੈਨੇਜ਼ਰ ਲਗਾਇਆ ਗਿਆ। ਹਿੰਕਲ 1930 ਤੋਂ 1932 ਤੱਕ ਪਾਰਟੀ ਦੇ ਅਖ਼ਬਾਰ ਵਿੱਚ ਵਲੰਟੀਅਰ ਦੇ ਤੌਰ 'ਤੇ ਐਡੀਡਰ ਦੀਆਂ ਸੇਵਾਵਾਂ ਵੀ ਨਿਭਾ ਚੁੱਕਿਆ ਸੀ।ਇਸ ਤਰ੍ਹਾਂ ਵੇਖਿਆ ਜਾ ਸਕਦਾ ਹੈ ਕਿ ਭਾਜਪਾ ਦੇ ਨਰਿੰਦਰ ਮੋਦੀ ਦੀ ਸਰਕਾਰ ਹੁਣ ਹਿਟਲਰ ਦੀਆਂ ਲੀਹਾਂ ਉੱਤੇ ਹੀ ਚੱਲ ਰਹੀ ਹੈ। ਸਿਆਸੀ ਤਾਕਤ ਹੱਥ ਵਿੱਚ ਆਉਂਦਿਆਂ ਹੀ ਸੰਘ ਦੀ ਬਿੱਲੀ ਥੇਲੇ ਵਿੱਚੋਂ ਬਾਹਰ ਆ ਗਈ ਹੈ। ਹੁਣ ਮੋਦੀ ਸਰਕਾਰ ਰਾਹੀਂ ਸੰਘ ਉਨ੍ਹਾਂ ਸਾਰਿਆਂ ਅਦਾਰਿਆਂ ਉੱਤੇ ਆਪਣੇ ਚਹੇਤਿਆਂ ਨੂੰ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਚਹੇਤੇ ਸੰਘ ਦੀ ਹਿੰਦੂ ਰਾਜਨੀਤੀ ਅਤੇ ਸੰਘੀ ਕਦਰਾਂ-ਕੀਮਤਾਂ ਨੂੰ ਗੱਜ ਵੱਜ ਕੇ ਲਾਗੂ ਕਰਨਗੇ।ਫ਼ਿਲਮ ਇੰਸਟੀਚਿਊਟਾਂ ਉੱਤੇ ਚੌਹਾਨ ਅਤੇ ਮੁਕੇਸ਼ ਖੰਨਾ ਵਰਗੇ ਭਾਜਪਾਈਆਂ ਦੀਆਂ ਅਹੁਦੇਦਾਰੀਆਂ ਨੂੰ ਹਿਟਲਰੀ ਕਾਰਵਾਈਆਂ ਤੋਂ ਘੱਟ ਕਰਕੇ ਨਹੀਂ ਵੇਖਿਆ ਜਾਣਾ ਚਾਹੀਦਾ ਅਤੇ ਇਨ੍ਹਾਂ ਦਾ ਵਿਰੋਧ ਕਰਨਾ ਹਰ ਹਾਲ ਵਿੱਚ ਲਾਜ਼ਮੀ ਹੈ।


ਬਿੰਦਰਪਾਲ ਫ਼ਤਿਹ
ਸੰਪਰਕ:9464510678

Comments

Popular posts from this blog

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱਦੀ ਸ

ਆਪਣੇ ਹਿੱਸੇ ਦਾ ਪਾਸ਼

     ਸੁਖਦੇਵ ਸਿੱਧੂ    ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ , ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ਼ ਪਾਸ਼ ਹੋਈ ਪਈ ਸੀ। ਰ

ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ

ਚਲਾਕ ਲੂੰਬੜੀ ਦੀ ਅੰਗੂਰ ਖੱਟਿਆਂ ਵਾਲੀ ਕਹਾਣੀ ਸਭ ਨੇ ਬਚਪਨ ਚ ਪੜ੍ਹੀ ਸੁਣੀ ਹੈ, ਚਮਕੀਲੇ ਦਾ  "ਹੱਥ ਨਾ ਪਹੁੰਚੇ ਥੂਹ ਕੌੜੀ" ਵਾਲੇ ਫਿਕਰੇ ਵਾਲਾ ਗੀਤ ਵੀ ਕਿਸੇ ਟਾਵੇਂ ਨੇ ਹੀ ਨਹੀਂ ਸੁਣਿਆਂ ਹੋਣਾ | ਇਹ ਕਹਾਣੀ/ਲੇਖ ਜੋ ਮੈਂ ਲਿਖ ਰਿਹਾ ਹਾਂ ਨਾ ਤਾਂ ਲੂੰਬੜੀ ਨਾਲ ਸੰਬੰਧਿਤ ਹੈ ਤੇ ਨਾ ਹੀ ਚਮਕੀਲੇ ਨਾਲ | ਇਸਦਾ ਸੰਬੰਧ ਹੈ ਮੀਡੀਆ ਦੀ ਸਪੇਸ 'ਤੇ ਅਧਿਕਾਰ ਜਤਾਉਣ ਲਈ ਲਗਾਏ ਜਾਂਦੇ ਜੁਗਾੜਾਂ ਨਾਲ | ਪਰ ਤੁਸੀਂ ਦੇਖੋਗੇ ਇਸ ਲਿਖਤ ਵਿਚਲਾ ਪਾਤਰ ਕਦੇ ਲੂੰਬੜੀ ਵਰਗਾ ਲੱਗੂ, ਕਦੇ ਚਮਕੀਲੇ ਦੇ ਅਸ਼ਲੀਲ ਗੀਤਾਂ ਵਰਗੇ ਕੋਹਜ ਨਾਲ ਭਰਿਆ ਹੋਇਆ | ਕਹਾਣੀ ਕੁਝ ਇਉਂ ਸ਼ੁਰੂ ਹੁੰਦੀ ਹੈ ਕਿ ਇੱਕ ਸ਼ਾਤਰ (ਹੈ ਨਹੀਂ ਪਰ ਉਸਨੂੰ ਸ਼ਾਤਰ ਹੋਣ ਦਾ ਫੋਬੀਆ ਹੈ) ਇਨਸਾਨ ਪਿਛਲੀਆਂ ਚੋਣਾਂ ਦੇ ਮੌਕੇ (ਥੋੜ੍ਹਾ ਜਿਹਾ ਪਹਿਲਾਂ) ਇੱਕ ਆਨ-ਲਾਈਨ ਸਾਈਟ ਤਿਆਰ ਕਰਦਾ ਹੈ ਤੇ ਇੱਕ ਸ਼ਹਿਰ ਵਿੱਚ ਬਹੁਤ ਹੀ ਸੋਹਣਾ ਸਜਿਆ-ਧਜਿਆ ਦਫਤਰ ਖੋਹਲਦਾ ਹੈ | ਜਿਸਦਾ ਉਦਘਾਟਨ ਉਸ ਸ਼ਹਿਰ ਦਾ ਵਿਧਾਇਕ ਕਰਦਾ ਹੈ | ਇਹ ਇਸ ਲਈ ਕਿਉਂਕਿ ਇਹ ਸ਼ਖਸ਼ ਕਾਲਜ਼ ਪੜ੍ਹਨ ਵੇਲੇ ਐਸ.ਓ.ਆਈ. ਦਾ ਕਾਲਜ਼ ਦਾ ਪ੍ਰਧਾਨ ਰਿਹਾ ਹੁੰਦਾ ਹੈ | ਜਿਵੇਂ ਕਿ ਅਕਸਰ ਕਾਲਜਾਂ ਦੇ ਵਿਦਿਆਰਥੀਆਂ ਨਾਲ ਹੁੰਦਾ ਹੈ, ਉਹ ਵੀ ਬਹੁਤੇ ਮੌਕਿਆਂ 'ਤੇ ਤਦ ਜਦ ਉਹਨਾਂ ਦੀ ਪਿੱਠ ਪਿੱਛੇ ਕੋਈ ਲੋਕ-ਪੱਖੀ ਵਿਦਿਆਰਥੀ ਜਥੇਬੰਦੀ ਦੀ ਥਾਵੇਂ ਐਸ.ਓ.ਆਈ. ਵਰਗਾ ਕਮਜ਼ੋਰ ਸੰਗਠਨ ਹੋਵੇ, ਕਿਸੇ ਸੰਘਰਸ਼ ਚ ਇਸ ਪ੍ਰਧਾਨ ਦੀ