ਸਾਹਿਤ ਅਤੇ ਸਾਹਿਤ ਨਾਲ ਜੁੜੇ ਲੋਕ ਸਰੋਕਾਰ

ਬਿੰਦਰਪਾਲ ਫਤਿਹ

ਆਲਮੀ ਸਚਾਈਆਂ ਅਤੇ ਸਮਾਜ ਵਿਚ ਨਾ ਬਰਾਬਰੀ, ਢਾਂਚੇ ਦੀਆਂ ਕਮਜ਼ੋਰੀਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਸਾਹਿਤ ਅਤੇ ਸਾਹਿਤ ਰਚਣ ਵਾਲੇ ਦਾ ਕੰਮ ਹੁੰਦਾ ਹੈ ਅਤੇ ਨਾਲ ਹੀ ਇੱਕ ਮਨੁੱਖ ਹੋਣ ਦੇ ਨਾਤੇ ਸਾਹਿਤਕਾਰ ਦਾ ਇਹ ਫ਼ਰਜ਼ ਵੀ ਹੁੰਦਾ ਹੈ ਕਿ ਉਹ ਮਨੁੱਖੀ ਸਰੋਕਾਰਾਂ ਨੂੰ ਸਾਹਿਤ ਦੇ ਨਾਲ ਇੱਕ ਮਿੱਕ ਕਰੇ।ਸਾਹਿਤ ਲੋਕਾਂ ਨਾਲ ਸਬੰਧ ਰੱਖਣ ਵਾਲਾ ਅਤੇ ਸਾਹਿਤ ਦੀ ਹਰ ਵਿਧਾ ਵਿਚ ਲੋਕਾਂ ਦੇ ਸਰੋਕਾਰ ਜੁੜੇ ਹੁੰਦੇ ਹਨ ਸਾਹਿਤ ਸਮਾਜ ਦਾ ਸ਼ੀਸ਼ਾ ਵੀ ਸ਼ਾਇਦ ਇਸ ਲਈ ਹੀ ਅਖਵਾਉਂਦਾ ਹੈ। ਇਸ ਦੇ ਨਾਲ ਹੀ ਇੱਕ ਗੱਲ ਹੋਰ ਹੁੰਦੀ ਹੈ ਕਿ ਜਦੋਂ ਕਿਸੇ ਸਮਾਜ ਵਿਚ ਕੋਈ ਨਵਾਂ ਬਦਲਾਅ ਆਉਂਦਾ ਹੈ ਤਾਂ ਉਸ ਬਦਲਾਅ ਸਦਕਾ ਸਮਾਜ ਦੇ ਮੂੰਹ ਮੁਹਾਂਦਰੇ ਦੇ ਬਦਲ ਜਾਣ ਦੇ ਨਾਲ ਹੀ ਸਾਹਿਤ ਦਾ ਮੂੰਹ ਮੁਹਾਂਦਰਾ ਵੀ ਬਦਲ ਜਾਂਦਾ ਹੈ 1917 ਦੀ ਰੂਸੀ ਕ੍ਰਾਂਤੀ ਦੀ ਮਿਸਾਲ ਸਾਡੇ ਸਾਹਮਣੇ ਹੈ ਕਿ ਰੂਸੀ ਕ੍ਰਾਂਤੀ ਦਰਮਿਆਨ ਅਤੇ ਉਸ ਤੋਂ ਬਾਅਦ ਨਾਜ਼ੀ ਜਰਮਨੀ ਨਾਲ ਇੱਕ ਵੱਡੀ ਲੜਾਈ ਲੜਨ ਦੇ ਸਾਰੇ ਸਮੇਂ ਰੂਸ ਦਾ ਸਾਹਿਤ ਨਿੱਖਰਦਾ ਗਿਆ।ਅਤੇ ਸ਼ਾਇਦ ਦੁਨੀਆ ਦਾ ਬਿਹਤਰੀਨ ਸਾਹਿਤ ਅੱਜ ਵੀ ਰੂਸੀ ਸਾਹਿਤ ਹੀ ਹੈ। ਰੂਸੀ ਸਾਹਿਤਕਾਰਾਂ ਵਿਚੋਂ 'ਕਬਹੂੰ ਨਾ ਛਾਡੈ ਖੇਤ' ਦਾ ਨਾਵਲਕਾਰ ਨਿਕੋਲਾਈ ਓਸਤਰੋਵਸਕੀ ਆਪਣੀ ਭਰ ਜੁਆਨੀ ਵਿਚ ਰੂਸ ਅਤੇ ਜਰਮਨੀ ਦੇ ਦਰਮਿਆਨ ਲੰਬੇ ਯੁੱਧ ਦੌਰ ਦਰਮਿਆਨ ਜਰਮਨੀ ਫ਼ੌਜਾਂ ਖ਼ਿਲਾਫ਼ ਲੜਿਆ ਅਤੇ ਉਸ ਤੋਂ ਬਾਅਦ ਕਈ ਨਾਵਲ ਲਿਖੇ ਅਤੇ ਰੂਸੀ ਸਾਹਿਤ ਨੂੰ ਹੋਰ ਅਮੀਰ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਇਆ।ਅਸੀਂ ਜੇ ਆਪਣੇ ਇਤਿਹਾਸ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਬਾਬੇ ਨਾਨਕ ਦੀ 'ਬਾਬਰ ਬਾਣੀ' ਉਸ ਸਮੇਂ ਦੇ ਬਾਦਸ਼ਾਹ ਬਾਬਰ ਦੇ ਅਵਾਮ ਉੱਪਰ ਹੋ ਰਹੇ ਜ਼ੁਲਮਾਂ ਨੂੰ ਬੁਰਾ ਮੰਨਦੀ ਹੈ ਅਤੇ ਬਾਬਰ ਨੂੰ 'ਰਾਜੇ ਸ਼ੀਂਹ ਮੁਕੱਦਮ ਕੁੱਤੇ' ਰਾਹੀਂ ਕੁੱਤੇ ਤੱਕ ਦਾ ਦਰਜਾ ਦਿੰਦੀ ਹੈ। ਸੋ ਸਾਹਿਤ ਦਾ ਕਿਸੇ ਵੀ ਇਨਕਲਾਬ ਜਾਂ ਕ੍ਰਾਂਤੀ ਵਿਚ ਆਪਣਾ ਕਿਤੇ ਨਾਂ ਕਿਤੇ ਅਹਿਮ ਰੋਲ ਹੁੰਦਾ ਹੈ। ਇਹ ਐਵੇਂ ਹੀ ਨਹੀਂ ਕਿ ਮੈਕਸਿਮ ਗੋਰਕੀ ਵਰਗੇ ਇਨਸਾਨ ਨੂੰ ਲੈਨਿਨ ਵਰਗੇ ਬੁੱਧੀਜੀਵੀ ਇਨਕਲਾਬ ਹੋਣ ਤੋਂ ਪਹਿਲਾਂ ਸਾਹਿਤ ਲਈ ਜ਼ਰੂਰੀ ਹੀ ਨਹੀਂ ਸਮਝਦੇ ਬਲਕਿ ਉਨ੍ਹਾਂ ਗੋਰਕੀ ਵਰਗਿਆਂ ਨੂੰ ਲਿਖੇ ਖ਼ਤਾਂ ਤੋਂ ਪਤਾ ਲੱਗਦਾ ਹੈ ਕਿ ਲੈਨਿਨ ਨੂੰ ਸਾਹਿਤ ਅਤੇ ਸਾਹਿਤਕਾਰਾਂ ਦੀ ਕਿੰਨੀ ਫ਼ਿਕਰ ਸੀ।ਪੰਜਾਬ ਦੀ ਗੱਲ ਕਰੀਏ ਤਾਂ ਜਦੋਂ ਦੇਸ਼ ਦੀ ਵੰਡ ਹੋਈ ਤਾਂ ਕਾਫ਼ੀ ਸਾਰਾ ਸਾਹਿਤ ਲਿਖਿਆ ਗਿਆ। ਕਾਫ਼ੀ ਕਵੀ ਜਿਨ੍ਹਾਂ ਵਿਚੋਂ ਅੰਮ੍ਰਿਤਾ ਪ੍ਰੀਤਮ ਨੇ 'ਅੱਜ ਆਖਾਂ ਵਾਰਿਸ ਸ਼ਾਹ ਨੂੰ' ਵਰਗੀਆਂ ਕਵਿਤਾਵਾਂ ਲਿਖੀਆਂ।ਜਦੋਂ ਪੰਜਾਬ ਵਿਚ ਬੰਗਾਲ ਬਿਹਾਰ ਤੋਂ ਹੁੰਦੀ ਹੋਈ ਨਕਸਲਬਾੜੀ ਲਹਿਰ ਆਈ ਤਾਂ ਲਹਿਰ ਵਿਚ ਕਈ ਸਾਹਿਤਕਾਰ ਆਏ ਜਿਨ੍ਹਾਂ ਨੇ ਉਸ ਲਹਿਰ ਦਾ ਪ੍ਰਭਾਵ ਕਬੂਲਿਆ ਅਤੇ ਕੁੱਲ ਆਲਮ ਦੀਆਂ ਤੰਗੀਆਂ ਤੁਰਸ਼ੀਆਂ, ਸਮਾਜ ਵਿਚ ਫੈਲੀ ਹੋਈ ਅਰਾਜਕਤਾ ਅਤੇ ਨਾ ਬਰਾਬਰੀ ਨੂੰ ਜੜ੍ਹ ਤੋਂ ਪੁੱਟਣ ਲਈ ਕਈ ਅਹਿਦ ਕਰ ਕੇ ਲਹਿਰ ਦਾ ਸਾਥ ਵੀ ਦਿੱਤਾ ਅਤੇ ਨਾਲ ਹੀ ਉਨ੍ਹਾਂ ਦੀ ਕਲਮ ਨੇ ਵੀ ਉਨ੍ਹਾਂ ਦਾ ਬਰਾਬਰ ਸਾਥ ਦਿੱਤਾ ਲਹਿਰ ਅੰਦਰ ਵੀ ਕਈ ਕਾਰਕੁਨ ਕੰਮ ਕਰਦੇ ਕਰਦੇ ਸ਼ਾਹਿਤ ਦੇ ਪ੍ਰਭਾਵ ਨੂੰ ਕਬੂਲਦੇ ਹੋਏ ਚੰਗੇ ਕਵੀ ਬਣੇ ਅਤੇ ਚੰਗੇ ਨਾਵਲਕਾਰ ਬਣੇ। ਅਵਤਾਰ ਪਾਸ਼ ਅਤੇ ਸੰਤ ਰਾਮ ਉਦਾਸੀ,ਦਰਸ਼ਨ ਖਟਕੜ,ਅਮਰਜੀਤ ਚੰਦਨ ਵਰਗੇ ਕਵੀਆਂ ਤੋਂ ਇਲਾਵਾ ਜਸਵੰਤ ਕੰਵਲ ਵਰਗੇ ਨਾਵਲਕਾਰਾਂ 'ਤੇ ਵੀ ਲਹਿਰ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ। ਜਦੋਂ ਸਾਹਿਤ ਦਾ ਵਾਸਤਾ ਲੋਕਾਂ ਨਾਲੋਂ ਟੁੱਟ ਜਾਵੇ ਤਾਂ ਸਾਹਿਤ ਦਾ ਅਕਸ ਧੁੰਦਲਾ ਪੈ ਜਾਂਦਾ ਹੈ। ਸਾਹਿਤ ਨੇ ਸਮਾਜ ਦੀ ਗੱਲ ਕਰਨੀ ਹੁੰਦੀ ਹੈ ਅਤੇ ਲੋਕਾਂ ਨੇ ਸਾਹਿਤ ਨੂੰ ਪੜ੍ਹ ਕੇ ਕੁੱਝ ਨਵਾਂ ਉਲੀਕਣਾ ਹੁੰਦਾ ਹੈ ਜਾਂ ਇਉਂ ਕਹਿ ਲਈਏ ਕਿ ਸਾਹਿਤ ਸਮਾਜ ਨਾਲ ਸੰਵਾਦ ਕਰਨ ਦਾ ਜਰੀਆ ਹੁੰਦਾ ਹੈ।ਅੱਜ ਸਾਹਿਤ ਖ਼ਾਸ ਕਰ ਕੇ ਪੰਜਾਬੀ ਸਾਹਿਤ ਬਾਰੇ ਪੰਜਾਬੀ ਕਿਤਾਬਾਂ ਬਾਰੇ ਬੜਾ ਰੌਲਾ ਚੱਲ ਰਿਹਾ ਹੈ ਕਿ ਪੰਜਾਬੀ ਵਿਚ ਪਾਠਕ ਨਹੀਂ ਮਿਲ ਰਹੇ ਇਸੇ ਤਰ੍ਹਾਂ ਕਵਿਤਾ ਬਾਰੇ ਬਹਿਸ ਅਜੇ ਕਿਸੇ ਤਣ ਪੱਤਣ ਨਹੀਂ ਲੱਗੀ।ਕਈ ਲੋਕ ਕਹਿੰਦੇ ਹਨ ਕਿ ਕਵੀ ਆਪਣੀ ਸੰਤੁਸ਼ਟੀ ਲਈ ਕਵਿਤਾ ਲਿਖਦਾ ਹੈ ਪਰ ਇੱਥੇ ਇਹ ਸੁਆਲ ਹੈ ਕਿ ਜੇਕਰ ਕਵੀ ਆਪਣੀ ਸੰਤੁਸ਼ਟੀ ਲਈ ਕਵਿਤਾ ਲਿਖਦਾ ਹੈ ਤਾਂ ਉਸ ਨੂੰ ਛਪਵਾਉਣ ਲਈ ਤਰਲੋ ਮੱਛੀ ਕਿਉਂ ਹੁੰਦਾ ਹੈ? ਛਪੀ ਹੋਈ ਕਵਿਤਾ ਨੂੰ ਲੋਕ ਪੜ੍ਹਦੇ ਹਨ ਤਾਂ ਲੋਕਾਂ ਨੂੰ ਇੱਕ ਪਾਠਕ ਦੇ ਤੌਰ 'ਤੇ ਕਵਿਤਾ ਵਿਚੋਂ ਕੁੱਝ ਚਾਹੀਦਾ ਹੁੰਦਾ ਹੈ। ਜੇਕਰ ਪਾਠਕ ਨੂੰ ਕਵਿਤਾ ਵਿਚੋਂ ਕੁੱਝ ਨਹੀਂ ਮਿਲਦਾ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਵੀ ਦੀ ਛਪੀ ਹੋਈ ਕਵਿਤਾ ਨੂੰ ਸਿਰਫ਼ ਕਵੀ ਵਾਸਤੇ ਰਹਿਣਾ ਚਾਹੀਦਾ ਸੀ।ਅੱਜ ਜ਼ਿਆਦਾਤਰ ਕਵੀਆਂ ਅਤੇ ਲੇਖਕਾਂ ਦੀ ਸਮੱਸਿਆ ਹੈ ਕਿ ਉਹ ਇਹ ਗਿਲਾ ਕਰਦੇ ਰਹਿੰਦੇ ਹਨ ਕਿ ਪੰਜਾਬੀ ਕਵਿਤਾ ਨੂੰ ਪਾਠਕ ਪੜ੍ਹਦੇ ਨਹੀਂ ਇਸ ਵਿਚ ਪਾਠਕਾਂ ਦਾ ਕੀ ਕਸੂਰ ਹੈ ? ਜ਼ਿਆਦਾਤਰ ਪਾਠਕ ਵਰਗ ਮੱਧ ਵਰਗੀ ਹੈ ਅਤੇ ਉਹ ਪਾਠਕ ਹੋਣ ਦੇ ਨਾਲ ਨਾਲ ਕਵਿਤਾ ਲਿਖਣ ਦਾ ਝੱਸ ਵੀ ਪੂਰਾ ਕਰਦੇ ਹਨ। ਸੁਆਲ ਫੇਰ ਉਹੀ ਹੈ ਕਿ ਕਵਿਤਾ ਲਿਖੀ ਕਿਸ ਵਾਸਤੇ ਜਾ ਰਹੀ ਹੈ?ਜੁਆਬਾਂ ਦੀ ਤਹਿ ਵਿਚ ਜਾ ਕੇ ਪਤਾ ਲੱਗਦਾ ਹੈ ਕਿ ਹੁਣ ਦੀ ਜ਼ਿਆਦਾਤਰ ਕਵਿਤਾ ਕਵੀਆਂ ਦੀ ਆਪਣੀ ਦਿਲ ਦੀ ਭੜਾਸ ਹੀ ਹੁੰਦੀ ਹੈ ਲੋਕ ਸਰੋਕਾਰਾਂ ਨਾਲੋਂ ਟੁੱਟ ਕੇ ਕਵਿਤਾ ਹੁਣ ਪੁਰੀ ਤਰ੍ਹਾਂ ਨਿੱਜੀ ਦੁੱਖ ਦਰਦ, ਅਧੂਰੀ ਪਿਆਰ ਕਹਾਣੀ ਦਾ ਵਿਯੋਗ ਹੀ ਹੁੰਦੀ ਹੈ ਜਾਂ ਕਵਿਤਾ ਰਾਹੀਂ ਬਿਰਹੋਂ ਦੇ ਕੀੜੇ ਕੱਢੇ ਜਾ ਰਹੇ ਹਨ ਤਾਂ  ਕੋਈ ਸਮਾਂ ਹੁੰਦਾ ਸੀ ਕਿ ਕਵੀ ਲੋਕਾਂ ਦੇ ਆਪਣੇ ਹੁੰਦੇ ਸਨ ਅਤੇ ਉਨ੍ਹਾਂ ਨੂੰ 'ਲੋਕ ਕਵੀ' ਵਰਗੇ ਸਨਮਾਨ ਲੋਕਾਂ ਦੇ ਦੁੱਖ ਦਰਦ ਨੂੰ ਬਿਆਨ ਕਰਨ ਅਤੇ ਲੋਕਾਂ ਦੇ,ਸਮਾਜ ਦੇ ਆਪਣੇ ਸਰੋਕਾਰਾਂ ਦਾ ਕਵਿਤਾ ਨਾਲ ਸਿੱਧਾ ਸਬੰਧ ਜੁੜਦਾ ਸੀ। ਇਨ੍ਹਾਂ ਲੋਕ ਕਵੀਆਂ ਦੀ ਕਤਾਰ ਵਿਚ ਪੰਜਾਬ ਦੇ ਸਿਰਮੌਰ ਕਵੀ ਲਾਲ ਸਿੰਘ ਦਿਲ , ਸੰਤ ਰਾਮ ਉਦਾਸੀ ਅਤੇ ਅਵਤਾਰ 'ਪਾਸ਼' ਵਰਗੇ ਕਵੀ ਆਉਂਦੇ ਸਨ। ਇਨ੍ਹਾਂ ਦਾ ਪਾਠਕ ਵਰਗ ਵੀ ਵਿਸ਼ਾਲ ਸੀ ਅਤੇ ਲੋਕ ਇਨ੍ਹਾਂ ਨੂੰ ਮੁਸ਼ਾਇਰਿਆਂ ਵਗ਼ੈਰਾ ਵਿਚ ਵੀ ਖ਼ਾਸ ਤੌਰ 'ਤੇ ਬੁਲਾਵਾ ਭੇਜਦੇ ਸਨ ਅਤੇ ਲੋਕ ਆਪਣੀ ਗੱਲ ਨੂੰ ਸੁਣਨ ਲਈ ਕਵੀਆਂ ਦੇ ਮੁਸ਼ਾਇਰੇ ਨੂੰ ਮਾਣਦੇ ਅਤੇ ਇਨ੍ਹਾਂ ਲੋਕ ਕਵੀਆਂ ਨੂੰ ਪਿਆਰ ਅਤੇ ਬਣਦਾ ਮਾਣ ਸਤਿਕਾਰ ਵੀ ਦਿੰਦੇ ਸਨ। ਅੱਜ ਦੀ ਕਵਿਤਾ ਲੋਕਾਂ ਨਾਲੋਂ ਬਿਲਕੁਲ ਹੀ ਟੁੱਟੀ ਹੋਈ ਕਵਿਤਾ ਹੈ ਅਤੇ ਸਿਰਫ਼ ਕਵੀ ਹੋਣ ਦਾ ਝੱਸ ਪੂਰਾ ਕਰਨ ਵਾਸਤੇ ਹੀ ਲਿਖੀ ਜਾ ਰਹੀ ਹੈ।ਪਿਛਲੇ ਦਿਨੀਂ ਲੁਧਿਆਣੇ ਕਿਸੇ ਕਵੀ ਸੰਮੇਲਨ 'ਤੇ ਜਾਣ ਦਾ ਮੌਕਾ ਮਿਲਿਆ ਖ਼ੁਸ਼ੀ ਦੀ ਗੱਲ ਸੀ ਕਿ ਕਵਿਤਾ ਬਾਰੇ ਇੰਨਾ ਵੱਡਾ ਪ੍ਰੋਗਰਾਮ ਹੋ ਰਿਹਾ ਸੀ ਪਰ ਸਾਰਾ ਦਿਨ ਕਵੀਆਂ ਦੀ ਕਵਿਤਾ ਸੁਣ ਕੇ ਪੰਜਾਬੀ ਕਵਿਤਾ ਦਾ ਭਵਿੱਖ ਧੁੰਦਲਾ ਹੀ ਨਜ਼ਰ ਆਇਆ। ਕਵੀਆਂ ਦੀ ਜ਼ਿਆਦਾ ਗਿਣਤੀ ਸੀ ਅਤੇ ਸਰੋਤੇ ਬਹੁਤ ਹੀ ਘੱਟ ਜਾਂ ਕਹਿ ਲਵੋ ਕਿ ਨਾਂ ਦੇ ਬਰਾਬਰ ਹੀ ਸਨ। ਦੂਸਰੇ ਪਾਸੇ ਕਵਿਤਾ ਸਾਰੀ ਦੀ ਸਾਰੀ ਹੀ ਨਿੱਜੀ ਦੁੱਖ ਦਰਦ ਨੂੰ ਬਿਆਨ ਕਰਦੀ ਅਤੇ ਬਿਰਹੋਂ ਦੀ ਮਾਰੀ ਹੋਈ ਕਵਿਤਾ ਸੀ। ਲੋਕਾਂ ਦੀ ਗੱਲ ਕਰਦੇ ਸ਼ਾਇਰ ਅਤੇ ਕਵੀ ਬੜੇ ਹੀ ਘੱਟ ਨਜ਼ਰ ਆਏ।ਇੱਕ ਗੱਲ ਹੋਰ ਇਹ ਸਾਰੇ ਦੇ ਸਾਰੇ ਕਵੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਰਾਹੀਂ 'ਦਰਾਮਦ' ਕੀਤੇ ਗਏ ਸਨ!ਹੁਣ ਜੇ ਗੱਲ ਫੇਸਬੁੱਕ ਦੀ ਗਲ ਤੁਰ ਹੀ ਪਈ ਹੈ ਤਾਂ ਜੋ ਫੇਸਬੁੱਕ ਵਰਤਣ ਵਾਲੇ ਜੀਅ ਹਨ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਫੇਸਬੁੱਕੀ ਕਵੀਆਂ ਦੀ ਹਸਤੀ ਕੀ ਹੁੰਦੀ ਹੈ। ਅੱਜ ਕੱਲ੍ਹ ਇਸ ਫੇਸਬੁੱਕ ਯੰਤਰ ਰਾਹੀਂ ਹਰ ਕੋਈ ਕਵੀ ਵਾਲੀ ਭਾਵਨਾ ਨਾਲ ਲੈਸ ਹੋਇਆ ਫਿਰ ਰਿਹਾ ਹੈ ਕਵਿਤਾ ਦਾ ਪ੍ਰਵਾਹ ਫੇਸਬੁਕ ਦੇ ਹਰ ਦੂਜੇ ਜੀਅ ਅੰਦਰ ਦਿਨ ਰਾਤ ਚੱਲਦਾ ਰਹਿੰਦਾ ਹੈ! ਸ਼ੋ ਇਹ ਕਿਸ ਤਰ੍ਹਾਂ ਦਾ ਸਾਹਿਤ ਹੈ ਕਿਸ ਤਰਾਂ ਦੀ ਕਵਿਤਾ ਹੈ ਜੋ ਸਿਰਫ਼ ਇੱਕ ਬੰਦੇ ਦੇ ਨਿੱਜ ਤੋਂ ਅੱਗੇ ਨਹੀਂ ਜਾਂਦੀ ਉਸ ਨੂੰ ਕੋਈ ਦੂਸਰਾ ਕਿਉਂ ਸੁਣੇਗਾ ਤੇ ਕਿਉਂ ਪੜ੍ਹੇਗਾ? ਲੋਕਾਂ ਨੂੰ ਦੋ ਡੰਗ ਦੀ ਰੋਟੀ ਨਹੀਂ ਮਿਲਦੀ ਅਤੇ ਦੇਸ਼ ਦਾ ਅੱਸੀ ਫ਼ੀਸਦੀ ਤੋਂ ਜ਼ਿਆਦਾ ਗ਼ਰੀਬ ਤਬਕਾ ਹੈ ਜੋ ਵੀਹ ਰੁਪਏ ਤੋਂ ਘੱਟ ਆਮਦਨ 'ਤੇ ਗੁਜ਼ਾਰਾ ਕਰ ਰਿਹਾ ਹੈ ਅਤੇ ਅਸੀਂ ਸਿਰਫ਼ ਆਪਣੀ ਕਵਿਤਾ ਵਿਚ ਆਪਣਾ ਦਰਦ ਹੀ ਬਿਆਨ ਕਰ ਰਹੇ ਹਾਂ। ਕਿਸੇ ਨੇ ਸਾਡੀ ਨਿੱਜੀ ਜ਼ਿੰਦਗੀ ਤੋਂ ਕੀ ਲੈਣਾ ਹੈ ਜੇ ਅਸੀਂ ਸਮਾਜ ਨੂੰ ਕੋਈ ਚੰਗਾ ਵਿਚਾਰ ਨਹੀਂ ਦੇ ਸਕਦੇ ਅਤੇ ਕੋਈ ਵਧੀਆ ਸਾਹਿਤ ਸਿਰਜਣ ਵਿਚ ਆਪਣਾ ਬਣਦਾ ਯੋਗਦਾਨ ਨਹੀਂ ਪਾ ਸਕਦੇ?
                                                                                                                             
                                                                                                                                  ਸੰਪਰਕ -9464510678

No comments:

Post a Comment