ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ

ਚਲਾਕ ਲੂੰਬੜੀ ਦੀ ਅੰਗੂਰ ਖੱਟਿਆਂ ਵਾਲੀ ਕਹਾਣੀ ਸਭ ਨੇ ਬਚਪਨ ਚ ਪੜ੍ਹੀ ਸੁਣੀ ਹੈ, ਚਮਕੀਲੇ ਦਾ  "ਹੱਥ ਨਾ ਪਹੁੰਚੇ ਥੂਹ ਕੌੜੀ" ਵਾਲੇ ਫਿਕਰੇ ਵਾਲਾ ਗੀਤ ਵੀ ਕਿਸੇ ਟਾਵੇਂ ਨੇ ਹੀ ਨਹੀਂ ਸੁਣਿਆਂ ਹੋਣਾ | ਇਹ ਕਹਾਣੀ/ਲੇਖ ਜੋ ਮੈਂ ਲਿਖ ਰਿਹਾ ਹਾਂ ਨਾ ਤਾਂ ਲੂੰਬੜੀ ਨਾਲ ਸੰਬੰਧਿਤ ਹੈ ਤੇ ਨਾ ਹੀ ਚਮਕੀਲੇ ਨਾਲ | ਇਸਦਾ ਸੰਬੰਧ ਹੈ ਮੀਡੀਆ ਦੀ ਸਪੇਸ 'ਤੇ ਅਧਿਕਾਰ ਜਤਾਉਣ ਲਈ ਲਗਾਏ ਜਾਂਦੇ ਜੁਗਾੜਾਂ ਨਾਲ | ਪਰ ਤੁਸੀਂ ਦੇਖੋਗੇ ਇਸ ਲਿਖਤ ਵਿਚਲਾ ਪਾਤਰ ਕਦੇ ਲੂੰਬੜੀ ਵਰਗਾ ਲੱਗੂ, ਕਦੇ ਚਮਕੀਲੇ ਦੇ ਅਸ਼ਲੀਲ ਗੀਤਾਂ ਵਰਗੇ ਕੋਹਜ ਨਾਲ ਭਰਿਆ ਹੋਇਆ |

ਕਹਾਣੀ ਕੁਝ ਇਉਂ ਸ਼ੁਰੂ ਹੁੰਦੀ ਹੈ ਕਿ ਇੱਕ ਸ਼ਾਤਰ (ਹੈ ਨਹੀਂ ਪਰ ਉਸਨੂੰ ਸ਼ਾਤਰ ਹੋਣ ਦਾ ਫੋਬੀਆ ਹੈ) ਇਨਸਾਨ ਪਿਛਲੀਆਂ ਚੋਣਾਂ ਦੇ ਮੌਕੇ (ਥੋੜ੍ਹਾ ਜਿਹਾ ਪਹਿਲਾਂ) ਇੱਕ ਆਨ-ਲਾਈਨ ਸਾਈਟ ਤਿਆਰ ਕਰਦਾ ਹੈ ਤੇ ਇੱਕ ਸ਼ਹਿਰ ਵਿੱਚ ਬਹੁਤ ਹੀ ਸੋਹਣਾ ਸਜਿਆ-ਧਜਿਆ ਦਫਤਰ ਖੋਹਲਦਾ ਹੈ | ਜਿਸਦਾ ਉਦਘਾਟਨ ਉਸ ਸ਼ਹਿਰ ਦਾ ਵਿਧਾਇਕ ਕਰਦਾ ਹੈ | ਇਹ ਇਸ ਲਈ ਕਿਉਂਕਿ ਇਹ ਸ਼ਖਸ਼ ਕਾਲਜ਼ ਪੜ੍ਹਨ ਵੇਲੇ ਐਸ.ਓ.ਆਈ. ਦਾ ਕਾਲਜ਼ ਦਾ ਪ੍ਰਧਾਨ ਰਿਹਾ ਹੁੰਦਾ ਹੈ | ਜਿਵੇਂ ਕਿ ਅਕਸਰ ਕਾਲਜਾਂ ਦੇ ਵਿਦਿਆਰਥੀਆਂ ਨਾਲ ਹੁੰਦਾ ਹੈ, ਉਹ ਵੀ ਬਹੁਤੇ ਮੌਕਿਆਂ 'ਤੇ ਤਦ ਜਦ ਉਹਨਾਂ ਦੀ ਪਿੱਠ ਪਿੱਛੇ ਕੋਈ ਲੋਕ-ਪੱਖੀ ਵਿਦਿਆਰਥੀ ਜਥੇਬੰਦੀ ਦੀ ਥਾਵੇਂ ਐਸ.ਓ.ਆਈ. ਵਰਗਾ ਕਮਜ਼ੋਰ ਸੰਗਠਨ ਹੋਵੇ, ਕਿਸੇ ਸੰਘਰਸ਼ ਚ ਇਸ ਪ੍ਰਧਾਨ ਦੀ ਪੁਲਿਸ ਦੁਆਰਾ ਕਾਫੀ ਗਿੱਦੜ ਕੁੱਟ ਹੁੰਦੀ ਹੈ, ਕਿਉਂਕਿ ਨਾਲ ਦੀ ਵੱਡਿਆਂ ਕਾਕਿਆਂ ਦੀ ਲਾਈਨ ਵਰ੍ਹਦੀ ਡਾਂਗ 'ਚ ਜਿੱਧਰ ਰਾਹ ਮਿਲਦਾ ਹੈ, ਭੱਜ ਨਿੱਕਲਦੀ ਹੁੰਦੀ ਹੈ | ਖੈਰ, ਆਖਣ ਦਾ ਅਰਥ ਵਿਧਾਇਕ ਦਾ ਦਫਤਰ ਦਾ ਉਦਘਾਟਨ ਕਰਨ ਆਉਣ ਦਾ ਸਬੱਬ ਇਸ ਐਸ.ਓ.ਆਈ. ਰਾਹੀਂ ਪੈਦਾ ਹੋਈ  ਨੇੜਤਾ ਵਿਚੋਂ ਨਿੱਕਲਦਾ ਹੋਵੇ ਜਾਂ ਹੋ ਸਕਦਾ ਹੈ ਕਿ ਇਸ ਵਿਧਾਇਕ ਦੁਆਰਾ ਆਪਣੀ ਚੋਣ ਲਈ ਦਿੱਤੀ ਗਈ ਐਡ ਵਿਚੋਂ ਨਿੱਕਲਦਾ ਹੋਵੇ | ਜਿਸਦੀ ਕੀਮਤ ਬਦਲੇ ਇਹ ਸੱਜਣ ਉਸ ਅਨਪੜ੍ਹ ਵਿਧਾਇਕ ਦੀ ਫੇਸਬੁਕ ਦੀ ਪ੍ਰੋਫਾਇਲ ਬਨਾਉਣ ਅਤੇ ਨਿਯਮਿਤ ਢੰਗ ਨਾਲ ਅੱਪਡੇਟ ਕਰਨ ਦਾ ਕਾਰਜ਼ ਵੀ ਰੂੰਘੇ ਵਜੋਂ ਵਿਧਾਇਕ 'ਤੇ ਤੌਲੀਆਂ ਮਾਰਨ ਦੇ ਹਿੱਤ ਕਾਫੀ ਸਮਾਂ ਕਰਦਾ ਰਿਹਾ | ਜੇ ਇਹ ਦੋਵੇਂ ਕਾਰਨ ਨਾ ਵੀ ਹੋਣ ਤਾਂ ਵੀ ਚੋਣ ਮੌਕੇ ਤਾਂ ਵਿਧਾਇਕਾਂ ਨੂੰ ਮਰਗਾਂ ਦੇ ਭੋਗਾਂ 'ਤੇ ਵੀ ਦੇਖਿਆ ਜਾ ਸਕਦਾ ਹੈ, ਇਹ ਤਾਂ ਫੇਰ ਵੀ ਇੱਕ ਪ੍ਰਚਾਰ ਏਜੰਸੀ ਦੇ ਦਫਤਰ ਦੇ ਮਹੂਰਤ ਵਰਗੀ ਕਾਫੀ ਮਹੱਤਵਪੂਰਨ (ਖਾਸ ਕਰਕੇ ਨੇਤਾ ਲੋਕਾਂ ਲਈ ਉਹ ਵੀ ਵੋਟਾਂ ਮੌਕੇ) ਘੜੀ 'ਤੇ ਹਾਜਰੀ ਦੇਣ ਦਾ ਮਸਲਾ ਹੈ |

ਸੱਜਣ ਜੀ ਦਾ ਸੁਫਨਾ ਇਹ ਸੀ ਕਿ ਆਪਾਂ ਚੋਣਾਂ-ਚੋਣਾਂ ਵਿੱਚ 20-25 ਲੱਖ ਰੁਪਿਆ ਛਾਪਕੇ ਕੋਈ ਆਪਣਾ ਰੇਡੀਓ ਐਫ.ਐਮ. ਖੋਹਲਕੇ ਜ਼ਿੰਦਗੀ ਦੀ ਗੱਡੀ ਨੂੰ ਹਾਈਵੇ 'ਤੇ ਚੜ੍ਹਾ ਲਵਾਂਗੇ | ਕੁੱਬੇ ਦੇ ਵੱਜੀ ਲੱਤ ਰਾਸ ਤਾਂ ਆਉਂਦੀ ਹੈ ਪਰ ਕਦੇ ਕਦੇ | ਸੋ ਇਹ ਰਾਸ ਨਹੀਂ ਆਈ | ਰੱਬ ਨੇ ਗਾਜਰਾਂ ਹੀ ਨਾ ਦਿੱਤੀਆਂ ਰੰਬਾ ਵਿੱਚ ਕਿਵੇਂ ਰਹਿੰਦਾ !!!

ਲੈ... ਇੱਕ ਮਹੱਤਵ-ਪੂਰਨ ਗੱਲ ਤਾਂ ਮੇਰੇ ਤੋਂ ਛੁੱਟ ਹੀ ਗਈ ਸੀ, ਇਹ ਤਾਂ ਸੱਜਣਾਂ ਨੇ ਝਗੜਨਾ ਸੀ ਮੇਰੇ ਨਾਲ, ਚਲੋ ਯਾਦ ਆ ਗਈ ਭਲੇ ਵੇਲੇ, ਸੱਜਣ ਜੀ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਤੋਂ ਪੱਤਰਕਾਰੀ ਦੀ ਡਿਗਰੀ ਨਾਲ ਵੀ ਲੈਸ ਹਨ | ਹੁਣ ਕਿਸੇ ਦੀ ਐਡੀ ਪ੍ਰਾਪਤੀ ਨੂੰ ਲਿਖਣੋ ਛੱਡਣਾ ਤਾਂ ਹੱਦ-ਦਰਜੇ ਦੀ ਬੇਈਮਾਨੀ ਹੈ ਨਾ ? ਸਾਈਟ ਵਾਲਾ ਕੰਮ ਤਾਂ ਹੋ ਗਿਆ ਠੁੱਸ ! ਨਾ ਨੌਂ ਮਣ ਤੇਲ ਚੋਇਆ ਗਿਆ ਨਾ ਹੀ ਰਾਧਾ ਨੱਚੀ ! ਮਤਲਬ ਕਿ ਸੌ ਉਹੜ-ਪੋਹੜ ਦੇ ਬਾਵਜੂਦ ਇਸ ਸਾਈਟ ਨੂੰ ਐਡ ਨਾ ਮਿਲ ਸਕੀ | ਦਫਤਰ ਬੰਦ ਹੋ ਗਿਆ | ਕਰਨਾ ਹੀ ਪੈਣਾ ਸੀ, ਜਦ ਕੰਮ ਨਾ ਹੋਵੇ ਤਾਂ ਬੰਦਾ ਦਫਤਰ ਚ ਬੈਠਾ ਸਾਰਾ ਦਿਨ ਮੱਖੀਆਂ ਮਾਰਨ ਤੋਂ ਤਾਂ ਰਿਹਾ (ਉਂਝ ਅਸੀਂ ਆਮ ਹੀ ਆਖਦੇ ਹਾਂ ਮੱਖੀਆਂ ਮਾਰਦਾਂ) ਉਹ ਆਖਦੇ ਹਨ ਨਾ ਕਿ

"ਖਾਣ ਲਈ ਗਮ ਤੇ ਪੀਣ ਲਈ ਹੰਝੂ ਭਾਵੇਂ ਹਨ ਬੜੇ,
ਫਿਰ ਵੀ ਬੰਦੇ ਨੂੰ ਕੋਈ ਨਾ ਕੋਈ ਕੰਮ-ਕਾਰ ਕਰਨਾ ਚਾਹੀਏ |"

ਸੋ ਕੰਮ ਦੀ ਭਾਲ ਸ਼ੁਰੂ ਹੋਈ, ਮੀਡੀਆ ਲਾਈਨ ਵਿੱਚ ਵੀ ਗਲਵੱਢ ਮੁਕਾਬਲੇ ਕਾਰਨ ਹਰ ਚੈਨਲ ਤੋਂ ਕੋਰਾ ਜਵਾਬ, ਇਹਨਾਂ ਸੁਹਾਵਣੇ ਵੇਲਿਆਂ ਵਿੱਚ ਬੰਦੇ ਅੰਦਰ ਕਈ ਖੂਬੀਆਂ ਸਾਉਣ ਚ ਪੈਦਾ ਹੋਣ ਵਾਲੇ ਖੰਭਾਂ ਵਾਲੇ ਭਮੱਕੜਾਂ ਦੀ ਤਰਾਂ ਪੈਦਾ ਹੋ ਜਾਂਦੀਆਂ ਹਨ | ਉਹਨਾਂ ਚੋਂ ਪਹਿਲੀ ਖੂਬੀ ਜੋ ਇਸ ਸ਼ੇਖਚਿੱਲੀ ਵਿੱਚ ਘੱਟ ਮਾਤਰਾ 'ਚ ਪਹਿਲਾਂ ਵੀ ਸੀ, ਹੋਰ ਵਿਕਾਸ ਕਰ ਗਈ | ਇਸਦੀ ਵੱਡੇ-ਵੱਡੇ ਲੋਕਾਂ ਦੀ ਚਮਚਾਗਿਰੀ ਕਰਨ ਦੀ ਆਦਤ ਹੋਰ ਵਧ ਗਈ, ਬਿਲਕੁਲ ਭਮੱਕੜਾਂ ਦੀ ਤਰਾਂ ਜਿਵੇਂ ਉਹ ਲਾਈਟ ਦੁਆਲੇ ਘੁੰਮਦੇ ਹਨ, ਕਿਰਲੀਆਂ ਪਹਿਲਾਂ ਹੀ ਇਸੇ ਤਾਕ ਵਿੱਚ ਹੁੰਦੀਆਂ ਹਨ, ਉਹ ਇਹਨਾਂ ਦਾ ਸੁਆਦਲਾ ਭੋਜਨ ਬਣਦੇ ਹਨ ਤੇ ਬਾਕੀ ਬਚਦੇ ਹਨ ਸਵੇਰੇ ਝਾੜੂ ਨਾਲ ਹੂੰਝੇ ਜਾਣ ਵਾਲੇ ਉਹਨਾਂ ਵਿਚਾਰਿਆਂ ਦੇ ਖੰਭ | ਇੱਕ ਹੋਰ ਖੂਬੀ ਅਜਿਹੇ ਸਮਿਆਂ ਵਿੱਚ ਬੜੇ ਜੋਰ-ਸ਼ੋਰ ਨਾਲ ਅਮਰਵੇਲ ਦੀ ਤਰਾਂ ਵਿਕਸਿਤ ਹੁੰਦੀ ਹੈ ਉਹ ਹੈ "ਸਾੜਾ" | ਇਹ ਬੇਕਾਰੀ ਦੇ ਸੁਹਾਵਣੇ ਮੌਸਮ ਵਿੱਚ ਜਦ ਵੀ ਕੋਈ ਅਜਿਹਾ ਸੱਜਣ ਪੱਤਰਕਾਰ ਕਿਸੇ ਕੱਦ-ਬੁੱਤ ਵਾਲੇ ਪੱਤਰਕਾਰ ਨੂੰ ਕਿਸੇ ਚੈਨਲ ਤੇ ਚੰਗਾ ਪ੍ਰੋਗਰਾਮ ਦਿੰਦੇ ਦੇਖਦਾ ਹੈ ਜਾਂ ਕਿਸੇ ਅਖਬਾਰ ਵਿੱਚ ਛਪਿਆ ਕਿਸੇ ਦਾ ਵੱਡ-ਅਕਾਰੀ ਆਰਟੀਕਲ ਦੇਖਦਾ ਹੈ ਤਾਂ ਉਸਨੂੰ ਆਪਣੀ ਬੇਕਾਰੀ ਹੋਰ ਜਿਆਦਾ ਲੜਦੀ ਹੈ, ਘੋੜੇ ਨੂੰ ਲੜਨ ਵਾਲੀ ਮੱਖੀ ਦੀ ਤਰਾਂ | ਇਸ ਸਮੇਂ ਉਹ ਛਟਪਟਾਉਂਦਾ ਹੈ ਪਰ ਇਹ 'ਸਾੜਾ ਨਾਮੀਂ ਬੇਅਕਲ ਮੱਖੀ' ਨੂੰ ਕੌਣ ਸਮਝਾਵੇ | ਇਸੇ ਨਾਕਾਮੀਆਂ ਦੀ ਰੰਗੀਨ ਰੁੱਤੇ ਇੱਕ ਖੂਬੀ 'ਹਰ ਆਦਮੀਂ ਚੋਂ ਸਾਜਸ਼ੀ ਆਦਮੀਂ ਦਿਖਣਾ' ਹੋਰ ਵੀ ਜੰਮਦੀ ਹੈ | ਉਸਨੂੰ ਲੱਗਣ ਲਗਦਾ ਹੈ ਕਿ ਹਰ ਕੋਈ ਕਿਸੇ ਨਾ ਕਿਸੇ ਸਾਜਿਸ਼ ਤਹਿਤ ਕਾਮਯਾਬ ਹੋ ਰਿਹਾ ਹੈ | ਯੋਗਤਾ ਨਾਲ ਹਾਸਿਲ ਕੀਤੀਆਂ ਪ੍ਰਾਪਤੀਆਂ ਵੀ ਉਸਨੂੰ ਰਿਸ਼ਵਤ ਸਿਫਾਰਿਸ਼ ਨਾਲ ਹਾਸਿਲ ਕੀਤੀਆਂ ਲੱਗਣ ਲਗਦੀਆਂ ਹਨ | ਉਸਦੀ ਬੋਲੀ ਵਿਚੋਂ ਦੂਜਿਆਂ ਲਈ ਅਜਿਹੇ ਸ਼ਬਦਾਂ ਦੀ ਵਰਖਾ ਹੋਣ ਲਗਦੀ ਹੈ ਜੋ ਬਹੁਤ ਹੀ "ਉੱਚੇ ਮਿਆਰ" ਦੇ ਹੁੰਦੇ ਹਨ |

ਹਰ ਮੌਸਮ ਵਾਂਗ ਬੇਕਾਰੀ ਦਾ ਮੌਸਮ ਵੀ ਗੁਜ਼ਰ ਜਾਂਦਾ ਹੈ, ਪਰ ਆਪਣੀਆਂ ਪੈੜਾਂ ਉਸ ਇਨਸਾਨ ਦੇ ਜਿਹਨ /ਜੁਬਾਨ 'ਤੇ ਛੱਡ ਜਾਂਦਾ ਹੈ | ਫਿਰ ਉਸਨੂੰ ਮਿਲੀ ਛੋਟੀ ਨੌਕਰੀ ਵੀ ਵੱਡੀ ਨਜ਼ਰ ਆਉਂਦੀ ਹੈ| ਇਸ ਪ੍ਰਾਪਤੀ ਬਾਰੇ ਆਪਣੇ ਬੇਲੀਆਂ ਮਿੱਤਰਾਂ ਵਿੱਚ ਨਾ ਰੁੜ੍ਹਨ ਵਾਲੇ ਚੌਰਸ ਗੱਪ ਰੋਹੜਦਾ ਹੈ | ਉਸਨੂੰ ਬਾਕੀ ਸਾਰੇ ਆਪਣੇ ਨਾਲ ਦੇ ਪ੍ਰੋਫੈਸ਼ਨ ਵਾਲੇ 'ਦੁੱਕੀ-ਤਿੱਕੀ' ਨਜ਼ਰ ਆਉਣ ਲਗਦੇ ਹਨ | ਉਹ ਮੀਡੀਆ ਵਿੱਚ ਮਿਲੀ ਸਪੇਸ ਦੀ ਵਰਤੋਂ ਜਦ ਵੀ ਕਰਦਾ ਹੈ ਤਾਂ ਉਹ ਬੇਕਾਰੀ ਦੇ ਮੌਸਮ ਦੀਆਂ ਜਲਣਾ ਉਸਦੀਆਂ ਲਿਖਤਾਂ ਵਿੱਚ ਝਲਕਦੀਆਂ ਹਨ | ਕਦੇ ਕਦੇ ਤਾਂ ਉਹ ਕਿਸੇ ਨਾਮਵਰ ਸਖਸ਼ੀਅਤ 'ਤੇ ਵੀ ਆਪਣੀਆਂ ਉਲਟੀਆਂ ਕਰ ਦਿੰਦਾ ਹੈ ਜਿਵੇਂ ਕੁੱਤੇ ਨੂੰ ਖੀਰ ਨਹੀਂ ਪਚਦੀ ਉਵੇਂ ਉਸਨੂੰ ਦੂਜੇ ਦੁਆਰਾ ਵਰਤੀ ਸਪੇਸ ਦਾ ਤੇਲ ਚੜ੍ਹਕੇ ਉੱਪਰ-ਛਾਲ ਲੱਗ ਜਾਂਦੀ ਹੈ ਜਿਵੇਂ ਅਕਸਰ ਜਿਆਦਾ ਪਰਾਉਂਠੇ ਛਕ ਕੇ ਬੱਸ ਚ ਚੜ੍ਹੀ ਸਵਾਰੀ ਨੂੰ | ਉਹ ਸੋਚਦਾ ਹੈ ਕਿ ਇਹ ਸਾਰੀ ਦੀ ਸਾਰੀ ਸਪੇਸ ਹੀ ਮੇਰੇ ਕੋਲ ਕਿਉਂ ਨਾ ਹੋਵੇ  ? ਉਸਨੂੰ ਕਿਸੇ ਦਾ ਪਾਇਆ ਫੇਸਬੁੱਕ ਦਾ ਸਟੇਟਸ ਵੀ ਤੀਰ ਵਾਂਗ ਵੱਜਦਾ ਹੈ, ਉਸਨੂੰ ਲਗਦਾ ਹੈ ਕਿ ਕੋਈ ਮੇਰੇ ਨਾਲ ਜਿਦੇ ਤਾਂ ਕਿ ਮੈਂ ਆਪਣੀ ਭੜਾਸ ਕੱਢ ਸਕਾਂ ਤੇ ਦੱਸ ਸਕਾਂ ਕਿ ਮੈਂ ਵੀ ਤੋਪ ਵਰਗੀ ਕੋਈ ਸ਼ੈਅ ਆਂ | ਪਰ ਉਹ ਲੋਕ ਸਿਆਣੇ ਹੁੰਦੇ ਹਨ ਜੋ ਸਹਿਜ ਹਾਲਾਤਾਂ ਵਿੱਚ ਆਪਣੇ ਕੰਮ ਵੱਲ ਸੇਧਿਤ ਰਹਿੰਦੇ ਹਨ, ਜਿਵੇਂ ਹਾਥੀ ਸੌ ਕੁੱਤਿਆਂ ਦੇ ਭੌਕਣ 'ਤੇ ਵੀ ਆਪਣਾ ਰਾਹ ਨਹੀਂ ਬਦਲਦਾ |

ਅਜਿਹੇ ਸਮੇਂ ਵਿੱਚ ਉਸਦਾ ਕੋਈ ਮਿੱਤਰ ਪਿਆਰਾ ਹੀ ਉਸਦਾ ਭਲਾ ਕਰ ਸਕਦਾ ਹੈ ਉਹ ਆਤਮ-ਚਿੰਤਨ ਦੇ ਰਾਹ ਪੈ ਸਕਦਾ ਹੈ ਉਸਨੂੰ ਸਿਰਫ ਐਨਾ ਆਖਣ ਦੀ ਲੋੜ ਹੈ "ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ"

-ਇਕਬਾਲ-