“ਮੰਡੀ ਸਭਿਆਚਾਰ” ਬਨਾਮ ਖੁੰਢੀ ਹੁੰਦੀ ਜਾ ਰਹੀ ਸਮਾਜਿਕ ਚੇਤਨਾ

ਬਿੰਦਰਪਾਲ ਫਤਿਹ 


ਕਿਸੇ ਵੀ ਵੱਡੇ ਸੱਭਿਆਚਾਰਕ ਇਨਕਲਾਬ ਦੀ ਅਣਹੋਂਦ ਵਿੱਚ ਵਿਕਾਸ ਕਰ ਰਿਹਾ ਸਮਾਜ ਕਿੰਨਾਂ ਕੁ ਚੇਤਨ ਹੋਵੇਗਾ ਕਿੰਨੀ ਕੁ ਸਮਝ ਰਖਦਾ ਹੋਵੇਗਾ ਇਹ ਸਭ ਕੁਝ ਉਸ ਸਮਾਜ ਦੇ ਅਟੁੱਟ ਹਿੱਸੇ ਸੰਗੀਤ ਜਾਂ ਹੋਰ ਕੋਮਲ ਕਲਾਵਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ |ਭਾਰਤੀ ਸਮਾਜ ਇਸ ਦੀ ਚੰਗੀ ਖਾਸੀ ਉਦਾਹਰਣ ਹੈ |ਭਾਰਤੀ ਸੰਗੀਤ ਦਾ ਇਤਿਹਾਸ ਬੜਾ ਪੁਰਾਣਾ ਹੈ ਅਤੇ ਅੱਜ ਖੁੱਲੀ ਮੰਡੀ ਵਿੱਚ ਜਿੱਥੇ ਹਰ ਚੀਜ ਵਿਕ ਰਹੀ ਹੈ ਸੰਗੀਤ ਵੀ ਸਭ ਤੋਂ ਮੂਹਰੇ ਹੋ ਕੇ ਵਿਕ ਰਿਹਾ ਹੈ | ਤਾਨਸੇਨ ਵਰਗੇ ਮਹਾਨ ਸੰਗੀਤਕਾਰ  ਜਾਂ ਉਸਤੋਂ ਬਾਅਦ ਵੀ ਖਾਸਕਰ ਵੀਹਵੀਂ ਸਦੀ ਦੇ ਕਈ ਦਹਾਕਿਆਂ ਤੱਕ ਸੰਗੀਤ ਦੀ ਇਸ ਵਿਸ਼ਾਲ ਵਿਰਾਸਤ ,ਪਰੰਪਰਾ ਨੂੰ ਘਰਾਣਾ ਗਾਇਕਾਂ ਨੇ ਸਾਂਭੀ ਰੱਖਿਆ  ਪਰ ਸੰਗੀਤ ਦੀ ਹਾਲਤ ਵਿਕਾਊ ਚੀਜ ਤੋਂ ਵੱਧ ਕੀ ਹੋ ਸਕਦੀ ਸੀ ? ਮਨੁੱਖੀ ਵਿਚਾਰਧਾਰਾ ,ਸੋਚ, ਸਮਾਂ ਹਾਲਾਤ ਇਹ ਸਾਰੇ ਤੱਤ ਸਮੇਂ ਸਮੇਂ ਸਿਰ ਇਸਨੂੰ ਪ੍ਰਭਾਵਿਤ ਕਰਦੇ ਰਹੇ ਹਨ | ਸਭ ਤੋਂ ਵੱਧ ਜੇ ਕਿਸੇ ਚੀਜ ਨੇ ਸੰਗੀਤ ਨੂੰ ਪ੍ਰਭਾਵਿਤ ਕੀਤਾ ਹੈ ਤਾਂ ਉਹ ਹੈ ਸਰਮਾਏਦਾਰਾਨਾ ,ਬੁਰਜੂਆ ਮੰਡੀ ਨੇ ਜਿਸਨੂੰ ਹਰ ਚੀਜ ਨੂੰ ਆਪਨੇ ਵੱਸ ‘ਚ ਕਰ ਲੈਣ ਦੀ ਪੂਰੀ ਜਾਚ ਹੈ | ਮੋਜੂਦਾ ਸੰਗੀਤਿਕ ਦੌਰ ਪੂਰੀ ਤਰ੍ਹਾਂ ਮੰਡੀ ਦੇ ਕਲਾਵੇ ‘ਚ ਹੀ ਖੇਲ ਰਿਹਾ ਸਾਡੇ ਸਮਾਜ ਦੀ ਸੋਚ ਦੀ ਭਰਪੂਰ ਤਰਜਮਾਨੀ ਕਰਦਾ ਹੋਇਆ  ਪੂਰੀ ਤਰ੍ਹਾਂ ਨਸ਼ਿਆਏ ਅਤੇ ਸੱਤਾ ‘ਤੇ ਕਾਬਜ  ਧਿਰਾਂ ਦੀ ਡਟਵੀਂ ਹਮਾਇਤ ਕਰਦਾ ਹੈ |ਅਸਲ ‘ਚ ਇਹੀ ਦੌਰ ਹੈ ਜਦੋਂ ਕਿ ਸਮੁੱਚੀ ਮੰਡੀ ਹਾਸ਼ੀਏ ਤੋਂ ਪਾਰ ਸੁੱਟੇ ਗਏ ਮਨੁੱਖ ਨੂੰ ਬੁਰਜੂਆ ਸੰਗੀਤ ਅਤੇ ਕੰਨ ਪਾੜਵੇਂ ਸ਼ੋਰ ਨਾਲ ਬਹੁਤ ਭੱਦਾ ਅਤੇ  ਬੇਹੁਦਾ ਮਜਾਕ ਕਰ ਰਹੀ ਹੈ | 

ਮੰਡੀ ਦੀ ਇਹ ਸੁਰ ਇੱਕ ਖਾਸ ਜਮਾਤ ਦੇ ਹੱਕ ਵਿੱਚ ਵਜਦੀ ਹੈ | ਸੱਤਰਵਿਆਂ ਦੇ ਦੌਰ ਵੇਲੇ ਜੋ ਹਰੀ ਕ੍ਰਾਂਤੀ ਪੰਜਾਬ ਵਿੱਚ ਆਈ ਉਸ ਨੇ ਪੰਜਾਬ ਦੇ ਜਿਮੀਦਾਰ ਨੂੰ ਕੰਮਾਂ ਕਾਰਾਂ ਤੋਂ ਅਜਾਦ ਕਰ ਦਿੱਤਾ ਹਰੀ ਕ੍ਰਾਂਤੀ ਦੇ ਸੋਹਿਲੇ ਗਾਏ ਗਏ ‘ਤੇ ਇੱਕ ਖਾਸ ਜਾਤੀ ਤੁਅੱਸਬ ਦਾ ਮਾਣ ਕਰਦੇ ਜਿਮੀਦਾਰ ਨੂੰ ਸੰਗੀਤ ,ਫਿਲਮਾਂ ਵਿੱਚ ਮੂਹਰਲੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ | ਖਾਸ ਜਾਤੀਦੀ ਦੀ ਮੋਹਰੀ ਹੈਂਕੜ ਹੁਣ ਸੰਗੀਤ ਨੂੰ ਆਪਨੇ ਹੱਥਾਂ ਵਿੱਚ ਕਰਨ ਤੁਰ ਪਈ| ਗੀਤਾਂ ਵਿੱਚ ਸਰਦਾਰੀ ਜਿਮੀਦਾਰੀ ਦੇ ਚਰਚੇ ਜੋਰਾਂ ਸ਼ੋਰਾਂ ਨਾਲ ਹੋਣ ਲੱਗ ਪਏ ਜਿਮੀਦਾਰ ਨੂੰ ਮੰਡੀ ਨੇ ਬੁਰੀ ਤਰ੍ਹਾਂ ਪਾਗਲ ਕਰ ਦਿੱਤਾ ਕੁਝ ਕੁ ਧਨੀ ਅਤੇ ਚਤੁਰ ਲੋਕ ਪੂਰੇ ਆਲਮ ਦੀਆਂ ਅੱਖਾਂ ਚ ਘੱਟਾ ਪਾਕੇ ਮੰਡੀ ਦਾ ਪੂਰਾ ਫਾਇਦਾ ਉਠਾ ਗਏ ‘ਤੇ ਅੱਜ ਪੂਰੇ ਪੰਜਾਬ ਵਿੱਚ ਉਹਨਾਂ ਦੀ ਸਰਦਾਰੀ ਕਾਇਮ ਹੈ! ਅਤੇ ਕੁਝ ਨੂੰ  ਪਤਾ ਹੀ ਨਾ ਲੱਗਣ ਦਿੱਤਾ ਕਿ ਕਦੋਂ ਉਹ ਇਸ ਮੰਡੀ ਵਿੱਚ ਵਿਕਣ ਦੀ ਕਗਾਰ ਤੇ ਪਹੁੰਚ ਗਏ |ਵੱਡੀ ਮਛਲੀ ਛੋਟੀ ਨੂੰ ਖਾ ਗਈ ਵੱਡੇ ਫਾਰਮਾਂ ਵਾਲੇ ਕਿਸਾਨਾਂ ਨੇ ਛੋਟੇ ਕਾਰੋਬਾਰ ਸ਼ੁਰੂ ਕਰਕੇ ਬਾਜਾਰ ਵਿੱਚ ਉੱਤਰਨਾ ਸ਼ੁਰੂ ਕਰ ਦਿੱਤਾ ਅਤੇ ਛੋਟੇ ਕਿਸਾਨਾ ਨੇ ਜਾਂ ਤਾਂ ਜਮੀਨਾਂ ਵੇਚੀਆਂ ਜਾਂ ਗਹਿਣੇ ਪਾਈਆਂ ਜਾਂ ਕਰਜੇ ਦੇ ਭਾਰ ਹੇਠ ਦੱਬ ਕੇ ਰਹਿ ਗਏ | 


ਖੁਦਕੁਸ਼ੀਆਂ ਦਾ ਇੱਕ ਅਟੁੱਟ ਸਿਲਸਿਲਾ ਜੋ ਹੁਣ ਤੱਕ ਬੇਰੋਕ ਜਾਰੀ ਹੈ ,ਨੇ ਨਿੱਤ ਦੀਆਂ ਅਖਬਾਰਾਂ ਦੇ ਕਾਲਮਾਂ ਨੂੰ ਖੂਬ ਸ਼ਿੰਗਾਰਿਆ ਪਰ ਨਾਲ ਤੁਰ ਰਿਹਾ ਸੰਗੀਤ ਹਮੇਸ਼ਾ ਆਲਮ ਉੱਪਰ ਸੁਨਿਹਰੀ ਛਤਰੀ ਤਾਣਕੇ ਤੁਰਦਾ ਰਿਹਾ| ਸੰਗੀਤ ਨੂੰ ਰਾਜ ਕਰਦੀ ਜਮਾਤ ਨੇ ਆਪਣੀ ਬੁੱਕਲ ‘ਚ ਗੋਦ ਲੈ ਲਿਆ ਅਤੇ ਹੁਣ ਤੱਕ ਉਸਦੀ ਮੱਤ ਮਾਰੀ ਰੱਖੀ ਹੈ |ਬਾਕੀ ਬਚੇ ਖੁਚੇ ਕੰਮੀਆਂ ਦਾ ਜੋ ਹਸ਼ਰ ਹੋਇਆ ਉਹ ਕਿਸਾਨ ਨਾਲੋਂ ਵੀ ਮਾੜਾ ਹੋਇਆ ਜਿਹੜੇ ਕਿ ਜਮੀਨ ਦੇ ਮਾਲਿਕ ਕਦੇ ਰਹੇ ਨਹੀ ਸਨ| ਜਿਮੀਦਾਰਾਂ ਨਾਲ ਸਾਂਝੀ ਕਾਸ਼ਤ ਕਰਨੀ ਜਾਂ ਸਾਲਾਂ ਭਰ ਵਾਸਤੇ ਜਿਮੀਦਾਰਾਂ ਦੀ ਹੁਕਮ ਅਦੂਲੀ ਕਰ ਕੇ ਪੇਟ ਪਾਲਣ ਵਾਲੇ ਇਹ ਗਰੀਬ ਮਜਦੂਰ ਕੰਮੀ ਹਰੀ ਕ੍ਰਾਂਤੀ ਦੇ ਇਸ ਅਜੀਬ ਵਰਤਾਰੇ ਦੀ ਮਾਰ ਸਹਿੰਦੇ ਪਿੰਡਾਂ ਵਿੱਚੋ ਨਿੱਕਲ ਸਹਿਰਾਂ ਨੂੰ ਭੱਜ ਆਏ ਅਤੇ ਸਨਅਤੀ ਮਜਦੂਰ ਦੀ ਜੂਨੀ ਪੈ ਗਏ ਪਰ ਪੰਜਾਬੀ ਸੰਗੀਤ ਕਦੇ ਇਹਨਾਂ ਕੰਮੀਆਂ ਕਮੀਣਾਂ ਦੀ ਬੋਲੀ ਨਾਂ ਬੋਲਿਆ ਕਦੇ ਇਹਨਾਂ ਦੇ ਹਾਣ  ਦੇ ਗੀਤ ਫਿਜਾ ਵਿੱਚ ਨਾਂ ਗੂੰਜੇ  ਹਰੀ ਕ੍ਰਾਂਤੀ ਦੇ ਦੌਰ ਤੋਂ ਲੈ ਕੇ ਅੱਜ ਤੱਕ ਦੇ ਇਤਿਹਾਸ ਵਿੱਚ ਸੰਗੀਤ ਦੀ ਪਰੰਪਰਾ ਹਮੇਸ਼ਾ ਸੱਤਾ ਦੇ ਹੱਥਾਂ ਦੀ ਕਠਪੁਤਲੀ ਬਣੀ ਰਹੀ ਇਸਨੇ ਕਦੇ ਵੀ ਖੁੱਲ੍ਹ ਕੇ ,ਸਿਦਕਦਿਲੀ ਨਾਲ ਸੱਚਾਈ ਦਾ ਪੱਲਾ ਨਹੀ ਫੜਿਆ ਉਲਟਾ ਅਵਾਮੀ ਲੋਕ ਲਹਿਰਾਂ, ਲੋਕ ਸਭ੍ਹਿਆਚਾਰ ਅਤੇ ਲੋਕ ਚੇਤਨਾ ਨੂੰ ਖੁੰਢਾ ਕਰਦੀ ਰਹੀ |ਰੁਜਗਾਰ ਤੋਂ ਥੁੜੇ ਛੋਟੀ ਕਿਸਾਨੀ ਦੇ ਦੁਰਕਾਰੇ ਹੋਏ ਕਿਸਾਨਾਂ ਦੇ ਪੁੱਤਾਂ ਨੇ ਭੰਡਾਂ ,ਡੂੰਮਾਂ ,ਮਿਰਾਸੀਆਂ ਦਾ ਕਿੱਤਾ ਕਹਾਈ ਜਾਂਦੀ ਗਾਇਕੀ ਅਤੇ ਸੰਗੀਤ ਦੀ ਧਾਰਾ ਦਾ ਪੱਲਾ ਫੜ ਲਿਆ ਅਤੇ ਆਪਣੇ ਹੀ ਲੋਕਾਂ ਦੇ ਖਿਲਾਫ਼ ਭੁਗਤਦੇ ਇਹ ਕਲਾਕਾਰ ਮੰਡੀ ਦੀ ਲੋੜ ਬਣ ਗਏ | ਜੱਟਦੀ ਸਿਫਤ ਕਰਦੇ,ਹਥਿਆਰਾਂ ,ਕਬਜਿਆਂ ,ਲੜਾਈਆਂ ਸਰਾਬ ਦੀ ਨਿਰੰਤਰ ਇਸ਼ਤਿਹਾਰਬਾਜ਼ੀ ਨੂੰ ਸਮਰਪਿਤ ਗੀਤ ਹੁਣ ਤਕ ਫਿਜਾ ਵਿੱਚ ਗੂੰਜਦੇ ਆ ਰਹੇ ਹਨ| 
ਸੰਗੀਤ ਦੀ ਇਸ ਨਵੀਂ ਅਤੇ ਆਪ ਹੁਦਰੀ ਕੌੜੀ ਸੁਰ ਨੇ ਅਵਾਮੀ ਮਨੋਰੰਜਨ ਦਾ ਬਹਾਨਾ ਮਾਰ ਕੇ  ਮਨੁੱਖੀ ਸੋਚ ਕੋਲੋਂ ਉਸਦਾ ਵਜੂਦ ਖੋਹ ਲਿਆ |ਇਸ ਸੰਗੀਤਿਕ ਨਾਬਰੀ ਦੇ ਮਾਹੌਲ ਵਿੱਚ ਔਰਤ ਦਾ ਵਜੂਦ ਵੀ ਕੋਈ ਵਧੀਆ ਦਿੱਖ ਵਾਲਾ ਨਹੀ ਰਿਹਾ ਸਗੋਂ ਇਉਂ ਕਹੋ ਕਿ ਰਹਿਣ ਹੀ ਨਹੀ ਦਿੱਤਾ ਗਿਆ |ਮੌਜੂਦਾ ਸੰਗੀਤ ਦੀ ਇਸ ਨਿਤ ਵਧਦੀ-ਫੁਲਦੀ ਜਾ ਰਹੀ ਮੰਡੀ ਵਿੱਚ ਔਰਤ ਦਾ ਅਕਸ ਇੱਕ ਵਿਕਾਊ ਚੀਜ ਤੋਂ ਵਧ ਕੇ ਕੁਝ ਨਹੀ ਰਿਹਾ | ਪੁਰਜਾ”, “ਬੋਤਲ,ਚੀਜੀਆਦਿ ਦੇ ਵਿਸ਼ੇਸ਼ਣ ਔਰਤ ਦੇ ਨਾਮ ਨਾਲ ਜੋੜ ਦਿੱਤੇ ਗਏ | ਦੂਜੇ ਪਾਸੇ ਇਸ ਵਰਤਾਰੇ ਨੂੰ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਤੇ ਇਹ ਸਭਿਆਚਾਰ ਦੀ ਪੁੱਠ ਚਾੜ੍ਹ ਕੇ ਹਰ ਰੋਜ਼ ਪੇਸ਼ ਹੋ ਰਿਹਾ ਹੈ ਅਤੇ ਸਮਾਜਿਕ ਚੇਤਨਾ ਨੂੰ ਹੱਥ ਮਾਰਨ ਦੀ ਥਾਂ ਅਸੀਂ ਗਾਹੇ ਬਗਾਹੇ ਕੁਝ ਕੁ ਵਿਅਕਤੀ ਵਿਸੇਸ਼ ਬਾਰੇ ਆਪਨੇ ਫ਼ਤਵੇ ਜਾਰੀ ਕਰ ਦਿੰਦੇ ਹਾਂ ਬੇਸ਼ੱਕ ਉਹ ਵੀ ਜਰੂਰੀ ਹੈ ਪਰ ਇਹਨਾਂ ਫਤਵਿਆਂ ,ਅੰਦੋਲਨਾਂ ਨਾਲ ਅਤੇ ਕੁਝ ਕੁ ਗਾਉਣ ਵਾਲਿਆਂ ਨੂੰ ਅਸੀਂ ਅਸ਼ਲੀਲ ਵਿਸ਼ੇਸ਼ਣਦੇ ਕੇ ਬਰੀ ਨਹੀ ਕਰ ਸਕਦੇ |ਇਸ ਵਰਤਾਰੇ ਦੀਆਂ ਜੜਾਂ ਵੱਲ ਸਾਨੂੰ ਝਾਤੀ ਮਾਰਨੀ ਪੈਣੀ ਹੈ ਦਰਅਸਲ  ਇਸ ਦੇ ਕੌੜੇ ਬੀਅ ਸਾਡੀ ਸਮਾਜਿਕ ਚੇਤਨਾ ਦੇ ਖੁੰਢੇ ਹੋਣ ਦੀ ਵਜ੍ਹਾ ਕਰਕੇ ਪੁੰਗਰੇ ਹਨ |ਸਾਡੀ ਗੰਧਲੀ ਸੋਚ ,ਜਮਾਤੀ ਹੈਂਕੜ ,ਪੈਦਾਵਾਰ ਦੇ ਸਾਧਨਾਂ ਦੀ ਮਲਕੀਅਤ ਦਾ ਰੋਹਬ ਇਸ ਮੌਜੂਦਾ ਅਸ਼ਲੀਲਤਾ ਦੀਆਂ ਜੜ੍ਹਾਂ ਪੱਕੀਆਂ ਕਰਦਾ ਰਿਹਾ|ਸਮਾਜਿਕ ਚੇਤਨਾ ਹੋਰ ਖੁੰਢੀ ਹੁੰਦੀ ਗਈ ਅਸ਼ਲੀਲਤਾ ਦੀ ਇਹ ਖੇਡ ਚੁੱਪ-ਚੁਪੀਤੇ ਕੱਚੇ ਕੋਠਿਆਂ ਨੂੰ ਪਾਰ ਕਰਦੀ ਹੋਈ ਖੇਤ ਦੀ ਸੁਨਿਹਰੀ ਫ਼ਸਲ ਮਿੱਧਦੀ ਰਹੀ |
ਇਸ ਮਨਮਾਨੀ ਖੇਡ ਦੀ ਪੁਸ਼ਟੀ ਪੰਜਾਬੀ ਦੇ ਇਨਕਲਾਬੀ ਕਵੀ ਪਾਸ਼ ਦੀਆਂ ਸਤਰਾਂ ਬੜੀ ਚੰਗੀ ਤਰ੍ਹਾਂ ਕਰਦਿਆਂ ਹਨ

  
 ਚਿੜੀਆਂ ਦਾ ਚੰਬਾ ਉੱਡ ਕੇ
ਕਿਸੇ ਵੀ ਦੇਸ਼ ਨਹੀ ਜਾਏਗਾ
ਸਾਰੀ ਉਮਰ ਕੰਡ ਚਰ੍ਹੀਆਂ ਦੀ ਹੰਢਾਏਗਾ
ਤੇ ਚਿੱਟੇ ਚਾਦਰੇ ‘ਤੇ ਲੱਗਿਆ
ਉਹਦੀ ਮਾਹਵਾਰੀ ਦਾ ਖੂਨ ਉਸਦਾ ਮੂੰਹ ਚਿੜਾਏਗਾ

ਸਮਝ ਵਿੱਚ ਆਉਂਦਾ ਹੈ ਕਿ ਇਹ ਅਸ਼ਲੀਲਤਾ ਸਾਡੇ ਦਿਮਾਗਾਂ ,ਸਮੁੱਚੀ ਲੋਕ ਚੇਤਨਾ ਅੰਦਰ ਚਿਰੋਕਣੇ ਹੀ ਆਪਣਾ ਰੂਪ ਅਖਤਿਆਰ ਕਰ ਗਈ| ਬੱਸ ਅਸੀਂ ਇਸ ਦੇ ਮੰਡੀ ਰੂਪ ਨੂੰ ਦੇਖ ਕੇ ਹੀ ਘਬਰਾ ਰਹੇ ਹਾਂ| ਇਹ ਦੁਖਾਂਤ ਹੈ ਸਾਡੇ ਅੱਜ ਦੇ ਸਮਿਆਂ ਦਾ ਕਿ ਕਿਸੇ ਸੱਭਿਆਚਾਰਕ ਇਨਕਲਾਬ ਦੀ ਘਾਟ ਦਾ ਨਤੀਜਾ ਸਾਨੂੰ ਭੁਗਤਣਾ ਪੈ ਰਿਹਾ ਹੈ ਚੰਗੇ ਸਾਹਿਤ ਦੀ ਘਾਟ ,ਸਾਹਿਤ ਪ੍ਰਤੀ ਸਾਡਾ ਅਵੇਸਲਾਪਣ, ਕਿਤਾਬਾਂ ਨਾਲੋਂ ਮੋਹ ਭੰਗ ਕਿਤੇ ਨਾਂ ਕਿਤੇ ਸਮਾਜਿਕ ਚੇਤਨਾ ਦੇ ਨੀਵੇਂ ਮਿਆਰ ਲਈ ਜਿੰਮੇਵਾਰ ਤੱਤ ਹਨ |ਉਸਾਰੂ ਸਾਹਿਤ ਪੜ੍ਹਨ ਦੀ ਲੋੜ ਉੱਪਰ ਜੋਰ ਦਿੱਤਾ ਜਾਣਾ ਚਾਹਿਦਾ ਹੈ| ਉਸਾਰੂ ਬਹਿਸਾਂ ,ਗੋਸ਼ਟੀਆਂ , ਪੁਸਤਕ ਪ੍ਰਦਰਸ਼ਨੀਆਂ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ ਹਨ ਤਾਂਹੀ ਸਮਾਜ ਵਿੱਚ ਚੰਗੇ ਦੀ ਕੋਈ ਆਸ ਰੱਖੀ ਜਾ ਸਕਦੀ ਹੈ|

 (ਇਹ ਲੇਖ ਪਹਿਲਾਂ 6 ਫਰਵਰੀ 2013 ਨੂੰ "ਨਵਾਂ ਜਮਾਨਾ" ਵਿੱਚ ਛਪ ਚੁੱਕਾ ਹੈ )


ਸੰਪਰਕ: 9464510678

No comments:

Post a Comment