ਕਾਤਿਆਨੀ ਦੀਆਂ ਰਚਨਾਵਾਂ

                                                                     ਕਾਤਿਆਨੀ
(1)
                                                
ਰੱਬਾ !
ਮੈਨੂੰ ਘਮੰਡੀ ਹੋਣ ਲਈ
ਸਚ ਬੋਲਣ ਦਾ ਮੌਕਾ ਦੇ
ਪਰਉਪਕਾਰ ਕਰਨ ਦਾ
ਸੁਨਹਿਰੀ ਅਵਸਰ ਦੇ ਮੈਨੂੰ |
ਭੋਜਨ ਦੇ ਰੱਬਾ ਤਾਂਕਿ ਮੈਂ
ਤੇਰੀ ਭਗਤੀ ਕਰਨ ਦੇ ਲਈ
ਜਿਉਂਦਾ ਰਹਿ ਸਕਾਂ |
ਮੇਰੇ ਦਰਬਾਜੇ ਤੇ ਥੋੜੇ ਜੇ ਗਰੀਬਾਂ ਨੂੰ
ਭੇਜ ਦੇ
ਮੈਂ ਭੁਖਿਆਂ ਨੂੰ ਭੋਜਨ ਕਰਾਉਣਾ ਚਾਹੁੰਦਾ ਹਾਂ |


ਰੱਬਾ, ਮੈਨੂੰ ਦਾਨ ਕਰਨ ਲਈ
ਸੋਨੇ ਦੀਆਂ ਮੋਹਰਾਂ ਦੇ |
ਰੱਬਾ, ਮੈਨੂੰ ਵਫਾਦਾਰ ਵਹੁਟੀ, ਆਗਿਆਕਾਰ ਪੁੱਤ,
ਲਾਇਕ ਭਰਾ ਤੇ ਸ਼ਰੀਫ਼ ਗੁਆਂਢੀ ਦੇ |


ਰੱਬਾ, ਮੈਨੂੰ ਇਸ ਲੋਕ ਵਿਚ
ਸੁਖੀ ਜੀਵਨ ਦੇ ਤਾਂ ਕਿ ਬੁਢੇ ਹੋਏ
ਪਰਲੋਕ ਦੀ ਚਿੰਤਾ ਕਰ ਸਕਾਂ |


ਰੱਬਾ
ਮੇਰੀ ਆਤਮਾਂ ਪ੍ਰਾਸ਼ਚਿਤ ਕਰਨ ਲਈ
ਤੜਪ ਰਹੀ ਹੈ
ਮੈਨੂੰ ਪਾਪ ਕਰਨ ਲਈ
ਇੱਕ ਔਰਤ ਦੇ 
----------


           (2)

ਰਾਤ ਦੇ ਸੰਤਰੀ ਦੀ ਕਵਿਤਾ
ਰਾਤ ਦੇ
...ਠੀਕ ਗਿਆਰਾਂ ਵੱਜ ਕੇ ਤਰਤਾਲੀ ਮਿੰਟ ‘ਤੇ
ਦਿੱਲੀ ਵਿੱਚ ਜੀ. ਬੀ. ਰੋਡ ‘ਤੇ
ਇੱਕ ਨਾਰੀ
ਗਾਹਕ ਫਸਾ ਰਹੀ ਹੈ
ਪਲਾਮੂ ਦੇ ਇੱਕ ਕਸਬੇ ਵਿੱਚ
ਹਲਕੇ ਚਾਨਣੇ ‘ਚ ਇੱਕ ਹਕੀਮ
ਇੱਕ ਔਰਤ ਤੇ ਗਰਭਪਾਤ ਦੀ
ਹਰ ਤਰਕੀਬ ਅਜਮਾ ਰਿਹਾ ਹੈ |
ਬਾੜਮੇਰ ‘ਚ
ਇੱਕ ਬੱਚੇ ਦੀ ਲਾਸ਼ ‘ਤੇ
ਵਿਰਲਾਪ ਕਰ ਰਹੀ ਹੈ ਇੱਕ ਨਾਰੀ
ਬੰਬਈ ਦੇ ਇੱਕ ਰੈਸਟੋਰੈਂਟ ਵਿੱਚ
ਨੀਲੀ ਗੁਲਾਬੀ ਰੌਸ਼ਨੀ ਵਿੱਚ ਥਿਰਕਦੀ ਨਾਰ ਨੇ
ਆਪਣਾ ਆਖਰੀ ਕੱਪੜਾ ਉਤਾਰ ਦਿੱਤਾ
ਤੇ ਕਿਸੇ ਘਰ ਵਿੱਚ
ਇਉਂ ਕਰਨ ਤੋਂ ਪਹਿਲਾਂ
ਇੱਕ ਦੂਸਰੀ ਔਰਤ
ਲਗਣ ਨਾਲ ਰਸੋਈ ਘਰ ‘ਚ
ਕੰਮ ਸਮੇਟ ਰਹੀ ਹੈ |
ਮਹਾਰਾਜਗੰਜ ਦੇ ਇੱਟਾਂ ਦੇ ਭੱਠੇ ‘ਚ
ਝੋਕੀ ਜਾ ਰਹੀ ਹੈ ਇੱਕ ਰੋਜਾ ਦਿਹਾੜਨ
ਜਰੂਰੀ ਇਸਤੇਮਾਲ ਦੇ ਬਾਅਦ
ਤੇ ਇੱਕ ਦੂਜੀ ਔਰਤ ਚੁਲ੍ਹੇ ‘ਚ ਪੱਤੇ ਝੋਕ ਰਹੀ ਹੈ
ਬਿਲਾਸਪੁਰ ਵਿੱਚ ਕਿਤੇ |
ਠੀਕ ਉਹੀ ਰਾਤ ਉਸੇ ਵਕਤ
ਨੈਸ਼ਨਲ ਮੰਡੇਲਾ ਦੇ ਦੇਸ਼ ਵਿੱਚ
ਵਿਸ਼ਵਸੁੰਦਰੀ ਦੇ ਮੁਕਾਬਲੇ ਲਈ
ਮੰਚ ਸਜ ਰਿਹਾ ਹੈ

ਇੱਕ ਸੁੰਨੀ ਸੜਕ ‘ਤੇ ਇੱਕ ਨੌਜਵਾਨ ਤੀਵੀਂ ਨੂੰ
ਇੱਕ ਬੰਦਾ ਆਖ ਰਿਹਾ ਹੈ –
ਮੈਂ ਤੈਨੂੰ ਪਿਆਰ ਕਰਦਾ ਹਾਂ |
ਇਧਰ ਕਵੀ
ਰਾਤ ਦੇ ਹਲਕੇ ਖਾਣੇ ਤੋਂ ਪਿਛੋਂ
ਸਿਗਰੇਟ ਦੇ ਹਲਕੇ-ਹਲਕੇ ਕਸ਼ ਲੈਂਦਾ ਹੋਇਆ
ਇਸ ਪੂਰੀ ਦੁਨਿਆ ਦੀ ਪ੍ਰਤੀਨਿਧ ਇਸਤਰੀ ਨੂੰ
ਦਿਲੋਂ
ਕਵਿਤਾ ਦੀ ਦੁਨੀਆਂ ਵਿਚ ਬੁਲਾ ਰਿਹਾ ਹੈ
ਸੋਚਦੇ ਹੋਏ ਕਿ
ਐਨੇ ਪਿਆਰ, ਐਨੇ ਸਨਮਾਨ ਦੀ
ਐਨੀ ਬਰਾਬਰੀ ਦੀ
ਆਦਿ ਨਹੀਂ
ਸ਼ਾਇਦ ਇਸੇ ਕਾਰਨ ਨਹੀਂ ਆ ਰਹੀ ਹੈ
ਝਿਜਕ ਰਹੀ ਹੈ
ਸ਼ਰਮਾ ਰਹੀ ਹੈ |
-------------
(3)

ਮੂਰਖ ਜਾਹਲ ਔਰਤ  !
ਕਿਵੇਂ ਕੋਈ ਕਰੇਗਾ ਤੇਰਾ ਭਲਾ ?
ਅਮ੍ਰਿਤਾ ਸ਼ੇਰਗਿਲ ਦਾ ਤੂੰ
ਨਾਮ ਤੱਕ ਨਹੀਂ ਸੁਣਿਆ
ਬੜੀ ਮੁਸ਼ਕਿਲ ਨਾਲ ਬਸ
ਜਾਣ ਸਕੀ ਏਂ ਇੰਨਾ ਹੀ ਕਿ
ਇੰਦਿਰਾ ਗਾਂਧੀ ਇਸ ਮੁਲਕ ਦੀ ਰਾਣੀ ਸੀ  ।
(ਫਿਰ ਵੀ ਤਾਂ ਤੇਰੇ ਅੰਦਰ ਕੋਈ ਪ੍ਰੇਰਣਾ ਦਾ ਸੰਚਾਰ ਨਹੀਂ ਹੁੰਦਾ )

ਰਹਿ ਗਈ ਤੂੰ ਨਿੱਬੜ ਗਵਾਰ  ਦੀ ਗਵਾਰ  ।

ਪੀ੦ਟੀ੦ ਉਸ਼ਾ ਨੂੰ ਤਾਂ ਜਾਣਦੀ ਤੱਕ ਨਹੀਂ
ਮਾਰਗਰੇਟ ਅਲਵਾ ਇੱਕ ਅਜੂਬਾ ਹੈ
ਤੇਰੇ ਲਈ ।
ਕ ਖ ਗ ਘ ਆਉਂਦਾ ਨਹੀਂ
ਮਾਨੁਸ਼ੀ ਕਿਵੇਂ ਪੜ੍ਹੇਗੀ ਭਲਾਂ  !
ਕਿਵੇਂ ਹੋਵੇਗਾ ਤੇਰਾ ਭਲਾ -
ਮੈਂ ਤਾਂ ਪ੍ਰੇਸ਼ਾਨ ਹੋ ਉੱਠਦਾ ਹਾਂ
ਦੁਖੀ ਹੋ ਗਿਆ ਹਾਂ ਮੈਂ ਤੇਰੇ ਤੋਂ ।

ਕੀ ਕਰਾਂ ਮੈਂ ਤੇਰਾ ?

ਹੇ ਰੱਬ  !
ਮੈਨੂੰ ਅਜਿਹੀ ਔਰਤ ਕਿਉਂ ਨਹੀਂ ਦਿੱਤੀ
ਜਿਸਦਾ ਕੁੱਝ ਤਾਂ ਭਲਾ ਕੀਤਾ ਜਾ ਸਕਦਾ
ਇਹ ਔਰਤ ਤਾਂ ਬਸ ਚੌਲ ਰਿੰਨ੍ਹ ਸਕਦੀ ਹੈ
ਅਤੇ ਬੱਚੇ ਜੰਮ ਸਕਦੀ ਹੈ
ਇਸਨੂੰ ਭਲਾ ਕਿਵੇਂ ਅਜ਼ਾਦ ਕੀਤਾ ਜਾ ਸਕਦਾ ਹੈ ?
--- ਕਾਤਿਆਨੀ---


ਅਨੁਵਾਦ : ਇਕਬਾਲ ਪਾਠਕ

2 comments: