ਆਪਣੇ ਹਿੱਸੇ ਦਾ ਪਾਸ਼

 Sukhdev Sidhu    ਸੁਖਦੇਵ ਸਿੱਧੂ 
 
ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ, ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ਼ ਪਾਸ਼ ਹੋਈ ਪਈ ਸੀ।


ਰਤਾ ਕੁ ਪਹਿਲਾਂ ਤੀਕ ਸਾਰੀਆਂ ਖੱਬੀਆਂ ਧਿਰਾਂ ਇਹਦੇ ਲਿਖੇ ਗੀਤ ਵੀ ਸਟੇਜਾਂ ‘ਤੇ ਗਾ ਲਿਆ ਕਰਦੀਆਂ ਸੀ - ਬਿਨਾਂ ਕਿਸੇ ਭੇਦ ਭਾਵ ਦੇ। ਕਾਮਰੇਡਾਂ ਦੀਆਂ ਭਾਂਤਾਂ ਵਿਚ ਆਪਸੀ ਕੌਡ਼ ਬਾਅਦ ਵਿਚ ਵਧਣੀ ਸ਼ੁਰੂ ਹੋਈ ਸੀ। ਮੈਂ ਇਹਦੀ ਮੂਰਤ ਮਨ ਵਿਚ ਕਿਆਸਦਾ। ਮੇਰੇ ਸੰਗੀ ਪਾਡ਼੍ਹੇ ਮੈਨੂੰ ਪੁੱਛਦੇ: ਯਾਰ, ਤੂੰ ਨਹੀਂ ਜਾਣਦਾ ਪਾਸ਼ ਨੂੰ? ਨਾਂਹ ਵਿਚ ਮੇਰਾ ਜੁਆਬ ਸੁਣ ਕੇ ਉਹ ਹੈਰਾਨ ਵੀ ਹੁੰਦੇ। ਉਨ੍ਹਾਂ ਭਾਣੇ ਸਭ ਨੂੰ ਪਾਸ਼ ਬਾਰੇ ਜਾਣਨ ਦੀ ਚਾਹ ਸੀ। ਬਹੁਤ ਸਾਰੇ ਪਾਸ਼ ਨੂੰ ਜਾਣਦੇ ਸੀ, ਮੈਂ ਕਿਉਂ ਨਹੀਂ ਸੀ ਜਾਣਦਾ? ਉਨ੍ਹਾਂ ਨੂੰ ਮੇਰੀ ਇਸ ਲਾਪ੍ਰਵਾਹੀ ’ਤੇ ਖਿਝ ਵੀ ਆਉਂਦੀ ਸੀ। ਅੰਦਰੋਂ-ਅੰਦਰੀਂ ਮੈਨੂੰ ਆਪ ਵੀ ਇਹ ਗੱਲ ਨਮੋਸ਼ੀ ਵਾਲ਼ੀ ਲੱਗਦੀ ਸੀ।

ਇਕ ਵਾਰ ਕਾਮਰੇਡ ਗਗਨ ਦੀ ਕਿਤਾਬਾਂ ਵਾਲ਼ੀ ਦੁਕਾਨ (ਨਕੋਦਰ ਬੱਸ ਅੱਡੇ ਲਾਗੇ ਸੱਭ ਤਰ੍ਹਾਂ ਦੇ ਕਾਮਰੇਡਾਂ ਦੇ ਮਿਲਣ-ਗਿਲਣ ਦੀ ਠਾਹਰ ਸੀ ਇਹ; ਸੀ ਪੀ ਐੱਮ ਦੇ ਏਸ ਕਾਮਰੇਡ -ਵਰਿੰਦਰ ਗਗਨ- ਨੂੰ ਵੀ ਦਹਿਸ਼ਤਗ਼ਰਦਾਂ ਨੇ ਧੋਖੇ ਨਾਲ਼ ਕਤਲ ਕੀਤਾ ਸੀ) ’ਤੇ ਪਾਸ਼ ਤੇ ਮੈਨੂੰ ਇਕ ਦੂਜੇ ਨੂੰ ਸਾਹਬ ਸਲਾਮ ਕਰਦਿਆਂ ਨੂੰ ਦੇਖ ਕੇ ਉਹੀ ਮੁੰਡੇ ਕਹਿੰਦੇ: ਆਹ ਕੌਣ ਸੀ। ਮੈਂ ਕਿਹਾ: ਪਤਾ ਨਹੀਂ। ਅੱਛਾ! ਚਲਾਕੀਆਂ ਕਰਦਾਂ ਤੂੰ ਸਾਡੇ ਨਾਲ਼। ਮੈਨੂੰ ਵਿਚਲੀ ਘੁੰਡੀ ਦਾ ਪਤਾ ਨਾ ਲੱਗੇ। ਰਤਾ ਕੁ ਅਟਕ ਕੇ ਉਹ ਕਹਿੰਦੇ, ‘ਤੂੰ ਤਾਂ ਕਹਿੰਦਾ ਸੀ, ਤੂੰ ਪਾਸ਼ ਨੂੰ ਜਾਣਦਾ ਨਹੀਂ।’ ਮੈਂ ਫਿਰ ਕਿਹਾ, ‘ਮੈਂ ਨਹੀਂ ਜਾਣਦਾ।’ ‘ਅੱਛਾ,’ ਉਨ੍ਹਾਂ ਮੁਡ਼ ਕੇ ਫਿਰ ਪੁੱਛਿਆ;, ‘ਫਿਰ ਆਹ ਕੌਣ ਸੀ?’ ਮੈਨੂੰ ਖੁਡ਼ਕ ਗਈ। ਮੈਂ ਪੁੱਛਿਆ, ‘ਇਹ ਪਾਸ਼ ਆ? ਇਹਨੂੰ ਤਾਂ ਮੈਂ ਬਹੁਤ ਚਿਰ ਦਾ ਜਾਣਦਾਂ।’ ਕਈਆਂ ਨੂੰ ਮੇਰੀ ਇਸ ਅਸਲੋਂ ਸੱਚੀ ਗੱਲ ’ਤੇ ਯਕੀਨ ਨਹੀਂ ਸੀ ਆਇਆ। ਮੈਨੂੰ ਆਪ ਵੀ ਨਾ ਆਇਆ। ਪਾਸ਼ ਨੂੰ ਪਹਿਲੀ ਵਾਰੀ ਮੈਂ ਮੋਗੇ ਐਜੀਟੇਸ਼ਨ ਦੇ ਮੁਜ਼ਾਹਿਰੇ ਵਿਚ ਹੀ ਮਿਲਿਆ ਸੀ। ਪੁਲਸ ਦੀ ਕੁੱਟ ਤੇ ਫਡ਼-ਫਡ਼ਾਈ ਤੋਂ ਡਰਦੇ ਅਸੀਂ ਇਕੱਠੇ ਲੁਕੇ ਸੀ – ਘੱਟੋ ਘੱਟ ਮੈਂ ਤਾਂ ਜਰੂਰ ਡਰਦਾ ਸੀ।

ਜਿਹਡ਼ੀ ਉਮਰ ਚਡ਼੍ਹਦੀ ਜਵਾਨੀ ਦੇ ਖੇਡਣ-ਮੱਲ੍ਹਣ ਦੀ ਹੁੰਦੀ ਹੈ, ਤੇ ਮਨ ਕਈ ਤਰ੍ਹਾਂ ਦੇ ਉਪੱਦਰ ਕਰਨ ਨੂੰ ਉਛਾਲ਼ੇ ਮਾਰਦਾ ਰਹਿੰਦਾ ਹੈ, ਪਾਸ਼ ਨੇ ਉਸ ਉਮਰੇ ਇਨਕਾਲਬ ਦਾ ਔਖਾ ਰਾਹ ਚੁਣ ਲਿਆ ਸੀ। ਪਹਿਲਾਂ ਸੀ ਪੀ ਆਈ ਨਾਲ਼ ਜੁਡ਼ਿਆ ਤੇ ਫਿਰ ਨਕਸਲਬਾਡ਼ੀ ਵਾਲੇ ਰਸਤੇ ਚਡ਼੍ਹ ਗਿਆ। ਉੱਤੋਂ ਕਵਿਤਾ ਦੀ ਬੱਲੇ ਬੱਲੇ ਨੇ ਇਹਦੇ ਪੈਰ ਵੀ ਜ਼ਰੂਰ ਉਖਾਡ਼ੇ ਹੋਣਗੇ। ਜਾਂ ਘੱਟੋ ਘੱਟ ਹੁਲਾਰਾ ਤਾਂ ਜਰੂਰ ਦਿੱਤਾ ਹੋਊ। ਸਾਡੇ ਸਿਆਣੇ ਕਹਿੰਦੇ ਨੇ, ਜੱਟ ਤਾਂ ਸੁਹਾਗੇ ਚਡ਼੍ਹਿਆ ਨਹੀਂ ਮਾਣ! ਪਰ ਏਸੇ ਖ਼ਤਰੇ ਦਾ ਇਹ ਕਈ ਥਾਂ ਫਿਕਰ ਵੀ ਕਰਦਾ ਹੈ, ਚਡ਼੍ਹਦੀ ਉਮਰੇ ਬਹੁਤ ਸਿਆਣੀਆਂ ਗੱਲਾਂ ਵੀ ਕਰਦਾ ਹੈ। ਕਿਤੇ ਕਿਤੇ ਤੱਤ ਭਡ਼ੱਥੀਆਂ ਵੀ ਤੇ ਕਦੇ ਕਦੇ ਹਲਕੀਆਂ ਵੀ ਕਰ ਲੈਂਦਾ ਹੋਊ। ਹੁਣ ਇਹ ਗੱਲ ਸਮਝ ਆਉਂਦੀ ਹੈ ਕਿ ਆਖ਼ਰਕਾਰ ਪਾਸ਼ ਬੰਦਾ ਹੀ ਸੀ - ਅੱਛਾਈਆਂ-ਬੁਰਾਈਆਂ ਸਣੇ। ਚਡ਼੍ਹਦੀ ਉਮਰੇ ਹਰ ਕੋਈ ਏਨਾ ਪਰਪੱਕ ਤਾਂ ਨਹੀਂ ਹੁੰਦਾ ਕਿ ਕੋਈ ਕਿੰਤੂ ਪ੍ਰੰਤੂ ਹੀ ਨਾ ਹੋ ਸਕੇ।


ਪਾਸ਼ ਨੇ ਆਪਣੀ ਪ੍ਰਸਿੱਧੀ ਤੇ ਮਾਣ-ਵਡਿਆਈ ਦੇ ਬਾਵਜੂਦ ਆਪਣੇ ਪੈਰ ਚੱਕ ਕੇ ਅਸਮਾਨ ਵੱਲ ਨਹੀਂ ਸੀ ਕੀਤੇ; ਧਰਤੀ ’ਤੇ ਲਾਈ ਰੱਖਣ ਦੇ ਜਤਨ ਵਿਚ ਨਜ਼ਰ ਆਉਂਦਾ ਹੈ। ਘੱਟੋ ਘੱਟ ਇਸ ਅਲਾਮਤ ਦਾ ਗਿਆਨ ਜਰੂਰ ਸੀ ਇਹਨੂੰ। ਇਸ ਬਾਰੇ ਆਪਣੇ ਪਿਤਾ ਨੂੰ ਲਿਖੀ ਕਿਸੇ ਚਿੱਠੀ ਵਿਚ ਕਹਿੰਦਾ ਹੈ:

“ਨਾ ਮੈਂ ਚੰਗਾ ਹਾਂ ਨਾ ਮਾਡ਼ਾ। ਨਾ ਝੂਠਾ ਹਾਂ ਨਾ ਬਹੁਤਾ ਸੱਚਾ। ਨਾ ਬਹਾਦਰ ਹਾਂ ਨਾ ਡਰਪੋਕ। ਮੈਂ ਉਹੀ ਹਾਂ ਜੋ ਮੇਰੇ ਆਸੇ ਪਾਸੇ ਦੇ ਲੋਕ ਹਨ। ਮੈਂ ਉਹੀ ਹਾਂ ਜੋ ਸਾਨੂੰ ਸਾਰਿਆਂ ਨੂੰ ਇਸ ਨਿਜ਼ਾਮ, ਇਸ ਪ੍ਰਬੰਧ ਨੇ ਬਣਾ ਦਿੱਤਾ ਹੈ। ਫ਼ਰਕ ਸਿਰਫ਼ ਇਹ ਹੈ ਕਿ ਮੈਂ ਇਸ ਸਾਰੇ ਕਾਸੇ ਨੂੰ ਲਿਖ ਸਕਦਾ ਹਾਂ ਤੇ ਲੋਕ ਇਸ ਸਾਰੇ ਕਾਸੇ ਨੂੰ ਸਿਰਫ਼ ਜੀ ਰਹੇ ਹਨ; ਲਿਖਣਾ ਉਨ੍ਹਾਂ ਦਾ ਮਨੋਰਥ ਨਹੀਂ।”

ਉੱਪਰਲੇ ਸਵੈ-ਬਿਆਨ ਨੂੰ ਓਦੂੰ ਵੱਧ ਕੁਝ ਨਹੀਂ ਸਮਝਣਾ ਚਾਹੀਦਾ ਜੋ ਪਾਸ਼ ਨੇ ਦੱਸਿਆ ਹੈ। ਬੰਦਾ ਜਿੰਨਾ ਮਰਜ਼ੀ ਵੱਡਾ-ਛੋਟਾ ਹੋਵੇ, ਪਹਿਲਾਂ ਤਾਂ ਬੰਦਾ ਹੀ ਹੁੰਦਾ ਹੈ। ਸਣੇ ਖ਼ਾਮੀਆਂ ਖ਼ੂਬੀਆਂ ਦੇ।


ਜਿਹਲੋਂ ਬਰੀ ਹੋ ਕੇ ਆਇਆ ਤਾਂ ਮਾਸਿਕ ਰਸਾਲਾ ‘ਸਿਆਡ਼’ ਕੱਢ ਲਿਆ; ਪਰ ਇਹ ਛੇਤੀ ਹੀ ਬੰਦ ਹੋ ਗਿਆ। ਮੁਡ਼ਕੇ ਫਿਰ ਕੱਢਿਆ, ਤਾਂ ਸਿਰਫ ਇਕੋ ਅੰਕ ਨਿੱਕਲ ਸਕਿਆ। ਜਦੋਂ ਇਹਨੇ ਉੱਗੀ ਨੂੰ ਆਪਣਾ ਟਿਕਾਣਾ ਬਣਾਇਆ ਤਾਂ ਢਾਣੀ ਨਾਲ਼ ਰਲ਼ਕੇ ਕੰਧ ਲਿਖਤ ਪਰਚਾ -ਹਾਕ- ਕੱਢ ਲਿਆ। ਇਸ ਵਿਚ ਇਲਾਕੇ ਦੀਆਂ ਖ਼ਬਰਾਂ ਤੇ ਹੋਰ ਕਈ ਤਰ੍ਹਾਂ ਦੇ ਲੇਖ ਤੇ ਮਸਲੇ ਹੁੰਦੇ ਸੀ। ਇਲਾਕੇ ਵਿਚ ਇਹ ਪਰਚਾ ਬਹੁਤ ਪਾਪੂਲਰ ਹੋਇਆ। ਬਾਬੇ ਨਾਨਕ ਦੀ ਕਿਰਤ ਦੀ ਉੱਮਤ ਤੇ ਤਰਕ ਨਾਲ ਗੱਲ ਕਰਨ ਦਾ ਸੰਦੇਸ਼ ਵੀ ਹੁੰਦਾ ਸੀ। ਕਿਸੇ ਅੰਕ ਵਿਚ ਕਿਸੇ ਲੋਕਲ ਬੰਦੇ ਦਾ ਹਵਾਲਾ ਦੇ ਕੇ ਗੱਲ ਕੀਤੀ ਹੋਈ ਸੀ। ਉਹ ਨਿਹੰਗ ਆਪ ਤਾਂ ਅਨਪਡ਼੍ਹ ਹੀ ਸੀ, ਕਿਸੇ ਹੋਰ ਨੇ ਉਹਨੂੰ ਉਂਗਲੀ ਲਾ ਦਿੱਤੀ ਸੀ; ਅਖੇ ਇਨ੍ਹਾਂ ਨੇ ਤੇਰੇ ਖਿਲਾਫ਼ ਲਿਖਿਆ ਹੈ। ਉਹ ਧਰਮਪਾਲ ਦੇ ਘਰਦਿਆਂ ਨੂੰ ਗੱਲੀਂ ਗੱਲੀਂ ਡਰਾਵੇ ਦੇਣ ਲੱਗ ਪਿਆ ਸੀ ਕਿ ਉੱਪਰੋਂ ਧਰਮਪਾਲ ਵੀ ਆ ਗਿਆ। ਇਹਨੇ ਅੱਖਾਂ ਵਿਚ ਅੱਖਾਂ ਪਾ ਕੇ ਨਿਹੰਗ ਨੂੰ ਕਹਿ ਦਿੱਤਾ: ਜਾਹ, ਜੋ ਤੈਥੋਂ ਹੁੰਦਾ, ਤੂੰ ਕਰਲੈ। ਅਸੀਂ ਜੋ ਸਹੀ ਜਾਣਿਆ, ਲਿਖ ਦਿੱਤਾ। ਉਹ ਨੱਕ ਵਿੱਚੋਂ ਠੂੰਹੇ ਸੁੱਟਦਾ ਉਦੋਂ ਤਾਂ ਚਲੇ ਗਿਆ ਫਿਰ ਸ਼ਾਮ ਨੂੰ ਹੋਰ ਬੰਦੇ ਲੈ ਕੇ ਆ ਗਿਆ। ਧਰਮਪਾਲ ਨੇ ਜਦੋਂ ਇਹ ਗੱਲ ਪਾਸ਼ ਤੇ ਢਾਣੀ ਨੂੰ ਦੱਸੀ ਤਾਂ ਇਹਨਾਂ ਨੇ ਫੁਰਤੀ ਨਾਲ ਇਕ-ਵਰਕੀ ਦੀਆਂ ਤੀਹ-ਪੈਂਤੀ ਕਾਪੀਆਂ ਕੱਢ ਕੇ ਵੰਡ ਦਿੱਤੀਆਂ ਕਿ ਕਿਵੇਂ ਬਾਬੇ ਨਾਨਕ ਦੇ ‘ਕਿਛੁ ਸੁਣੀਏ ਕਿਛ ਕਹੀਏ’ ਦੇ ਪ੍ਰਵਚਨ ਦੇ ਉਲਟ ਅਜੋਕੇ ਅਖੌਤੀ ਸਿੱਖ ਔਰੰਗਜ਼ੇਬੀ ਧੌਂਸ ਵਿਖਾਉਂਦੇ ਹਨ; ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਨੇ। ਕੋਈ ਲਾਗਤਬਾਜ਼ ਭਾਈ ਵੀ ਤਾਕ ਵਿਚ ਹੀ ਬੈਠਾ ਰਹਿੰਦਾ ਸੀ; ਉਹਨੇ ਫਿਰ ਉਸੇ ਬੰਦੇ ਨੂੰ ਜਾ ਕੇ ਉਂਗਲ ਲਾਈ: ਲੈ ਲਾਅ ... ਸਿੰਘਾ, ਹੁਣ ਤਾਂ ਤੈਨੂੰ ਉਨ੍ਹਾਂ ਨੇ ਔਰੰਗਜ਼ੇਬ ਵੀ ਲਿਖ ਦਿੱਤਾ। ਗੱਲ ਵਧਦੀ ਵਧਦੀ ਧਮਕੀਆਂ ’ਤੇ ਚਲੇ ਗਈ। ਬੱਬਰਾਂ ਦੇ ਵਧਾਵੇ ਸਿੰਘ ਨੂੰ ਸੁੰਧਕ ਲੱਗੀ ਤਾਂ ਇਹ ਉਸ ਬੰਦੇ ਨੂੰ ਕਹਿ ਆਇਆ ਕਿ ਇਨ੍ਹਾਂ ਵੱਲ ਨੂੰ ਮੂੰਹ ਨਾ ਕਰੀਂ। ਫਿਰ ਪਾਸ਼ ਦੀ ਢਾਣੀ ਨੂੰ ਆ ਕੇ ਦੱਸ ਗਿਆ ਕਿ ਉਹ ਦੂਸਰੇ ਬੰਦੇ ਨੂੰ ਦਬਕ ਆਇਆ ਹੈ। ਇਹ ਪਾਸ਼ ਦਾ ਮਾਣ ਸਤਿਕਾਰ ਜਾਣਦਾ ਸੀ। ਗੱਲ ਆਈ ਗਈ ਹੋ ਗਈ। ਵਧ ਵੀ ਸਕਦੀ ਸੀ। ਮਾਡ਼ੇ ਦਿਨਾਂ ਦੀਆਂ ਗੱਲਾਂ ਨੇ ਇਹ। ਜੰਗਲ ਰਾਜ ਦੀਆਂ।

Paash in custody during Moga agitation 1971
ਪਾਸ਼ ਜੇਲ ਵਿੱਚ 
 ਪਾਸ਼ ਦੀ ਕਵਿਤਾ ਪੁੰਗਰਦੇ ਲੌਅ ਦੇ ਦਿਲ ਨੂੰ ਸਿੱਧੀ ਜਾ ਲਗਦੀ ਸੀ – ਠਾਹ ਕਰਕੇ। ਐਸੀ ਕਵਿਤਾ ਦੇ ਡੰਗੇ ਮੁਡ਼ ਕਿੱਥੇ ਜਾ ਸਕਣੇ ਸੀ। ਇਹਦੀ ਡੱਬ ਵਿਚ ਸੁਪਨੇ ਸੀ। ਕਵਿਤਾਵਾਂ ਨਾਲ਼ ਇਹ ਸੁਪਨੇ ਬੁਣਦਾ ਸੀ ਤੇ ਚਡ਼੍ਹਦੀ ਜੁਆਨੀ ਦੇ ਡੱਬਾਂ ਵਿਚ ਇਸ ਤਰ੍ਹਾਂ ਦੀਆਂ ਸੁਪਨੀਲੀਆਂ ਲਿਖਤਾਂ ਵਾਲ਼ੀਆਂ ਕਿਤਾਬਾਂ ਹੁੰਦੀਆਂ। ਇਨਕਲਾਬੀ ਤਾਅ ਵਿਚ ਤਰ - ਗਰਮੋ ਗਰਮ ਕਵਿਤਾਵਾਂ। ਅੱਲਡ਼੍ਹ ਉਮਰ ਵਿਚ ਇਨ੍ਹਾਂ ਦਾ ਅਸਰ ਜਵਾਨੀ ਦੇ ਗਰਮ ਲੋਹੇ ’ਤੇ ਪੈਂਦੇ ਘਣ ਵਰਗਾ ਹੋਈ ਜਾਂਦਾ ਸੀ। ਬਹੁਤੀ ਵਾਰ ਲੋਡ਼ੋਂ ਵੱਧ। ਜੋਸ਼ ਹੀ ਜੋਸ਼ ਸੀ, ਉਸ ਵੇਲੇ ਦੀ ਨਵੀਂ ਕਵਿਤਾ ਵਿਚ। ਸਮੇਂ ਸਮੇਂ ਦੀ ਗੱਲ ਹੁੰਦੀ ਹੈ, ਇਹ ਵੇਲੇ ਫਟਾਫਟ ਕੁਝ ਕਰਨ ਮਰਨ ਦੇ ਸੀ। ਅੰਬੀ ਹੋਈ ਜੁਆਨੀ ਨੂੰ ਹੋਰ ਕੁਝ ਚੰਗਾ ਹੀ ਨਹੀਂ ਸੀ ਲੱਗਦਾ। ਬੱਸ ਇਨਕਲਾਬ ਦੀ ਉਡੀਕ ਸੀ। ਏਦੂੰ ਘੱਟ ਕੁਝ ਵੀ ਮਨਜ਼ੂਰ ਨਹੀਂ ਸੀ। ਉਹ ਵੀ, ਹੱਥ ’ਤੇ ਸਰ੍ਹੋਂ ਜੰਮੀ ਦੇਖਣ ਦੇ ਚਾਹਵਾਨ ਸੀ। ਪਹਿਲੇ ਲਾਰੇ ਲੱਪੇ ਬਥੇਰੇ ਦੇਖ ਪਰਖ ਚੁੱਕੇ ਸੀ।

ਕੋਰਸੀਂ ਲੱਗੀਆਂ ਕਿਤਾਬਾਂ ਅਸੀਂ ਹੱਥ ਵਿਚ ਫਡ਼ੀਆਂ ਹੁੰਦੀਆਂ ਜਾਂ ਗੋਡਿਆਂ-ਪਿੰਜਣੀਆਂ ਨਾਲ਼ ਖਹਿੰਦੇ, ਲੰਮੇ-ਲੰਮੇ ਝੋਲ਼ਿਆਂ ਵਿਚ ਪਾਈਆਂ ਹੁੰਦੀਆਂ। ਸਰਕਾਰੀ ਅਮਲੇ ਫੈਲੇ ਵਲੋਂ ‘ਖ਼ਤਰਨਾਕ’ ਗਰਦਾਨੀਆਂ ਕਿਤਾਬਾਂ ਅਸੀਂ ਨੇਫ਼ਿਆਂ ਵਿਚ ਸਾਂਭ ਕੇ ਲੁਕੋਈਆਂ ਹੁੰਦੀਆਂ। ਸਮੇਂ ਸਮੇਂ ਇਨ੍ਹਾਂ ਨੂੰ ਅਸੀਂ ਬੋਟਾਂ ਵਾਂਗੂੰ ਪਲ਼ੋਸਦੇ, ਨਿਹਾਰਦੇ; ਇਨ੍ਹਾਂ ਨਾਲ ਮਨੋ ਮਨੀਂ ਗੱਲਾਂ ਕਰ ਲੈਂਦੇ। ਜਾਂ ਕੋਰਸਾਂ ਵਾਲੀਆਂ ਕਿਤਾਬਾਂ ਦੇ ਵਿਚਾਲ਼ੇ ਕਰਕੇ ਲੁਕੋ ਲੈਂਦੇ। ਮੈਂ ਇਹਨਾਂ ਕਿਤਾਬਾਂ ਦੇ ਜਾਂ ਤਾਂ ਕਵਰ ਲਾਹ ਦਿੰਦਾ ਸੀ ਜਾਂ ਉੱਪਰ ਕਿਸੇ ਫਿਲਮੀ ਰਸਾਲੇ ਦਾ ਕਵਰ ਚਡ਼੍ਹਾ ਲੈਂਦਾ। ਲੱਗਦੀ ਵਾਹ ਆਪਣੀ ਵੱਲੋਂ ਤਾਂ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗਣ ਦੇਈਦਾ। ਸਿਆਣੇ ਆਖਦੇ ਨੇ: ਦੂਸਰੇ ਦੀ ਦੌਲਤ ਤੇ ਆਪਣੀ ਅਕਲ ਹਮੇਸ਼ਾ ਵੱਡੀ ਲਗਦੀ ਹੈ। ਦੇਰ ਬਾਅਦ ਸਮਝ ਆਈ ਕਿ ‘ਦੇਖਨੇ ਵਾਲੇ ਵੀ ਕਿਆਮਤ ਕੀ ਨਜ਼ਰ ਰੱਖਤੇ ਹੈਂ।’ ਅਗਲਿਆਂ ਕੱਚੀਆਂ ਗੋਲ਼ੀਆਂ ਨਹੀਂ ਖੇਡੀਆਂ ਹੁੰਦੀਆਂ।
  ਉਦੋਂ ਕਾਲਜਾਂ ਵਿਚ ਪਡ਼੍ਹੀਆਂ ਜਾਣ ਵਾਲ਼ੀਆਂ ਦੋ ਨਜ਼ਮਾਂ ਬਹੁਤੀਆਂ ਪਾਪੂਲਰ ਹੋਈਆਂ ਸੀ। ਪਾਸ਼ ਦੀ ‘ਉੱਡਦਿਆਂ ਬਾਜ਼ਾਂ ਮਗਰ’ ਤੇ ਅਮਿਤੋਜ ਦੀ ‘ਬੁੱਢਾ ਬੌਲਦ’। ਇੱਕ ਤਿੱਖੀ ਇਨਕਲਾਬੀ ਸੁਰ ਵਾਲੀ ਤੇ ਦੂਜੀ, ਪਿੰਡੋਂ ਸ਼ਹਿਰ ਪਡ਼੍ਹਨ ਗਏ ਮੁੰਡੇ ਦਾ ਮਾਂ ਨਾਲ਼ ਯੂਨੀਵਰਸਿਟੀ ਦੇ ਮਹੌਲ ਬਾਰੇ ਵਾਰਤਾਲਾਪ। ਠੇਠ ਬੋਲੀ, ਅੱਡਰੇ ਇਸ਼ਤਿਆਰੇ, ਅੰਤਾਂ ਦਾ ਵਹਾਅ, ਕੀਲ ਲੈਣ ਵਾਲ਼ੀ ਸ਼ਕਤੀ ਨਾਲ਼ ਪਰੁੰਨ੍ਹੀਆਂ ਕਵਿਤਾਵਾਂ। ਕਾਲਜਾਂ ਦੇ ਵਾਹਵਾ ਕਵਿਤਾ ਮੁਕਾਬਲੇ ਇਹ ਦੋ ਕਵਿਤਾਵਾਂ ਪਡ਼੍ਹ ਪਡ਼੍ਹ ਕੇ ਜਿੱਤੇ ਗਏ। ਦੋਹਾਂ ਕਵਿਤਾਵਾਂ ਵਿਚ ਫ਼ਰਕ ਬਡ਼ਾ ਸੀ। ਪਹਿਲਾਂ ਪਹਿਲਾਂ ਜਿੰਨਾ ਚਿਰ ਇਹ ਜ਼ਿਆਦਾ ਮਸ਼ਹੂਰ ਨਾ ਹੋਈਆਂ, ਕਈ ਤਾਂ ਆਪਣੇ ਨਾਂ ਹੇਠ ਹੀ ਪਡ਼੍ਹ ਲੈਂਦੇ ਰਹੇ। ਪਾਸ਼ ਤੇ ਅਮਿਤੋਜ਼ ਦਾ ਆਪਣਾ ਨੇਡ਼ ਵੀ ਬਡ਼ਾ ਸੀ। ਸਗੋਂ ਪਾਸ਼ ਇਹਦੀ ਬਹੁਤ ਸਿਫ਼ਤ ਕਰਿਆ ਕਰਦਾ ਸੀ। ਉਹਦੇ ਬਲਿਹਾਰੇ ਜਾਂਦਾ ਸੀ। ਦੋਵੇਂ ਇਕ ਦੂਜੇ ਦੀਆਂ ਰਗਾਂ ਤੋਂ ਜਾਣੂੰ ਸੀ। ਭੇਤਾਂ ਦੇ ਸਾਂਝੀ। ਪਾਸ਼ ਜਿੰਨਾ ਅਮਿਤੋਜ ਤੋਂ ਪ੍ਰਭਾਵਿਤ ਸੀ, ਓਨਾ ਹੀ ਸ਼ਿਵ ਕੁਮਾਰ ਦੇ ਪਖੰਡਾਂ ਦਾ ਭਾਂਡਾ ਭੰਨਦਾ ਸੀ। ਡਰਾਮੇਬਾਜ਼ੀ ਦਾ ਜ਼ਿਕਰ ਸੀ। ‘ਉੱਡਦਿਆਂ ਬਾਜ਼ਾਂ ਮਗਰ’ ਨੇ ਕਾਲਜਾਂ-ਯੂਨੀਵਰਸਿਟੀਆਂ ਵਿਚ ਆਪਣੀ ਸ਼ਾਨ ਬਰਕਰਾਰ ਰੱਖੀ:

ਉੱਡ ਗਏ ਨੇ ਬਾਜ਼ ਚੁੰਝਾਂ ’ਚ ਲੈ ਕੇ
ਸਾਡੀ ਚੈਨ ਦਾ ਇਕ ਪਲ ਬਿਤਾ ਸਕਣ ਦੀ ਖ਼ਾਹਸ਼
ਦੋਸਤੋ ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ w

ਏਥੇ ਤਾਂ ਪਤਾ ਨਹੀਂ ਕਦੋਂ ਆ ਧਮਕਣ
ਲਾਲ-ਪਗਡ਼ੀਆਂ ਵਾਲੇ ਆਲੋਚਕ
ਤੇ ਸ਼ੁਰੂ ਕਰ ਦੇਣ
ਕਵਿਤਾ ਦੀ ਦਾਦ ਦੇਣੀ

ਏਸ ਤੋਂ ਪਹਿਲਾਂ
ਕਿ ਪਸਰ ਜਾਏ ਥਾਣੇ ਦੀ ਨਿੱਤ ਫੈਲਦੀ ਇਮਾਰਤ
ਤੁਹਾਡੇ ਪਿੰਡ, ਤੁਹਾਡੇ ਟੱਬਰ ਤੀਕ

ਤੇ ਨੱਥੀ ਹੋ ਜਾਏ
ਸਵੈਮਾਨ ਦਾ ਕੰਬਦਾ ਹੋਇਆ ਵਰਕਾ
ਉਸ ਕਿਰਚ-ਮੂੰਹੇਂ ਮੁਨਸ਼ੀ ਦੇ ਰੋਜ਼ਨਾਮਚੇ ਵਿਚ-
ਦੋਸਤੋ ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ w

ਇਹ ਤਾਂ ਸਾਰੀ ਉਮਰ ਨਹੀਂ ਲੱਥਣਾ
ਭੈਣਾਂ ਦੇ ਵਿਆਹਾਂ ’ਤੇ ਚੁੱਕਿਆ ਕਰਜ਼ਾ,
ਪੈਲੀਆਂ ਵਿਚ ਛਿਡ਼ਕੇ ਲਹੂ ਦਾ
ਹਰ ਕਤਰਾ ਵੀ ਇਕੱਠਾ ਕਰਕੇ
ਏਨਾ ਰੰਗ ਨਹੀਂ ਬਣਨਾ,
ਕਿ ਚਿਤਰ ਲਵਾਂਗੇ , ਇਕ ਸ਼ਾਂਤ
ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ

ਅਤੇ ਹੋਰ
ਕਿ ਜ਼ਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀ ਚੱਲੀਏ
ਤਾਰਿਆਂ ਦੀ ਗਿਣਤੀ ਨਹੀਂ ਹੋਣੀ
ਕਿਉਂਕਿ ਹੋ ਨਹੀਂ ਸਕਣਾ ਇਹ ਸਭ
ਫਿਰ ਦੋਸਤੋ, ਹੁਣ ਚਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ w

ਜੇ ਤੁਸੀਂ ਮਾਣੀ ਹੋਵੇ
ਗੰਡ ‘ਚ ਜਮਦੇ ਤੱਤੇ ਗੁਡ਼ ਦੀ ਮਹਿਕ
ਅਤੇ ਤੱਕਿਆ ਹੋਵੇ
ਸੁਹਾਗੀ ਹੋਈ ਵੱਤਰ ਭੋਂ ਦਾ
ਚੰਨ ਦੀ ਚਾਨਣੀ ਵਿਚ ਚਮਕਣਾ
ਤਾਂ ਤੁਸੀਂ ਸਭ ਜ਼ਰੂਰ ਕੋਈ ਚਾਰਾ ਕਰੋ
ਹਾਬਡ਼ੀ ਹੋਈ ਵੋਟ ਦੀ ਉਸ ਪਰਚੀ ਦਾ
ਜੋ ਲਾਲ੍ਹਾਂ ਸੱਟ ਰਹੀ ਹੈ
ਸਾਡਿਆਂ ਖੂਹਾਂ ਦੀ ਹਰਿਆਵਲ ‘ਤੇ।

ਜਿਨ੍ਹਾਂ ਨੇ ਤੱਕੀਆਂ ਹਨ
ਕੋਠਿਆਂ ‘ਤੇ ਸੁੱਕਦੀਆਂ ਸੁਨਹਿਰੀ ਛੱਲੀਆਂ
ਤੇ ਨਹੀਂ ਤੱਕੇ
ਮੰਡੀ ‘ਚ ਸੁਕਦੇ ਭਾਅ
ਉਹ ਕਦੇ ਨਹੀਂ ਸਮਝ ਸਕਣ ਲੱਗੇ
ਕਿ ਕਿਵੇਂ ਦੁਸ਼ਮਣੀ ਹੈ -
ਦਿੱਲੀ ਦੀ ਉਸ ਹੁਕਮਰਾਨ ਔਰਤ ਦੀ
ਉਸ ਪੈਰੋਂ ਨੰਗੀ ਪਿੰਡ ਦੀ ਸੋਹਣੀ ਕੁਡ਼ੀ ਨਾਲ।

ਸੁਰੰਗ ਵਰਗੀ ਜ਼ਿੰਦਗੀ ‘ਚ ਤੁਰਦੇ ਹੋਏ
ਜਦ ਪਰਤ ਆਉਂਦੀ ਹੈ
ਆਪਣੀ ਆਵਾਜ਼ ਮੁਡ਼ ਆਪਣੇ ਹੀ ਪਾਸ
ਤੇ ਅੱਖਾਂ ‘ਚ ਰਡ਼ਕਦੇ ਰਹਿੰਦੇ
ਬੁੱਢੇ ਬਲਦ ਦੇ ਉੱਚਡ਼ੇ ਹੋਏ ਕੰਨ੍ਹ ਵਰਗੇ ਸੁਫ਼ਨੇ
ਜਦ ਚਿਮਟ ਜਾਵੇ ਗਲੀਆਂ ਦਾ ਚਿੱਕਡ਼
ਉਮਰ ਦੇ ਸਭ ਤੋਂ ਹੁਸੀਨ ਵਰ੍ਹਿਆਂ ‘ਤੇ
ਤਾਂ ਕਰਨ ਨੂੰ ਬਸ ਏਹੋ ਬਚਦਾ ਹੈ
ਕਿ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ w

ਡਾ. ਰਣਧੀਰ ਸਿੰਘ ਚੰਦ ਦੇ ਪ੍ਰਿੰਸੀਪਲ ਬਣ ਕੇ ਆਉਣ ਨਾਲ ਸਾਡੇ ਨਕੋਦਰ ਕਾਲਜ ਵਿਚ ਸਾਹਿਤਕ ਮੱਸ ਹੋਰ ਤਿੱਖੀ ਹੋ ਗਈ ਸੀ। ਵੱਡੇ ਵੱਡੇ ਗ਼ਜ਼ਲ ਦਰਬਾਰ, ਕਹਾਣੀ ਦਰਬਾਰ ਤੇ ਕਵੀ ਦਰਬਾਰ ਹੋਏ। ਨਾਮਤਰੀਨ ਵਿਦਵਾਨਾਂ ਦੇ ਭਾਸ਼ਨ ਹੋਏ। ਏਸੇ ਵੇਲੇ ਪਾਸ਼ ਵੀ ਇਕ ਵਾਰੀ ਨੈਸ਼ਨਲ ਕਾਲਜ ਨਕੋਦਰ ਕਵੀ ਦਰਬਾਰ ’ਤੇ ਆਇਆ। ਪੂਰੇ ਲਾਮ ਲਸ਼ਕਰ ਸੰਗ; ਹੰਸਾ, ਓਮਾ ਤੇ ਲਖਵਿੰਦਰ ਵੀ ਨਾਲ਼ ਸੀ। ਹੋਰ ਵੀ ਇਕ ਦੋ ਜਣੇ। ਪਿੱਛਿਓਂ ਕੁਡ਼ਤੇ ਪਜਾਮੇ ਨਾਲ ਆਇਆ ਸੀ। ਕਾਲਜ ਦੇ ਲਾਗੇ ਆ ਕੇ ਨਹਿਰ ’ਤੇ ਆ ਕੇ ਮੂੰਹ ਹੱਥ ਧੋ ਕੇ ਪੈਂਟ ਕਮੀਜ਼ ਪਾ ਲਈ ਸੀ। ਉਦੋਂ ਨਹਿਰ ਦਾ ਪਾਣੀ ਵਾਹਵਾ ਸਾਫ਼ ਹੁੰਦਾ ਸੀ। ਕੈਂਚੀ ਚਪਲਾਂ ਲਾਹ ਕੇ ਜੁੱਤੀ ਪਾ ਲਈ ਸੀ। ਕਿਸੇ ਪੇਂਡੂ ਜਟਕੇ ਮੁੰਡੇ ਤੋਂ ਇਕਦਮ ਬਣਦਾ ਫਬਦਾ ਪਾਡ਼੍ਹਾ ਬਣ ਗਿਆ ਸੀ – ਸ਼ੌਕੀਨ ਜੈਂਟਲਮੈਨ। ਇਹਦੀ ਵਾਰੀ ਆਈ ਤਾਂ ਇਹਨੇ ਨਜ਼ਮ ‘ਕਲਾਮ ਮਿਰਜ਼ਾ’ ਸੁਣਾਈ। ਕਵਿਤਾ ਪਡ਼੍ਹਦਾ ਪਡ਼੍ਹਦਾ ਜਦੋਂ ਏਥੇ ਪੁੱਜਾ:

ਮੈਂ ਸੁਣਿਆ ਹੈ ਕਿ ਮੇਰੇ ਕਤਲ ਦਾ ਮਨਸੂਬਾ
ਰਾਜਧਾਨੀ ਵਿਚ
ਮੇਰੇ ਜੰਮਣ ਤੋਂ ਪਹਿਲਾਂ ਹੀ ਬਣ ਚੁੱਕਿਆ ਸੀ

ਤੇ ਪੀਲੂ ਸ਼ਾਇਰ
ਅੱਜਕਲ ਵਿਸ਼ਵ ਵਿਦਿਆਲੇ ਨੌਕਰੀ ’ਤੇ ਲੱਗ ਗਿਆ ਹੈ

ਤਾਂ ਮਗਰਲੀ ਸਤਰ ਨੂੰ ਬਦਲ ਕੇ, ‘ਤੇ ਪੀਲੂ ਸ਼ਾਇਰ ਅੱਜਕਲ ਰੇਡੀਓ ‘ਤੇ ਪ੍ਰੋਡਿਊਸਰ ਲੱਗ ਗਿਆ ਹੈ’ ਕਹਿ ਕੇ ਮੀਸ਼ੇ ਨੂੰ ਆਰ ਲਾਈ। ਮੀਸ਼ਾ ਵੀ ਕਵੀ ਦਰਬਾਰ ਵਿਚ ਹਾਜ਼ਰ ਸੀ। ਮੋਹਰਲੀ ਕਤਾਰ ਵਿਚ ਬੈਠਾ ਸੀ। ਇਕ ਨੇ ਕਹੀ, ਦੂਏ ਨੇ ਜਾਨੀ – ਦੋਵੇਂ ਵੱਡੇ ਕਵੀ, ਦੋਵੇਂ ਕਵਿਤਾ ਦੇ ਬ੍ਰਹਮ ਗਿਆਨੀ। ਮੀਸ਼ੇ ਨੂੰ ਟਕੋਰ ਪਹੁੰਚ ਗਈ ਸੀ। ਉਹ ਆਦਤਨ ਮੁਸਕਰਾਇਆ। ਮੀਸ਼ੇ ਦਾ ਮੁਸਕਡ਼ੀ ਹਾਸਾ ਮਸਤ ਹੁੰਦਾ ਸੀ। ਰੋਬ੍ਹ ਦਾਬੇ ਵਾਲ਼ਾ ਵੀ। ਇਹਦੀ ਕਵਿਤਾ ਜੰਮ ਗਈ। ਪਾਸ਼ ਛਾਅ ਗਿਆ। ਕਵਿਤਾ ਵੱਸ ਗਈ ਸੀ ਤੇ ਅਸੀਂ ਮਾਣ ਮੱਤੇ ਹੋ ਗਏ। ਸਲਾਮ ਦੁਆ ਹੋਈ। ਵੱਡੇ ਕਵੀਆਂ ਦੀ ਹਾਜ਼ਰੀ ਵਿਚ ਇਹਦੀ ਜੈ ਜੈ ਕਾਰ ਹੋਈ। ਜੋ ਉਦੋਂ ਅਕਸਰ ਹੁੰਦੀ ਰਹਿੰਦੀ ਸੀ। ਇਹਦੇ ਆਲ਼ੇ ਦੁਆਲ਼ੇ ਭੀਡ਼ ਜੰਮ ਗਈ। ਉਨ੍ਹੀਂ ਦਿਨੀਂ ਪ੍ਰੋਗਰਾਮਾਂ ਦੇ ਵਿੱਚੇ ਹੀ ਸਰਕਾਰੀ ਸੂਹੀਏ ਵੀ ਬੈਠੇ ਹੁੰਦੇ ਸੀ। ਦੂਏ ਦਿਨ ਤਡ਼ਕੇ ਹੀ ਪੁਲਸ ਇਹਨੂੰ ਘਰੋਂ ਚੱਕਣ ਆ ਗਈ ਸੀ। ਇਹ ਪੁੱਛੇ, ਹੁਣ ਕੀ ਗੱਲ ਹੋ ਗਈ? ਆਏ ਪੁਲਸੀਏ ਕਹਿੰਦੇ: ਸਾਨੂੰ ਬਹੁਤਾ ਤਾਂ ਪਤਾ ਨਹੀਂ ਕੀ ਗੱਲ ਆ, ਬੱਸ ਉੱਪਰਲਿਆਂ ਦਾ ਈ ਹੁਕਮ ਆ। ਸ਼ਾਇਦ ਕੱਲ੍ਹ ਨੈਸ਼ਨਲ ਕਾਲਜ ਵਿਚ ਕੋਈ ਕਵਿਤਾ ਕੁਵਤਾ ਪਡ਼੍ਹੀ ਸੀ, ਉਹਦਾ ਈ ਚੱਕਰ ਆ ਕੋਈ। ਇਹ ਉਨ੍ਹਾਂ ਨਾਲ ਤੁਰ ਪਿਆ। ਪਿਛਲੇ ਸਾਲਾਂ ਤੋਂ ਇਹਦਾ ਪੁਲਸ ਨਾਲ ਆਢਾ ਤੇ ਨਕੋਦਰ ਠਾਣੇ ਆਉਣਾ ਜਾਣਾ ਬਣਿਆ ਹੀ ਰਹਿੰਦਾ ਸੀ।


ਪਾਸ਼ ਤੇ ਮੈਂ ਉਨ੍ਹੀਂ ਦਿਨੀਂ ਕਪੂਰਥਲੇ ਕਵੀ ਦਰਬਾਰ ਤੇ ਇਕੱਠੇ ਹੋਏ। ਇਹ ਜਲੰਧਰ ਈਵਨਿੰਗ ਕਾਲਜ ਵੱਲੋਂ ਕਵਿਤਾ ਪਡ਼੍ਹਨ ਆਇਆ ਸੀ ਤੇ ਮੈਂ ਨੈਸ਼ਨਲ ਕਾਲਜ ਨਕੋਦਰੋਂ। ਹੋਰ ਵੱਡੇ ਥੰਮ੍ਹ ਵੀ ਓਥੇ ਹਾਜ਼ਰ ਸੀ। ਕਪੂਰਥਲੇ ਕਾਲਜ ਦੇ ਆਪਣੇ ਤਿੰਨ ਚਾਰ ਮਹਾਂਰਥੀ ਵੀ ਵਿਚੇ ਹੀ ਸੀ। ਅਸੀਂ ਕਵਿਤਾਵਾਂ ਪਡ਼੍ਹੀਆਂ। ਪਾਸ਼ ਨੇ ਆਪਣਾ ਮਨ ਬਦਲ ਲਿਆ। ਬਾਅਦ ਵਿਚ ਕਹਿੰਦਾ ਜੇ ਮੈਂ ਕਵਿਤਾ ਪਡ਼੍ਹਦਾ ਤਾਂ ਜੱਜ ਸ਼ਰਮੋ-ਸ਼ਰਮੀ ਕੋਈ ਇਨਾਮ ਤਾਂ ਦਿੰਦੇ ਹੀ। ਏਸ ਬਹਾਨੇ ਕਿਸੇ ਹੋਰ ਦਾ ਹੱਕ ਮਾਰਿਆ ਜਾਣਾ ਸੀ। ਨਵਿਆਂ ਨੂੰ ਹੌਸਲੇ ਦੀ ਲੋਡ਼ ਹੁੰਦੀ ਹੈ। ਏਥੇ ਪ੍ਰਧਾਨਗੀ ਕਰਨ ਲਈ ਡਾ. ਸਾਧੂ ਸਿੰਘ ਹਮਦਰਦ ਨੂੰ ਸੱਦਿਆ ਹੋਇਆ ਸੀ। ਅਖ਼ੀਰ ਵਿਚ ਜਦੋਂ ਹਮਦਰਦ ਪ੍ਰਧਾਨਗੀ ਭਾਸ਼ਣ ਦੇਣ ਲੱਗਾ ਤਾਂ ਹਾਲ ਦੇ ਐਨ ਪਿੱਛੇ ਕਰਕੇ ਬੈਠੇ ਮੁੰਡਿਆਂ ਨੇ ਉੱਚੀ ਉੱਚੀ - ਫਾ ਇਲਾ ਤੁਨ, ਫੇਲਨ, ਫਾ ਇਲਾ ਤੁਨ, ਫੇਲਨ- ਗਾਉਣਾ ਸ਼ੁਰੂ ਕਰ ਦਿੱਤਾ। ਪਾਸ਼ ਵੀ ਇਨ੍ਹਾਂ ਵਿੱਚੇ ਹੀ ਬੈਠਾ ਸੀ।

ਮੈਂ ਯੂਨੀਵਰਸਿਟੀ ਮੁਕਾਬਲੇ ਲਈ ਕਵਿਤਾ ਪਡ਼੍ਹਨ ਜਾਣਾ ਸੀਪ੍ਰੋ. ਦਿਲਬਾਗ ਸਿੰਘ ਗਿੱਲ ਹੋਰੀਂ ਪੁੱਛਿਆ, ਕਿਹਡ਼ੀ ਕਵਿਤਾ ਪਡ਼੍ਹੇਂਗਾ। ਮੇਰੀ ਨਜ਼ਮ ਬਹੁਤੀ ਪੁਰਾਣੀ ਨਹੀਂ ਸੀ, ਮੈਂ ਦਿਖਾਈ ਤਾਂ ਉਹ ਕਹਿੰਦੇ: ਏਦਾਂ ਕਰ, ਤੂੰ ਪਾਸ਼ ਕੋਲੋਂ ਕੋਈ ਨਜ਼ਮ ਲੈ ਆ। ਪ੍ਰੋ. ਸਾਹਿਬ ਮੁੰਡਿਆਂ ਦੇ ਚਹੇਤੇ ਸੀ। ਠਰ੍ਹੰਮੇ ਵਾਲੇ। ਹਸਮੁਖ ਵੀ। ਪਿੱਛਿਓਂ ਨਕੋਦਰ ਦੇ ਹੀ ਸੀ, ਪਰ ਬਾਅਦ ਵਿਚ ਜਲੰਧਰ ਜਾ ਵਸੇ ਸੀ। ਇਨ੍ਹਾਂ ਮੈਨੂੰ ਆਵਦੇ ਘਰ ਜਲੰਧਰ ਸੱਦ ਲਿਆ। ਦੂਸਰੇ ਦਿਨ ਮੈਂ ਤਡ਼ਕੇ ਹੀ ਪ੍ਰੋ. ਗਿੱਲ ਹੋਰਾਂ ਦੇ ਘਰ ਸੈਂਟਰਲ ਟਾਊਨ ਚਲੇ ਗਿਆ। ਇਨ੍ਹਾਂ ਨੇ ਮੈਨੂੰ ਗਰਮਾ ਗਰਮ ਚਾਹ ਪਿਲਾ ਕੇ ਅੱਗੋਂ ਸਾਈਕਲ ਦੇ ਕੇ ਰੇਲਵੇ ਰੋਡ ’ਤੇ ਪੈਂਦੇ ਵਿਜੇ ਹੋਸਟਲ ਤੋਰ ਦਿੱਤਾ। ਮੈਨੂੰ ਇਹ ਤਾਂ ਪਤਾ ਸੀ ਕਿ ਪਾਸ਼ ਜਲੰਧਰ ਰਹਿੰਦਾ ਸੀ ਪਰ ਟਿਕਾਣੇ ਦਾ ਪੱਕਾ ਪਤਾ ਨਹੀਂ ਸੀ। ਅਜੇ ਸਵੇਰ ਦੇ ਮਸਾਂ ਸੱਤ ਕੁ ਹੀ ਵੱਜੇ ਹੋਣਗੇ, ਪੁੱਛ-ਪੁਛਾ ਕੇ ਮੈਂ ਜਾ ਬੂਹਾ ਖਡ਼ਕਾਇਆ। ਪਾਸ਼ ਦੇ ਸਰੀਰ ਨੂੰ ਤੇਲ ਲੱਗਾ ਹੋਇਆ ਸੀ; ਬੈਠਕਾਂ ਕੱਢ ਕੇ ਹਟਿਆ ਸੀ। ਕੋਲ਼ ਬੈਠੇ ਚਿਰੰਜੀਵ ਨਾਲ ਗੱਲਾਂ ਮਾਰ ਰਿਹਾ ਸੀ। ਚਾਹ ਦਾ ਕੱਪ ਕੱਪ ਪੀਤਾ ਤਾਂ ਮੈਨੂੰ ਕਵਿਤਾ ਪਡ਼੍ਹਾੳਣ ਲੱਗ ਪਿਆ: ਸਾਇੰਸ ਦਾ ਵਿਦਿਆਰਥੀ। ਇਹ ਵੀ ਦੱਸਿਆ ਕਿ ਕਿਨ੍ਹਾਂ ਸ਼ਬਦਾਂ ’ਤੇ ਵੱਧ ਜ਼ੋਰ ਦੇਣਾ ਹੈ, ਕਿੱਥੇ ਕਿੰਨਾ ਕੁ ਅਟਕਣਾ-ਰੁਕਣਾ ਹੈ। ਕਵਿਤਾ ਦਾ ਸਾਰ ਤੱਤ ਸਾਇੰਸ ਦੇ ਵਿਦਿਆਰਥੀ ਦਾ ਸਮੇਂ ਦੀ ਨਬਜ਼ ਤੋ ਬੇਖ਼ਬਰ ਹੋਣਾ ਸੀ। ਇਹ ਖਰੀ ਕਵਿਤਾ ਕਿਤੇ ਨਹੀਂ ਛਪੀ ਨਾ ਮੁਡ਼ ਕੇ ਅਜੇ ਤਾਈਂ ਲੱਭੀ ਹੈ। ਮੈਨੂੰ ਵੀ ਪੂਰੀ ਯਾਦ ਨਹੀਂ ਰਹੀ।

ਕਵਿਤਾ ਮੈਂ ਜਲੰਧਰੋਂ ਅੰਬਰਸਰ ਨੂੰ ਜਾਂਦੇ ਨੇ ਬੱਸ ਵਿਚ ਹੀ ਰਟ ਲਈ; ਲੈਅ-ਲਹਿਜ਼ਾ ਵੀ ਮਿਥ ਲਿਆ ਸੀ। ਤਿਹਾ ਲੱਗੀ ਤੋਂ ਖੂਹ ਪੁੱਟਿਆ ਸੀ –ਮਨ ਵਿਚ ਸ਼ੰਕਾ ਸੀ। ਬਾਬੇ ਦੀ ਨਗਰੀ, ਮੈਂ ਮਸਾਂ ਸਾਂਵੇਂ ਟਾਈਮ ਨਾਲ ਹੀ ਪਹੁੰਚਾ। ਹਿੰਦੀ ਦਾ ਕਵਿਤਾ ਮੁਕਾਬਲਾ ਚੱਲ ਰਿਹਾ ਸੀ। ਮੁਕਾਬਲੇ ਗਾਂਧੀ ਗਰਾਊਂਡ ਵਿਚ ਹੋਣੇ ਸੀ, ਜਿੱਥੇ ਹੁਣ ਵਾਲਾ ਵਿਰਸਾ ਵਿਹਾਰ ਹੈ। ਤੰਬੂ ਸ਼ੰਬੂ ਪੂਰੀ ਤਰ੍ਹਾਂ ਸਜੇ ਸਜਾਏ ਹੋਏ ਸੀ। ਪੁੱਛ-ਪਛਤਾਲ ਤੇ ਪਤਾ ਲੱਗਾ ਕਿ ਪ੍ਰਬੰਧਕਾਂ ਨੇ ਪੰਜਾਬੀ ਕਵਿਤਾ ਮੁਕਾਬਲੇ ਮਿਥੇ ਸਮੇਂ ਤੋਂ ਪਹਿਲਾਂ ਹੀ ਕਰਵਾ ਲਏ ਸੀ। ਮੈਂ ਨਾਤ੍ਹਾ ਧੋਤਾ ਹੀ ਰਹਿ ਗਿਆ। ਮਨ ਖ਼ਰਾਬ ਹੋ ਗਿਆ ਸੀ। ਅਮ੍ਰਿਤਸਰ ਵਾਲ਼ੇ ਰਿਸ਼ਤੇਦਾਰਾਂ ਕੋਲ਼ ਰਾਤ ਕੱਟ ਕੇ ਮੈਂ ਦੂਜੇ ਦਿਨ ਨਿਰਾਸ਼ ਮੁਡ਼ ਆਇਆ। ਦੋ ਤਿੰਨ ਹਫਤੇ ਬਾਅਦ ਇਹੀ ਕਵਿਤਾ ਮੈਂ ਡੀ ਏ ਵੀ ਕਾਲਜ ਪਡ਼੍ਹ ਦਿੱਤੀ ਸੀ। ਪ੍ਰੋ. ਵਾਈਸ ਚਾਂਸਲਰ ਜਗਜੀਤ ਸਿੰਘ ਏਥੇ ਪ੍ਰਧਾਨਗੀ ਕਰਨ ਆਇਆ ਹੋਇਆ ਸੀ। ਏਸ ਗੱਲੋਂ ਇਹ ਮੇਰੇ ’ਤੇ ਬਹੁਤ ਔਖਾ ਹੋ ਗਿਆ ਸੀ। ਗਰਮੀ ਨਾਲ ਬੋਲਿਆ ਸੀ। ਮੇਰੇ ਕਾਲਜ ਦੇ ਪ੍ਰਿੰਸੀਪਲ ਰਾਜਾ ਹਰਨਰਿੰਦਰ ਸਿੰਘ ਨੂੰ ਕਹਿ ਕੇ ਉਹਨੇ ਮੈਨੂੰ ਕਾਲਜ ਵਿੱਚੋਂ ਕਢਵਾਉਣਾ ਚਾਹਿਆ ਸੀ। ਪ੍ਰੋ. ਦਿਲਬਾਗ ਗਿੱਲ ਹੋਰਾਂ ਨੇ ਮੇਰੀ ਬਹੁਤ ਮਦਦ ਕੀਤੀ ਸੀ ਕਿ ਕਵਿਤਾ ਬਹੁਤ ਅੱਛੀ ਸੀ; ਕਿਸੇ ਖ਼ਰਾਬੀ ਵਾਲੀ ਨਹੀਂ ਸੀ। ਪਰ ਪ੍ਰਿੰਸੀਪਲ ’ਤੇ ਵੀ ਉੁਪਰੋਂ ਦਬਾਅ ਸੀ। ਮੇਰੇ ਸਾਹ ਸੂਤੇ ਹੋਏ ਸੀ ਕਿ ਹੁਣ ਕੀ ਬਣੂੰਗਾ। ਮੈਂ ਕਾਲਜੋਂ ਨਿਕਲ਼ਦਾ ਨਿਕਲ਼ਦਾ ਮਸਾਂ ਹੀ ਬਚਿਆ। ਅਗਲੇ ਸਾਲ ਜਦੋਂ ਮੈਂ ਜਲੰਧਰ ਖਾਲਸਾ ਕਾਲਜ ਐਮ ਏ ਪੰਜਾਬੀ ਵਿਚ ਜਾ ਦਾਖਲਾ ਲਿਆ ਤਾਂ ਰਾਜਾ ਸਾਹਿਬ ਵੀ ਨਕੋਦਰ ਛੱਡ ਕੇ ਜਲੰਧਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਬਣ ਕੇ ਚਲੇ ਗਏ ਸੀ। ਮੈਨੂੰ ਦੇਖਕੇ ਮਨ ਵਿਚ ਸੋਚਦੇ ਹੋਣਗੇ, ਇਹ ਜੱਭ ਫਿਰ ਮੇਰੇ ਮਗਰੇ ਹੀ ਆ ਗਿਆ।


ਲਹਿਰ ਮੱਠੀ ਪੈਣ ਨਾਲ਼ ਪਾਸ਼ ਵੀ ਓਦਰ ਗਿਆ। ਅਪਣਿਆਂ ਦਾ ਦਾਬਾ ਵੀ ਸੀ ਤੇ ਅਗਲੇ ਰਾਹਾਂ ਦੀ ਅਡ਼ਾਉਣੀ ਵੀ। ਇਹ ਸਮਾਂ ਬੇਵਿਸ਼ਵਾਸੀਆਂ, ਗ਼ੈਰਯਕੀਨੀਆਂ, ਬੇਵਸਾਹੀਆਂ, ਸੰਦੇਹਾਂ ਤੇ ਡਾਵਾਂਡੋਲੀਆਂ ਦਾ ਸੀ। ਇਸ ਦੌਰਾਨ ਇਹ ਵੀ ਬਡ਼ੇ ਮਾਨਸਿਕ ਦਵੰਦਾਂ ਵਿੱਚੋਂ ਨਿਕਲ਼ਿਆ। ਕਈ ਤਰ੍ਹਾਂ ਦੀਆਂ ਤਰਤੀਬਾਂ ਜੋਡ਼ੀਆਂ। ਮਨ ਵਿਚ ਉੱਥਲ ਪੁੱਥਲ ਤੇ ਚਡ਼੍ਹਾਅ ਉਤਰਾਈਆਂ ਹੋਈਆਂ। ਤਾਂ ਵੀ ਏਸ ਸਮੇਂ ਇਹਦਾ ਬਹੁਤਾ ਧਿਆਨ ਪਡ਼੍ਹਨ ਵੱਲ ਲੱਗਾ ਰਿਹਾ। ਪਰ ਹੋਰ ਮੁਸ਼ਕਿਲਾਂ ਨਾਲ ਵੀ ਜੂਝਦਾ ਰਿਹਾ। ਇਹਦਾ ਮੋਹ ਪਿੰਡ ਨਾਲ਼ ਹੋਰ ਵਧ ਗਿਆ। ਏਸ ਦੌਰਾਨ ਇਹਨੇ ਕਵਿਤਾ ਵੱਲ ਵੱਧ ਅੰਤਰਮੁਖੀ ਹੋ ਕੇ ਸੋਚਿਆ ਵਿਚਾਰਿਆ ਤੇ ਕਵਿਤਾ ਵਿਚ ਇਹਦਾ ਪ੍ਰਗਟਾਅ ਵੀ ਕੀਤਾ। ‘ਸਾਡੇ ਸਮਿਆਂ ਵਿਚ’ ਇਹਦਾ ਵਾਹਵਾ ਸਬੂਤ ਹੈ।

ਈਵਨਿੰਗ ਕਾਲਜ ਜਲੰਧਰੋਂ ਬੀ ਏ ਵਿੱਚੇ ਛੱਡ ਕੇ ਪਾਸ਼ ਸਮਰਾਏ-ਜੰਡਿਆਲੇ ਜੇਬੀਟੀ ਕਰਨ ਲੱਗ ਪਿਆ। ਨਾ ਇਹ ਦਿਖਾਵਾ ਕਰਦਾ ਸੀ ਨਾ ਬਹੁਤੇ ਪਡ਼੍ਹਨ-ਪਡ਼੍ਹਾਉਣ ਵਾਲ਼ਿਆਂ ਨੂੰ ਪਾਸ਼ ਦੇ ਸਾਹਿਤ ਵਿਚ ਸਥਾਨ ਦੀ ਖ਼ਬਰ ਹੋਣੀ ਸੀ। ਸੁਭਾਵਾਂ ਹਿੱਤ ਮਾਡ਼ਾ ਮੋਟਾ ਅੱਖ ਵਲ਼ ਹੋ ਜਾਣਾ ਸੁਭਾਵਕ ਹੀ ਸੀ। ਏਥੇ ਇਹ ਆਪ ਆਢਾ ਲੈਣ ਤੋਂ ਕੰਨੀ ਕਤਰਾਉਂਦਾ ਸੀ ਤੇ ਪਰ ਸਕੂਲ ਦੇ ਪ੍ਰਬੰਧਕਾਂ ’ਤੇ ਔਖਾ ਮਹਿਸੂਸ ਕਰੇ। ਸਬੱਬ ਨਾਲ ਅਮਰੀਕ ਸਿੰਘ ਪੂਨੀ ਇਹਨੂੰ ਕਿਤੇ ਮਿਲ਼ ਪਿਆ। ਪੁੱਛ-ਪਛਾ ਵਿਚ ਇਹਦੇ ਤੋਂ ਕਹਿ ਹੋ ਗਿਆ ਕਿ ਇਹ ਜੰਡਿਆਲੇ ਔਖਾ ਹੈ, ਜੇ ਹੋ ਸਕਦਾ ਹੈ ਤਾਂ ਕਿਤੇ ਹੋਰ ਬਦਲੀ ਕਰਵਾ ਦੇਵੇ। ਇਹਨੇ ਤਾਂ ਸਰਸਰੀ ਗੱਲ ਕਹੀ ਸੀ ਤੇ ਗੱਲ ਕਹਿਕੇ ਭੁੱਲ ਵੀ ਗਿਆ ਸੀ। ਦੋਂਹ-ਚੌਂਹ ਮਹੀਨੀਂ, ਪੂਨੀ ਇਹਨੂੰ ਕਿਸੇ ਫੰਕਸ਼ਨ ’ਤੇ ਫਿਰ ਮਿਲਿਆਂ ਤਾਂ ਪੁੱਛੇ, ਨਵੇਂ ਥਾਂ ਕਿਸ ਤਰ੍ਹਾਂ ਚੱਲ ਰਿਹਾ ਸੀ। ਪਾਸ਼ ਮੋਡ਼ਕੇ ਕਹਿੰਦਾ: ਕਿਹਡ਼ੇ ਨਵੇਂ ਥਾਂ? ਅਜੇ ਤਾਂ ਓਸੇ ਜੰਡਿਆਲੇ ਹੀ ਹਾਂ। ਪੂਨੀ ਨੇ ਉਸੇ ਦਿਨ ਜਾਂਦੇ ਨੇ ਹੀ ਬਦਲੀ ਕਰਵਾ ਦਿੱਤੀ। ਇਹ ਜੰਡਿਆਲਾ (ਮੰਜਕੀ) ਛੱਡ ਕੇ ਸੇਖ਼ੂਪੁਰੇ (ਕਪੂਰਥਲੇ) ਜਾ ਟਿਕਿਆ। ਹੁਣ ਇਹ ਤਾਂ ਪਤਾ ਨਹੀਂ ਇਹ ਬਦਲੀ ਬਣਦੀ ਵੀ ਸੀ ਕਿ ਨਹੀਂ। ਵੱਡੇ ਅਫ਼ਸਰਾਂ ਦੇ ਸਰਕਾਰੀ ਹੁਕਮ ਸੀ, ਬੱਜਣੇ ਸੀ; ਬਜਾਏ ਗਏ। ਬਦਲੀ ਹੋ ਗਈ। ਤਕਡ਼ਿਆਂ ਦੇ ਸੱਤੀਂ ਵੀਹੀਂ ਸੌ। ਅਹਿਲਕਾਰ, ਪੂਨੀ ਉਦੋਂ ਕਿਸੇ ਵੱਡੇ ਸਰਕਾਰੀ ਰੁਤਬੇ ’ਤੇ ਸੀ। ਬਦਲੀ ਹੋ ਜਾਣ ਦੀ ਗੱਲ ਜੰਡਿਆਲੇ ਦੇ ਪ੍ਰਿੰਸੀਪਲ ਨੂੰ ਜਦੋਂ ਪਹੁੰਚੀ ਤਾਂ ਉਹ ਅੱਡ ਸਹਿਮਿਆ ਫਿਰੇ। ਸੋਚੇ, ਬਈ ਜਿਸ ਬੰਦੇ ਦੀ ਪੂਨੀ ਵਰਗਿਆਂ ਤੀਕ ਏਨੀ ਪਹੁੰਚ ਹੈ, ਕਿਤੇ ਨੌਕਰੀ ਵਿਚ ਹੀ ਲੱਤ ਨਾ ਮਾਰ-ਮਰਵਾ ਦੇਵੇ। ਜੇਬੀਟੀ ਇਹਨੇ ਸ਼ੇਖ਼ੂਪੁਰੇ ਜਾ ਕੇ ਮੁਕਾਈ।

ਜਦੋਂ ਮੈਂ ਨਕੋਦਰੋਂ ਖਾਲਸਾ ਕਾਲਜ ਜਲੰਧਰ ਐਮ ਏ ਵਿਚ ਜਾ ਦਾਖਲ ਹੋਇਆ ਤਾਂ ਮੇਰਾ ਮਾਣ ਦੋ ਗੱਲਾਂ ਕਰਕੇ ਵਧ ਗਿਆ ਸੀ। ਮੇਰੇ ਤੋਂ ਪਹਿਲਾਂ ਖਾਲਸਾ ਕਾਲਜ ਗਏ ਮੁੰਡਿਆਂ ਨੇ ਦੱਸ ਦਿੱਤਾ ਸੀ ਕਿ ਮੈਂ ਨਕੋਦਰ ਕਬੱਡੀ ਖੇਡਦਾ ਰਿਹਾ ਸੀ ਤੇ ਨੈਸ਼ਨਲ ਸਟਾਈਲ ਟੀਮ ਦਾ ਕੈਪਟਨ ਸੀ। ਦੂਜੀ ਕਿ ਪਾਸ਼ ਨਾਲ ਮੇਰਾ ਨੇਡ਼ ਸੀ - ਇਹਦਾ ਮੇਰੇ ਨਾਲ ਦੇ ਪਾਡ਼੍ਹਿਆਂ ’ਤੇ ਬਹੁਤ ਅਸਰ ਹੋਇਆ ਸੀ। ਜਿੰਨਾ ਕੁ ਚਿਰ ਮੈਂ ਉੱਥੇ ਰਿਹਾ, ਮੇਰੀ ਠਾਠ ਹੀ ਬਣੀ ਰਹੀ। ਜ਼ਿਆਦਾ ਪਾਸ਼ ਨਾਲ ਨੇਡ਼ਤਾ ਕਰਕੇ।


ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਲੰਡਨ ਵਿਚ ਆਉਣ ਨੂੰ ਮੈਂ ਪਾਸ਼ ਨੂੰ ਕਿਹਾ ਸੀ ਕਿ ਜੇ ਇਹਦਾ ਮਨ ਕਰਦਾ ਤਾਂ ਆ ਜਾਵੇ। ਇਹਦਾ ਕੋਈ ਜੁਆਬ ਨਹੀਂ ਆਇਆ। ਨਾ ਹੂੰਅ, ਨਾ ਹੈਂਅ; ਬੱਸ, ਚੁੱਪ ਗਡ਼ੁੱਪ ਰਿਹਾ। ਇਸ ਗੱਲ ਦਾ ਭੇਤ ਇਹਨੇ ਬਾਅਦ ਵਿਚ ਖੋਲ੍ਹਿਆ ਸੀ: ਕਿਹਾ ਤਾਂ ਭਾਵੇਂ ਇਹਨੂੰ ਹੋਰਾਂ ਵੀ ਕਈਆਂ ਨੇ ਸੀ। ਪਰ ਉਦੋਂ ਇਹ ਆਉਣ ਵਾਲ਼ਾ ਹੀ ਨਹੀਂ ਸੀ। ਇਹ ਕਈ ਮੁਸ਼ਕਿਲਾਂ ਨੇ ਦਬੱਲਿਆ ਹੋਇਆ ਸੀ, ਸਰੀਰਕ ਵੀ। ਉਨ੍ਹਾਂ ਨੂੰ ਹੱਲ ਕਰਨ ਲੱਗਾ ਹੋਇਆ ਸੀ। ਘਰਦੇ ਹਾਲਤ ਵੀ ਸਾਵੇਂ ਨਹੀਂ ਸੀ।
Paash, Fakhar Zaman, Dhanjal
ਪਾਸ਼ ,ਫਖਰ ਜਮਾਨ,ਅਤੇ ਸੁਰਿੰਦਰ ਧੰਜਲ ਨਾਲ ਸਾਂਤਾ ਕਲਾਰਾ (ਕੈਲੀਫੋਰਨੀਆ) ਵਿਖੇ  1987
 
ਪਾਸ਼ ਦੱਸਦਾ ਸੀ ਕਿ ਮੇਰੇ ਆਪਣੇ ਪਿੰਡ ਦਾ ਮਹਿੰਦਰ ਸਿਓਂ ਤੇ ਇਹਦਾ ਬਾਪ ਮੇਜਰ ਸੋਹਣ ਸਿੰਘ ਹਮਜਮਾਤੀ ਰਹੇ ਸੀ। ਦੋਵੇਂ ਨਕੋਦਰ ਦੇ ਸਰਕਾਰੀ ਸਕੂਲੋਂ ਪਡ਼੍ਹੇ ਸੀ। ਮਹਿੰਦਰ ਸਿੰਘ ਬਾਅਦ ਵਿਚ ਸਹਿਕਾਰੀ ਸੁਸਾਇਟੀਆਂ ਦਾ ਸੈਕਟਰੀ ਲੱਗ ਗਿਆ ਸੀ। ਜਿਵੇਂ ਅਕਸਰ ਹੁੰਦਾ, ਸਿਆਣੇ ਕਿਤੇ ਮਿਲੇ ਤਾਂ ਇਹਨੇ ਮੇਜਰ ਸਾਹਿਬ ਨੂੰ ਬਾਲ ਬੱਚੇ ਦੀ ਰਾਜੀ-ਬਾਜੀ ਤੇ ਕੰਮ-ਕਾਰ ਦਾ ਹਾਲ ਚਾਲ ਪੁੱਛਿਆ। ਸੋਹਣ ਸਿੰਘ ਨੇ ਪਾਸ਼ ਦਾ ਦੱਸਿਆ ਕਿ ਇਹ ਲਿਖਾਰੀ ਹੈ- ਤੇ ਕਵਿਤਾ ਲਿਖਦਾ। ਮਹਿੰਦਰ ਸਿਓਂ ਮੋਹਰਿਓਂ ਕਹਿੰਦਾ: ਮੈਂ ਆਪਣੇ ਗੁਆਂਢੀ ਪਿੰਡਾਂ ਦੇ ਬਹੁਤ ਵੱਡੇ ਲੇਖਕਾਂ ਨੂੰ ਜਾਣਦਾਂ। ਅਖਬਾਰਾਂ ਵਿਚ ਲਿਖਦੇ। ਰੇਡੀਓ ’ਤੇ ਵੀ ਆਉਂਦੇ-ਜਾਂਦੇ ਰਹਿੰਦੇ। ਕਿਸੇ ਦਿਨ ਤੂੰ ਆਵਦੇ ਮੁੰਡੇ ਨੂੰ ਮੇਰੇ ਕੋਲ਼ ਘੱਲੀਂ। ਮੈਂ ਇਹਨੂੰ ਕਿਸੇ ਲਿਖਾਰੀ ਨਾਲ ਮਿਲਾਊਂਗਾ। ਉਹ ਇਹਨੂੰ ਲਿਖਣਾ ਵੀ ਸਿਖਾ ਦਊਗਾ। ਪਾਸ਼ ਦੱਸਦਾ ਸੀ ਕਿ ਗੱਲ ਨਿੱਕਲ਼ਦੀ ਨਿੱਕਲ਼ਦੀ ਨਿੱਕਲ਼ ਗਈ ਸੀ। ਫਿਰ ਕਿੰਨਾ ਚਿਰ ਲੇਖਕ ਸਾਹਿਬ ਨੇ ਪਾਸ਼ ਨਾਲ਼ ਅੱਖ ਨਹੀਂ ਸੀ ਮਿਲਾਈ। ਕਿੱਥੇ ਪਾਸ਼ ਤੇ ਕਿੱਥੇ ਇਹ ਲੇਖਕ ਸਾਹਿਬ। ਇਹ ਦੋਹਾਂ ਨੂੰ ਪਤਾ ਸੀ।

ਪਾਸ਼ ਦੇ ਕਿਸੇ ਉਸਤਾਦ ਦੀ ਭਣੇਵੀਂ ਦਾ ਮੋਹ ਆਵਦੇ ਕਿਸੇ ਸੰਗੀ ਟੀਚਰ ਨਾਲ ਪੈ ਗਿਆ। ਮੁੰਡੇ ਕੁਡ਼ੀ ਦਾ ਹੋਰ ਹਰ ਪਾਸਿਓਂ ਮੇਲ਼ ਸੀ। ਮੁੰਡਾ ਟੀਚਰ ਯੂਨੀਅਨ ਵਿਚ ਕੰਮ ਵੀ ਕਰਦਾ ਸੀ। ਪਰ ਜਾਤ ਬਹੁਤੀ ਉੱਚੀ ਨੀਵੀਂ ਸੀ। ਕੁਡ਼ੀ ਮੁੰਡੇ ਨੇ ਅਦਾਲਤੀ ਵਿਆਹ ਵੀ ਕਰਵਾ ਲਿਆ ਸੀ ਤੇ ਕੁਡ਼ੀ ਮੁੰਡੇ ਦੇ ਘਰੇ ਰਹਿ ਰਹੀ ਸੀ – ਮਰਦ ਔਰਤ ਵਾਂਗ। ਕੁਡ਼ੀ ਵੀ ਪਡ਼੍ਹੀ ਲਿਖੀ ਸੀ ਤੇ ਮੁੰਡਾ ਵੀ ਸਰਕਾਰੀ ਟੀਚਰ ਸੀ। ਮੁੰਡਾ ਨਾਲ਼ੋ ਨਾਲ਼ ਸਿਵਲ ਸਰਵਿਸ ਦੇ ਇਮਤਿਹਾਨਾਂ ਦੀ ਤਿਆਰੀ ਵੀ ਕਰ ਰਿਹਾ ਸੀ। ਵਿਚ ਵੱਡਾ ਫ਼ਾਨਾ ਠੁਕਿਆ ਹੋਇਆ ਸੀ - ਜਾਤ ਵਾਲ਼ਾ। ਇਕ ਬਾਹਮਣ ਤੇ ਦੂਜਾ ਚਮਾਰ। ਪਰ ਕੁਡ਼ੀ ਆਪਣੇ ਪਿਆਰ ’ਤੇ ਪੂਰੀ ਤਰ੍ਹਾਂ ਤੁਲੀ ਹੋਈ ਸੀ। ਉਹਦੇ ਕੋਲ ਹਰ ਕਿਸੇ ਦੀ ਗੱਲ ਦਾ ਜੁਆਬ ਸੀ ਤੇ ਅਗਲੇ ਇਹਦੀ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ। ਉਸਤਾਦ ਨੇ ਪਾਸ਼ ਦੇ ਕੰਨ ਭਰੇ ਕਿ ਕੁਡ਼ੀ ਨੂੰ ਵਰਗਲਾਇਆ ਗਿਆ ਹੈ। ਆਪਾਂ ਉਹਨੂੰ ਲਿਆ ਕੇ ਗੱਲਬਾਤ ਹੀ ਕਰਨੀ ਹੈ। ਜੇ ਤਾਂ ਸਾਡੀ ਗੱਲ ਸਮਝ-ਮੰਨ ਗਈ, ਤਾਂ ਖਰੀ ਵਾਹਵਾ, ਨਹੀਂ ਤਾਂ ਆਪਾਂ ਖੁਦ ਵਿਆਹ ਕਰ ਦਿਆਂਗੇ – ਆਪਣੇ ਹੱਥੀਂ। ਸਰਦੀਆਂ ਦੀਆਂ ਛੁੱਟੀਆਂ ਮੁੱਕੀਆਂ ਹੀ ਸੀ; ਕੁਡ਼ੀ ਚਡ਼੍ਹਦੀ ਜਨਵਰੀ ਵਿਚ ਸਕੂਲੇ ਗਈ ਹੀ ਸੀ। ਸ਼ਗਨਾਂ ਦੀ ਮਹਿੰਦੀ ਦਾ ਰੰਗ ਵੀ ਮੱਠਾ ਨਹੀਂ ਸੀ ਪਿਆ। ਸ਼ਾਦੀ ਦਾ ਜੋਡ਼ਾ ਤੇ ਹੱਥੀਂ ਚੂਡ਼ਾ ਵੀ ਸੋਂਹਦਾ ਸੀ। ਪਾਸ਼, ਹੰਸਾ ਤੇ ਜਹਾਂਗੀਰ ਦਾ ਕੋਈ ਆਦਮੀ ਕੁਡ਼ੀ ਨੂੰ ਉਹਦੇ ਸਕੂਲੋਂ ਕਾਰ ਵਿਚ ਧੱਕੇ ਨਾਲ਼ ਚੁੱਕ ਕੇ ਲੈ ਆਏ। ਧੀ-ਧਿਆਣੀ ਆਪਣੇ ਗੁਰੂਦੇਵ ਮਹਾਰਾਜ ਦੇ ਹਵਾਲੇ ਕਰ ਦਿੱਤੀ। ਇਹਦੇ ਉਸਤਾਦ ਦੇ ਮਨ ਵਿਚ ਖੋਟ ਸੀ। ਉਹਨੇ ਕੋਈ ਹੋਰ ਹੀ ਮਿਥੀ ਹੋਈ ਸੀ। ਅਗਲੇ ਨੇ ਦਿਨਾਂ ਵਿਚ ਹੀ ਧੱਕੇ ਨਾਲ ਕੁਡ਼ੀ ਦਾ ਵਿਆਹ ਕਿਧਰੇ ਹੋਰ ਕਰ ਦਿੱਤਾ। ਉਹ ਮੁੰਡਾ ਬਹੁਤ ਤਡ਼ਪਿਆ, ਪਿੱਟਿਆ ਕੁਰਲਾਇਆ; ਉਹਦੀ ਕਨੂੰਨਨ ਵਿਆਹੀ-ਵਰੀ ਤੇ ਵਸਦੀ-ਰਸਦੀ ਪਤਨੀ ਨੂੰ ਧੱਕੇ ਨਾਲ਼ ਘਰੋ ਲੈ ਗਏ ਸੀ। ਮੁੰਡਾ ਬਾਅਦ ਵਿਚ ਵੀ ਪਾਸ਼ ਨੂੰ ਮਿਲਦਾ ਰਿਹਾ ਤੇ ਅਸਲੀ ਗੱਲ ਦੱਸੀ ਪਰ ਉਸਤਾਦ ਨੇ ਆਪਣਾ ਕੰਮ ਕਰ ਲਿਆ ਸੀ। ਤੀਰ ਕਮਾਨੋਂ ਨਿਕਲ ਚੁੱਕਾ ਸੀ। ਮੁੰਡਾ ਠੱਗਿਆ ਗਿਆ ਸੀ; ਉਹਦਾ ਘਰ ਲੁੱਟਿਆ ਗਿਆ ਸੀ। ਪਾਸ਼ ਨੂੰ ਇਸ ਗੁੰਮਰਾਹ ਹੋਣ ਦਾ ਦੁੱਖ ਹੀ ਰਿਹਾ।

ਤਲਵੰਡੀ ਦੇ ਲਾਗਲੇ ਕੋਈ ਸਟੋਰ ਮਾਲਕ ਲੰਘਦੀਆਂ ਕੁਡ਼ੀਆਂ ਨੂੰ ਮਸ਼ਕਰੀਆਂ ਕਰਿਆ ਕਰੇ। ਓਹਦੇ ਗਡ਼ਵੱਈਆਂ ਨੂੰ ਵੀ ਮਾਲਕ ਦੀ ਸ਼ਹਿ ਹੋਣੀ ਸੀ। ਉੱਪਰੋਂ ਕਾਕੇਸ਼ਾਹੀ ਦਾ ਗਰੂਰ ਵੀ। ਇਨ੍ਹਾਂ ਨੇ ‘ਹਾਕ’ ਵਿਚ ਇਹਦਾ ਹਵਾਲਾ ਦੇ ਕੇ ਵਿਰੋਧ ਕਰ ਦਿੱਤਾ; ਧੀਆਂ-ਭੈਣਾਂ ਦੀ ਰਾਖੀ ਵਿਚ ਖਡ਼੍ਹ ਗਏ। ਸਟੋਰ ਮਾਲਕ ਨੂੰ ਪਤਾ ਲੱਗ ਗਿਆ ਤੇ ਉਹਨੇ ਆਪਣੀ ਹੇਠੀ ਮੰਨ ਲਈ। ਬਡ਼ੀ ਫੂੰਅ ਫੂੰਅ ਕਰਨ ਲੱਗਾ। ਉਨ੍ਹਾਂ ਨੇ ਇਕ ਦਿਨ ਹੰਸੇ ਦੇ ਘਰ ਲਾਗਲੀ ਕਿਸੇ ਠਾਹਰ ਦੇ ਘਰ ਬੈਠਣ ਦਾ ਪ੍ਰੋਗਰਾਮ ਮਿਥ ਲਿਆ। ਮੀਟ ਬਣਾਇਆ। ਦਾਰੂ ਛਕੀ। ਏਸ ਬਹਾਨੇ, ਪਹਿਲਾਂ ਲਾ ਲਾ ਕੇ ਗੱਲਾਂ ਕਰਨ ਲੱਗ ਪਏ; ਫਿਰ ਧਮਕੀਆਂ ’ਤੇ ਆ ਗਏ। ਗੱਲ ਨਿਕਲਦੀ ਨਿਕਲਦੀ ਪਾਸ਼ ਨੂੰ ਪਹੁੰਚ ਗਈ। ਇਹਨੇ ਸਕੀਮ ਬਣਾਈ। ਇਹਨੇ ਕਿਸੇ ਕੋਲੋਂ ਟਰੈਕਟਰ ਦੇ ਪਿੱਛੇ ਪਾਉਣ ਵਾਲੀ ਟੌਪ ਲਿੰਕ ਲੈ ਕੇ ਸਕੀਮ ਨਾਲ ਕਿਸੇ ਕਪਡ਼ੇ ਵਿਚ ਲਪੇਟ ਲਈ। ਪੂਰੇ ਹਿਸਾਬ ਨਾਲ਼, ਮੋਹਰਿਓਂ ਥੋਡ਼੍ਹਾ ਜਿਹਾ ਮੂੰਹ ਨੰਗਾ ਰੱਖ ਲਿਆ; ਏਦਾਂ ਹੱਥ ਵਿਚ ਟੌਪ ਲਿੰਕ ਲਈ ਪਿੰਡ ਵਿਚ ਤਿੰਨ-ਚਾਰ ਗੇਡ਼ੀਆਂ ਕੱਢ ਦਿੱਤੀਆਂ। ਜਿਸ ਕਿਸੇ ਨੇ ਲੰਘਦੇ ਨੂੰ ਦੇਖਿਆ, ਰੌਲ਼ਾ ਪਾ ਦਿੱਤਾ: ਬਈ ਆ ਗਿਆ, ਬਈ ਆ ਗਿਆ ਈ, ਪਾਸ਼ ਸਟੇਨ ਗੰਨ ਲੈ ਕੇ ਆ ਗਿਆ। ਢਕੀ ਹੋਈ ਟੌਪ ਲਿੰਕ ਦੇਖਣ ਨੂੰ ਸਟੇਨ ਗੰਨ ਦੀ ਬੂਥੀ ਹੀ ਲਗਦੀ ਸੀ। ਏਨੀ ਕੁ ਹੁਸ਼ਿਆਰੀ ਨਾਲ਼ ਧਮਕੀਆਂ ਦੇਣ ਵਾਲੇ ਸੁਸਰੀ ਹੋ ਗਏ। ਮੁਡ਼ਕੇ ਕੋਈ ਨਾ ਰਡ਼ਕਿਆ-ਬੋਲਿਆ।

1984 ਵਿਚ ਮੈਂ ਗਿਆ ਤਾਂ ਪਾਸ਼ ਨੂੰ ਮਿਲਣ ਉੱਗੀ ਗਿਆ। ਐਵੇਂ ਚੱਲਵੀਆਂ ਜਿਹੀ ਗੱਲਾਂ ਹੀ ਹੋਈਆਂ। ਮੈਨੂੰ ਲੱਗਿਆ, ਇਹਦਾ ਮਨ ਕਿਤੇ ਹੋਰ ਸੀ। ਅਸੀਂ ਰਾਤ ਲਖਵਿੰਦਰ ਦੇ ਖੂਹ ’ਤੇ ਕੱਟ ਕੇ ਸਵੇਰੇ ਤਡ਼ਕੇ ਆ ਗਏ ਸੀ। ਇਹ ਆਪ ਸੁਵੱਖਤੇ ਹੀ ਟਿਊਸ਼ਨ ਪਡ਼੍ਹਾਉਣ ਚਲੇ ਗਿਆ ਸੀ। ਏਥੇ ਇਹਨੇ ਰੋਟੀ ਰੋਜ਼ੀ ਲਈ ਸਕੂਲ ਖੋਲ੍ਹਿਆ ਹੋਇਆ ਸੀ। ਜਾਣੋਂ ਇਹ ਇਹਦੀਆਂ ਸਰਗਮੀਆਂ ਦਾ ਅੱਡਾ ਵੀ ਸੀ। ਬਠਿੰਡੇ ਵਾਲੇ ਗਰੁੱਪ ਦੀ ਦੁਆਬੇ ਵਿਚ ਪੱਟੀ ਬਣਾਉਣ ਦੀ ਠਾਹਰ ਬਣਾਈ ਹੋਈ ਸੀ ਇਹ। ਨਾਲ਼ ਬਹੁਤੇ ਆਡ਼ੀ ਉੱਗੀ ਦੇ ਹੀ ਸੀ ਜਾਂ ਲਾਗੇ ਬੰਨੇ ਦੇ। ਲਖਵਿੰਦਰ, ਧਰਮਪਾਲ, ਬਲਦੇਵ, ਵਗੈਰਾ। ਹੋਰ ਸੰਗੀ ਸਾਥੀ ਵੀ ਤੇ ਸ਼ਰਧਾਵਾਨ ਵੀ ਨਾਲ਼ ਸੀ। ਜਾਨ ਕੁਰਬਾਨ ਕਰਨ ਵਾਲੇ ਵੀ। ਢਾਣੀ ਦਾ ਆਪਸੀ ਨੇਡ਼ ਬਡ਼ਾ ਸੀ, ਜੇ ਲੋਡ਼ ਪਏ ਤਾਂ ਡਟ ਵੀ ਜਾਂਦੇ ਸੀ। ਲੋਕਾਂ ਵਿਚ ਨਾਂ ਵੀ ਸੀ। ਵਾਹਵਾ ਠਾਠ ਬਣੀ ਹੋਈ ਸੀ। ਇਹ ਸਾਈਕਲੋ ਸਟਾਈਲ ਪਰਚਾ - ਹਾਕ - ਕੱਢਦੇ ਤੇ ਵੰਡਦੇ ਸੀ। ਜਿਹਦੇ ਵਿਚ ਤਰਕਸ਼ੀਲ ਗੱਲਾਂ ਹੁੰਦੀਆਂ ਸੀ। ਲੋਕ ਭਲੇ ਦੀਆਂ ਵੀ, ਅੰਧ ਵਿਸ਼ਵਾਸ਼ਾਂ ਦੇ ਵਿਰੁੱਧ, ਜ਼ਮਹੂਰੀ ਹੱਕਾਂ ਬਾਰੇ ਵੀ, ਇਲਾਕੇ ਵਿਚ ਗੁੰਡਾਗ਼ਰਦੀ ਕਰਨ ਵਾਲਿਆ ਦੇ ਖਿਲਾਫ਼ ਵੀ। ਹੋਰ ਵੀ ਕਈ ਤਰ੍ਹਾਂ ਦੇ ਵਿਸ਼ਿਆਂ ਤੇ ਲੇਖ ਹੁੰਦੇ ਸੀ। ਓਸ਼ੋ ਬਾਰੇ ਵੀ। ਜ਼ਾਹਿਰ ਹੈ ਇਲਾਕੇ ਵਿਚ ਥੋਡ਼੍ਹਾ ਬਹੁਤ ਅੱਖ ਵਲ਼ ਵੀ ਹੋਣਾ ਹੀ ਸੀ ਤੇ ਵੱਧ ਵੀ ਜਾਣਾ ਸੀ ਤੇ ਵਿਰੋਧਤਾ ਵੀ। ਪੰਜਾਬੀਆਂ ਦਾ ਮਨ ਮੁਟਾਵ ਸੰਗਾਊ ਨਹੀਂ ਹੈ। ਇਹ ਵਾਹਵਾ ਬਡ਼ਬੋਲਾ ਹੁੰਦਾ ਹੈ; ਸਗੋਂ ਭੌਂਕਡ਼ ਹੀ ਹੁੰਦਾ ਹੈ। ਸਾਡੇ ਪਿੰਡਾਂ ਵਾਲੇ ਪੰਜਾਬੀ ਤਾਂ ਨਿੱਕੀ ਨਿੱਕੀ ਗੱਲ ਤੋਂ ਝੱਟ ਕਹਿ ਦਿੰਦੇ ਨੇ: ਦੇਖ ਲਊਂ ਮੈਂ ਤੈਨੂੰ, ਵੱਡੇ ਨੌਢੂ ਖਾਂ ਨੂੰ। ਜਾਂ ਜੇ ਮੁਡ਼ ਕੇ ਐਧਰ ਝਾਕਿਆ ਤਾਂ ਅੱਖਾਂ ਕੱਢ ਦਊਂ। ਜਾਂ ਜੇ ਉਂਗਲੀ ਐਧਰ ਕੀਤੀ ਤਾਂ ਲਾਹ ਕੇ ਹੱਥ ਵਿਚ ਫਡ਼ਾ ਦਊਂ; ਵਗੈਰਾ ਵਗੈਰਾ ਆਮ ਸੁਣੀਂਦਾ ਸੀ।

ਪਾਸ਼ ਦੇ ਪਾਪੂਲਰ ਹੋਣ ਦੇ ਤਿੰਨ ਚਾਰ ਕਾਰਣ ਸੀ: ਪਹਿਲੀ ਪੀਡ਼੍ਹੀ ਦੀਆਂ ਪ੍ਰਗਤੀ ਦੀਆਂ ਕੀਤੀਆਂ ਗੱਲਾਂ ਖਿਆਲੀ ਸੀ। ਹਕੀਕਤ ਤੋਂ ਉਹ ਆਪ ਬਡ਼ੇ ਦੂਰ ਸੀ। ਉਨ੍ਹਾਂ ਨੂੰ ਖੂਹਾਂ ’ਤੇ ਰੱਬ ਵੱਸਦਾ ਤਾਂ ਦੀਹਦਾ ਸੀ ਪਰ ਘੋਰ ਗਰੀਬੀ ਨਜ਼ਰੀਂ ਨਹੀਂ ਸੀ ਪੈਂਦੀ। ਪਾਸ਼ ਇਸ ਗ਼ੁਰਬਤ ਤੇ ਪੇਂਡੂ ਬਿੰਬ ਮੁਹਾਵਰੇ ਨੂੰ ਕਵਿਤਾ ਵਿਚ ਲੈ ਆਇਆ ਸੀ, ਜੋ ਪਹਿਲੀ ਪੀਡ਼੍ਹੀ ਵਿੱਚੋਂ ਕਿਸੇ ਨੇ ਸੋਚੀ-ਕੀਤੀ ਹੀ ਨਹੀਂ ਸੀ। ਸ਼ਾਇਦ ਉਨ੍ਹਾਂ ਨੂੰ ਪਤਾ ਹੀ ਨਾ ਹੋਵੇ। ਇਹ ਆਪ ਜੁਆਨ ਪੀਹਡ਼ੀ ਦਾ ਸ਼ਾਇਰ ਤੇ ਨਾਲ਼ ਨਕਸਲਬਾਡ਼ੀ ਲਹਿਰ ਦੇ ਤਾਅ ਵਾਲ਼ਾ ਨਸ਼ਾ ਸੀ। ਐਸੇ ਸੁਮੇਲ ਵਿੱਚੋਂ ਬੁਲੰਦੀਆਂ ਛੋਹਣ ਦੇ ਮੌਕੇ ਵਧਣੇ ਹੀ ਸੀ। ਇਹ ਕਿਸੇ ਵਿਸਫੋਟਕ ਦੀ ਤਰ੍ਹਾਂ ਹੋਇਆ। ਅਤਿ ਹੈਰਾਨੀ ਜਨਕ ਤਰੀਕੇ ਨਾਲ਼।

ਤੈਨੂੰ ਪਤਾ ਨਹੀਂ
ਮੈ ਸ਼ਾਇਰੀ ਵਿੱਚ
ਕਿਵੇਂ ਗਿਣਿਆ ਜਾਂਦਾ ਹਾਂ

ਜਿਵੇਂ ਕਿਸੇ ਭਖੇ ਹੋਏ ਮੁਜਰੇ ਵਿਚ
ਕੋਈ ਹੱਡਾ-ਰੋਡ਼ੀ ਦਾ
ਕੁੱਤਾ ਆ ਵਡ਼ੇ ...


ਮੀਸ਼ੇ ਨਾਲ ਪਾਸ਼ ਦਾ ਸਹਿਤਕ ਸ਼ਰੀਕਾ ਵੀ ਸੀ; ਤੇਹੁ ਵੀ ਤੇ ਕਸਬੀ ਮੁਕਾਬਲਾ ਵੀ। ਮੀਸ਼ੇ ਬਾਰੇ ਗੱਲ ਪਾਸ਼ ਏਦਾਂ ਸ਼ੁਰੂ ਕਰਿਆ ਕਰਦਾ ਸੀ: ਯਾਰ, ਮੀਸ਼ਾ ਮੇਰਾ ਭਰਾ ਆ। ਇਹ ਗੱਲ ਉਹਨੇ ਮੈਨੂੰ ਦੋ ਤਿੰਨ ਵਾਰ ਸੁਣਾਈ ਸੀ। ਪਹਿਲੀ ਵਾਰੀ, ਇਹ ਗੱਲ ਸੁਣਨ ਵਾਲੇ ਨੇ ਰਤਾ ਕੁ ਹੈਰਾਨ ਹੋਣਾ – ਇਹ ਕੀ ਰਾਜ ਹੋਇਆ। ਏਨੀ ਕੁ ਸਾਂਝ ਦਾ ਤਾਂ ਸੱਭ ਨੂੰ ਪਤਾ ਸੀ ਕਿ ਦੋਵੇਂ ਕਵੀ ਸੀ – ਵੱਡੇ ਕਵੀ। ਪਾਸ਼ ਤਲਵੰਡੀ ਸਲੇਮ ਦਾ ਸੀ ਤੇ ਮੀਸ਼ਾ ਭੇਟਾਂ ਦਾ। ਇਕ ਕਪੂਰਥਲੇ ਦਾ ਦੂਜਾ ਜਲੰਧਰ ਦਾ। ਇਕ ਦੋਨੇ ਦਾ, ਦੂਜਾ ਵੀ ਦੋਨੇ ਦਾ ਹੀ। ਪਾਸ਼ ਦੀ ਉਦੋਂ ਪੂਰੀ ਚਡ਼੍ਹ ਮਚੀ ਹੋਈ ਸੀ। ਘੱਟ ਤਾਂ ਮੀਸ਼ਾ ਵੀ ਨਹੀਂ ਸੀ, ਰੇਡੀਓ ਦਾ ਸ਼ਾਹ ਅਸਵਾਰ ਵੀ ਸੀ। ਇੱਕ ਦੂਜੇ ਤੋਂ ਵਧਕੇ। ਹਾਂ ਮੀਸ਼ੇ ਦੇ ਨਾਨਕੇ, ਜਹਾਂਗੀਰ ਸੀ। ਮੱਲੀਆਂ ਦੇ ਨਾਲ ਕਰਕੇ। ਪਾਸ਼ ਦੇ ਪਿੰਡੋਂ ਮਸਾਂ ਤਿੰਨ-ਚਾਰ ਮੀਲ ਦੇ ਫ਼ਰਕ ’ਤੇ। ਹੋਰ ਕਿਸੇ ਤਰ੍ਹਾਂ ਦਾ ਨੇਡ਼ ਨਹੀਂ ਸੀ। ਪਾਸ਼ ਜੱਟ ਸੀ ਤੇ ਮੀਸ਼ਾ ਦਰਜੀ। ਫਿਰ ਪਾਸ਼ ਨੇ ਮੁਸਕਡ਼ੀਏਂ ਹੱਸਦੇ ਨੇ ਹੌਲ਼ੀ ਹੌਲ਼ੀ ਗੱਲ ਦੀ ਤਹਿ ਖੋਲ੍ਹ ਦੇਣੀ। ਰਤਾ ਕੁ ਅਟਕ ਕੇ, ਬੁੱਲੀਂ ਖਚਰਾ ਹਾਸਾ ਹੱਸਣਾ ਤੇ ਦੱਸਣਾ: ਯਾਰ ਮੀਸ਼ਾ ਤੇ ਮੈਂ ਮਾਮੀ ਵੱਟ ਭਰਾ ਆਂ। ਫਿਰ ਵਿਚਲਾ ਸਾਰਾ ਭੇਤ ਖੋਹਲਣਾ। ਮੀਸ਼ੇ ਦੀ ਮਾਮੀ ਪਾਸ਼ ਦੇ ਕਿਸੇ ਰਿਸ਼ਤੇਦਾਰ ਨੇ ਕੱਢ ਲਿਆਂਦੀ ਸੀ ਜਾਂ ਉਹ ਆਪੇ ਆ ਗਈ ਸੀ। ਪਹਿਲਾਂ ਔਰਤ ਮੀਸ਼ੇ ਦੀ ਮਾਮੀ ਸੀ, ਹੁਣ ਪਾਸ਼ ਦੀ ਕੁਛ ਲਗਦੀ ਸੀ।

ਜਦੋਂ ਇਹ ਵਲੈਤ ਆਇਆ, ਉਦੋਂ ਵਲੈਤੀ ਪੰਜਾਬੀ ਸਿਆਸਤ ਦਾ ਮਹੌਲ ਪੰਜਾਬ ਵਾਂਗੂ ਬੁਰੀ ਤਰ੍ਹਾਂ ਵੰਡਿਆ ਹੋਇਆ ਸੀ। ਲੇਖਕ ਭਾਈਚਾਰਾ ਵੀ ਕਈ ਥਾਈਂ ਪਾਟਾ ਹੋਇਆ ਸੀ। ਇਕ ਪਾਸੇ ਖਾਲਿਸਤਾਨੀ ਸੀ, ਦੂਜੇ ਪਾਸੇ ਖਾਲਿਸਤਾਨ ਦਾ ਵਿਰੋਧ ਕਰਨ ਵਾਲ਼ੇ। ਕਈ ਵਿਚ ਵਿਚਾਲ਼ੇ ਵਾਲ਼ੇ ਵੀ ਸੀ; ਕਈ ਦੋਂਹ ਬੇਡ਼ੀਆਂ ਵਿਚ ਪੈਰ ਰੱਖਣ ਵਾਲੇ ਵੀ। ਭਿੰਡਰਾਂਵਾਲੇ ਨੂੰ ਕਿਸਾਨੀ ਦਾ ਲੀਡਰ ਮੰਨਣ ਵਾਲੇ ਵੀ, ਕਾਮਰੇਡਾਂ ਦੀ ਸੋਚ ਨੂੰ ਗ਼ਲਤ ਮੰਨਣ ਵਾਲੇ ਵੀ। ਕਈ ਸਾਰਾ ਕਸੂਰ ਕਾਂਗਰਸ ਦਾ ਕੱਢਣ ਵਾਲੇ ਤੇ ਕਈ ਬਹੁਤਾ। ਕੁਝ ਖਾਲਿਸਤਾਨ ਵੱਲ ਮੋਹ ਰੱਖਣ ਵਾਲੇ; ਕਈ ਦੋਹਾਂ ਧਿਰਾਂ ਨੂੰ ਦੋਸ਼ੀ ਮੰਨਣ ਵਾਲੇ ਤੇ ਵਿੱਚੇ ਹਿੰਦੂ ਭਾਵਨਾਵਾਂ ਵਾਲੇ ਵੀ ਸੀ। ਇਹ ਤਕਰੀਬਨ ਸੱਭ ਨੂੰ ਹੀ ਮਿਲ਼ਿਆ। ਕਈ ਸੈਕੂਲਰ ਵਿਚਾਰਾਂ ਵਾਲ਼ਿਆਂ ਨੂੰ ਇਹ ਗੱਲ ਚੁੱਭੀ ਵੀ। ਕਈ ਬੰਦੇ ਏਸੇ ਕਰਕੇ ਨਰਾਜ਼ ਵੀ ਹੋ ਗਏ। ਪਰ ਇਹ ਵਲੈਤ ਦੀ ਨਬਜ਼ ਟੋਹਣੀ ਚਾਹੁੰਦਾ ਸੀ। ਕੈਲੈਫੋਰਨੀਆ ਪਹੁੰਚ ਕੇ ਇਹਨੇ ਵਿਸਥਾਰ ਨਾਲ ਚਿੱਠੀਆਂ ਲਿਖੀਆਂ, ਆਪਣੀ ਰਾਏ ਦੱਸੀ। ਇਹਦੀ ਰਾਏ ਸੀ ਕਿ ਵਲੈਤ ਦੇ ਬਹੁਤੇ ਲੇਖਕ ‘ਸਿੱਖ ਪ੍ਰਸਤੀ’ ਵਿਚ ਜਾ ਫਸੇ ਸੀ। ਜਿਹਨੂੰ ਇਹ ਨਿੰਦਦਾ ਸੀ। ਮਨੁੱਖਤਾ ਨੂੰ ਸਨਕੀ ਢੰਗ ਨਾਲ ਸੀਮਤ ਕਰਕੇ ਦੇਖਣ ਵਾਲਿਆ ਦੇ ਖਾਸ ਕਰਕੇ ਵਿਰੁੱਧ ਸੀ। ਕਈ ਵਲੈਤੀ ਲੇਖਕਾਂ ਬਾਰੇ ਇਹਦੇ ਬਣੇ ਪ੍ਰਭਾਵ ਟੁੱਟੇ।

ਘਰ ਪਰਿਵਾਰ ਜਾਂ ਸਮਾਜ ਦੇ ਸੰਸਕਾਰ ਛੇਤੀ ਕੀਤੀਆਂ ਇਕਦਮ ਨਹੀਂ ਬਦਲਦੇ ਹੁੰਦੇ। ਕਿਤੇ ਨਾ ਕਿਤੇ ਪਾਸ਼ ਅੰਦਰ ਜੱਟ ਤਾਂ ਬੈਠਾ ਸੀ। ਇਹ ਤਾਂ ਪਤਾ ਨਹੀਂ ਕਿ ਪਾਸ਼ ਇਹਨੂੰ ਕਿੰਨਾ ਕੁ ਕਾਬੂ ਵਿਚ ਰੱਖਦਾ ਸੀ ਕਿ ਨਹੀਂ ਪਰ ਇਹ ਕਈ ਵਾਰੀ ਬਾਹਰ ਆ ਜਾਂਦਾ ਸੀ। ਆਪਣੀ ਡਾਇਰੀ ਵਿਚ ਵੀ ਇਹ, ਚੂਹਡ਼ੇ-ਚੂਹਡ਼ੇ ਕਰਦਾ ਹੈ। ਤੇ ਕਵਿਤਾ ਵਿਚ ਵੀ ਖੁਸ਼ੀਏ ਚੂਹਡ਼ੇ ਦਾ ਜ਼ਿਕਰ ਕਰਦਾ ਹੈ। ਸੁਰਜੀਤ ਪਾਤਰ ਦੀ ਕਵਿਤਾ ਵਿਚ ਬਹੁਤਾ ‘ਵੁੱਡ ਵਰਕ’ ਹੋਣ ਦੀ ਗੱਲ ਵੀ ਕਰ ਦਿੰਦਾ ਸੀ। ਪ੍ਰੋ. ਮੋਹਨ ਸਿੰਘ ਨੂੰ ਵੀ ਗੰਗਾ ਬਾਹਮਣੀ ਵਾਲੇ ਜ਼ਿਕਰ ਤੋਂ ਖੱਤਰੀ-ਖੱਤਰੀ ਕਰਨ ਲੱਗ ਪਿਆ ਸੀ। ਏਸੇ ਕਰਕੇ ਪ੍ਰੋ. ਸਾਹਿਬ ਨਾਲ਼ ਤੂੰ-ਤੂੰ ਮੈਂ ਮੈਂ ਵੀ ਹੋ ਗਈ ਸੀ। ਤੇ ਪ੍ਰੋ. ਮੋਹਨ ਸਿੰਘ ਦੀ ਨਰਾਜ਼ਗੀ ਵੀ ਝੱਲੀ ਸੀ। ਪਰ ਜਦੋਂ ਇਹ ਵਲੈਤ ਆਇਆ ਤਾਂ ਇਹ ਦਲਿੱਤਾਂ ਤੇ ਕੰਮੀਆਂ ਨੂੰ ‘ਸ਼ੁੱਧ ਮਜ਼ਦੂਰ’ ਜਮਾਤ ਕਹਿੰਦਾ ਸੀ; ਤੇ ਇਨ੍ਹਾਂ ਨੂੰ ਨਾਲ਼ ਲਏ ਬਿਨਾਂ ਇਨਕਲਾਬ ਸੰਭਵ ਨਹੀਂ ਹੋਣਾ। ਪੋਲਿਟੀਕਲੀ ਸਹੀ ਜ਼ੁਬਾਨ ਵਿਚ ਗੱਲਾਂ ਕਰਨ ਲੱਗ ਪਿਆ ਸੀ।

ਪਾਸ਼ ਨੇ ਕਿਸੇ ਹਮਲਾ ਕਰਨ ਆਏ ‘ਖਾਲਸਿਤਾਨੀ’ ਦਾ ਕਿੱਸਾ ਇਓਂ ਦੱਸਿਆ ਸੀ: ਕੋਈ ਮਾਝੇ ਵੱਲ ਦਾ ਨਵਾਂ ਬੰਦਾ ਕਈ ਦਿਨ ਇਲਾਕੇ ਵਿਚ ਤੁਰਿਆ ਫਿਰਦਾ ਰਿਹਾ। ਇਹ ਭਾਊ ਆਖੀ ਜਾਇਆ ਕਰੇ: ਮੈਂ ਪਟਵਾਰੀ ਨੂੰ ਮਿਲਣਾ, ਕਿਸੇ ਪਟਵਾਰੀ ਨੂੰ ਮਿਲਣਾ। ਉਨ੍ਹਾਂ ਦਿਨਾਂ ਵਿਚ ਕਿਸੇ ਅਣਜਾਣ ਮਝੈਲ ਦਾ ਇਲਾਕੇ ਵਿਚ ਤੁਰੇ ਫਿਰਨਾ ਸ਼ੱਕੀ ਹੀ ਹੋ ਸਕਣਾ ਸੀ। ਪਾਸ਼ ਨੂੰ ਸ਼ੱਕ ਪੈ ਗਿਆ, ਬਈ ਇਲਾਕੇ ਵਿਚ ਇਹ ਨਵਾਂ ਬੰਦਾ ਕਈਆਂ ਦਿਨਾਂ ਦਾ ਪਟਵਾਰੀ ਪਟਵਾਰੀ ਕਿਉਂ ਕਰਦਾ ਫਿਰਦਾ। ਕਿਤੇ ਕੋਈ ਕਾਰਾ ਹੀ ਨਾ ਕਰਨ ਆਇਆ ਹੋਵੇ। ਫਿਰਦਾ-ਫਿਰਾਉਂਦਾ, ਉਹ ਬੰਦਾ ਉੱਗੀ ਅੱਡੇ ’ਤੇ ਸਾਈਕਲ ਖਡ਼੍ਹਾ ਕਰਕੇ ਚਾਹ ਪੀਣ ਲੱਗ ਪਿਆ। ਇਨ੍ਹਾਂ ਦੀ ਆਪਸ ਵਿਚ ਪਹਿਲਾਂ ਹੀ ਜ਼ੁਜ ਰਲ਼ਾਈ ਹੋਈ ਸੀ। ਇਹ ਸਾਰੇ ਲਾਗੇ ਬੰਨੇ ਦੁਕਾਨਾਂ ਵਿਚ ਇਕ ਇਕ ਦੋ ਦੋ ਕਰਕੇ ਪਹਿਲਾਂ ਹੀ ਪਡ਼ਦੇ ਨਾਲ ਖਡ਼੍ਹੇ ਸੀ। ਜਦੋਂ ਪਤਾ ਲੱਗ ਗਿਆ ਕਿ ਹੁਣ ਉਹ ਅਵੇਸਲਾ ਹੋ ਗਿਆ ਤਾਂ ਇਹ ਇਕੱਲਾ ਇਕੱਲਾ ਕਰਕੇ ਉਸੇ ਚਾਹ ਵਾਲੀ ਦੁਕਾਨ ਵਿਚ ਚਲੇ ਗਏ। ਦੋ ਜਣੇ ਸਾਈਕਲ ਕੋਲ ਖਡ਼੍ਹੇ ਹੋ ਗਏ। ਉਸ ਭਾਈ ਨੂੰ ਫਡ਼ ਕੇ ਕਾਬੂ ਕਰ ਲਿਆ। ਦੋ ਚਾਰ ਜਡ਼ ਵੀ ਦਿੱਤੀਆਂ। ਇਨ੍ਹਾਂ ਦਾ ਸ਼ੱਕ ਠੀਕ ਨਹੀਂ ਸੀ। ਸਾਈਕਲ ਦੇ ਪਿੱਛੇ ਬੱਧਾ ਸਮਾਨ ਵੀ ਅਸਲਾ ਨਾ ਨਿਕਲਿਆ। ਬਾਅਦ ਵਿਚ ਪਤਾ ਲੱਗਾ ਕਿ ਉਹ ਬੰਦਾ ਤਾਂ ਸੱਚੀਓਂ ਹੀ ਆਪਣੀ ਜ਼ਮੀਨ ਦੇ ਝਗਡ਼ੇ ਦੇ ਮਾਮਲੇ ਵਿਚ ਕਿਸੇ ਪਟਵਾਰੀ ਦੀ ਰਾਏ ਭਾਲ਼ਦਾ ਫਿਰਦਾ ਸੀ। ਖਾਲਿਸਤਾਨੀਆਂ ਨੇ ਇਲਾਕੇ ਦੇ ਕਾਮਰੇਡਾਂ ’ਤੇ ਹਮਲੇ ਕਰਨੇ ਸ਼ੁਰੂ ਕੀਤੇ ਹੋਏ ਸੀ। ਕੁਝ ਸ਼ਹੀਦ ਵੀ ਕਰ ਦਿੱਤੇ। ਪਾਸ਼ ਦਾ ਨਾਂ ਵੀ ਲਿਸਟ ਵਿਚ ਸੱਭ ਤੋਂ ਉੱਤੇ ਪਾਇਆ ਹੋਇਆ ਸੀ। ਇਹਦਾ ਜ਼ਿਕਰ ਇਹ ਚਿੱਠੀਆਂ ਵਿਚ ਵੀ ਕਰਦਾ ਹੈ। ਚੌਕਸੀ ਦੇ ਬਾਵਜੂਦ ਵੀ ਖ਼ਤਰਾ ਤਾਂ ਸੀ ਹੀ। ਅਗਲਿਆਂ ਕੋਲ ਮਾਰੂ ਹਥਿਆਰ ਸੀ, ਪੈਸੇ ਸੀ, ਲੁਕਣਗਾਹਾਂ ਦੀ ਤੋਟ ਨਹੀਂ ਸੀ। ਸਰਕਾਰ ਬੇਅਸਰ ਹੋ ਗਈ ਸੀ ਤੇ ਪੁਲਸ ਇਨ੍ਹਾਂ ਤੋਂ ਆਪ ਤ੍ਰਿਹਿੰਦੀ ਸੀ ਤੇ ਟਾਲਾ ਵੱਟਦੀ ਸੀ।

ਪਾਸ਼ ਆਪਣੇ ਸਿਰ ਪਏ ਕਤਲ ਕੇਸ ਦਾ ਮਾਮਲਾ ਏਦਾਂ ਦੱਸਦਾ ਹੁੰਦਾ ਸੀ: ਕੁਝ ਲੋਕਾਂ ਦੀ ਨਕੋਦਰ ਲਾਗਲੇ ਦਲਿਤ ਭੱਠੇ ਮਾਲਕ ਨਾਲ ਕਿਡ਼੍ਹ ਸੀ। ਜ਼ਿਆਦਾ ਏਸ ਕਰਕੇ ਵੀ ਕਿ ਉਹ ਆਪ ਤਾਂ ਹੀਣੀ ਜ਼ਾਤ ਦਾ ਸੀ ਤੇ ਉਹਦੇ ਮੁਣਸ਼ੀ-ਮੁਨੀਮ ਉੱਚੀ ਜ਼ਾਤ ਦੇ। ਏਸੇ ਕਿਡ਼ ਵਿਚ ਮਾਲਕ ਦੇ ਮਤਹਿਤਾਂ ਨੇ ਝੂਠੀਆਂ ਸ਼ਿਕਾਇਤਾਂ ਘਡ਼ਨੀਆਂ ਸ਼ੁਰੂ ਕਰ ਦਿੱਤੀਆਂ ਸੀ। ਕਿਸੇ ਨਾ ਕਿਸੇ ਤਰ੍ਹਾਂ ਕਿਸੇ ਗਰੁੱਪ ਨਾਲ ਰਸਾਈ ਕਰ ਲਈ ਸੀ। ਤੋਹਮਤਾਂ ਲਾ ਕੇ ਉਹਨੂੰ ਵੱਡਾ ਸਰਮਾਏਦਾਰ ਦੁਸ਼ਮਣ ਗਰਦਾਨ ਲਿਆ ਸੀ। ਓਧਰੋਂ ਪਾਸ਼ ਤੇ ਚੰਦਨ ਵੀ ਘਰੇ ਬੈਠੇ ਸੀ। ‘ਗੁਰੀਲਿਆਂ’ ਨੇ ਬਿਨਾਂ ਪੁੱਛ ਪਡ਼ਤਾਲ ਕੀਤਿਆਂ ਭੱਠੇ ਮਾਲਕ ਨੂੰ ਗੋਲੀਆਂ ਮਾਰਕੇ ਉਹਦੀ ਬਿਨਾਂ ਵਜਾਹ ਹੱਤਿਆ ਕਰ ਦਿੱਤੀ ਸੀ। ਮੁਖ਼ਬਰ ਵੀ ਨਾਲ਼ ਹੀ ਸੀ। ਜਦੋਂ ਪਹਿਲੀ ਗੋਲੀ ਚੱਲੀ ਤਾਂ ਉਹ ਆਪ ਡਰਦਾ ਗਸ਼ ਖਾ ਕੇ ਡਿੱਗ ਪਿਆ ਸੀ। ਗੁਰੀਲਿਆਂ ਨੇ ਜਾਂਦੇ ਜਾਂਦੇ ਭੱਠੇ ਮਾਲਕ ਦੀ ਘਡ਼ੀ ਤੇ ਮੁੰਦੀ ਵੀ ਲਾਹ ਲਈ ਸੀ ਤੇ ਬਟੂਆ ਵੀ ਲੈ ਗਏ ਸੀ। ਪੁਲਸ ਨੇ ਦੂਏ ਤੀਜੇ ਦਿਨ ਪਾਸ਼ ਨੂੰ ਘਰੋਂ ਚੁੱਕ ਲਿਆ ਸੀ। ਚੰਦਨ ਨੇ ਪਾਸ਼ ਨੂੰ ਪੁਲਸ ਦੀ ਹਿਰਾਸਤ ਵਿਚ ਟੈਂਪੂ ਵਿਚ ਬੈਠੇ ਨੂੰ ਨਕੋਦਰ ਅੱਡੇ ਵਿਚ ਦੇਖ ਲਿਆ ਸੀ ਤੇ ਉਦੋਂ ਹੀ ਪਰੇ ਹੋ ਗਿਆ ਸੀ। ਹੋ ਸਕਦਾ ਪੁਲਸ ਨੂੰ ਅਸਲੀ ਵਾਰਦਾਤ ਕਰਨ ਵਾਲਿਆਂ ਦਾ ਪਤਾ ਵੀ ਹੋਵੇ ਪਰ ਪੁਲਸ ਨੇ ਇਹ ਕੇਸ ਪਾਸ਼ ਸਿਰ ਪਾ ਦਿੱਤਾ ਸੀ। ਇਹ ਜੇਲ੍ਹ ਚਲੇ ਗਿਆ ਸੀ। ਝੂਠ ਤਾਂ ਝੂਠ ਹੀ ਹੁੰਦਾ ਹੈ। ਕੇਸ ਚੱਲਿਆ ਤੇ ਇਹ ਬਰੀ ਹੋ ਗਿਆ। ਪਰ ਬੇਲੋਡ਼ਾ ਖਰਚਾ ਤੇ ਪਰੇਸ਼ਾਨੀ ਤਾਂ ਝੱਲਣੀ ਹੀ ਪਈ ਸੀ। ਨਿਹੱਕਾ ਬੰਦਾ ਮਾਰਿਆ ਗਿਆ ਤੇ ਉਹਦੇ ਕੁਝ ਰਿਸ਼ਤੇਦਾਰ ਲਹਿਰ ਵੱਲੋਂ ਮੂੰਹ ਮੋਡ਼ ਗਏ। ਘਰਦਿਆਂ ਨੂੰ ਵੱਖਰੀ ਔਖ ਹੋਈ।

ਪਾਸ਼ ਦਾ ਆਪਣਾ ਟੱਬਰ ਛੋਟਾ ਰਹਿ ਗਿਆ। ਇਹ ਆਪਣੀ ਧੀ ਵਿੰਕਲ ਦਾ ਬਹੁਤ ਤੇਹ ਕਰਦਾ ਸੀ। ਜਾਨੋਂ ਵੱਧ। ਬੱਚਿਆਂ ਦਾ ਮੋਹ ਸਾਰੇ ਮਾਂ ਬਾਪ ਕਰਦੇ ਹੁੰਦੇ ਨੇ। ਵਿੰਕਲ ਹੁਣ ਆਪ ਮਾਂ ਬਣ ਗਈ ਹੈ ਤੇ ਪਾਸ਼ ਨੇ ਹੁਣ ਨਾਨਾ ਬਣਿਆ ਹੋਣਾ ਸੀ। ਨਾਨਾ ਦੋਹਤਾ ਕਿਵੇਂ ਰਚਦੇ ਮਿਚਦੇ। ਆਪਣੀ ਅਣਸ ਨੂੰ ਅੱਗੇ ਵੱਧਦਾ ਦੇਖ ਕਿ ਉਹ ਕਿੱਦਾਂ ਸੋਚਦਾ? ਹੁਣ ਕਿਆਸ ਅਰਾਈਆਂ ਬਣ ਗਈਆਂ ਨੇ। ਆਪ ਹੁੰਦਾ ਤਾਂ ਦੱਸਦਾ, ਲਿਖਦਾ। ਖੁੱਲ੍ਹ ਕੇ ਬਿਆਨ ਕਰਦਾ।


ਅਸੀਂ ਆਪਣੇ ਸ਼ਹਿਰ ਸੰਤ ਰਾਮ ਉਦਾਸੀ ਦੀ ਯਾਦ ਵਿਚ ਫੰਕਸ਼ਨ ਕਰਨਾ ਸੀਪਾਸ਼ ਮੇਰੇ ਕੋਲ ਹੀ ਸੀ। ਮੈਂ ਕਿਹਾ, “ਕੋਈ ਨਵੀਂ ਕਵਿਤਾ ਪਡ਼੍ਹੀਂ।” ਏਥੇ ਹੀ ਪਾਸ਼ ਨੇ ‘ਸੱਭ ਤੋਂ ਖ਼ਤਰਨਾਕ’ ਕਵਿਤਾ ਲਿਖੀ। ਇਹ ਉਦਾਸੀ ਨੂੰ ਅਸਲ ਲੋਕ ਕਵੀ ਮੰਨਦਾ ਸੀ, ਉਹਦੀ ਸਿਫ਼ਤ ਵਿਚ ਬਹੁਤ ਕੁਝ ਕਹਿ ਜਾਂਦਾ ਸੀ। ਪਹਿਲਾਂ ਪਹਿਲਾਂ ਇਹ ‘ਸੁਪਨੇ’ ਤੇ “ਸੱਭ ਤੋਂ ਖ਼ਤਰਨਾਕ” ਇਕੱਠੀਆਂ ਹੀ ਪਡ਼੍ਹ ਦਿਆ ਕਰਦਾ ਸੀ; ਬਾਅਦ ਵਿਚ ਅੱਡ ਅੱਡ ਪਡ਼੍ਹਨੀਆਂ ਸ਼ੁਰੂ ਕਰ ਦਿੱਤੀਆਂ। ਨਿਆਰੀ ਗੱਲ ਇਹ ਹੋਈ ਕਿ ਇਸ ਕਵਿਤਾ ਨੂੰ ਆਮ ਅਨਪਡ਼੍ਹ ਤੇ ਘੱਟ ਪਡ਼੍ਹੇ ਲੋਕਾਂ ਨੇ ਵੀ ਬਹੁਤ ਸਰਾਹਿਆ। ਇਹਦੀ ਬਡ਼ੀ ਵਾਹ-ਵਾਹ ਬੱਲੇ-ਬੱਲੇ ਹੋਈ। ਪੰਜਾਹ ਸੱਠ ਬੰਦਿਆਂ ਦੇ ਇਕੱਠ ਨੇ ਮੁਡ਼ ਮੁਡ਼ ਕੇ ਪਡ਼੍ਹਨ ਦੀ ਸਿਫ਼ਾਰਸ਼ ਕੀਤੀ। ਬਾਕੀ ਦੀਆਂ ਕਵਿਤਾਵਾਂ ਇਹਨੇ ‘ਸਾਡੇ ਸਮਿਆਂ ਵਿਚ’ ਵਿੱਚੋਂ ਪਡ਼੍ਹ ਕੇ ਸੁਣਾਈਆਂ। ਪ੍ਰੋਗਰਾਮ ਕਾਮਯਾਬ ਹੋ ਗਿਆ ਸੀ। ਪਾਸ਼ ਬਹੁਤ ਖੁਸ਼ ਹੋਇਆ; ਅਸੀਂ ਵੀ ਸਾਰੇ ਖੁਸ਼ ਹੋਏ।

ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ ।

ਬੈਠੇ ਸੁੱਤਿਆਂ ਫਡ਼ੇ ਜਾਣਾ - ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿਚ ਮਡ਼੍ਹੇ ਜਾਣਾ - ਬੁਰਾ ਤਾਂ ਹੈ
ਸਭ ਤੋਂ ਖ਼ਤਰਨਾਕ ਨਹੀਂ ਹੁੰਦਾ ।

ਕਪਟ ਦੇ ਸ਼ੋਰ ਵਿਚ
ਸਹੀ ਹੁੰਦਿਆਂ ਵੀ ਦੱਬ ਜਾਣਾ, ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਵਿਚ ਪਡ਼੍ਹਨ ਲੱਗ ਜਾਣਾ - ਬੁਰਾ ਤਾਂ ਹੈ
ਸਭ ਤੋਂ ਖ਼ਤਰਨਾਕ ਨਹੀਂ ਹੁੰਦਾ ।

ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ,
ਨਾ ਹੋਣਾ ਤਡ਼ਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ’ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ ।

ਸਭ ਤੋਂ ਖ਼ਤਰਨਾਕ ਉਹ ਘਡ਼ੀ ਹੁੰਦੀ ਹੈ
ਤੁਹਾਡੇ ਗੁੱਟ ’ਤੇ ਚੱਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਦੇ ਲਈ ਖਡ਼੍ਹੀ ਹੁੰਦੀ ਹੈ ।

ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਦੇਖਦੀ ਹੋਈ ਵੀ ਠੰਡੀ ਯੱਖ਼ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆਂ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
ਜੋ ਚੀਜ਼ਾਂ ‘ਚੋਂ ਉੱਠਦੀ ਅੰਨ੍ਹੇਪਣ ਦੀ ਭਾਫ਼ ਉੱਤੇ ਡੁਲ ਜਾਂਦੀ ਹੈ
ਜੋ ਨਿੱਤ ਦਿਸਦੇ ਦੀ ਸਾਧਾਰਣਤਾ ਨੂੰ ਪੀਂਦੀ ਹੋਈ
ਇੱਕ ਮੰਤਕਹੀਣ ਦੁਹਰਾਅ ਦੇ ਗਧੀ-ਘੇਡ਼ ਵਿਚ ਹੀ ਰੁਲ ਜਾਂਦੀ ਹੈ ।

ਸਭ ਤੋਂ ਖ਼ਤਰਨਾਕ ਉਹ ਚੰਨ ਹੁੰਦਾ ਹੈ
ਜੋ ਹਰ ਕਤਲ ਕਾਂਡ ਦੇ ਬਾਅਦ
ਸੁੰਨ ਹੋਏ ਵਿਹਡ਼ਿਆਂ ਵਿਚ ਚਡ਼੍ਹਦਾ ਹੈ
ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲਡ਼ਦਾ ਹੈ ।

ਸਭ ਤੋਂ ਖ਼ਤਰਨਾਕ ਉਹ ਗੀਤ ਹੁੰਦਾ ਹੈ
ਤੁਹਾਡੇ ਕੰਨਾਂ ਤੱਕ ਪਹੁੰਚਣ ਲਈ
ਜਿਹਡ਼ਾ ਕੀਰਨਾ ਉਲੰਘਦਾ ਹੈ
ਡਰੇ ਹੋਏ ਲੋਕਾਂ ਦੇ ਬਾਰ ਮੂਹਰੇ -
ਜੋ ਵੈਲੀ ਦੀ ਖੰਘ ਖੰਘਦਾ ਹੈ ।

ਸਭ ਤੋਂ ਖ਼ਤਰਨਾਕ ਉਹ ਰਾਤ ਹੁੰਦੀ ਹੈ
ਜੋ ਪੈਂਦੀ ਹੈ ਜੀਉਂਦੀ ਰੂਹ ਦਿਆਂ ਆਕਾਸ਼ਾਂ ‘ਤੇ
ਜਿਹਦੇ ਵਿਚ ਸਿਰਫ਼ ਉੱਲੂ ਬੋਲਦੇ ਗਿੱਦਡ਼ ਹਵਾਂਕਦੇ
ਚਿਮਟ ਜਾਂਦੇ ਸਦੀਵੀ ਨੇਰ੍ਹ ਬੰਦ ਬੂਹਿਆਂ ਚੁਗਾਠਾਂ ‘ਤੇ

ਸਭ ਤੋਂ ਖ਼ਤਰਨਾਕ ਉਹ ਦਿਸ਼ਾ ਹੁੰਦੀ ਹੈ
ਜਿਹਦੇ ਵਿਚ ਆਤਮਾ ਦਾ ਸੂਰਜ ਡੁੱਬ ਜਾਵੇ
ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ
ਤੁਹਾਡੇ ਜਿਸਮ ਦੇ ਪੂਰਬ ਵਿਚ ਖੁੱਭ ਜਾਵੇ ।

ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ ।


ਨਾਂ ਕੁਨਾਂ ਧਰਨ ਵਿਚ ਵੀ ਪਾਸ਼ ਦਾ ਕੋਈ ਸਾਨੀ ਨਹੀਂ ਸੀ ਏਸ ਮਾਮਲੇ ਵਿਚ ਕਿਸੇ ਨੂੰ ਮਾਫੀ ਵੀ ਨਹੀਂ ਸੀ ਦਿੰਦਾ; ਆਪਣੇ ਆਪ ਨੂੰ ਵੀ ਨਹੀਂ। ਆਪਣੇ ਨਾਂ-ਕੁਨਾਂ ਬੂਟੀ ਰਾਮ ਹਾਂਡਾ, ਤੀਰਥ ਰਾਮ, ਦੁਆਬੀਆ, ਤੀਰਥ ਰਾਮ ਇਹਦੇ ਆਪੇ ਰੱਖੇ ਹੋਏ ਸੀ। ਬਟਾਲਵੀ ਨੂੰ ਸ਼ਿਵ ਸਿਓਂ ਤੇ ਪ੍ਰੋ. ਮੋਹਨ ਸਿੰਘ ਨੂੰ ਮੋਹਨ ਲਾਲ। ਗਿੱਦਡ਼ ਸਿੰਘ ਭੱਖਡ਼ਾ ਤੋਂ ਲੈ ਕੇ ਹੋਰ ਕਈ ਨਾ ਕੁਨਾਂ ਧਰੇ ਹੋਏ ਸੀ। ਇਹਦਾ ਮੁੱਖ ਕਾਰਨ ਤਾਂ ਚਿੱਤ ਖੁਸ਼ ਕਰਨਾ ਹੀ ਹੁੰਦਾ ਸੀ ਜਾਂ ਨਾਂ ਦੇ ਮਤਲਬ ਤੋਂ ਉਲਟ ਸਖ਼ਸ਼ ਦੀ ਅਸਲ ਤਰਜ਼ਮਾਨੀ।

ਪਾਸ਼ ਦੱਸਦਾ ਸੀ ਕਿ ਇਹ ਪਹਿਲਾਂ ਚੰਦਨ ਦੇ ਬਾਪ ਦਾ ਮਿੱਤਰ ਸੀ ਤੇ ਇਨ੍ਹਾਂ ਦੇ ਘਰ ਆਉਣ ਜਾਣ ਸੀ। ਨਕਸਲਬਾਡ਼ੀ ਲਹਿਰ ਉੱਠੀ ਤਾਂ ਨੇਡ਼ ਅਮਰਜੀਤ ਨਾਲ ਹੋ ਗਿਆ - ਬਹੁਤ ਜ਼ਿਆਦਾ ਨੇਡ਼। ਲੇਖਕਾਂ ਵਿੱਚੋਂ ਇਹ ਹੀ ਇਕ ਦੂਜੇ ਨੂੰ ਸੱਭ ਤੋਂ ਵੱਧ ਜਾਣਦੇ ਹੋਣੇ ਆਂ। ਏਸੇ ਨੇਡ਼ਤਾ ਕਾਰਨ ਇਹ ਜਾਣਦਾ ਸੀ, ਚੰਦਨ ਦਾ ਸੁਭਾਅ ਗੁਸੈਲਾ ਕਿਉਂ ਹੈ। ਇਹ ਅਧੀਰ ਕਿਉਂ ਹੈ। ਇਨ੍ਹਾਂ ਦੀ ਆਪਸ ਵਿਚ ਦੂਰੀ ਵੀ ਵਧੀ ਪਰ ਅੰਦਰੋਂ ਨੇਡ਼ਤਾ ਬਣੀ ਰਹੀ। ਲੰਡਨ ਆ ਕੇ ਵੀ ਸ਼ਕੁੰਤਲਾ ਚੰਦਨ (ਬੀਵੀ ਅਮਰਜੀਤ ਚੰਦਨ) ਦੇ ਖਾਣ-ਪਕਵਾਨਾਂ ਦੀਆ ਸਿਫ਼ਤਾਂ ਕਰਦਾ ਥੱਕਦਾ ਨਹੀਂ ਸੀ ਤੇ ਗੋਪਾਲ ਸਿੰਘ ਚੰਦਨ ਨਾਲ ਨੇਡ਼ਤਾ ਦੀਆਂ ਗੱਲਾਂ ਦੱਸਦਾ; ਪਹਿਲਾਂ ਇਹ ਆਪ ਵੀ ਸੀ ਪੀ ਆਈ ਦਾ ਮੈਂਬਰ ਹੁੰਦਾ ਸੀ। ਮੈਂਬਰ ਕੀ ਲੀਡਰਾਂ ਵਿੱਚੋਂ ਸੀ; ਸਕੂਲ ਵੀ ਲਾਉਂਦਾ ਰਿਹਾ ਸੀ। ਚੰਦਨਵਾਡ਼ੀ ਵਿਚ ਇਹਦਾ ਆਉਣ-ਜਾਣ ਮਿਲਣ-ਗਿਲਣ ਸੀ।


ਸੀ ਪੀ ਆਈ ਤੋਂ ਐਮ ਐਲ ਵਿਚ ਆਉਣ ਦਾ ਕਾਰਣ ਦੱਸਦਾ ਹੁੰਦਾ ਸੀ ਕਿ ਇਹ ਜਿਹਲ ਵਿਚ ਹੀ ਸੀ। ਇਹਨੇ ਗਰਮਾਈ ਵਿਚ ਆ ਕੇ ਨਕਸਲਬਾਡ਼ੀ ਦੇ ਹੱਕ ਵਿਚ ਨਾਹਰੇ ਮਾਰ ਦਿੱਤੇ। ਜਗਜੀਤ ਸਿੰਘ ਆਨੰਦ ਵੀ ਉਸੇ ਜੇਹਲ ਵਿਚ ਸੀ। ਉਹਨੇ ਬੁਰਾ ਮਨਾਇਆ। ਇਹਨੂੰ ਘੂਰਿਆ ਤੇ ਥੱਪਡ਼ ਮਾਰ ਦਿੱਤਾ। ਇਹ ਖੁੱਲ੍ਹ ਕੇ ਨਕਸਲਬਾਡ਼ੀ ਮੂਵਮੈਂਟ ਵੱਲ ਨੂੰ ਹੋ ਤੁਰਿਆ। ਅੱਗੇ ਤਾਂ ਸਭ ਪਤਾ ਹੀ ਹੈ। ਮੈਨੂੰ ਦੱਸੀ ਏਸ ਗੱਲ ਦਾ ਚੈਨ ਸਿੰਘ ਚੈਨ ਦੀ ਅਸਤੀਫੇ ਵਾਲ਼ੀ ਲਿਖੀ ਚਿੱਠੀ ਵਿਚ ਜ਼ਿਕਰ ਨਹੀਂ ਹੈ।

ਮੇਰੇ ਕੋਲ ਰਹਿੰਦਿਆਂ ਕਹਿੰਦਾ: ਚੱਲ ਬੁਲੰਦਿਆਂ ਵਾਲੇ ਦਰਸ਼ਨ ਕੋਲ ਚਲਦੇ ਆਂ – ਮੈਨੂੰ ਸਮੁੰਦਰ ਬਹੁਤ ਚੰਗਾ ਲੱਗਦਾ। ਮੈਂ ਕੰਮ ਦੇ ਹਿਸਾਬ ਨਾਲ ਸਕੀਮ ਬਣਾ ਲਈ। ਅਸੀਂ ਦੋਵੇਂ ਰੇਲ ਗੱਡੀਏ ਚਡ਼੍ਹ ਕੇ ਗਏ। ਜਦੋਂ ਲੰਡਨ ਲਾਗੇ ਪਹੁੰਚੇ ਤਾਂ ਕਹਿੰਦਾ ਚੰਦਨ ਨੂੰ ਵੀ ਲੈ ਚੱਲਦੇ ਆਂ। ਉਹਨੂੰ ਫੋਨ ਕੀਤਾ ਤਾਂ ਚੰਦਨ ਦਾ ਮਨ ਤਾਂ ਜਾਣ ਨੂੰ ਬਹੁਤ ਤਾਹੂੰ ਸੀ ਪਰ ਉਹਦੇ ਪੁੱਤ ਦੀ ਜਨਮ ਦਿਨ ਪਾਰਟੀ ਚੱਲਦੀ ਸੀ। ਕਹਿੰਦਾ: ਜੇ ਪਹਿਲਾਂ ਦੱਸਿਆ ਹੁੰਦਾ ਤਾਂ ਕੋਈ ਬਦਲ ਫੇਰ ਕਰਕੇ ਚਲੇ ਜਾਣਾ ਸੀ।


ਨਿਰਾਸ਼ਾ ਵਾਲੇ ਦਿਨਾਂ ਦੀਆਂ ਗੱਲਾਂ ਕਰਦਾ ਪਾਸ਼ ਦੱਸਦਾ ਸੀ ਕਿ ਉਦੋਂ, ਇਹਦਾ ਮਨ ਜਿਨ੍ਹਾਂ ਨਾਲ਼ ਅੱਖ ਵਲ਼ ਸੀ ਉਨ੍ਹਾਂ ਦੇ ਗਲ਼ ਪੈਣ ਨੂੰ ਕਰਦਾ ਰਹਿੰਦਾ ਹੁੰਦਾ ਸੀ। ਮਨ ਤੇ ਹੋਰ ਵੀ ਕਈ ਭਾਰ ਸੀ। ‘ਦੇਹ ਨੂੰ ਕਈ ਵੈਲ’ ਵੀ ਲਾਏ ਹੋਏ ਸੀ। ਉੱਗੀਓਂ ਸਾਈਕਲ ’ਤੇ ਆਉਣਾ ਤਾਂ ਦਾਹ (ਦਾਤ) ਮੋਹਰੇ ਹੈਂਡਲ ਵਿਚ ਟੰਗਿਆ ਹੋਣਾ; ਕਦੇ ਹੱਥ ਵਿਚ ਹੋਣਾ; ਤੇ ਕਦੇ ਹੱਥ ਛੱਡ ਕੇ ਸਾਈਕਲ ਚਲਾਉਂਦਿਆਂ, ਗਤਕੇ ਵਾਲਿਆਂ ਵਾਂਗੂ ਘੁੰਮਾਉਂਦੇ ਆਉਣਾ। ਕਈ ਵਾਰ ਚੀਕਾਂ ਲਲਕਾਰੇ ਵੀ ਮਾਰਨੇ। ਅੰਦਰੋਂ ਤਾਂ ਇਹਨੂੰ ਖ਼ਬਰ ਸੀ ਕਿ ਇਹ ਵਰਤਾਰਾ ਠੀਕ ਨਹੀਂ। ਪਰ ਹਾਲਾਤ ਬੰਦੇ ਦਾ ਸੱਭ ਕੁਝ ਕਾਬੂ ਵਿਚ ਨਹੀਂ ਰਹਿਣ ਦਿੰਦੇ। ਪਾਸ਼ ਦੀਆਂ ਆਪਣੇ ਨੇਡ਼ੇ ਦੇ ਬੰਦਿਆਂ ਨਾਲ਼ ਊਤ੍ਹ ਆਤ੍ਹ ਕਰਨ ਦੀਆਂ ਗੱਲਾਂ ਵੀ ਕਹੀਆਂ ਸੁਣੀਆਂ ਜਾਂਦੀਆਂ ਨੇ ਤੇ ਚੰਗੇ ਭਲੇ ਬੰਦਿਆਂ ਨੂੰ ਨਿਗੂਣੇ ਸਮਝਣ ਕਰਾਰ ਦੇਣ ਦੀਆਂ ਵੀ।

ਇਹ ਅਗਲੀ ਵਾਰ ਆਇਆ ਤਾਂ ਮੇਰੀ ਨਾਨੀ ਵੀ ਮੇਰੇ ਕੋਲ ਆਈ ਹੋਈ ਸੀ। ਜਸਬੀਰ ਤੇ ਮੈਂ ਸਵੇਰੇ ਕੰਮ ’ਤੇ ਚਲੇ ਜਾਂਦੇ; ਬੱਚੇ ਸਕੂਲੇ ਚਲੇ ਜਾਂਦੇ। ਨਾਨੀ ਘਰੇ ਹੁੰਦੀ ਸੀ। ਇੱਕ ਦਿਨ ਮੈਨੂੰ ਕਹਿੰਦੀ ਇਹ ਤੇਰਾ ਦੋਸਤ ਕਿੱਦਾਂ ਦਾ ਹੈ; ਨਾ ਰੋਟੀ ਖਾਂਦਾ, ਨਾ ਚਾਹ ਪੀਂਦਾ, ਬੱਸ ਕਿਤਾਬਾਂ ਨਾਲ਼ ਹੀ ਮੱਥਾ ਮਾਰੀ ਜਾਂਦਾ ਰਹਿੰਦਾ। ਸਾਡੇ ਕੰਮੀ ਤੁਰ ਜਾਣ ਤੋਂ ਬਾਅਦ ਪਾਸ਼ ਕਮਰੇ ਵਿੱਚੋਂ ਬਾਹਰ ਨਾ ਨਿਕਲਦਾ। ਪਡ਼੍ਹਨ ਲਿਖਣ ਵਿਚ ਹੀ ਰੁੱਝਾ ਰਹਿੰਦਾ।


ਜਦੋਂ ਕੈਲੈਫੋਰਨੀਆਂ ਤੋਂ ਮੁਡ਼ ਕੇ ਦੂਜੀ ਵਾਰ ਆਇਆ ਤਾਂ ਬਹੁਤ ਸਾਰਿਆਂ ਨੂੰ ਮਿਲਿਆ, ਸਣੇ ਸ਼ੇਰ ਜੰਗ ਜਾਂਗਲੀ ਦੇ। ਇਹਦੀ ਜੈ ਜੈ ਕਾਰ ਹੋਣ ਕਰਕੇ ਸਾਰੇ ਜਾਣਦੇ ਸੀ ਤੇ ਕੁਝ ਨੇਡ਼ਤਾ ਕਰਕੇ ਵੀ। ਜਾਂਗਲੀ ਤਾਂ ਪਹਿਲਾਂ ਹੀ ਜਾਣਦਾ ਸੀ; ਸੱਭ ਜਾਣਦੇ ਨੇ ਜਾਂਗਲੀ ਜਜ਼ਬਾਤੀ ਵੀ ਬਹੁਤ ਸੀ- ਸਿਰੇ ਦਾ। ਇਹਨੇ ਪਾਸ਼ ਨੂੰ ਪਹਿਲੀਆਂ ਵਿਚ ਕਿਤੇ ਘਡ਼ੀ ਘੱਲੀ ਸੀ, ਸ਼ਾਇਦ ਹੋਰ ਕੁਛ ਵੀ ਘੱਲਿਆ ਹੋਊ। ਜਾਂਗਲੀ ਦੇ ਮੂੰਹੋਂ ਦੋ ਤਿੰਨ ਵਾਰ ਘਡ਼ੀ ਦਾ ਕਹਿ-ਸੁਣਾ ਹੋ ਗਿਆ ਤੇ ਪਾਸ਼ ਨੇ ਖਿੱਝ ਕੇ ਕਹਿ ਦਿੱਤਾ, ਉਹ ਘਡ਼ੀ ਵਾਪਿਸ ਲੈ ਲਵੇ। ਨਿੱਕੀ ਜਿਹੀ ਗੱਲ ਤੋਂ ਗੱਲ ਵਧਦੀ ਵਧਦੀ, ਵਧੀ ਗਈ। ਤਕਰਾਰ ਹੋ ਗਿਆ। ਆਖਿਰ ਜਾਂਗਲੀ ਨੇ ਸਿਰੇ ਦੀ ਗੱਲ ਕਹਿ ਦਿੱਤੀ: ਉੱਠੋ, ਮੇਰੇ ਘਰੋਂ ਨਿੱਕਲ਼ ਜਾਓ। ਪਾਸ਼ ਏਸ ਵਕੂਏ ਦੇ ਮਜ਼ਾਹੀਏ ਪੱਖ ਨੂੰ ਮੁਸਕਡ਼ੀਏ ਹੱਸਦਾ ਇਉਂ ਦੱਸਦਾ ਹੁੰਦਾ ਸੀ: ਜਾਂਗਲੀ ਲੋਹਾ ਲਾਖਾ ਹੋਇਆ ਪਿਆ ਸੀ – ਬਹੁਤ ਨਰਾਜ਼। ਨੱਕੋਂ ਠੂੰਹੇ ਸਿੱਟੇ। ਕਹਿੰਦਾ ਹੁਣੇ ਨਿਕਲ ਜਾਓ, ਮੇਰੇ ਘਰੋਂ। ਜਦੋਂ ਮੈਂ ਉੱਠ ਪਿਆ ਤਾਂ ਸਤਿੰਦਰ ਸਿੱਧੂ ਬੈਠਾ ਰਿਹਾ। ਰਾਜ਼ੀ ਨਾਵਾਂ ਕਰਵਾਉਣ ਨੂੰ। ਇਹ ਕਹਿੰਦਾ: ਕਾਮਰੇਡ ਆਪਾਂ ਨੂੰ ਏਦਾਂ ਨਹੀਂ ਕਰਨੀ ਚਾਹੀਦੀ, ਆਪਾਂ ਸਾਰੇ ਸਿਆਣੇ ਬੰਦੇ ਹਾਂ। ਚੰਗੀਆਂ ਗੱਲਾਂ ਕਰਨੀਆਂ ਚਾਹੀਦੀਆਂ। ਨਿੱਕੀਆਂ ਨਿੱਕੀਆਂ ਗੱਲਾਂ ਛੱਡ ਦੇਣੀਆਂ ਚਾਹੀਦੀਆਂ। ਸਤਿੰਦਰ ਨੂੰ ਅੱਧੀ ਰਾਤੇ ਘਰੋਂ ਨਿਕਲਣ ਦਾ ਸੰਸਾ ਸੀ। ਪਤਾ ਨਹੀਂ ਕਿਤੇ ਹੋਰ ਠਾਹਰ ਕਦ ਮਿਲ਼ਦੀ – ਮਿਲਦੀ ਵੀ ਕਿ ਨਾ। ਤੇ ਜਾਂਗਲੀ ਪੂਰਾ ਤਪਿਆ ਹੋਇਆ ਸੀ। ਉਹ ਕਿੱਥੇ ਮੰਨਣ ਵਾਲਾ ਸੀ। ਸਿਰੇ ਦਾ ਭਾਵੁਕ ਜਾਂਗਲੀ ਗੁੱਸੇ ‘ਚ ਅਗਨ ਰੂਪ ਹੋ ਜਾਂਦਾ ਸੀ। ਉਹ ਸਤਿੰਦਰ ਵੱਲ ਨੂੰ ਹੱਥ ਕਰਕੇ ਕਹਿੰਦਾ: ਚਲੋ ਜੀ, ਤੁਸੀਂ ਵੀ ਚੱਲੋ। ਜਾਂਗਲੀ ਦੀ ਸਾਂਗ ਲਾ ਕੇ, ਏਨੀ ਗੱਲ ਕਰਕੇ ਪਾਸ਼ ਨੇ ਖਿਡ਼ਕੇ ਹੱਸ ਪੈਣਾ।

ਦੂਜੀ ਵਾਰ ਏਥੇ ਆਇਆ ਤਾਂ ਇਹ ‘ਦੇਸ ਪ੍ਰਦੇਸ’ ਦੇ ਦਫ਼ਤਰ ਵੀ ਚਲਾ ਗਿਆ। ਦਾਰੂ ਤਾਂ ਦੋਹਾਂ ਨੇ ਪੀਣੀ ਸੀ। ਪੁਰੇਵਾਲ ਆਪ ਵੀ ਦਾਰੂ ਦਾ ਸ਼ੌਕੀਨ ਸੀ। ਇਨ੍ਹਾਂ ਦਾ ਕੋਈ ਪੁਰਾਣਾ ਹਿਸਾਬ-ਕਿਤਾਬ ਵੀ ਸੀ। ਪ੍ਰਾਹੁਣਚਾਰੀ ਵਿਚ ਤੇ ਗੱਲਾਂਬਾਤਾਂ ਵਿਚ ਪਾਸ਼ ਨੂੰ ਟੋਹਣਾ ਵੀ ਚਾਹੁੰਦਾ ਸੀ। ਪੁਰੇਵਾਲ ਵਿਚੇ ਸਕੀਮਾਂ ਦੱਸੇ ਕਿ ਮੈਂ ਅੰਗ਼ਰੇਜ਼ੀ ਦਾ ਪਰਚਾ ਸ਼ੁਰੂ ਕਰਨਾ ਚਾਹੁੰਨਾ; ਦੇਰ ਦੀ ਰੀਝ ਹੈ, ਮੇਰੀ। ਪੰਜਾਬੀ ਪਰਚੇ ਵਾਲਾ ਕੰਮ ਕਿਸੇ ਹੋਰ ਨੂੰ ਸੰਭਾਲ ਦੇਵਾਂ ਤਾਂ ਇਹ ਕੰਮ ਹੋਊ। ਪਾਸ਼ ਤਾਂ ਕਿਸੇ ਹੋਰ ਕੰਮ ਗਿਆ ਸੀ। ਪੀਤੀ ਤੋਂ ਪੁਰਾਣੀਆਂ ਗੱਲਾਂ ਮੋਹਰੇ ਆ ਗਈਆਂ। ਇਹ ਪੁਰੇਵਾਲ ਨੂੰ ਕਹਿੰਦਾ: ਤੂੰ ਲੋਕਾਂ ਕੋਲ਼ ਰੌਲਾ ਪਾਉਨਾ ਫਿਰਦਾਂ ਕਿ ਮੈਂ ਤੇਰੇ ਪੈਸੇ ਮਾਰ ਲਏ, ਦੱਸ ਕਿਹਡ਼ੇ ਪੈਸੇ ਮਾਰੇ ਤੇਰੇ, ਨਾਲੇ ਕਿੰਨੇ? ਪੁਰੇਵਾਲ ਨੇ ਵੀ ਘਾਟ ਘਾਟ ਦਾ ਪਾਣੀ ਪੀਤਾ ਹੋਇਆ ਸੀ। ਕਹਿੰਦਾ: ਦੇਖ, ਜੇ ਮੈਂ ਇਹ ਗੱਲ ਪਹਿਲਾਂ ਨਾ ਕਹਿੰਦਾ ਤਾਂ ਤੂੰ ਵੀ ਕਹਿਣਾ ਸੀ ਕਿ ਪੁਰੇਵਾਲ ਨੇ ਮੇਰੇ ਪੈਸੇ ਨਹੀਂ ਦਿੱਤੇ। ਮੈਂ ਪਹਿਲਾਂ ਹੀ ਕਹਿਤਾ, ਹੁਣ ਤੇਰੇ ਕਹੇ ਨੇ ਕੋਈ ਅਸਰ ਨਹੀਂ ਸੀ ਕਰਨਾ। ਇਹ ਤੱਤਾ ਠੰਢਾ ਵੀ ਬੋਲਿਆ। ਪੀਤੀ ਤੋਂ ਇਹਨੇ ‘ਦੇਸ ਪ੍ਰਦੇਸ’ ਦੇ ਪਰਚੇ ਚੱਕ ਕੇ ਵਗਾਹ ਕੇ ਸੁੱਟ ਦਿੱਤੇ ਤੇ ਤਾਅ ਵਿਚ ਉੱਠ ਕੇ ਆ ਗਿਆ। ਉਹਨੇ ਕੁਝ ਦਿਨਾਂ ਬਾਅਦ ਖ਼ਬਰ ਲਾ ਦਿੱਤੀ ਕਿ ਪਾਸ਼ ਮੇਰੇ ਦਫ਼ਤਰੋਂ ਕਈ ਦੁਰਲੱਭ ਅੰਕ ਚੁੱਕ ਕੇ ਲੈ ਗਿਆ ਹੈ। ਪੰਜਾਬੀ ਪਰਚਿਆਂ ਦੇ ਅੰਕਾਂ ਦੀ ਵੁੱਕਤ ਦਾ ਸਭ ਨੂੰ ਪਤਾ ਹੀ ਹੈ। ਬਾਅਦ ਇਸੇ ਸੰਪਾਦਕ ਦਾ ਕਤਲ ਹੋ ਗਿਆ ਸੀ। ਕਾਤਲਾਂ ਦਾ ਅਜੇ ਤਾਈਂ ਵੀ ਪਤਾ ਨਹੀਂ ਲੱਗਾ। ਦੰਦ-ਕਥਾਵਾਂ ਦੀ ਕਹੀਏ ਤਾਂ ਖਾਲਿਸਤਾਨੀ ਗਰਮਦਲੀਆਂ ’ਤੇ ਹੀ ਸ਼ੱਕ ਕੀਤਾ ਜਾ ਰਿਹਾ ਸੀ; ਜਿੰਨੇ ਮੂੰਹ ਓਨੀਆਂ ਗੱਲਾਂ। ਬਾਕੀ ਤਾਂ ਵਾਹਿਗੁਰੂ ਜਾਣੇ।


ਜਦ ਪਾਸ਼ ਆਇਆਆਈ ਡਬਲਿਊ ਏ’  ਦੀ ਸੈਂਟਰ ਕਮੇਟੀ ਦੀ ਮੀਟਿੰਗ ਸਾਡੇ ਸ਼ਹਿਰ ਸੀ; ਮੇਰੇ ਘਰੇ । ਇਹਦੇ ਨਾਲ ਕਨੇਡੇ ਤੋਂ ਸਤਿੰਦਰ ਸਿੱਧੂ ਵੀ ਤੁਰਦਾ ਫਿਰਦਾ ਨਾਲ ਆ ਰਲ਼ਿਆ ਸੀ। ਪਾਸ਼ ਆਪਣੇ ਮਨਸ਼ੇ ਨਾਲ ਆਇਆ ਸੀ - ਕੋਈ ਵੱਡਾ ਪਰਚਾ ਕੱਢਣ ਦਾ ਪ੍ਰੋਗਰਾਮ ਮਨ ਵਿਚ ਰੱਖਿਆ ਹੋਇਆ ਸੀ। ਸਤਿੰਦਰ ਦਾ ਆਪਣਾ ਹੀ ‘ਏਜੰਡਾ’ ਸੀ, ਕੋਈ ਹੋਰ; ਸ਼ਾਇਦ ‘ਬਹੁਤ ਵੱਡਾ’। ਅਮਰੀਕਾ ਵਿਚ ਖੁੱਲ੍ਹੇ ਆਮ ਤਾਂ ਕੰਮ ਨਹੀਂ ਸੀ ਹੋ ਸਕਣਾ। ਐਂਟੀ ਫੋਰਟੀ ਸੈਵਨ  ਦੇ ਨਾਂ ਥੱਲੇ ਹੀ ਪੰਜਾਬ ਨੂੰ ਦੋ ਧਾਰੀ ਦਹਿਸ਼ਤਗਰਦੀ ਤੋਂ ਬਚਾਉਣ ਦਾ ਕੰਮ ਕਰਨ ਦਾ ਇਰਾਦਾ ਸੀ। ਸਤਿੰਦਰ ਸਿੱਧੂ ਨਾਲ਼ ਸਾਰਾ ਏਜੰਡਾ ਹੀ ਗੰਧਲਾ ਹੋ ਗਿਆ। ਪਾਸ਼ ਦਾ ਨਾਂ ਵੱਡਾ ਸੀ। ਸੱਭ ਜਾਣਦੇ ਹੀ ਸੀ। ਮਿਲ ਕੇ ਖੁਸ਼ ਹੋਏ ਨਾਲੇ ਪ੍ਰਭਾਵਿਤ ਵੀ। ਪਰ ਗੱਲ ਓਨੀ ਖੁੱਲ੍ਹ ਕੇ ਨਾ ਹੋਈ, ਜਿੰਨੀ ਦੀ ਇਹ ਆਸ ਲੈ ਕੇ ਆਇਆ ਸੀ। ਸਤਿੰਦਰ ਨੇ ਆਪਣੀ ਗੱਲ ਛੋਹ ਲਈ। ਵਿਆਹ ਵਿਚ ਬੀ ਦਾ ਰੌਲ਼ਾ ਪੈ ਗਿਆ ਸੀ। ਬਾਅਦ ਵਿਚ ਵਲੈਤ ਤੋਂ ਕੁਝ ਬੰਦਿਆਂ ਦੇ ਨਾਂ ਪਾ ਕੇ ‘ਐਂਟੀ ਫੋਰਟੀ ਸੈਵਨ’ ਲਡ਼ੀ ਕੱਢ ਲਈ ਗਈ ਸੀ।

ਇਸ ਵਾਰੀ ਪਾਸ਼ ਆਇਆ ਤਾਂ ਖਾਲਿਸਤਾਨੀਆਂ ਨਾਲ ਵਲੈਤ ਦੇ ਕਾਮਰੇਡਾਂ ਦਾ ਪੇਚਾ ਪੈ ਗਿਆ ਸੀ। ਅਣਚਾਹਿਆ ਆਖ਼ਰੀ ਭੇਡ਼ ਬ੍ਰਮਿੰਘਮ ਹੋਇਆ। ਉਸ ਦਿਨ ਪਾਸ਼ ਆਪ ਤਾਂ ਬ੍ਰਮਿੰਘਮ ਨਹੀਂ ਸੀ। ਜਦੋਂ ਦੂਜੇ ਦਿਨ ਪਹੁੰਚਾ ਤਾਂ ਹੱਟੀਆਂ-ਭੱਠੀਆਂ ਤੇ ਲੋਕਾਂ ਦੀਆਂ ਚਟਕਾਰੇ ਲੈ ਲੈ ਕੀਤੀਆਂ ਗੱਲਾਂ ਸੁਣ ਕੇ ਖ਼ੁਸ਼ ਹੋਇਆ। ਬਰਮਿੰਘਮ ਵਾਲੇ ਸਾਥੀਆਂ ਨੂੰ ਇਹ ਪਹਿਲਾਂ ਵੀ ਮਿਲ ਚੁੱਕਾ ਸੀ। ਉਨ੍ਹਾਂ ਨਾਲ਼ ਬਹਿਣ ਉੱਠਣ ਵੀ ਹੋ ਗਿਆ ਸੀ – ਇਹ ਉਨ੍ਹਾਂ ਦੇ ਕੰਮ ਤੋਂ ਮੁਤਾਸਿਰ ਸੀ। ਪਰ ਭੇਡ਼ ਦੀ ਖ਼ਬਰ ਸੁਣ ਕੇ ਬਹੁਤਾ ਖ਼ੁਸ਼ ਹੋਇਆ ਕਰੇ। ਆਪ ਵੀ ਸੁਆਦ ਨਾਲ਼ ਗੱਲ ਸੁਣਾਇਆ ਕਰੇ। ਕਹਾਣੀ ਪਾਉਣ ਦਾ ਉਹਨੂੰ ਵੱਲ ਸੀ। ਲਮਕਾਅ ਲਮਕਾਅ ਕੇ ਗੱਲਾਂ ਦੱਸਦਾ ਹੱਸਿਆ ਕਰੇ। ਬਡ਼ਾ ਖ਼ੁਸ਼ ਹੋਇਆ ਕਰੇ।


ਅਮਰੀਕਾ ਜਾ ਕੇ ਮਿਥੀ ਸਕੀਮ ਅਨੁਸਾਰ ਪਰਚਾ ਕੱਢਿਆਇਹ ਪਰਚਾ ਵੀ ਅਮਰੀਕੀ ਖਾਲਿਸਤਾਨੀਆਂ ਦੇ ਬਹੁਤ ਚੁੱਭਿਆ। ਦਲੀਲ ਨਾਲ ਕੀਤੀਆਂ ਗੱਲਾਂ ਨਾਲ਼ ਜੁਆਬ ਤਾਂ ਕਿਸੇ ਨੂੰ ਅਹੁਡ਼ਿਆ ਨਾ। ਓਦਾਂ ਹੀ ਖਾਰ ਖਾਣ ਲੱਗ ਪਏ। ਦਬਕੇ ਧਮਕੀਆ ਦੇਣ ਲੱਗ ਪਏ। ਇਹਦੇ ਦੋ ਤਿੰਨ ਅੰਕ ਨਿੱਕਲੇ। ਪਰ ਧਾਂਕ ਬੈਠ ਗਈ। ਬਡ਼ੇ ਸਲਾਹੇ ਗਏ – ਲਿਖਣ ਢੰਗ ਕਰਕੇ, ਵਿਸ਼ੇ-ਸਮੱਗਰੀ ਕਰਕੇ। ਪਾਸ਼ ਦਾ ਨਾਂ ਕਰਕੇ ਵੀ। ਹੋਰ ਸਾਂਝੀਵਾਲਾਂ ਦੇ ਨਾਂ ਵੀ ਲਿਖੇ ਹੋਏ ਸੀ- ਵਲੈਤ ਵਿਚ ਤਿੰਨ ਨਾਂ ਸੀ ਅਮਰਜੀਤ ਤੇ ਇਕ ਕਿਸੇ ਹੋਰ ਦਾ਼; ਮੇਰਾ ਵੀ ਵਿੱਚੇ ਸੀ।

ਅਸੀਂ ਅਗਲੀ ਵਾਰ ਕੈਲੈਫੋਰਨੀਆਂ ਵਿਚ ਮਿਲਣ ਦੀ ਸਕੀਮ ਬਣਾ ਲਈ। ਇਹ ਮੈਨੂੰ ਪੱਕਾ ਕਰਕੇ ਗਿਆ ਕਿ ਮੈਂ ਅਮਰੀਕਾ ਜ਼ਰੂਰ ਆਵਾਂ। ਮੈਂ ਗਿਆ ਵੀ। ਪਰ ਉਦੋਂ ਤੀਕ ਪਾਸ਼ ਦਹਿਸ਼ਤਗਰਦੀ ਨੇ ਪੰਜਾਬੀਆਂ ਤੋਂ ਖੋਹ ਲਿਆ ਸੀ। ਜਦ ਮੈਂ ਬੇਕਰਜ਼ਫੀਲਡ ਧੀਦੋ ਦੇ ਘਰ ਪਹੁੰਚਾ ਤਾਂ ਅੰਦਰੋਂ ਰਾਣੀ ਭੱਜ ਕੇ ਦੇਖਣ ਆਈ। ਮੈਨੂੰ ਲੱਗਿਆ ਇਹ ਸੋਚਦੀ ਸੀ ਕਿ ਸ਼ਾਇਦ ਪਾਸ਼ ਵੀ ਨਾਲ਼ ਆਇਆ ਹੋਊ। ਪਰ ਉਹ ਤਾਂ ਦੂਰ ਚਲਾ ਗਿਆ ਸੀ – ਬਹੁਤ ਦੂਰ। ਜਿੱਥੇ ਗਿਆ ਸੀ ਓਥੋਂ ਕੋਈ ਨਹੀਂ ਮੁਡ਼ਦਾ। ਮੈਥੋਂ ਰਾਣੀ ਦਾ ਦੁੱਖ ਨਾ ਜਰ ਹੋਇਆ। ਇਹਦੇ ਮੱਥੇ ਨਾ ਲੱਗ ਹੋਇਆ। ਮੈਂ ਜਿੰਨਾ ਚਿਰ ਉੱਥੇ ਰਿਹਾ, ਰਾਣੀ ਨਾਲ਼ ਗੱਲ ਨਾ ਕਰ ਸਕਿਆ। ਵਿੰਕਲ, ਤੇ ਪੰਮੀ-ਧੀਦੋ ਦੇ ਬੱਚਿਆਂ ਨਾਲ ਰੰਗ ਮੇਲਾ ਲੱਗਾ ਰਿਹਾ। ਪਰ ਪਾਸ਼ ਦੀ ਘਾਟ ਰਡ਼ਕਦੀ ਰਹੀ। ਉਹਦੀਆਂ ਗੱਲਾਂ ਹੁੰਦੀਆਂ ਰਹੀਆਂ।


ਜਿਨ੍ਹਾਂ ਦਿਨਾਂ ਵਿਚ ਪਾਸ਼ ਦਾ ਕਤਲ ਹੋਇਆ, ਮੈਂ ਔਕਸਫਰਡ ਸਿਟੀ ਵਿਚ ਕੰਮ ਕਰਦਾ ਸੀ। ਮੈਨੂੰ ਚੰਦਨ ਨੇ ਫੋਨ ਕੀਤਾ ਕਿ ਪਾਸ਼ ’ਤੇ ਹਮਲਾ ਹੋਇਆ ਹੈ, ਮੈਂ ਫੋਨ ਕਰਕੇ ਧੀਦੋ ਤੋਂ ਸਾਰੀ ਗੱਲ ਦਾ ਪਤਾ ਕਰਾਂ। ਇਹ ਆਪ ਹੈਰਿੰਗੇ ਕੌਂਸਿਲ ਵਿਚ ਸੀ। ਪ੍ਰਾਈਵੇਟ ਕੰਮਾਂ ਲਈ ਸਰਕਾਰੀ ਫੋਨ ਦੀ ਖੁੱਲ੍ਹ ਨਹੀਂ ਹੁੰਦੀ, ਦੇਸ਼ ਤੋਂ ਬਾਹਰ ਕਰਨ ਦੀ ਤਾਂ ਬਿਲਕੁਲ ਹੀ ਨਹੀਂ। ਜਦੋਂ ਮੈਂ ਡਾਇਰੈਕਟਰ ਤੋਂ ਮਨਜ਼ੂਰੀ ਲੈ ਕੇ ਫੋਨ ਕੀਤਾ ਤਾਂ ਅੱਗਿਓਂ ਧੀਦੋ ਨੇ ਚੁੱਕਿਆ, ਪਿੱਛੇ ਪੰਮੀ ਤੇ ਰਾਣੀ ਮੈਨੂੰ ਰੋਂਦੀਆਂ ਕੁਰਲਾਉਂਦੀਆਂ ਸੁਣ ਪਈਆਂ। ਮੇਰਾ ਮੱਥਾ ਠਣਕ ਗਿਆ – ਕਹਿਰ ਬਰਪ ਚੁੱਕਿਆ ਸੀ। ਧੀਦੋ ਤੋਂ ਬਹੁਤਾ ਦੱਸਿਆ ਨਾ ਗਿਆ; ਏਨਾ ਹੀ ਦੱਸਿਆ ਕਿ ਹੰਸਾ ਤੇ ਪਾਸ਼ ਦੋਵੇਂ ਸਵੇਰੇ ਸਵੇਰੇ ਮੋਟਰ ’ਤੇ ਗਏ ਸੀ, ਜਦੋਂ ਖਾਲਿਸਤਾਨੀ ਏ ਕੇ ਫੋਰਟੀ ਸੈਵਨਾਂ ਚਲਾ ਕੇ ਅਪਣਾ ਕਾਰਾ ਕਰ ਗਏ ਸੀ। ਮੈਥੋਂ ਵੀ ਹੋਰ ਗੱਲ ਨਾ ਹੋਈ ਤੇ ਮੁਡ਼ ਕੇ ਕੰਮ ਤੇ ਵੀ ਨਾ ਮਨ ਨਾ ਲੱਗਾ। ਮੈਂ ਮਸੋਮੇ ਮਨ ਨਾਲ਼ ਘਰ ਆ ਗਿਆ। ਪੰਜਾਹ ਪਚਵੰਜਾ ਮੀਲਾਂ ਦਾ ਘਰ ਨੂੰ ਸਫ਼ਰ ਮੁੱਕਣ ਵਿਚ ਹੀ ਨਾ ਆਵੇ। ਮਨ ਵਿਚ ਕਈ ਉੱਤਰਦੀਆਂ ਚਡ਼੍ਹਦੀਆਂ ਰਹੀਆਂ। ਕਾਲ਼ੀ ਹਨ੍ਹੇਰੀ ਦੀ ਦਹਿਸ਼ਤ ਪੂਰੇ ਜ਼ੋਰਾਂ ’ਤੇ ਸੀ। ਅਸੀਂ ਇਸ ਕਹਿਰ ਦੇ ਖਿਲਾਫ਼ ਮੀਟਿੰਗਾਂ ਕੀਤੀਆਂ; ਅਪਣੇ ਸ਼ਹਿਰ ਵੀ ਕੀਤੀ ਤਾਂ ਬਹੁਤ ਥੋਡ਼੍ਹੇ ਬੰਦੇ ਆਏ ਜਦ ਕਿ ਪਹਿਲਾਂ ਅਸੀਂ ਡੇਢ-ਦੋ ਸੌ ਬੰਦਾ ਐਂਵੇ ਹੀ ਇਕੱਠਾ ਕਰ ਲਿਆ ਕਰਦੇ ਸੀ। ਲੋਕ ਡਰੇ ਹੋਏ ਸੀ। ਉਨ੍ਹਾਂ ਦਿਨਾਂ ਵਿਚ ਬਾਬਾ ਬਿਲਗਾ ਤੇ ਕੁਮਾਰੀ ਸੁਰਿੰਦਰ ਕੋਛਡ਼ ਵੀ ਵਲੈਤ ਆਏ ਹੋਏ ਸੀ। ਇਨ੍ਹਾਂ ਦੇ ਨਾਂ ਦੇ ਬਾਵਜੂਦ ਹਾਜ਼ਰੀ ਬਹੁਤ ਘੱਟ ਹੀ ਰਹੀ। ਮਾਰਨ ਵਾਲ਼ਿਆਂ ਨੂੰ ਪਤਾ ਹੋਵੇ ਜਾਂ ਨਾ ਪਰ ਪੰਜਾਬ ਨੂੰ ਅਜਿਹੇ ਬੰਦੇ ਕਦ ਮਿਲਣੇ ਨੇ। ਜਿਹਡ਼ੇ ਸਾਹਿਤਕਾਰ ਦਹਿਸ਼ਤਗਰਦੀ ਨੂੰ ਸਿੱਧੀ-ਪੁੱਠੀ ਹਵਾ ਦਿੰਦੇ ਸੀ ਉਹ ਵੀ ਪਾਸ਼ ਦੇ ਕਤਲ ਨੂੰ ਨਿੰਦਣ ਲੱਗ ਪਏ – ਕੁਝ ਦੱਬਵੀਂ ਜੀਭੇ।

ਉਦੋਂ ਤੀਕ, ਪਾਸ਼ ਦੇ ਆਪਣੇ ਕਹਿਣ ਮੁਤਾਬਿਕ ਹੁਣ ‘ਸਾਡੀ ਉਨ੍ਹਾਂ ਨਾਲ ਕੌਡ਼ ਵੱਧ ਗਈ’ ਸੀ। ਵਿਰੋਧੀਆਂ ਨੇ ਊਜਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਅਗਲਿਆਂ ਦੇ ‘ਲੈਫਟੀਨੈਂਟਾਂ-ਬ੍ਰਿਗੇਡੀਅਰਾਂ’ ਨੇ ਤਾਂ ਆਪ ਹਿੱਕਾਂ ਥਾਪਡ਼ ਵਜਾ ਕੇ ਕਿਹਾ ਸੀ ਕਿ ਕਤਲ ਅਸੀਂ ਹੀ ਕੀਤਾ-ਕਰਵਾਇਆ ਹੈ। ਪਰ ਇਹ ਭਾਈ ਜੀ ਕਹਿ ਰਹੇ ਸੀ: ਨਹੀਂ ਜੀ, ਵਿੱਚੋਂ ਕੋਈ ਹੋਰ ਗੱਲ ਸੀ, ਕਤਲ ਖਾਲਿਸਤਾਨੀਆਂ ਦੇ ਨਾਂ ਐਵੇਂ ਪੈ ਗਿਆ; ਕੋਈ ਜਾਤੀ ਕਿਡ਼ ਸੀ; ਕਿਸੇ ਕੁਡ਼ੀ ਦਾ ਕਰਕੇ ਕਤਲ ਹੋਇਆ ਸੀ, ਵਗੈਰਾ ਵਗੈਰਾ। ਐਸੇ ਭਾਈ ਹੁਣ ਵੀ ਹੈਨ। ਗੱਲਾਂ ਬਣਾਉਣ ਵਾਲਿਆਂ ਆਪਣੀ ਪੂਰੀ ਵਾਹ ਲਾ ਲਈ ਸੀ ਤਾਂ ਜੋ ਮਸਲਾ ਕਿਸੇ ਹੋਰ ਪਾਸੇ ਲੈ ਜਾਇਆ ਜਾਵੇ। ਖੰਭਾਂ ਦੀਆਂ ਡਾਰਾਂ ਬਣਾਈਆਂ-ਬਣਵਾਈਆਂ। ਪਰ ਸੱਚ ਤਾਂ ਸੱਚ ਹੀ ਹੁੰਦਾ, ਦੇਰ ਸਵੇਰ ਨਿੱਕਲ਼ ਹੀ ਆਉਣਾ ਹੁੰਦਾ: ਘਾਹ ਤਾਂ ਘਾਹ ਹੈ, ਕੀਤੇ ਕਰਾਏ ‘ਤੇ ਫਿਰ ਉੱਗ ਆਉਂਦਾ ਹੈ।

ਦੋਨੇ ਦੇ ਬੇਮਲੂਮ ਪਿੰਡ ਦੇ ਮੁੰਡੇ ਦੀ ਧੰਨ ਧੰਨ ਹੋ ਗਈ। ਮੁਲਕ ਦੇ ਹੋਰ ਰਾਜਾਂ ਦੇ ਅਦੀਬਾਂ ਨੇ ਵੀ ਸਿਰ ’ਤੇ ਬਿਠਾ ਲਿਆ ਤੇ ਵਿਦੇਸ਼ਾਂ ਵਿਚ ਵੀ ਚਰਚਾ ਹੋ ਗਈ। ਹੋਰ ਕਈ ਜ਼ੁਬਾਨਾਂ ਵਿਚ ਇਹਦੀਆਂ ਕਵਿਤਾਵਾਂ ਦੇ ਤਰਜ਼ੁਮੇ ਹੋਏ। ਕੈਫ਼ੀ ਆਜ਼ਮੀ ਤੋਂ ਲੈ ਕੈ ਦੀਪਾਂਕਰ ਸ਼ਰਮੇ ਤੀਕ ਨੂੰ ਇਹਦੀਆਂ ਕਵਿਤਾਵਾਂ ਮੋਹ ਗਈਆਂ। ਇਹਦੀ ਕਵਿਤਾ ਦੀਆਂ ਗੂੰਜਾਂ ਉੱਚੀਆਂ ਹੋਈਆਂ। ਦੂਸਰੀਆਂ ਬੋਲੀਆਂ ਦੇ ਲੇਖਕ-ਬੁੱਧੀਮਾਨ ਇਹਦੀ ਕਵਿਤਾ ਤੋਂ ਬਲਿਹਾਰੇ ਜਾਣ ਲੱਗੇ। ਜੇ ਅੱਗੇ ਕੋਈ ਕਸਰ ਰਹਿ ਗਈ ਸੀ ਤਾਂ ਹੁਣ ਪੰਜਾਬ ਵਿਚ ਵੀ ਪਾਸ਼ ਪਾਸ਼ ਹੋ ਗਈ ਸੀ। ਇਹਦੇ ਬਾਰੇ ਡਾਕੂਮੈਂਟਰੀਆਂ ਬਣੀਆਂ। ਸਾਡ਼ ਰੱਖਣ ਵਾਲ਼ੇ ਬੰਦੇ ਹੁਣ ਕੀ ਕਰਨ? ਏਨੀ ਬੱਲੇ ਬੱਲੇ, ਹਿੰਦੂਤਵੀਆਂ ਦੇ ਵੀ ਸਿੱਧੀ ਜਾ ਸੀਨੇ ਲਡ਼ ਗਈ; ਉਹ ਤਡ਼ਫੇ। ਭਾਜਪਾਈਆਂ ਨੇ ਸੰਸਦ ਵਿਚ ਹੋ ਹੱਲਾ ਮਚਾ ਲਿਆ, ਅਖੇ: ਪਾਸ਼ ਤਾਂ ਨਕਲਬਾਡ਼ੀਆ ਸੀ, ਇਹਦੀਆਂ ਕਵਿਤਾਵਾਂ ਸਿਲੇਬਸਾਂ (ਹਿੰਦੀ) ਵਿਚ ਕਿਉਂ ਲਾਈਆਂ। ਇਨ੍ਹਾਂ ਵਿੱਚੋਂ ਕਿਸੇ ਨੂੰ ਤਾਂ ਜ਼ਰੂਰ ਪਤਾ ਹੋਣਾ ਕਿ ਇਹਦੀ ਕਵਿਤਾ ਤਾਂ ਇਹਦੇ ਜੀਂਦੇ ਜੀਅ ਵੀ ਯੂਨੀਵਰਸਿਟੀਆਂ ਵਿਚ ਪਡ਼੍ਹਾਈ ਜਾਂਦੀ ਸੀ। ਪਾਸ਼ ਦਹਿਸ਼ਤਗਰਦੀ ਦੀ ਭੇਟ ਚਡ਼੍ਹਿਆ। ਕਿਸੇ ਹੱਦ ਤੀਕ ਇਹ ਦਹਿਸ਼ਤਗਰਦੀ ਵਿਰੁੱਧ ਸਾਂਝਾ ਪਲੇਟਫਾਰਮ ਬਣ ਗਿਆ। ਫਿਰ ਤਾਂ ਬੰਬੱਈਆ ਫਿਲਮਾਂ ਵਾਲਿਆਂ ਵੀ ਇਹਦੇ ਬਾਰੇ ਫਿਲਮਾਂ ਬਣਾਉਣੀਆਂ ਚਾਹੀਆਂ। ਕੁਝ ਨੇ ਇਹਦੀਆਂ ਕਵਿਤਾਵਾਂ ਜਾਂ ਕਵਿਤਾਵਾਂ ਦੇ ਟੋਟਕੇ ਆਪਣੀਆਂ ਫਿਲਮਾਂ ਵਿਚ ਵਰਤ ਲਏ।

ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡਿਆਂ ਦੀਆਂ ਕਬੂਤਰਬਾਜ਼ੀਆਂ ਕਿੰਨੀਆਂ ਮਸ਼ਹੂਰ ਨੇ। ਕਈ ਤਰ੍ਹਾਂ ਦੇ ਪੁੱਠੇ-ਸਿੱਧੇ ਤਰੀਕਿਆਂ ਨਾਲ ਤੇ ਝੂਠ-ਸੱਚ ਬੋਲ ਕੇ ਅਮਰੀਕਾ ਵਿਚ ਪੱਕੇ ਹੋਏ ਨੇ - ਹੋਰ ਸੱਭ ਮੁਲਕਾਂ ਵਿਚ ਵੀ। ਸਿਆਣੇ ਆਖਦੇ ਨੇ: ਆਪਣਾ ਝੱਗਾ ਚੱਕਾਂਗੇ ਤਾਂ ਆਪਣਾ ਢਿੱਡ ਹੀ ਨੰਗਾ ਹੋਊ; ਇਸ ਲਈ ਚੁੱਪ ਹੀ ਭਲੀ ਹੈ। ਪੱਛਮੀ ਮੁਲਕਾਂ ਦੀਆਂ ਸਰਕਾਰਾਂ ਕਿੰਨਿਆਂ ਕੁ ਨੂੰ ਆਪ ਸੱਦੇ ਪੱਤਰ ਦੇ ਕੇ ਸੱਦਦੀਆਂ ਨੇ। ਦੋਖੀਆਂ ਨੇ ਹੀ ਇਮੀਗਰੇਸ਼ਨ ਅਧਿਕਾਰੀਆਂ ਕੋਲ ਪਾਸ਼ ਦੀ ਸ਼ਿਕਾਇਤ ਕਰ ਦਿੱਤੀ ਸੀ ਕਿ ਇਹ ਕੰਮ ਕਰਦਾ ਰਿਹਾ ਹੈ। ਸੈਰ ਸਪਾਟੇ ਨੂੰ ਆਏ ਬੰਦੇ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਏਸੇ ਬਿਨਾ ’ਤੇ ਇਹਨੂੰ ਦੂਜੀ ਵਾਰ ਵਾਪਿਸ ਅਮਰੀਕਾ ਜਾਂਦੇ ਨੂੰ ਏਅਰਪੋਰਟ ਤੋਂ ਹੀ ਮੋਡ਼ ਦਿੱਤਾ ਸੀ। ਵਿਰੋਧੀਆਂ ਦੀ ਮੁਖ਼ਬਰੀ ਕਾਟ ਕਰ ਗਈ ਸੀ। ਅਸਲ ਵਿਚ ਤਾਂ ਉਹ ਐਂਟੀ ਫੌਰਟੀ ਸੈਵਨ ਦੀ ਚਡ਼੍ਹਤ ਤੋਂ ਦੁਖੀ ਸਨ। ਤਰਕ ਇਨ੍ਹਾਂ ਕੋਲ ਹੈ ਨਹੀਂ ਸੀ। ਨਾ ਹੀ ਪਰਚੇ ਵਿਚ ਕੀਤੀਆਂ ਗੱਲਾਂ ਦਾ ਮੋਡ਼ ਦੇਣ ਜੋਗੇ ਸਨ। ਖਾਲਿਸਤਾਨੀ ਅਮਰੀਕਾ ਵਿਚ ਹੋਰ ਬਹੁਤਾ ਕੁਝ ਕਰ ਨਹੀਂ ਸੀ ਸਕਦੇ। ਇਨ੍ਹਾਂ ਨੇ ਇਹ ਅੱਖ ਵਲ਼, ਕਮੀਨੀ ਹਰਕਤ ਕਰਕੇ ਕੱਢਿਆ ਸੀ। ਇਨ੍ਹਾਂ ਨੇ ਪੰਜਾਬ ਵਿਚ ਹੀ ਕਤਲ ਕਰਾਉਣ ਦਾ ਮਨਸੂਬਾ ਬਣਾਇਆ ਸੀ। ਪੰਮੀ ਦੱਸਦੀ ਸੀ ਕਿ ਉਨ੍ਹਾਂ ਨੂੰ ਖ਼ਬਰ ਸੀ ਕਿ ਪਾਸ਼ ਨੇ ਅੱਜ-ਭਲ਼ਕ ਅਮਰੀਕਾ ਜਾਣ ਲਈ ਦਿੱਲੀ ਨੂੰ ਤੁਰ ਪੈਣਾ ਹੈ। ਜੇ ਉਸ ਦਿਨ ਪਾਸ਼ ਖੂਹ ’ਤੇ ਨਾ ਵੀ ਜਾਂਦਾ ਤਾਂ ਵੀ ਉਨ੍ਹਾਂ ਦਿੱਲੀ ਤੀਕ ਪਿੱਛਾ ਕਰਨਾ ਸੀ। ਅਗਲਿਆਂ ਪੱਕੀ ਧਾਰੀ ਹੋਈ ਸੀ। ਪੰਜਾਬ ਵਿਚ ਖਾਸ ਕਰਕੇ, ਉਦੋਂ, ਬੰਦੇ ਮਾਰਨ ਦੀ ਖੁੱਲ੍ਹ ਦਾ ਸਮਾਂ ਸੀ। ਸਰਕਾਰ ਵੀ ਇਨ੍ਹਾਂ ਨੂੰ ਰੋਕਣ ਜੋਗੀ ਨਹੀਂ ਸੀ ਰਹੀ ਜਾਂ ਜਾਣ ਕੇ ਰੱਸੇ ਢਿੱਲੇ ਕੀਤੇ ਹੋਏ ਸੀ ਕਿ ਬਾਅਦ ਵਿਚ ਇਨ੍ਹਾਂ ਦਾ ਵਢਾਂਗਾ ਕਰ ਸਕਣ। ਪੰਜਾਬ ਤੇ ਪੰਜਾਬੀਅਤ ਦੇ ਮਾਡ਼ੇ ਦਿਨ ਸੀ ਇਹ। ਲੋਕ ਕਹਿਰ ਜਰਦੇ ਸੀ।

ਪਾਸ਼ ਦੇ ਕਤਲ ਤੋਂ ਬਾਅਦ ਇਹਦੇ ਨਾਂ ’ਤੇ ਯਾਦਗਾਰਾਂ ਬਣੀਆਂ, ਲਾਇਬ੍ਰੇਰੀਆਂ ਖੁੱਲ੍ਹੀਆਂ ਤਾਂ ਸਿਆਸੀ ਦੋਖੀਆਂ ਨੂੰ ਉਹ ਵੀ ਚੁੱਭ ਗਈਆਂ। ਕੁਝ ਕੁ ਨੇ ਇਹਦੇ ਵਿੱਚੋਂ ਵੀ ਭੈਡ਼ ਸੁੰਘ ਲਈ; ਇਹਦੇ ਨਾਂ ‘ਤੇ ਰੱਖੇ ਇਨਾਮਾਂ ਵਿੱਚੋਂ ਵੀ। ਕਈਆਂ ਨੇ ਟਰੱਸਟ ਵਲੋਂ ਦਿੱਤੇ ਇਨਾਮ ਲੈ ਵੀ ਲਏ ਤੇ ਭੰਡੀ ਕਰਨੀ ਵੀ ਜਾਰੀ ਰੱਖੀ। ਕਈਆਂ ਨੇ ਸਿਆਸੀ ਕਿਡ਼ ਕਰਕੇ ਕਈ ਪੁੱਠੀਆਂ ਸਿੱਧੀਆਂ ਗੱਲਾਂ ਜੋਡ਼ ਲਈਆਂ। ਜਿਨ੍ਹਾਂ ਨੇ ਸੰਗ ਸ਼ਰਮ ਲਾਹ ਲਈ ਹੋਵੇ ਜਾਂ ਜਿਨ੍ਹਾਂ ਦੇ ਮਨਸ਼ੇ ਹੀ ਮਾਡ਼ੇ ਹੋਣ, ਉਨ੍ਹਾਂ ਦਾ ਕੀ ਹੋਵੇ।

ਪਾਸ਼ ਤੇ ਹੋਰ ਕਈ ਸੂਰਮੇ ਕਾਮਰੇਡਾਂ ਦੇ ਨਿਹੱਕੇ ਕਤਲਾਂ ਕਾਰਨ, ਖੱਬੀਆਂ ਧਿਰਾਂ ਵਿਚ ਯੱਕਜਹਿਤੀ ਲਈ ਥੋਡ਼੍ਹੀ-ਬਹੁਤ ਹਿੱਲਜੁੱਲ ਦੀ ਬਾਤ ਤੁਰੀ ਤਾਂ ਸਹੀ, ਪਰ ਹੋਰ ਵੱਡੇ ਹੰਭਲੇ ਅਜੇ ਵੱਜਣ ਵਾਲੇ ਨੇ। ਜੇ ਪੰਜਾਬ ਦੇ ਵੱਡੇ ਭਲੇ ਲਈ ਲੋਕ ਇਕੱਠੇ ਹੋ ਜਾਣ ਤਾਂ ਕੋਈ ਸਾਰਥਿਕਤਾ ਬਣ ਸਕਦੀ ਹੈ।

1 comment:

  1. ਪਾਸ਼ ਇਤਰ
    ਓਹ ਕਾਲਜਾਂ ਵਿਚ
    ਪਾਸ਼ ਨਹੀ ਪੜਾਉਂਦੇ ,
    ਕਯੋਂ ਜੋ ਜਾਣਦੇ ਨੇ
    ਡੰਗਰ ਮਨੁਖ ਹੋ ਜਾਣਗੇ |
    ਓਹਨਾ ਨੂ ਤਾਂ ਬਸ ,
    ਮਜਨੁ ਤੇ ਫ਼ਰਹਾਦ ਜੇਹੇ
    ਕਿੱਸਿਆਂ ਤੋਂ ਫੁਰਸਤ ਨਹੀ|
    ਜਾਂ ਫੇਰ ਮਿਰਜੇ ਦੇ ਸੋਹਿਲੇ ,
    ਗਾਉਣ ਤਕ ਸਿਮਟੇ ਨੇ |
    ਓਹ ਪਾੜਇਆਂ ਨੂ ,
    ਪਿਆਰ ਦਾ ਇਕ ,
    ਸਖਣਾ ਇਹਸਾਸ ਦਿੰਦੇ ਨੇ |
    ਤਾਂ ਜ ਓਹ ਜਿੰਦਗੀ ਨੂ ,
    ਕੀਤੇ ਪਿਆਰਨ ਨਾ ਲਗ ਜਾਣ|
    ਆਸ ਪਾਸ ਬੁਝੇ ਹੋਏ ,
    ਚਿਰਾਗਾਂ ਨੂ,
    ਕੀਤੇ ਰੋਸ਼ਨ ਨਾ ਕਰ ਜਾਣ |
    ਓਹ ਨਹੀ ਜਾਣਦੇ ਕੀ,
    ਇਤਰ ਨੂ ਕੱਜ ਕੇ ਵੀ ਰਖੋ,
    ਮੇਹਕ ਤਾਂ ਆ ਹੀ ਜਾਂਦੀ ਹੈ |
    ਜਦ ਇਹ ਸੁਗੰਧੀ,
    ਫਿਜ਼ਾ ਵਿਚ ਫੈਲ ਗਈ,
    ਇਸਤੇ ਸਮਯਾ ਦਾ ਹੱਕ ਹੋਵੇਗਾ |
    ਤੇ ਇਹਨਾ ਨਾਸਾਂ ਨੂ ,
    ਜਦ ਖੁਮਾਰੀ ਆ ਗਈ ,
    ਤਾਂ ਇਹ ਆਪਣਾ ਹੱਕ ਲੈਣ ਲਈ,
    ਇਕ ਮੁਠ ਹੋਣਗੇ|
    ਤੇ ਦਿੱਲੀ ਗੋਲ ਪਰਬਤ ਨੂ
    ਡੂਮਨਯਾ ਤੋਂ ਅਜਾਦ ਕਰਾਉਣਗੇ |
    ਓਹ ਜਾਣਦੇ ਨੇ
    ਇਸੇ ਕਰਕੇ ਪਾਸ਼ ਨਹੀ ਪੜਾਉਂਦੇ |...................baaz

    ReplyDelete