ਸੁਪਨੇ, ਉਮੀਦਾਂ ਅਤੇ ਹਕੀਕਤ

ਅਵਤਾਰ ਸਿੰਘ

   ਸੁਪਨਿਆਂ ਅਤੇ ਉਮੀਦਾਂ 'ਚ ਕੋਈ ਫ਼ਰਕ ਹੁੰਦਾ ਹੈ? ਦਿਲ ਨੂੰ ਧਰਵਾਸ ਦੇਣ ਲਈ ਇੱਕ ਭਰਮ ਜਾਂ ਮਾੜੇ ਦਿਨ ਕੱਟਣ ਲਈ ਲੱਭਿਆ ਝੂਠਾ ਆਸਰਾ ਵੀ ਤਾਂ ਹੋ ਸਕਦੇ ਹਨ ਜਿਸ ਦੀ ਅਸਲ ਜ਼ਿੰਦਗੀ ਵਿਚ ਕੋਈ ਹੋਂਦ ਨਾ ਹੋਵੇ? ਜਦੋਂ ਕਿਸੇ ਮਨੁੱਖ ਦੇ ਸੁਪਨਿਆਂ ਨੂੰ ਬੂਰ ਪੈਣਾ ਸ਼ੁਰੂ ਹੁੰਦਾ ਹੈ ਤਾਂ ਉਮੀਦ ਦੀਆਂ ਕਿਰਨਾਂ ਚਹਿਕਦੇ ਫੁੱਲਾਂ ਵਾਂਗ ਫੁੱਟਣ ਲੱਗਦੀਆਂ ਹਨ।ਦੁਨੀਆਂ ਨਾਲ ਪਿਆਰ ਜਿਹਾ ਹੋ ਜਾਂਦਾ ਹੈ ਅਤੇ ਫਿਰ ਮਰਨ ਤੋਂ ਬਾਅਦ ਜੱਨਤ ਲੱਭਣ ਦੀ ਜਰੂਰਤ ਨਹੀਂ ਰਹਿੰਦੀ ਕਿਉਂਕਿ ਸਭ ਇਸੇ ਧਰਤੀ ਉਪਰ ਦਿਸਣ ਲੱਗਦਾ ਹੈ।ਬੰਦੇ ਨੂੰ ਆਪਣੀ ਹੋਂਦ ਦਾ ਅਹਿਸਾਸ ਹੋਣ ਲੱਗਦਾ ਹੈ।ਪਰ ਜਦੋਂ ਇਹ ਸੁਪਨੇ ਅਤੇ ਉਮੀਦਾਂ ਟੁਟਦੀਆਂ ਨੇ ਤਾਂ ਇਨਸਾਨ ਵੀ ਬੁਰੀ ਤਰ੍ਹਾਂ ਡਿੱਗਦਾ ਹੈ।ਸਵਰਗ ਲੱਗਦੀ ਦੁਨੀਆਂ ਇਨਸਾਨਾਂ ਦੇ ਰਹਿਣ ਲਾਇਕ ਜਾਪਣੋ ਹੱਟ ਜਾਂਦੀ ਹੈ।ਮੰਜ਼ਿਲ ਦੇ ਬਿਲਕੁਲ ਨਜਦੀਕ ਆ ਕੇ ਹਾਰ ਜਾਣਾ ਹੋਰ ਵੀ ਨਮੋਸ਼ੀ ਭਰਿਆ ਹੁੰਦਾ ਹੈ।ਅਸਲ 'ਚ ਸੁਪਨੇ ਦੇਖਣ ਸਮੇਂ ਬਿਨ੍ਹਾਂ ਪਦਾਰਥਕ ਹਾਲਤਾਂ ਦਾ ਵਿਸ਼ਲੇਸ਼ਣ ਕੀਤਿਆਂ ਉਮੀਦਾਂ ਲਗਾਉਣਾ ਅੱਲੜ੍ਹਪੁਣਾ ਹੁੰਦਾ ਹੈ।
  ਇਨਸਾਨ ਦਾ ਚਰਿੱਤਰ ਉਸ ਦੇ ਹਲਾਤਾਂ 'ਚੋਂ ਪੈਦਾ ਹੁੰਦਾ ਹੈ।ਦੁਨੀਆਂ ਦੀ ਹਰ ਲੜਾਈ ਕਿਸੇ ਨਾ ਕਿਸੇ ਦੀ ਜਿੱਤ ਹਾਰ ਨਾਲ ਜੁੜੀ ਹੁੰਦੀ ਹੈ, ਫਿਰ ਕਿਤੇ ਜਸ਼ਨ ਦਾ ਮਹੌਲ ਬਣਦਾ ਹੈ ਅਤੇ ਕਿਤੇ ਬਰਬਾਦੀ ਦਾ ਮੰਜ਼ਰ। 10 ਮਈ ਨੂੰ ਚੰਡੀਗੜ੍ਹ 'ਚ ਪ੍ਰਸ਼ਾਸ਼ਨ ਨੇ ਮਜ਼ਦੂਰਾਂ ਦੇ ਲੱਖ ਤਰਲਿਆਂ, ਧਰਨਿਆਂ ਅਤੇ ਮੰਗ ਪੱਤਰਾਂ ਦੇ ਬਾਵਜ਼ੂਦ ੫ ਕਲੋਨੀਆਂ ( ਕੁਲਦੀਪ, ਮਜ਼ਦੂਰ, ਪੰਡਿਤ, ਨਹਿਰੂ, ਕਝਹੇੜੀ ਕਲੋਨੀ) ਉਪਰ ਬੁਲਡੋਜ਼ਰ ਚਲਾ ਦਿੱਤਾ ਜਿਸ ਕਾਰਨ ਕਰੀਬ 6000 ਪਰਿਵਾਰ ਸੜਕਾਂ 'ਤੇ ਆ ਗਏ।ਸਿਰ 'ਤੇ ਛੱਤ ਨਹੀਂ ਰਹੀ, ਕਈਆਂ ਦੀ ਧੀਆਂ ਦੇ ਦਾਜ ਲਈ ਰੱਖੀ ਪੂੰਜੀ ਮਹਿੰਗੇ ਕਿਰਾਏ ਦੇ ਮਕਾਨ ਲੈਣ 'ਚ ਖਰਚ ਹੋ ਗਈ, ਮਜ਼ਦੂਰਾਂ ਦੇ ਕੰਮ ਕਰਨ ਦੀਆਂ ਥਾਵਾਂ ਰਿਹਾਇਸ਼ ਤੋਂ ਕੋਹਾਂ ਦੂਰ ਹੋ ਗਈਆਂ, ਬੱਚਿਆਂ ਦੀ ਪੜ੍ਹਾਈ ਛੁੱਟ ਗਈ, ਔਰਤਾਂ ਨੂੰ ਬੇਗਾਨੇ ਘਰਾਂ 'ਚ ਮਜ਼ਦੂਰੀ ਕਰਨ ਲਈ ਹੁਣ ਹੋਰ ਵੀ ਫਾਸਲਾ ਤੈਅ ਕਰ ਕੇ ਜਾਣਾ ਪੈਂਦਾ ਹੈ। ਜਿੰਨ੍ਹਾਂ ਆਸਾਂ-ਉਮੀਦਾਂ ਨਾਲ ਕੱਚੇ ਪੱਕੇ ਘਰ ਬਣਾਏ ਸੀ, ਸਭ ਤਹਿਸ-ਨਹਿਸ ਹੋ ਗਿਆ। ਕੁਝ ਦਿਨ ਪਹਿਲਾਂ ਤੱਕ ਬਸਤੀਆਂ 'ਚ ਰਹਿੰਦੇ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਉਹਨਾਂ ਦੇ ਇਹ ਘਰ ਬਚ ਜਾਣਗੇ ਪਰ ਜਦੋਂ ਤੁਹਾਡੀ ਕਮਜ਼ੋਰ ਹਾਲਤ ਦਾ ਦੁਸ਼ਮਣ ਨੂੰ ਅੰਦਾਜ਼ਾ ਹੋ ਜਾਵੇ ਤਾਂ ਉਹ ਹੋਰ ਵੀ ਜ਼ਾਲਿਮ ਹੋ ਜਾਂਦਾ ਹੈ । ਇਸੇ ਤਰ੍ਹਾਂ ਵੱਖ-ਵੱਖ ਸੂਬਿਆਂ ਤੋਂ ਆਏ ਇਨ੍ਹਾਂ ਪ੍ਰਵਾਸੀ ਜ਼ਮਦੂਰਾਂ ਦੀ ਏਕਤਾ ਪੱਖੋਂ ਮਾੜੀ ਸਥਿਤੀ ਨੂੰ ਜਦੋਂ ਚੰਡੀਗੜ੍ਹ ਪ੍ਰਸ਼ਾਸ਼ਨ ਜਾਣ ਗਿਆ ਤਾਂ 21 ਦਿਨਾਂ ਦਾ ਨੋਟਿਸ ਮੁਕਦਿਆਂ ਹੀ ਲੋਕਾਂ ਨੂੰ ਸਵੇਰੇ ਬੁਲਡੋਜ਼ਰਾਂ ਦੀ ਅਵਾਜ਼ ਨੇ ਜਗਾਇਆ। ਕਰੀਬ 11 ਵਜੇ ਤੱਕ ਪੰਜ ਦੀਆਂ ਪੰਜ ਬਸਤੀਆਂ ਨੂੰ ਸਾਫ ਕਰ ਦਿੱਤਾ ਗਿਆ। ਬੇਘਰ ਹੋਏ ਮਜ਼ਦੂਰ, ਔਰਤਾਂ ਅਤੇ ਬੱਚੇ ਕੋਈ ਆਸਰਾ ਲੱਭਣ ਲਈ ਬਿਨ੍ਹਾਂ ਕਿਸੇ ਨਿਸ਼ਾਨੇ ਦੇ ਬੱਸ ਤੁਰੇ ਜਾ ਰਹੇ ਸਨ ਪਰ ਟੁੱਟੀਆਂ ਬਸਤੀਆਂ ਦਾ ਨਜ਼ਾਰਾ ਦੇਖ ਕੇ ਮੋਹਾਲੀ ਫੇਜ 3 ਏ ਦੇ ਕੁਝ ਲੋਕਾਂ ਨੂੰ ਡਾਢਾ ਚਾਅ ਚੜਿਆਂ ਹੋਇਆ ਸੀ ।ਖੁਸ਼ੀ ਐਨੀ ਮਨਾਈ ਗਈ ਕਿ ਦਿਲ ਨੱਚਣ ਨੂੰ ਕਰ ਰਿਹਾ ਸੀ ਪਰ ਮੀਡੀਆਂ ਸਾਹਮਣੇ ਬਸਤੀਆਂ ਦੇ ਸਾਫ਼ ਹੋਣ 'ਤੇ ਖੁਸ਼ੀ ਦਾ ਇਜ਼ਹਾਰ ਕਰ ਕੇ ਹੀ ਸਾਰ ਦਿੱਤਾ, ਲੱਡੂ ਨਾ ਵੰਡ ਪਾਉਣ ਦਾ ਸ਼ਾਇਦ ਉਹਨਾਂ ਨੂੰ ਹਾਲੇ ਵੀ ਗ਼ਮ ਖਾ ਰਿਹਾ ਹੋਵੇ।ਸੱਭਿਅਤਾ ਦਾ ਠੇਕਾ ਲਈ ਬੈਠੇ ਇਹਨਾਂ ਭਲੇਮਾਣਸਾਂ ਨੂੰ ਸ਼ਿਕਵਾ ਸੀ ਕਿ ਇਹ ਵੱਖ-ਵੱਖ ਸੂਬਿਆਂ ਤੋਂ ਆਏ ਲੋਕ ਗੰਦੀ ਕਿਸਮ ਦੇ ਹਨ ਅਤੇ ਉਹਨਾਂ ਦੇ ਸੁੰਦਰ ਸ਼ਹਿਰਾਂ ਨੂੰ ਪਲੀਤ ਕਰ ਰਹੇ ਹਨ।
   ਇਹਨਾਂ ਮਜ਼ਦੂਰਾਂ ਦੇ ਉਜਾੜੇ ਖਿਲ਼ਾਫ ਸੱਭਿਅਕ ਸਮਾਜ ਦਾ ਕੋਈ ਵੀ ਅਲੰਬੜਦਾਰ ਨਹੀਂ ਬੋਲਿਆ।ਪੰਜਾਬ ਯੂਨੀਵਰਸਿਟੀ ਦੇ ਸਟੂਡੈਟ ਸੈਂਟਰ 'ਤੇ ਕੁਝ ਵਿਦਿਆਰਥੀ ਮਜ਼ਦੂਰਾਂ ਦੇ ਉਜਾੜੇ ਖਿਲ਼ਾਫ ਪ੍ਰਸ਼ਾਸ਼ਨ ਦਾ ਪੁਤਲਾ ਸਾੜਦੇ ਹਨ।ਪੰਜਾਬ ਯੂਨੀਵਰਸਿਟੀ ਵਿਚ ਕਰੀਬ 70  ਫ਼ੀਸਦੀ ਗਿਣਤੀ ਕੁੜੀਆਂ ਦੀ ਹੈ, ਵੱਡੀਆਂ-ਵੱਡੀਆਂ ਗੱਡੀਆਂ 'ਚ ਜ਼ਿਆਦਾ ਕਾਕੇ ਵੀ ਅਮੀਰਾਂ ਦੇ ਹੀ ਪੜ੍ਹਨ ਆਉਂਦੇ ਹਨ। ਪ੍ਰਸ਼ਾਸ਼ਨ ਦਾ ਪੁਤਲਾ ਸਾੜ ਰਹੇ ਵਿਦਿਆਰਥੀਆਂ ਨੂੰ ਦੋ ਕੁੜੀਆਂ ਕਾਫੀ ਧਿਆਨ ਨਾਲ ਦੇਖਣ ਤੋਂ ਬਾਅਦ ਆਪਸ 'ਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀਆਂ ਹਨ।ਦੋਵਾਂ ਦਾ ਪਹਿਰਾਵਾ ਉਹਨਾਂ ਦੀ ਕਲਾਸ ਨੂੰ ਬਿਆਨ ਕਰਦਾ ਹੈ।ਦੋਵੇਂ ਜਣੀਆਂ ਪਿਆਰ 'ਤੇ ਚੱਲ ਰਹੀ ਆਪਸੀ ਬਹਿਸ ਨੂੰ ਅੱਗੇ ਤੋਰਦੀਆਂ ਹਨ।'ਤੈਨੂੰ ਕੀ ਲੱਗਦੈ, ਮੈਂ ਨਿਰਾਸ਼ ਹੋ ਕੇ ਘਰ ਵਸਾ ਲਵਾਗੀ?" ਅਮੀਰ ਬਾਪ ਦੀ ਧੀ ਆਪਣੀ ਮੱਧਵਰਗੀ ਦਲਿਤ ਸਹੇਲੀ ਨੂੰ ਸਵਾਲ ਕਰਦੀ ਹੈ।ਦਲਿਤ ਪਰਿਵਾਰ 'ਚ ਪਲੀ ਦੂਜੀ ਕੁੜੀ ਵੀ ਭਾਵੇਂ ਠੀਕ ਠਾਕ ਹਲਾਤਾਂ ਵਿਚ ਰਹੀ ਸੀ ਪਰ ਜਿਉਂਦੇ ਰਹਿਣ ਦੀ ਘਾਲਣਾ ਦਾ ਉਸ ਨੂੰ ਕਾਫ਼ੀ ਅਹਿਸਾਸ ਸੀ। ਆਪਣੀ ਸਹੇਲੀ ਦੀਆਂ ਮੱਖਣ 'ਚ ਛੁਰੀ ਚਲਾ ਕੇ ਹਾਸਿਲ ਕੀਤੀਆਂ ਪ੍ਰਾਪਤੀਆਂ ਨੂੰ ਉਹ ਚੰਗੀ ਤਰ੍ਹਾਂ ਜਾਣਦੀ ਸੀ ਪਰ ਹੁਣ ਸਵਾਲ ਪਿਆਰ 'ਚ ਜਿੱਤ ਦਰਜ ਕਰਨ ਦਾ ਸੀ ਅਤੇ ਹਾਰਨ ਦੀ ਸਥਿਤੀ 'ਚ ਅੱਤ ਦਰਜੇ ਦੀ ਨਮੋਸ਼ੀ । ਉਹ ਆਪਣੀ ਜ਼ਿੱਦੀ ਸਹੇਲੀ ਨੂੰ ਸਮਝਾਉਂਦਿਆ ਕਹਿਣ ਲੱਗੀ 'ਨਿਰਾਸ਼ ਹੋ ਕੇ ਘਰ ਨਹੀਂ ਵੱਸਦੇ, ਉਜਾੜਾ ਹੀ ਹੁੰਦਾ ਹੈ। ਇਸ ਦੀ ਉਦਾਹਰਨ ਤੇਰੇ ਸਾਹਮਣੇ ਹੈ।"
    ਉਮੀਦਾਂ ਢਾਹੀ ਬੈਠੇ ਮਜ਼ਦੂਰਾਂ ਦੇ ਉਜਾੜੇ ਦੀਆਂ ਤਸਵੀਰਾਂ ਲਈ ਵਿਰੋਧ ਕਰ ਰਹੇ ਵਿਦਿਆਰਥੀਆਂ ਵੱਲ ਵੇਖਦੇ-ਵੇਖਦੇ ਦੋਵੇਂ ਚੱਲਣਾ ਸ਼ੁਰੂ ਕਰਦੀਆਂ ਹਨ। ਅਸਲ 'ਚ ਉੱਚ ਤਬਕੇ ਦੀ ਰਹਿਣੀ ਬਹਿਣੀ ਵਾਲੀ ਇਸ ਕੂੜੀ ਦਾ ਆਪਣੇ ਪ੍ਰੇਮ ਪ੍ਰਸੰਗ 'ਚ ਅੱਜ ਕੱਲ੍ਹ ਕੁਝ ਵੀ ਠੀਕ ਨਹੀਂ ਸੀ ਚੱਲ ਰਿਹਾ ਅਤੇ ਸਥਿਤੀ ਖੱਖੜੀ ਕਰੇਲੇ ਹੋਣ ਤੱਕ ਪਹੁੰਚ ਚੁੱਕੀ ਸੀ ਪਰ ਕੁੜੀ ਹਾਰਨਾ ਨਹੀਂ ਚਹੁੰਦੀ ਸੀ ਕਿਉਂਕਿ ਉਸ ਨੂੰ ਆਪਣੀ ਮਜ਼ਬੂਤ ਆਰਥਿਕ ਅਤੇ ਸਮਾਜਿਕ ਸਥਿਤੀ ਦਾ ਮਾਣ ਸੀ ਅਤੇ ਇਸ਼ਕ ਦੀ ਇਸ ਜ਼ੰਗ 'ਚੋ ਉਹ ਫ਼ਤਿਹ ਹੋ ਕੇ ਨਿੱਕਲਣਾ ਚਹੁੰਦੀ ਸੀ ਜਿਸ ਵਿਚ ਉਹ ਆਪਣੇ ਪ੍ਰੇਮੀ ਨੂੰ ਕਿਸੇ ਹੋਰ ਚੰਗੇ ਘਰ ਆਪਣਾ ਰਿਸ਼ਤਾ ਕਰਵਾ ਕੇ ਸਬਕ ਵੀ ਸਿਖਾ ਸਕਦੀ ਸੀ।
 ਦੋਵੇਂ ਜਣੀਆਂ ਜਦੋਂ ਤੁਰਦੀਆਂ-ਤੁਰਦੀਆਂ ਹੋਸਟਲ ਪਹੁੰਚਦੀਆਂ ਹਨ ਤਾਂ ਆਪਣੇ-ਆਪਣੇ ਕਮਰੇ 'ਚ ਜਾਣ ਤੋਂ ਪਹਿਲਾਂ ਦਲਿਤ ਪਿਛੋਕੜ ਵਾਲੀ ਕੁੜੀ ਨੇ ਆਪਣੀ ਸਹੇਲੀ ਨੂੰ ਆਖਰੀ ਦਲੀਲ ਦਿੰਦਿਆਂ ਕਿਹਾ, "ਸਾਡੇ ਪਿੰਡ ਮੇਰੇ ਨਾਲ ਬਹੁਤ ਸਾਰੇ ਮੁੰੰਡੇ-ਕੁੜੀਆਂ ਪੜ੍ਹਦੇ ਸੀ ਪਰ ਯੂਨੀਵਰਸਿਟੀ ਤੱਕ ਸਿਰਫ ਮੈਂ ਪਹੁੰਚੀ ਹਾਂ, ਇਸ ਦਾ ਅਰਥ ਇਹ ਨਹੀਂ ਕਿ ਮੈਂ ਕੋਈ ਬਹੁਤ ਗੁਣਵਾਨ ਜਾਂ ਮਹਾਨ ਹਾਂ। ਬੱਸ ਮੇਰੇ ਆਰਥਿਕ ਹਲਾਤ ਕੁਝ ਚੰਗੇ ਸੀ ਅਤੇ ਬਾਕੀਆਂ ਦੇ ਹਲਾਤਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਜਿਸ ਕਾਰਨ ਹੁਣ ਉਹਨਾਂ 'ਚੋ ਕੁਝ ਜ਼ਿੰਮੀਦਾਰਾਂ ਨਾਲ ਪਾਲੀ ਰਲੇ ਹੋਏ ਨੇ, ਬਹੁਤ ਸਾਰੇ ਭੱਠਿਆਂ 'ਤੇ ਮਜ਼ਦੂਰੀ ਕਰਦੇ ਹਨ ਅਤੇ ਗਰੀਬ ਕਿਰਸਾਨੀ ਵਾਲੇ ਅੱਜ ਕੱਲ੍ਹ ਸਾਰੇ ਹੀ ਮਿਸਤਰੀਆਂ ਨਾਲ ਦਿਹਾੜੀ ਜਾਂਦੇ ਨੇ। ਕੁੜੀਆਂ ਨੂੰ ਛੋਟੀ ਉਮਰੇ ਹੀ ਉਹਨਾਂ ਦੇ ਮਾਪਿਆ ਨੇ ਆਪਣੇ ਸਿਰ ਦਾ ਬੋਝ ਹਲਕਾ ਕਰਨ ਲਈ ਵਿਆਹ ਦਿੱਤਾ।ਇਹਨਾਂ 'ਚੋਂ ਬਹੁਤ ਸਾਰੇ ਵੱਡੇ ਕਲਾਕਾਰ ਜਾਂ ਵਿਗਿਆਨੀ ਵੀ ਸਾਬਿਤ ਹੋ ਸਕਦੇ ਸੀ ਪਰ ਅਫਸੋਸ ਉਹਨਾਂ ਨੂੰ ਕਿਸੇ ਨੇ ਪਰਖ ਕੇ ਨਹੀਂ ਦੇਖਿਆ। ਅੱਜ ਵੀ ਇਹ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੀ ਪੈਦਾਵਾਰ ਨਾਲ ਜੁੜੇ ਹੋਏ ਹਨ, ਆਪਣੀ ਕਿਰਤ ਕਰਕੇ ਖਾਂਦੇ ਨੇ, ਲੋਕਾਂ ਦਾ ਖੂਨ ਨਹੀਂ ਪੀਦੇ ਪਰ ਦੁੱਖ ਇਸ ਗੱਲ ਦਾ ਹੈ ਕਿ ਉਹ ਉਸੇ ਘੁੰਮਣ ਘੇਰੀ 'ਚ ਫਸੇ ਰਹਿ ਗਏ ਜਿਸ 'ਚੋਂ ਉਹਨਾਂ ਦੇ ਬਜ਼ੁਰਗਾਂ ਨੇ ਉਹਨਾਂ ਨੂੰ ਕੱਢਣ ਦਾ ਸੁਪਨਾ ਲਿਆ ਸੀ।ਇਹਨਾਂ ਬੱਚਿਆਂ ਨੇ ਆਪਣੇ ਮਾਪਿਆਂ ਦਾ ਸੁਪਨਾ ਸਾਕਾਰ ਕਰਨ ਲਈ ਗੁਰਦਆਰੇ ਅਤੇ ਮੰਦਰਾਂ 'ਚ ਹਰ ਸਾਲ ਪੇਪਰਾਂ ਸਮੇਂ ਪ੍ਰਣ ਵੀ ਕੀਤੇ ਸੀ ਪਰ ਕਿਸੇ ਦਾ ਵੀ ਸੁਪਨਾ ਪੂਰਾ ਨਹੀਂ ਹੋਇਆ, ਸੈਕੜੇ ਲੋਕਾਂ ਦੀਆਂ ਹਜ਼ਾਰਾਂ ਉਮੀਦਾਂ ਪਾਣੀ 'ਚ ਬਹਿ ਗਈਆ, ਹੁਣ ਉਹ ਬੱਚੇ ਜੰਮ ਰਹੇ ਨੇ ਅਤੇ ਆਪਣੇ ਸੁਪਨੇ ਬੱਚਿਆਂ ਤੋਂ ਪੂਰਾ ਕਰਨ ਦੀਆਂ ਉਮੀਦਾਂ ਲਾਈ ਬੈਠੇ ਹਨ ਜੋ ਉਮੀਦਾਂ ਕਦੇ ਉਹਨਾਂ ਦੇ ਮਾਪਿਆਂ ਨੇ ਉਹਨਾਂ ਤੋਂ ਲਾਈਆਂ ਸੀ। ਹੁਣ ਉਹ ਤਿਲ-ਤਿਲ ਕਰਕੇ ਹਰ ਰੋਜ਼ ਮਰ ਰਹੇ ਨੇ ਅਤੇ ਉਹਨਾਂ ਦੇ ਆਪਣੇ ਸੁਪਨੇ ਬਹੁਤ ਪਿੱਛੇ ਰਹਿ ਗਏ ਹਨ।ਜਿੱਥੋਂ ਤੱਕ ਇਸ਼ਕ 'ਚ ਜਿੱਤ ਹਾਰ ਦੀ ਗੱਲ ਹੈ ਉਹ ਮੈਂ ਖ਼ੁਦ ਵੀ ਹਾਰ ਚੁੱਕੀ ਹਾਂ ਸਿਰਫ਼ ਆਪਣੀ ਜਾਤ ਤੇ ਜਮਾਤ ਕਰਕੇ" ਇਸ ਲੰਮੀ ਚੌੜੀ ਤਕਰੀਰ ਤੋਂ ਬਾਅਦ ਜਦੋਂ ਉਸ ਨੇ ਆਪਣੀ ਸਹੇਲੀ ਵੱਲ ਪ੍ਰਤੀਕਰਮ ਜਾਨਣ ਲਈ ਨਜ਼ਰ ਮਾਰੀ ਤਾਂ ਉਸ ਨੇ ਮੁਸਕਰਾਉਂਦਿਆਂ ਅਤੇ ਚੱਲਣ ਦਾ ਇਸ਼ਾਰਾ ਕਰਦਿਆ ਕਿਹਾ, "ਹਾਂ!!! ਮਰਿਆ ਤਾਂ ਕੋਈ ਨਹੀਂ, ਬਸ ਸੁਪਨੇ ਕਤਲ ਹੋਏ ਨੇ।"
 ਗੱਲ ਸੁਪਨਿਆਂ ਅਤੇ ਉਮੀਦਾਂ ਤੋਂ ਸ਼ੁਰੂ ਹੋਈ ਸੀ ਕਿ ਕਿਸ ਤਰ੍ਹਾਂ ਕਈ ਵਾਰ ਦੋਵੇਂ ਹੀ ਝੂਠੇ ਅਤੇ ਖੋਖਲੇ ਸਾਬਿਤ ਹੋ ਜਾਂਦੇ ਹਨ।ਅਸਲ 'ਚ ਅਦਰਸ਼ਵਾਦ ਦੇ ਵਹਿਮ 'ਚ ਜ਼ਿੰਦਗੀ ਤਾਂ ਕੱਢੀ ਜਾ ਸਕਦੀ ਹੈ ਪਰ ਜਿਉਣੀ ਬਹੁਤ ਮੁਸ਼ਕਿਲ ਹੈ।ਜਦੋਂ ਤੁਸੀਂ ਹਾਰ ਰਹੀ ਧਿਰ ਵੱਲ ਹੋਵੋਂ ਤਾਂ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਸਥਿਤੀ ਨੂੰ ਸਾਫ਼ ਤੇ ਸਪੱਸ਼ਟ ਕਰ ਲਿਆ ਜਾਂਵੇ ਤਾਂ ਕਿ ਨਾ ਹੀ ਕੋਈ ਝੂਠੇ ਸੁਪਨੇ ਦੇਖੇ ਅਤੇ ਨਾ ਹੀ ਝੂਠੀਆਂ ਉਮੀਦਾਂ 'ਚ ਇੱਕੋ-ਇੱਕ ਮਿਲੀ ਹੋਈ ਜ਼ਿੰਦਗੀ ਖ਼ਰਾਬ ਕੀਤੀ ਜਾਵੇ।ਮਾੜੇ ਹਾਲਤਾਂ ਵਿਚ ਵੀ ਸੁਪਨੇ ਦੇਖੇ ਜਾ ਸਕਦੇ ਨੇ ਪਰ ਇਹਨਾਂ ਨੂੰ ਸਾਕਾਰ ਕਰਨ ਲਈ ਜਿੰਨ੍ਹਾਂ ਚਿਰ ਅੰਦਰ ਬੁਰੀ ਤਰ੍ਹਾਂ ਅੱਗ ਨਹੀਂ ਲੱਗਦੀ ਓਨਾ ਚਿਰ ਸੁਪਨਿਆਂ ਦੀ ਦਾਲ ਗਲਣੀ ਨਾਮੁਮਿਕਨ ਰਹਿੰਦੀ ਹੈ।


+91-7837859404
Email:  avtar.dnl@gmail.com

No comments:

Post a Comment