ਛੱਬੀ ਆਦਮੀ ਅਤੇ ਇੱਕ ਕੁੜੀ (ਕਹਾਣੀ)


ਮੈਕਸਿਮ ਗੋਰਕੀ


ਅਸੀਂ ਤਾਦਾਦ ਵਿੱਚ  ਛੱਬੀ ਸਾਂ ।ਛੱਬੀ ਜਿਉਂਦੀਆਂ ਮਸ਼ੀਨਾਂ ਇੱਕ ਮਕਾਨ ਵਿੱਚ  ਕੈਦ ਜਿਥੇ  ਅਸੀਂ  ਸੁਬ੍ਹਾ ਤੋਂ ਲੈ ਕੇ ਸ਼ਾਮ ਤੱਕ ਬਿਸਕੁਟਾਂ ਦੇ ਲਈ ਮੈਦਾ ਤਿਆਰ ਕਰਦੇ।

ਸਾਡੀ ਜ਼ਿੰਦਾਂ ਨੁਮਾ ਕੋਠੜੀ ਦੀ  ਖਿੜਕੀ ਇੱਟਾਂ ਅਤੇ ਕੂੜਾ ਕਰਕਟ ਨਾਲ ਭਰੀ ਹੋਈ ਖਾਈ ਦੀ ਤਰਫ਼ ਖੁਲਦੀ ਸੀ। ਖਿੜਕੀ ਨੂੰ ਲੋਹੇ ਦੀਆਂ ਸਲਾਖਾਂ ਲੱਗੀਆਂ ਹੋਈਆਂ ਸਨ ਅਤੇ ਸ਼ੀਸ਼ੇ ਗਰਦੋ ਗ਼ੁਬਾਰ ਨਾਲ ਅੱਟੇ ਹੋਏ ਸਨ ਇਸ ਲਈ  ਸੂਰਜ ਦੀ ਰੌਸ਼ਨੀ ਸਾਡੇ  ਤੱਕ ਨਾ ਪਹੁੰਚ ਸਕਦੀ।

ਸਾਡੇ ਮਾਲਕ ਨੇ ਖਿੜਕੀ ਦਾ ਸਾਹਮਣੇ ਵਾਲਾ ਹਿੱਸਾ ਇਸ ਲਈ  ਬੰਦ ਕਰਵਾ ਦਿੱਤਾ ਸੀ ਕਿ ਸਾਡੇ ਹੱਥ ਉਸ ਦੀ ਰੋਟੀ ਵਿੱਚੋਂ ਇੱਕ ਬੁਰਕੀ ਵੀ ਗ਼ਰੀਬਾਂ ਨੂੰ  ਦੇਣ ਦੇ ਲਈ  ਬਾਹਰ ਨਾ ਨਿਕਲ ਸਕਣ ਜਾਂ ਅਸੀਂ  ਉਨ੍ਹਾਂ ਭਾਈਆਂ ਦੀ ਮਦਦ ਨਾ ਕਰ ਸਕਦੇ ਜੋ ਕੰਮ ਦੀ ਕਿੱਲਤ ਦੀ ਵਜ੍ਹਾ ਨਾਲ ਫ਼ਾਕਾ ਕਸ਼ੀ ਕਰ ਰਹੇ ਸਨ।

ਸਾਡਾ ਮਾਲਿਕ ਸਾਨੂੰ  ਬਦਮਾਸ ਗੁੰਡੇ ਵਗੈਰਾ ਸ਼ਬਦਾਂ ਨਾਲ ਪੁਕਾਰਦਾ ਅਤੇ ਖਾਣੇ ਦੇ ਲਈ ਗੋਸ਼ਤ ਦੀ ਬਜਾਏ ਅੰਤੜੀਆਂ ਦਿੰਦਾ।

ਉਸ ਸੰਗੀਨ ਜ਼ਿੰਦਾਂ ਦੀ ਛੱਤ ਥੱਲੇ ਜੋ ਧੂੰਏਂ ਦੀ ਸਿਆਹੀ ਅਤੇ ਮਕੜੀਆਂ ਦੇ ਜਾਲੇ ਨਾਲ ਭਰੀ ਪਈ ਸੀ ਅਸੀਂ  ਨਿਹਾਇਤ ਤਕਲੀਫ਼ ਵਿੱਚ  ਜ਼ਿੰਦਗੀ ਬਸਰ ਕਰ ਰਹੇ ਸਾਂ ।ਉਸ ਚਾਰ ਦੀਵਾਰੀ ਵਿੱਚ  ਜੋ ਚਿੱਕੜ ਅਤੇ ਮੈਦੇ ਦੇ ਖ਼ਮੀਰ ਨਾਲ ਅੱਟੀ ਹੋਈ ਸੀ। ਸਾਡੀ ਜ਼ਿੰਦਗੀ ਗ਼ਮ ਓ  ਫਿਕਰ ਨਾਲ ਭਰੀ ਜ਼ਿੰਦਗੀ ਸੀ…. ਪੂਰੀ ਨੀਂਦ ਅਤੇ ਆਰਾਮ ਕੀਤੇ ਬਗ਼ੈਰ ਅਸੀਂ  ਹਰ ਰੋਜ਼ ਸੁਬ੍ਹਾ ਪੰਜ ਬਜੇ ਜਾਗ  ਸੁਤ ਨੀਂਦਰੇ   ਦੀ ਹਾਲਤ ਵਿੱਚ  ਹੀ ਉਸ ਮੈਦੇ ਨਾਲ ਬਿਸਕੁਟ ਤਿਆਰ ਕਰਨ ਲੱਗ ਜਾਂਦੇ ਜੋ ਸਾਡੇ ਸੌਣ  ਵਕਤ ਤਿਆਰ ਕੀਤਾ ਗਿਆ ਹੁੰਦਾ।ਇਸ ਤਰ੍ਹਾਂ ਸੁਬ੍ਹਾ ਤੋਂ ਲੈ ਕੇ  ਰਾਤ ਦੇ ਦਸ ਬਜੇ ਤੱਕ ਸਾਡੇ ਵਿੱਚੋਂ ਕੁਛ ਤਾਂ ਬਿਸਕੁਟਾਂ ਦੇ ਲਈ ਖ਼ਮੀਰ ਤਿਆਰ ਕਰਦੇ ਅਤੇ ਕੁਛ ਮੈਦਾ ਗੁੰਨ੍ਹਦੇ ।ਸਾਰਾ ਦਿਨ ਹੀ ਉਬਲਦੇ ਹੋਏ ਪਾਣੀ ਦੀ ਆਵਾਜ਼ ਅਤੇ ਭੱਠੀ ਵਿੱਚ  ਨਾਨਬਾਈ ਦੇ  ਖੁਰਚਨੇ ਦਾ ਸ਼ੋਰ ਸਾਡੇ ਕੰਨਾਂ ਵਿੱਚ  ਗੂੰਜਦਾ ਰਹਿੰਦਾ।

ਸੁਬ੍ਹਾ ਤੋਂ ਲੈ ਕੇ ਸ਼ਾਮ ਤੱਕ ਭੱਠੀ ਆਤਿਸ਼ ਕਦਾ ਦੀ ਤਰ੍ਹਾਂ ਦਹਿਕਦੀ ਰਹਿੰਦੀ ਜਿਸ ਦੀ ਸੁਰਖ਼ ਰੌਸ਼ਨੀ ਦਾ ਅਕਸ ਦੀਵਾਰ ਤੇ ਇਸ ਤਰ੍ਹਾਂ ਨਾਚ ਕਰਦਾ ਮਲੂਮ ਹੁੰਦਾ ਜਿਵੇਂ ਉਹ ਸਾਨੂੰ ਬਦ ਨਸੀਬਾਂ ਨੂੰ  ਦੇਖ ਕੇ ਖ਼ਾਮੋਸ਼ ਹਾਸੀ ਹੱਸ ਰਿਹਾ ਹੋਵੇ।

ਉਹ ਬੜੀ ਭੱਠੀ ਕਿਸੇ ਦਿਉ ਦੇ ਬਦਸੂਰਤ ਸਿਰ ਦੇ ਸਮਰੂਪ ਸੀ ਜੋ ਆਪਣੇ ਬੜੇ ਹਲ਼ਕ ਨਾਲ ਅੱਗ ਉਗਲ ਰਿਹਾ ਹੋਵੇ। ਸਾਡੇ ਤੇ ਜਹੰਨਮ ਦੀ ਝੁਲਸਾ ਦੇਣ ਵਾਲੀ ਗਰਮੀ ਭਰੇ  ਸਾਹ ਛੱਡ ਰਿਹਾ ਹੋਵੇ ਅਤੇ ਸਾਡੇ  ਅਮੁੱਕ ਕੰਮ ਦਾ ਆਪਣੀਆਂ ਦੋ ਸਿਆਹ ਨਾਸਾਂ ਰਾਹੀਂ ਮੁਤਾਲਾ ਕਰ ਰਿਹਾ ਹੋਵੇ। ਇਹ ਦੋ ਡੂੰਘੇ ਸੁਰਾਖ਼ ਅੱਖਾਂ ਦੇ ਸਮਰੂਪ ਸਨ…. ਅੱਖਾਂ ਜੋ ਕਿਸੇ ਦਿਓ ਦੀ ਅੱਖਾਂ ਦੀ ਤਰ੍ਹਾਂ ਹਮਦਰਦੀ  ਅਤੇ ਰਹਿਮ ਦਿਲੀ ਦੇ ਜਜ਼ਬੇ ਤੋਂ ਆਰੀ ਹੋਣ । ਅੱਖਾਂ ਸਾਨੂੰ ਹਮੇਸ਼ਾ ਤਾਰੀਕ ਨਜ਼ਰ ਨਾਲ ਦੇਖਦੀਆਂ, ਜਿਵੇਂ ਉਹ ਆਪਣੇ ਗੁਲਾਮਾਂ ਨੂੰ  ਦੇਖਦੇ ਦੇਖਦੇ ਤੰਗ ਆ ਗਈਆਂ ਹੋਣ ਅਤੇ ਇਸ ਬਾਤ ਦੀ ਤਵੱਕੋ  ਛੱਡ ਦਿੱਤੀ ਹੋਵੇ ਕਿ ਉਹ ਵੀ ਜਿਨਸ ਆਦਮ ਵਿੱਚੋਂ ਹਨ। ਅਸੀਂ  ਹਰ ਰੋਜ਼ ਨਾ ਕਾਬਲੇ ਬਰਦਾਸ਼ਤ ਗਰਦੋ ਗ਼ੁਬਾਰ ਅਤੇ ਝੁਲਸਾ ਦੇਣ ਵਾਲੀ ਭਾਫ  ਦੇ ਦਰਮਿਆਨ ਆਪਣੇ ਹੀ ਪਸੀਨੇ ਨਾਲ ਤਰ ਕੀਤਾ  ਮੈਦਾ ਗੁੰਨ੍ਹਦੇ ਅਤੇ ਬਿਸਕੁਟ ਤਿਆਰ ਕਰਦੇ। ਸਾਨੂੰ ਉਸ ਕੰਮ ਨਾਲ ਸਖ਼ਤ ਨਫ਼ਰਤ ਸੀ ਅਤੇ ਇਹੀ ਵਜ੍ਹਾ ਸੀ ਕਿ ਅਸੀਂ  ਤਿਆਰ ਕੀਤੇ ਬਿਸਕੁਟਾਂ ਨਾਲੋਂ ਸਿਆਹ ਕਾਲੀ ਰੋਟੀ ਨੂੰ  ਤਰਜੀਹ ਦਿੰਦੇ ਸਾਂ।ਅਸੀਂ ਇੱਕ ਲੰਮੇ ਮੇਜ ਦੇ ਆਹਮੋ ਸਾਹਮਣੇ ਬੈਠੇ ਹੁੰਦੇ ਅਤੇ  ਰੋਜ਼ਮਰਾ ਦੇ ਕੰਮ ਨਾਲ ਸਾਡੇ ਅੰਗ ਮਸ਼ੀਨਾਂ ਦੀ ਤਰ੍ਹਾਂ ਖ਼ੁਦ ਬਖ਼ੁਦ ਕੰਮ ਕਰਨ ਦੇ ਆਦੀ ਹੋ ਗਏ ਸਨ ਅਤੇ ਅਖੀਰ ਉਨ੍ਹਾਂ ਦੀ ਹਰਕਤ ਦਿਲੋ ਦਿਮਾਗ਼ ਲਈ ਗੈਰ ਹੋ ਜਾਂਦੀ ਸੀ। ਕੰਮ ਦੇ ਦੌਰਾਨ ਵਿੱਚ  ਅਸੀਂ  ਇੱਕ ਦੂਸਰੇ ਨਾਲ ਬਿਲਕੁਲ ਹਮ ਕਲਾਮ ਨਾ ਹੁੰਦੇ ਕਿਉਂਕਿ ਸਾਡੇ ਪਾਸ ਗੁਫ਼ਤਗੂ ਦੇ ਲਈ ਕੋਈ ਮੋਜ਼ੂਅ ਹੀ ਨਹੀਂ ਸੀ।ਬਸ ਅਸੀਂ ਇੱਕ ਦੂਜੇ ਨੂੰ ਦੇਖਦੇ ਰਹਿੰਦੇ ਤੇ ਅਸੀਂ ਇੱਕ ਦੂਜੇ ਦੀ ਇੱਕ ਇੱਕ ਝੁਰੜੀ ਦੇ ਵਾਕਫ ਹੋ ਗਾਏ ਸਾਂ । ਇਸ ਤਰ੍ਹਾਂ  ਸਾਡਾ ਤਮਾਮ ਵਕਤ ਖ਼ਾਮੋਸ਼ੀ ਵਿੱਚ  ਗੁਜ਼ਰਦਾ, ਬਸ਼ਰਤੇ ਕਿ ਸਾਡੇ  ਵਿੱਚੋਂ ਕੋਈ ਕਿਸੇ ਨਾਲ ਲੜ ਨਾ ਪੈਂਦਾ। ਮਗਰ ਲੜਨ ਦਾ ਬਹੁਤ ਘੱਟ ਮੌਕਾ ਆਉਂਦਾ। ਅਤੇ ਆਉਂਦਾ ਵੀ ਕਿਵੇਂ ਸਾਥੀ ਹੀ ਤਾਂ ਸੀ  ?ਇੱਕ ਦੂਜੇ ਦੇ ਨੁਕਸ ਵੀ ਨਹੀਂ ਕਢਦੇ ਸੀ ।ਸਾਡੀ ਏਨੀ ਹੈਸੀਅਤ ਹੀ ਕਿਥੇ ਸੀ। ਜਦੋਂ ਕਿ ਇਨਸਾਨ ਇਨਸਾਨ ਨਾ ਹੋ ਕੇ ਅਰਧ ਮੁਰਦਾ ਹੋਣ, ਬੁੱਤ ਦੀ ਭਾਂਤੀ । ਜਿਵੇਂ ਰੋਜ਼ ਦੀ ਅਮੁੱਕ  ਮਿਹਨਤ ਨਾਲ ਉਹ ਕੁੰਦ ਅਤੇ ਮੁਰਦਾ ਕਰ ਦਿੱਤੇ ਗਏ ਹੋਣ  । ਖ਼ਾਮੋਸ਼ੀ ਉਨ੍ਹਾਂ ਸ਼ਖ਼ਸ਼ਾਂ ਦੇ ਲਈ ਜੋ ਸਭ ਕੁਛ ਕਹਿ ਚੁੱਕੇ ਹੋਣ ਅਤੇ ਕੁਛ ਕਹਿਣ ਦੇ ਲਈ ਬਾਕੀ ਨਾ ਰਖਦੇ ਹੋਣ, ਖ਼ੌਫ਼ਨਾਕ ਅਤੇ ਡਰਾਉਣੀ ਹੈ…. ਮਗਰ ਉਨ੍ਹਾਂ ਦੇ ਲਈ ਜੋ ਅਜੇ ਆਪਣੀ ਆਵਾਜ਼ ਤੋਂ ਹੀ ਅਜਨਬੀ  ਹੋਣ, ਅਜੇ ਗੱਲਬਾਤ ਸ਼ੁਰੂ ਹੀ ਨਾ ਹੋਇ ਹੋਵੇ ਖ਼ਾਮੋਸ਼ੀ ਬਜਾਏ ਤਕਲੀਫ਼ ਦੇਹ ਹੋਣ ਦੇ ਆਸਾਨ ਅਤੇ ਰਾਹਤ ਭਰੀ ਹੁੰਦੀ ਹੈ।

ਉਸ ਖ਼ਾਮੋਸ਼ੀ ਨੂੰ  ਕਦੇ ਕਦਾਈਂ ਸਾਡਾ ਰਾਗ ਤੋੜ ਦਿੰਦਾ….ਉਹ ਰਾਗ ਇਸ ਤਰ੍ਹਾਂ ਜ਼ਹੂਰ ਵਿੱਚ  ਆਉਂਦਾ…. ਸਾਡੇ  ਵਿੱਚੋਂ ਕਦੇ ਕਦੇ ਕੋਈ ਜਣਾ ਥੱਕੇ ਹੋਏ ਘੋੜੇ ਦੇ ਹਿਣਹਨਾਉਣ ਦੀ ਤਰ੍ਹਾਂ ਕੋਈ ਐਸਾ ਰਾਗ ਅਲਾਪਣਾ ਸ਼ੁਰੂ ਕਰ ਦਿੰਦਾ ਜੋ ਅਮੂਮਨ ਐਸੇ ਮੌਕਿਆਂ ਤੇ ਰੂਹ ਦੇ ਬੋਝ ਨੂੰ  ਹਲ਼ਕਾ ਕਰਨ ਵਿੱਚ  ਮਦਦ ਦਿੰਦਾ ਹੈ। ਪਹਿਲੇ ਪਹਿਲ ਤਾਂ ਉਸ ਉਦਾਸ ਰਾਗ ਵਿੱਚ  ਕੋਈ ਸ਼ਾਮਿਲ ਨਾ ਹੁੰਦਾ। ਅਤੇ ਉਹ ਰਾਗ ਸਾਡੀ ਜ਼ਿੰਦਾਂ ਨੁਮਾ ਕੋਠੜੀ ਦੀ ਛੱਤ ਦੇ ਥੱਲੇ ਸਹਿਜੇ ਸਹਿਜੇ ਬੁਝ ਜਾਂਦਾ ਜਿਵੇਂ ਸਟੈਪੀ ਵਿੱਚ ਇੱਕ ਗਿੱਲੀ ਸਰਦ ਰਾਤ ਨੂੰ  ਕੋਈ ਛੋਟੀ ਜਿਹੀ ਧੂਣੀ ਬੁਝ ਜਾਂਦੀ ਹੈ ਜਦੋਂ ਧਰਤੀ ਦੇ ਉਤੇ ਆਸਮਾਂ ਦਾ ਭਾਰੀ ਪੁੰਜ ਲਟਕ ਰਿਹਾ ਹੁੰਦਾ ਹੈ  । ਮਗਰ ਥੋੜੀ ਦੇਰ ਦੇ ਬਾਦ ਉਸ ਗਾਉਣ ਵਾਲੇ ਦੇ ਨਾਲ ਸਾਡੇ  ਵਿੱਚੋਂ ਕੋਈ ਹੋਰ ਸ਼ਾਮਿਲ ਹੋ ਜਾਂਦਾ…. ਹੁਣ ਦੋ ਹੋਰ ਗ਼ਮਗ਼ੀਨ ਕੋਮਲ  ਆਵਾਜਾਂ ਸਾਡੀ ਕਬਰ ਨੁਮਾ ਕੋਠੜੀ ਦੀ ਤੰਗ ਫ਼ਜ਼ਾ ਵਿੱਚ  ਤੈਰਦੀਆਂ ਨਜ਼ਰ ਆਉਂਦੀਆਂ…. ਥੋੜੀ ਦੇਰ ਦੇ ਬਾਦ ਅਸੀਂ  ਸਭ ਉਸ ਰਾਗ ਵਿੱਚ  ਸ਼ਾਮਿਲ ਹੋ ਜਾਂਦੇ । ਹੁਣ ਬਹੁਤ ਸਾਰੀਆਂ ਆਵਾਜਾਂ ਜਮ੍ਹਾਂ ਹੋ ਕੇ ਸਮੁੰਦਰ ਦੀਆਂ  ਲਹਿਰਾਂ ਦੀ ਤਰ੍ਹਾਂ ਸੰਗੀਨ ਕਫ਼ਸ ਦੀਆਂ ਸਿਆਹ ਦੀਵਾਰਾਂ ਨਾਲ ਟਕਰਾ ਟਕਰਾ ਕੇ ਗੂੰਜਣਾ ਸ਼ੁਰੂ ਕਰ ਦਿੰਦੀਆਂ  । ਇਸ ਤਰ੍ਹਾਂ ਅਸੀਂ  ਸਭ ਆਪਣੇ ਆਪ ਨੂੰ  ਰਾਗ ਅਲਾਪਣ ਵਿੱਚ  ਮਸਰੂਫ਼ ਪਾਉਂਦੇ।

ਸਾਡੇ ਬੁਲੰਦ ਰਾਗ ਦੇ ਸੁਰ ਜੋ ਕੋਠੜੀ ਵਿੱਚ  ਆਜ਼ਾਦਾਨਾ ਤੌਰ ਤੇ ਸਮਾ ਨਹੀਂ ਸਕਦੇ ਸਨ ਪੱਥਰ ਦੀਆਂ  ਸਿਆਹ ਦੀਵਾਰਾਂ ਦੇ ਨਾਲ ਟਕਰਾ ਟਕਰਾ ਕੇ ਆਹੋ ਜ਼ਾਰੀ, ਨਾਲਾ ਫ਼ਰਿਆਦ ਕਰਦੇ ਅਤੇ ਸਾਡੇ ਬੇਹਿਸ ਦਿਲਾਂ ਵਿੱਚ  ਇੱਕ ਹੀ ਜਾਨ, ਇੱਕ ਮਿਠਾ ਜਿਹਾ ਦਰਦ ਪੈਦਾ ਕਰ ਦਿੰਦੇ ਜੋ ਉਨ੍ਹਾਂ ਦੇ ਪੁਰਾਣੇ ਜ਼ਖ਼ਮਾਂ ਨੂੰ  ਫਿਰ ਹਰਾ ਕਰ ਦਿੰਦਾ ਅਤੇ ਉਹਨਾਂ ਨੂੰ ਇੱਕ ਨਵੀਂ ਚਾਹਤ ਦੇ ਲਈ ਬੇਦਾਰ ਕਰ ਦਿੰਦਾ।

ਆਮ ਤੌਰ ਤੇ ਗਾਉਣ ਵਾਲਾ ਸਰਦ ਆਹ ਭਰਦੇ ਹੋਏ ਆਪ  ਗਾਉਣਾ ਬੰਦ ਕਰ ਦਿੰਦਾ ਅਤੇ ਅੱਖਾਂ ਬੰਦ ਕੀਤੇ ਆਪਣੇ ਰਫ਼ੀਕਾਂ ਦੇ ਰਾਗ ਨੂੰ  ਖ਼ਾਮੋਸ਼ੀ ਨਾਲ ਸੁਣਦਾ। ਮਗਰ ਥੋੜੀ ਦੇਰ ਦੇ ਬਾਦ ਉਹ ਫਿਰ ਉਨ੍ਹਾਂ ਦੇ ਨਾਲ ਸ਼ਾਮਿਲ ਹੋ ਜਾਂਦਾ।

ਉਸ ਦੀਆਂ ਨਿਗਾਹਾਂ ਵਿੱਚ  ਰਾਗ ਦੀ ਉਭਰਦੀ ਹੋਈ ਲਹਿਰ ਇੱਕ ਦੂਰ ਜਾਂਦੀ ਸੜਕ ਸੀ। ਦੂਰ ਬਹੁਤ ਦੂਰ ਇੱਕ ਖੁਲ੍ਹੀ ਚੌੜੀ ਸੜਕ ਸੂਰਜ ਦੀ ਰੌਸ਼ਨੀ ਨਾਲ ਮੁਨੱਵਰ ਜਿਸ ਤੇ ਉਹ ਆਪਣੇ ਖਿਆਲਾਂ ਵਿੱਚ  ਗਾਮਜ਼ਨ ਹੈ…. ਇਸੇ ਦੌਰਾਨ ਅੱਗ ਦੇ ਸ਼ੋਅਲੇ, ਭੱਠੀ ਵਿੱਚੋਂ ਸੁਰਖ਼ ਜ਼ਬਾਨਾਂ ਕੱਢ ਰਹੇ ਹੁੰਦੇ। ਨਾਨਬਾਈ ਦੀ ਲੋਹੇ ਦੀ ਸਲਾਖ਼ ਭੱਠੀ ਦੀਆਂ ਜ਼ਰਦ ਇੱਟਾਂ ਤੇ ਤੇਜ਼ ਆਵਾਜ਼ ਵਿੱਚ  ਖੇਲ ਰਹੀ ਹੁੰਦੀ। ਉਬਲਦੇ ਹੋਏ ਪਾਣੀ ਦਾ ਸ਼ੋਰ ਬ ਦਸਤੂਰ ਜਾਰੀ ਰਹਿੰਦਾ ਅਤੇ ਸ਼ੋਹਲਿਆਂ ਦਾ ਅਕਸ ਦੀਵਾਰ ਤੇ ਨਚਦਾ ਖ਼ਾਮੋਸ਼ ਹਾਸੀ ਹੱਸ ਰਿਹਾ ਹੁੰਦਾ।

ਅਤੇ ਅਸੀਂ  ਕਿਸੇ ਗ਼ੈਰ ਦੇ ਲਫ਼ਜ਼ਾਂ ਵਿੱਚ ਉਨ੍ਹਾਂ ਇਨਸਾਨਾਂ ਦਾ ਦੁੱਖ ਦਰਦ ਬਿਆਨ ਕਰਨ ਵਿੱਚ  ਮਸਰੂਫ਼ ਹੁੰਦੇ ਜਿਨ੍ਹਾਂ ਕੋਲੋਂ  ਸੂਰਜ ਦੀ ਰੌਸ਼ਨੀ ਛੀਨ ਲਈ ਗਈ ਹੋਵੇ, ਜੋ ਗ਼ੁਲਾਮ ਹੋਣ।

ਇਹ ਸੀ ਸਾਡੀ ਜ਼ਿੰਦਗੀ…. ਛੱਬੀ ਗੁਲਾਮਾਂ ਦੀ ਜ਼ਿੰਦਗੀ ਉਸ ਕਫ਼ਸ ਵਿੱਚ  ਜਿਸ ਵਿੱਚ  ਜ਼ਿੰਦਗੀ ਦੇ ਅਜਾਂਮ ਇਸ ਕਦਰ ਤਲਖ਼ ਗੁਜ਼ਰ ਰਹੇ ਸਨ ਕਿ ਮਲੂਮ ਹੋ ਰਿਹਾ ਸੀ ਕਿ ਸੰਗੀਨ ਇਮਾਰਤ  ਦੀਆਂ ਤਿੰਨ ਮੰਜ਼ਲਾਂ ਸਾਡੇ ਮੌਰਾਂ ਤੇ ਤਾਮੀਰ ਕੀਤੀਆਂ ਗਈਆਂ ਹਨ।

ਗਾਉਣ ਦੇ ਇਲਾਵਾ ਸਾਡੇ ਪਾਸ ਇੱਕ ਹੋਰ ਰੁਝੇਵਾਂ ਸੀ ਜਿਸ ਦੀ ਸਾਡੀ ਨਜ਼ਰਾਂ ਵਿੱਚ  ਵੈਸੀ ਹੀ ਕਦਰ ਓ ਕੀਮਤ ਸੀ ਜਿਵੇਂ ਸੂਰਜ ਦੀ ਦਿਲਫ਼ਰੇਫ਼ ਧੁੱਪ ਦੀ।

ਸਾਡੇ ਮਕਾਨ ਦੀ ਦੂਸਰੀ ਮੰਜ਼ਿਲ ਵਿੱਚ  ਜ਼ਰੀ ਦਾ ਕਾਰਖ਼ਾਨਾ ਸੀ ਜਿਸ ਵਿੱਚ  ਬਹੁਤ ਲੜਕੀਆਂ ਮੁਲਾਜ਼ਮ ਸਨ। ਉਨ੍ਹਾਂ ਲੜਕੀਆਂ ਵਿੱਚ  ਸੋਲ੍ਹਾ ਬਰਸ ਦੀ ਦੋਸ਼ੀਜ਼ਾ ਤਾਨੀਆ ਨਾਮੀ ਸੀ ਜੋ ਸਾਡੇ ਸਾਹਮਣੇ ਵਾਲੀ ਦੀਵਾਰ ਦੀ ਛੋਟੀ ਖਿੜਕੀ ਦੇ ਪਾਸ ਹਰ ਰੋਜ਼ ਆਉਂਦੀ ਅਤੇ ਸਲਾਖਾਂ ਦੇ ਨਾਲ ਆਪਣਾ ਗੁਲਾਬ ਜੈਸਾ ਚਿਹਰਾ ਲੱਗਾ ਕੇ ਸੁਰੀਲੀ ਆਵਾਜ਼ ਵਿੱਚ  ਪੁਕਾਰਦੀ:

“ਮਜ਼ਲੂਮ ਕੈਦੀਓ! ਮੈਨੂੰ ਥੋੜੇ ਜਿਹੇ ਬਿਸਕੁਟ ਦਿਉਗੇ”।

ਉਸ ਆਵਾਜ਼ ਨੂੰ  ਸੁਣਦੇ ਹੀ ਅਸੀਂ  ਸਭ ਖਿੜਕੀ ਦੇ ਪਾਸ ਦੌੜੇ ਚਲੇ ਜਾਂਦੇ ਅਤੇ ਉਸ ਖ਼ੂਬਸੂਰਤ ਅਤੇ ਮਾਸੂਮ ਚਿਹਰੇ ਦੀ ਤਰਫ਼ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਦੇ। ਉਸ ਦੀ ਆਮਦ ਸਾਡੇ ਲਈ   ਖ਼ੁਸ਼ਗਵਾਰ ਹੁੰਦੀ। ਉਸ ਦੀ ਤਿੱਖੀ ਨੱਕ ਨੂੰ  ਖਿੜਕੀ ਦੇ ਸ਼ੀਸ਼ੇ ਦੇ ਨਾਲ ਚਿਮਟੇ ਹੋਏ ਅਤੇ ਅਧ ਖੁਲੇ  ਮੁਸਕਰਾਉਂਦੇ ਹੋਏ ਸੁਰਖ਼ ਹੋਠਾਂ ਵਿੱਚ  ਚਮਕਦੇ ਹੋਏ ਸਫੈਦ ਦੰਦਾਂ ਨੂੰ ਦੇਖਣ ਨਾਲ ਸਾਡੇ ਦਿਲ ਨੂੰ  ਰਾਹਤ ਪਹੁੰਚਦੀ ਸੀ ਉਸ ਨੂੰ  ਖਿੜਕੀ ਦੇ ਪਾਸ ਦੇਖ ਕੇ ਅਸੀਂ  ਸਭ ਦਰਵਾਜ਼ੇ ਦੀ ਜਾਨਿਬ ਵਧਦੇ ਅਤੇ ਇੱਕ ਦੂਸਰੇ ਨੂੰ  ਰੇਲਦੇ ਹੋਏ ਦਰਵਾਜ਼ਾ ਖੋਲ ਦਿੰਦੇ, ਦਰਵਾਜ਼ਾ ਖੁਲਣ ਤੇ ਉਹ ਅੰਦਰ ਆ ਜਾਂਦੀ। ਹਮੇਸ਼ਾ ਇਸੇ ਅੰਦਾਜ਼ ਦੇ ਨਾਲ ਮੁਸਕਰਾਉਂਦੀ ਹੋਈ, ਆਪਣੇ ਖ਼ੂਬਸੂਰਤ ਸਿਰ ਨੂੰ  ਇੱਕ ਤਰਫ਼ ਲਟਕਾਏ ਹੋਏ ਜਿਸ ਨਾਲ ਭੂਰੇ ਬਾਲਾਂ ਦੇ ਖ਼ੂਬਸੂਰਤ ਗੇਸੂ ਅਜਬ ਦਿਲਕਸ਼ ਅੰਦਾਜ਼ ਵਿੱਚ  ਉਸ ਦੀਆਂ ਛਾਤੀਆਂ ਤੇ ਲਟਕ ਰਹੇ ਹੁੰਦੇ।

ਅਸੀਂ  ਗ਼ਲੀਜ਼, ਭੱਦੇ ਅਤੇ ਬਦ ਵਜ਼ਾ ਹਸਰਤ ਜ਼ਦਾ ਭਿਖਾਰੀਆਂ ਦੀ ਤਰ੍ਹਾਂ ਖੜੇ ਉਸ ਦੀ ਸ਼ਕਲ ਦੀ ਤਰਫ਼ ਦੇਖਿਆ ਕਰਦੇ ਜੋ ਦਰਵਾਜ਼ੇ ਦੀ ਦਹਿਲੀਜ਼ ਤੇ ਖੜੀ ਹਲਕੇ ਹਲਕੇ ਮੁਸਕਰਾ ਰਹੀ ਹੁੰਦੀ। ਅਸੀਂ  ਸਭ ਉਸ ਦੀ ਖ਼ਿਦਮਤ ਵਿੱਚ  ਸੁਬ੍ਹਾ ਦਾ ਸਲਾਮ ਅਰਜ਼ ਕਰਦੇ ਅਤੇ ਉਸ ਦੇ ਨਾਲ ਗੁਫ਼ਤਗੂ ਕਰਦੇ ਵਕਤ ਖ਼ਾਸ ਅਲਫ਼ਾਜ਼ ਇਸਤੇਮਾਲ ਵਿੱਚ  ਲਿਆਉਂਦੇ। ਉਹ ਅਲਫ਼ਾਜ਼ ਸਾਡੀ ਜ਼ਬਾਨ ਤੋਂ ਖ਼ਾਸ ਉਸੇ ਦੇ ਲਈ ਨਿਕਲਦੇ…. ਖ਼ਾਸ ਉਸੇ ਦੇ ਲਈ

ਜਦੋਂ ਅਸੀਂ  ਉਸ ਨਾਲ ਹਮ  ਕਲਾਮ ਹੁੰਦੇ ਤਾਂ ਸਾਡੀ ਆਵਾਜ਼ ਆਮ ਦੇ ਉਲਟ ਮੁਲਾਇਮ ਅਤੇ ਨਰਮ ਹੁੰਦੀ ਅਤੇ ਸਾਡੀ ਬਦ ਸਲੂਕੀ  ਉਸ ਵਕਤ ਬਿਲਕੁਲ ਗ਼ਾਇਬ ਹੋ ਜਾਂਦੀ…. ਇਹ ਆਦਾਬ ਸਿਰਫ਼ ਉਸੇ ਦੇ ਲਈ ਮਖ਼ਸੂਸ ਸਨ।ਨਾਨਬਾਈ ਸੁਰਖ਼ ਅਤੇ ਖ਼ਸਤਾ ਬਿਸਕੁਟ ਕੱਢ ਕੇ ਉਸ ਦੀ ਝੋਲ਼ੀ ਵਿੱਚ  ਅਜਬ ਚਾਬਕ ਦਸਤੀ ਨਾਲ ਫੈਂਕ ਦਿਆ ਕਰਦਾ।

“ਦੇਖ! ਦੌੜ ਜਾ ਹੁਣ ,ਖ਼ਿਆਲ ਰਹੇ। ਕਿਤੇ ਮਾਲਕ ਦੇ ਹਥ  ਨਾ ਆ ਜਾਣਾ”। ਅਸੀਂ  ਹਮੇਸ਼ਾ ਉਸ ਨੂੰ ਇਸ ਖ਼ਤਰੇ ਤੋਂ ਆਗਾਹ ਕਰਦੇ ਰਹਿੰਦੇ।

ਇਸ ਤੇ ਉਹ ਦਿਲਕਸ਼ ਹਾਸੀ ਹੱਸਦੀ ਹੋਈ ਇਹ ਜਵਾਬ ਦਿੰਦੀ,”ਖ਼ੁਦਾ ਹਾਫ਼ਿਜ਼ ਮੇਰੇ ਨੰਨ੍ਹੇ ਕੈਦੀਓ!” ਅਤੇ ਇਹ ਕਹਿੰਦੇ ਹੀ ਉਹ ਸਾਡੀਆਂ ਨਜ਼ਰਾਂ ਤੋਂ  ਓਝਲ ਹੋ ਜਾਇਆ ਕਰਦੀ।

ਉਸ ਦੀ ਰਵਾਨਗੀ ਦੇ ਬਾਦ ਅਸੀਂ  ਦੇਰ ਤੱਕ ਉਸ ਦੇ ਮੁਤੱਲਕ ਗੁਫ਼ਤਗੂ ਕਰਦੇ …. ਸਾਡੇ ਖ਼ਿਆਲ ਹਮੇਸ਼ਾ ਇੱਕ ਹੀ ਹੁੰਦੇ ਕਿਉਂਕਿ ਉਹ , ਅਸੀਂ  ਅਤੇ ਸਾਡੇ ਹਾਲਾਤ  ਹਮੇਸ਼ਾ ਉਹੀ ਹੁੰਦੇ ਕੱਲ ਵਾਲੇ. ਉਸ ਇਨਸਾਨ ਦੇ ਲਈ ਜ਼ਿੰਦਗੀ ਇੱਕ ਅਜ਼ਾਬ ਹੈ ਜਿਸ ਦਾ ਮਾਹੌਲ ਉਹੀ ਰਹੇ । ਜਿਤਨਾ ਅਰਸਾ ਉਹ ਉਸ ਮਾਹੌਲ ਵਿੱਚ  ਬਸਰ ਕਰੇਗਾ, ਉਸੇ ਕਦਰ ਉਸ ਫ਼ਜ਼ਾ ਦਾ ਸਕੂਨ ਉਸ ਦੇ ਲਈ ਨਾ ਕਾਬਲੇ ਬਰਦਾਸ਼ਤ ਹੁੰਦਾ ਜਾਏਗਾ।

ਅਸੀਂ  ਸਿਨਫ਼ ਨਾਜ਼ੁਕ (ਔਰਤਾਂ)ਦੇ ਮੁਤੱਲਕ ਐਸੇ ਅਲਫ਼ਾਜ਼ ਵਿੱਚ  ਗੁਫ਼ਤਗੂ ਕਰਿਆ ਕਰਦੇ ਕਿ ਕਈ ਵਾਰ  ਉਹ ਗੁਫ਼ਤਗੂ ਨਾ ਗਵਾਰ ਖ਼ਾਤਿਰ ਹੋ ਜਾਇਆ ਕਰਦੀ…. ਉਸ ਨਾਲ ਇਹ ਨਤੀਜਾ ਨਾ ਅਖ਼ਜ਼ ਕਰ ਲਿਆ ਜਾਏ ਕਿ ਸਾਡੇ ਖ਼ਿਆਲ ਔਰਤਾਂ ਦੇ ਮੁਤੱਲਕ ਇਸ ਕਦਰ ਬੁਰੇ ਸਨ। ਉਹ ਸਿਨਫ਼ ਜਿਸ ਦੇ ਮੁਤੱਲਕ ਅਸੀਂ  ਖ਼ਿਆਲਾਂ ਦਾ  ਇਜ਼ਹਾਰ ਕਰਿਆ ਕਰਦੇ,ਔਰਤ ਕਹਿਲਾਏ ਜਾਣ ਦੀ ਹੱਕਦਾਰ ਨਹੀਂ।

ਤਾਨੀਆ ਦੀ ਸ਼ਾਨ ਵਿੱਚ  ਸਾਡੇ ਮੂੰਹੋਂ ਕੋਈ ਗੁਸਤਾਖ਼ ਕਲਮਾ ਨਿਕਲ  ਨਾ ਸਕਦਾ …. ਸ਼ਾਇਦ ਉਸ ਦੀ ਵਜ੍ਹਾ ਇਹ ਹੋਵੇ ਕਿ ਉਹ ਸਾਡੇ ਪਾਸ ਬਹੁਤ ਘੱਟ ਅਰਸਾ ਠਹਿਰਦੀ ਸੀ…. ਉਹ ਸਾਡੀਆਂ ਨਜ਼ਰਾਂ ਦੇ ਸਾਹਮਣੇ ਆਸਮਾਨ ਤੋਂ ਟੁੱਟਦੇ ਹੋਏ ਸਿਤਾਰੇ ਦੀ ਤਰ੍ਹਾਂ ਰੌਸ਼ਨੀ ਦੀ ਝਲਕ ਦਿਖਾ ਕੇ ਫਿਰ ਓਝਲ ਹੋ ਜਾਂਦੀ।

ਅਤੇ ਜਾਂ  ਉਸ ਦੀ ਵਜ੍ਹਾ ਉਸ ਦਾ ਹੁਸਨ ਹੋਵੇ  ਕਿਉਂਕਿ ਹਰ ਹਸੀਨ ਚੀਜ਼ ਇਨਸਾਨ ਦੇ ਦਿਲ ਵਿੱਚ  ਆਪਣੀ  ਵੁਕਅਤ ਅਤੇ ਇੱਜ਼ਤ ਪੈਦਾ ਕਰ ਦਿੰਦੀ ਹੈ…. ਚਾਹੇ ਉਹ ਇਨਸਾਨ ਗ਼ੈਰ ਤਰਬੀਅਤ ਜਾਂਫ਼ਤਾ ਹੀ ਕਿਉਂ ਨਾ ਹੋਵੇ।

ਇਸ ਦੇ ਇਲਾਵਾ ਇੱਕ ਹੋਰ ਵਜ੍ਹਾ ਵੀ ਸੀ। ਚਾਹੇ ਜੇਲ ਦੀ ਮੁਸ਼ੱਕਤ ਨੇ ਸਾਨੂੰ  ਸਭ ਨੂੰ  ਵਹਿਸ਼ੀ ਦਰਿੰਦਿਆਂ  ਨਾਲੋਂ ਬਦਤਰ ਬਣਾ ਦਿਤਾ ਸੀ , ਮਗਰ ਅਸੀਂ  ਫਿਰ ਵੀ ਇਨਸਾਨ ਸਾਂ ਅਤੇ  ਸਭਨਾਂ ਇਨਸਾਨਾਂ ਦੀ ਤਰ੍ਹਾਂ ਅਸੀਂ  ਵੀ ਬਗ਼ੈਰ ਕਿਸੇ ਦੀ ਪੂਜਾ ਕੀਤੇ ਜ਼ਿੰਦਾ ਨਹੀਂ  ਰਹਿ ਸਕਦੇ ਸਾਂ। ਸਾਡੇ ਲਈ   ਉਸ ਦੀ ਜ਼ਾਤ ਨਾਲੋਂ ਵਧ ਕੇ ਦੁਨੀਆਂ ਵਿੱਚ  ਕੋਈ ਹੋਰ ਸ਼ੈ ਨਾ ਸੀ। ਇਸ ਲਈ   ਕਿ ਦਰਜਨਾਂ  ਇਨਸਾਨਾਂ ਵਿੱਚੋਂ ਜੋ ਉਸ ਇਮਾਰਤ ਵਿੱਚ  ਰਹਿੰਦੇ, ਇੱਕ ਸਿਰਫ਼ ਉਹੀ ਸੀ ਜੋ ਸਾਡੀ ਪ੍ਰਵਾਹ ਕਰਿਆ ਕਰਦੀ ਸੀ…. ਸਭ ਤੋਂ ਬੜੀ ਵਜ੍ਹਾ ਇਹੀ ਸੀ।

ਹਰ ਰੋਜ਼ ਉਸ ਦੇ ਲਈ ਬਿਸਕੁਟ ਮੁਹਈਆ ਕਰਨਾ  ਅਸੀਂ  ਆਪਣਾ ਫ਼ਰਜ਼ ਸਮਝਦੇ ਸਾਂ।

ਇਹ ਨਜ਼ਰਾਨਾ ਹੁੰਦਾ ਜੋ ਅਸੀਂ  ਹਰ ਰੋਜ਼ ਆਪਣੇ ਦੇਵਤਾ ਦੀ ਕੁਰਬਾਨ ਗਾਹ ਤੇ ਪੇਸ਼ ਕਰਿਆ ਕਰਦੇ ਸਾਂ। ਆਹਿਸਤਾ ਆਹਿਸਤਾ ਇਹ ਰਸਮ ਇੱਕ ਮੁਕੱਦਸ ਫ਼ਰਜ਼ ਵਿੱਚ  ਤਬਦੀਲ ਹੋ ਗਈ । ਸਾਡਾ ਅਤੇ ਉਸ ਦਾ ਰਿਸ਼ਤਾ ਹੋਰ  ਮਜ਼ਬੂਤ ਹੋ ਗਿਆ।

ਬਿਸਕੁਟਾਂ ਦੇ ਇਲਾਵਾ ਅਸੀਂ  ਤਾਨੀਆ ਨੂੰ  ਨਸੀਹਤਾਂ ਵੀ ਕਰਿਆ ਕਰਦੇ, ਇਹੀ ਕਿ ਉਹ ਉਸ ਸਰਦੀ ਵਿੱਚ  ਗਰਮ ਕੱਪੜੇ ਇਸਤੇਮਾਲ ਕਰਿਆ ਕਰੇ ਅਤੇ ਪੌੜੀਆਂ ਆਰਾਮ ਨਾਲ ਉਤਰਿਆ ਕਰੇ।

ਸਾਡੀਆਂ ਉਨ੍ਹਾਂ ਨਸੀਹਤਾਂ ਨੂੰ  ਉਹ ਮੁਸਕਰਾਉਂਦੀ ਹੋਈ ਸੁਣਿਆ ਕਰਦੀ ਅਤੇ ਉਨ੍ਹਾਂ ਤੇ ਕਦੇ ਅਮਲ ਨਾ ਕਰਦੀ।

ਉਸ ਦਾ ਇਹ ਤਰਜ਼ੇ ਅਮਲ ਸਾਨੂੰ ਕਦੇ ਨਾ ਗਵਾਰ ਮਲੂਮ ਨਾ ਹੁੰਦਾ ਕਿਉਂਕਿ ਨਸੀਹਤਾਂ ਦੇ ਪਿਛੇ ਲੁਕੀ ਸਾਡੀ ਸਿਰਫ਼ ਇਹੀ ਖ਼ਾਹਿਸ਼ ਹੁੰਦੀ ਸੀ ਕਿ ਉਹ ਇਸ ਬਾਤ ਤੋਂ ਬਾਖ਼ਬਰ ਹੋ ਜਾਏ ਕਿ ਅਸੀਂ  ਉਸ ਦੀ ਹਿਫ਼ਾਜ਼ਤ ਕਰ ਰਹੇ ਹਾਂ।

ਅਕਸਰ  ਉਹ ਸਾਨੂੰ ਕੁਛ ਕੰਮ ਕਰਨ(ਸਟੋਰ ਦਾ ਭਾਰੀ ਦਰਵਾਜਾ ਖੋਲ੍ਹਣ ਜਾਂ ਫਿਰ ਲਕੜਾਂ ਪਾੜਨ) ਦੇ ਲਈ ਕਹਿੰਦੀ ਜਿਸ ਨੂੰ  ਅਸੀਂ  ਖ਼ੁਸ਼ੀ ਹੀ  ਨਹੀਂ ਬਲਕਿ ਫ਼ਖ਼ਰ ਦੇ ਨਾਲ ਕਰਿਆ ਕਰਦੇ।

ਲੇਕਿਨ ਜਦੋਂ ਇੱਕ ਦਫ਼ਾ ਸਾਡੇ ਵਿੱਚੋਂ ਇੱਕ ਜਣੇ ਨੇ ਆਪਣੀ  ਕਮੀਜ਼ ਦੇ ਕੁਝ ਤੋਪੇ ਲਗਾਉਣ ਨੂੰ  ਕਿਹਾ ਤਾਂ ਉਸ ਨੇ ਨੱਕ ਭੋਂ ਚੜ੍ਹਾਉਂਦੇ ਹੋਏ ਜਵਾਬ ਦਿੱਤਾ, “ਕੀ ਨਗੋੜਾ ਇਹੀ ਕੰਮ ਰਹਿ  ਗਿਆ ਹੈ ਮੇਰੇ ਲਈ  । ਮੈਂ ਹੋਰ ਬਹੁਤ ਸਾਰੇ ਕੰਮ ਕਰਨੇ ਨੇ ”।

ਅਸੀਂ  ਆਪਣੇ ਬੇਵਕੂਫ਼ ਸਾਥੀ ਦੀ ਉਸ ਹਰਕਤ ਤੇ ਖ਼ੂਬ ਹੱਸੇ ਅਤੇ ਫਿਰ ਉਸ ਨੂੰ  ਕਿਸੇ ਕੁਝ ਕਰਨ ਨੂੰ  ਨਾ ਕਿਹਾ। ਸਾਨੂੰ ਉਸ ਨਾਲ ਮੁਹੱਬਤ ਸੀ। ਅਗਰ ਮੁਹੱਬਤ ਕਿਹਾ ਜਾਏ ਤਾਂ ਸਮਝ ਲਉ  ਕਿ ਤਮਾਮ ਜਜ਼ਬਾਤ ਇਸੇ ਲਫ਼ਜ਼ ਵਿੱਚ  ਆ ਗਏ ਹਨ ।

ਇਨਸਾਨ ਦੀ ਹਮੇਸ਼ਾ ਇਹੀ ਖ਼ਾਹਿਸ਼ ਰਹੀ ਹੈ ਕਿ ਉਹ ਕਿਸੇ ਨੂੰ  ਆਪਣੀ  ਮੁਹੱਬਤ ਦਾ ਮਰਕਜ਼ ਬਣਾਏ। ਚਾਹੇ ਉਸ ਦਾ ਮਹਿਬੂਬ ਉਸ ਦੀ ਮੁਹੱਬਤ ਦੇ ਬੋਝ ਥੱਲੇ ਪਿਸ ਹੀ ਕਿਉਂ ਨਾ ਜਾਏ। ਉਸਦੀ ਤਮਾਮ ਤਰ ਵਜ੍ਹਾ ਇਹ ਹੈ ਕਿ ਮੁਹੱਬਤ ਕਰਦੇ ਵਕਤ ਉਹ ਆਪਣੇ ਮਹਿਬੂਬ ਦਾ ਇਹਤਰਾਮ ਨਹੀਂ ਕਰਦਾ। ਅਸੀਂ  ਅਗਰ ਤਾਨੀਆ ਨੂੰ  ਮੁਹੱਬਤ ਕਰਦੇ ਸਾਂ ਤਾਂ ਮਜਬੂਰੀ ਨਾਲ, ਇਸ ਲਈ  ਕਿ ਸਾਡੇ ਪਾਸ ਕੋਈ ਹੋਰ ਸ਼ੈ ਮੌਜੂਦ ਨਾ ਸੀ ਜਿਸ ਨਾਲ ਅਸੀਂ  ਮੁਹੱਬਤ ਕਰ ਸਕਦੇ। ਕਦੇ ਕਦੇ ਸਾਡੇ  ਵਿੱਚੋਂ ਕੋਈ ਇਹ ਸੋਚਣ  ਲੱਗ ਜਾਂਦਾ ਕਿ ਅਸੀਂ  ਸਭ ਉਸ ਲੜਕੀ ਦੇ ਮੁਤੱਲਕ ਬੇਫ਼ਾਇਦਾ ਸਿਰ ਖਪਾਈ  ਕਿਉਂ ਕਰ ਰਹੇ  ਹਾਂ ? ਉਸ ਛੋਕਰੀ ਦੀ ਮੁਹੱਬਤ ਵਿੱਚ  ਆਖ਼ਿਰ ਸਾਨੂੰ ਕੀ ਮਿਲੇਗਾ? ਉਸ ਸ਼ਖ਼ਸ ਦੀ ਜੋ ਤਾਨੀਆ ਦੀ ਸ਼ਾਨ ਵਿੱਚ ਅਜਿਹੀ  ਘਟੀਆ ਗੱਲ ਕਹਿਣ ਦੀ ਜੁਰਅਤ ਕਰਦਾ, ਉਹਨੂੰ ਤੁਰਤ ਧਰ ਲਿਆ ਜਾਂਦਾ ਅਤੇ ਬਹੁਤ ਬੁਰੀ ਹਾਲਤ ਕੀਤੀ ਜਾਂਦੀ ।

ਅਸੀਂ  ਚਾਹੰਦੇ ਸਾਂ ਕਿ ਕਿਸੇ ਨਾਲ ਮੁਹੱਬਤ ਕਰੀਏ  ਅਤੇ ਹੁਣ ਕਿਉਂਜੋ  ਸਾਨੂੰ ਉਹ ਚੀਜ਼ ਜਿਸ ਦੇ ਅਸੀਂ  ਮੁਤਲਾਸ਼ੀ ਸਾਂ ਮਿਲ ਗਈ ਸੀ ਇਸ ਲਈ  ਅਸੀਂ  ਉਸ ਨਾਲ ਮੁਹੱਬਤ ਕਰਦੇ। ਅਤੇ ਉਹ ਚੀਜ਼ ਜਿਸ ਨੂੰ  ਅਸੀਂ  ਛੱਬੀ ਸ਼ਖ਼ਸ ਮੁਹੱਬਤ ਦੀਆਂ ਨਿਗਾਹਾਂ ਨਾਲ ਦੇਖਦੇ ਸਾਂ ,  ਲਾਜ਼ਿਮੀ ਸੀ ਕਿ ਦੂਸਰੇ ਉਸ ਦਾ ਇਹਤਰਾਮ ਕਰਨ। ਇਸ ਲਈ   ਕਿ ਉਹ ਸਾਡੀ ਮੁਕੱਦਸ ਇਬਾਦਤ ਗਾਹ ਸੀ ਅਤੇ ਅਗਰ ਕੋਈ ਸ਼ਖ਼ਸ ਸਾਡੇ ਨਜ਼ਰੀਏ  ਦੇ ਖ਼ਿਲਾਫ਼ ਚਲਦਾ ਤਾਂ ਉਹ ਸਾਡਾ ਦੁਸ਼ਮਨ ਸੀ।

ਇਸ ਵਿੱਚ  ਕੋਈ ਸ਼ੱਕ ਨਹੀਂ, ਲੋਕ ਅਕਸਰ ਉਸ ਚੀਜ਼ ਨਾਲ ਮੁਹੱਬਤ ਕਰਦੇ ਹਨ ਜੋ ਹਕੀਕਤ ਵਿੱਚ  ਮੁਹੱਬਤ ਕੀਤੇ ਜਾਣ ਦੇ ਕਾਬਲ ਨਹੀਂ ਹੁੰਦੀ…. ਮਗਰ ਇੱਥੇ ਅਸੀਂ  ਛੱਬੀ ਸ਼ਖ਼ਸ ਇੱਕ ਹੀ ਕਸ਼ਤੀ ਵਿੱਚ  ਸਵਾਰ ਸਾਂ। ਇਸ ਲਈ  ਅਸੀਂ  ਚਾਹੰਦੇ ਸਾਂ ਕਿ ਉਸ ਚੀਜ਼ ਨੂੰ  ਜਿਸ ਨੂੰ  ਅਸੀਂ  ਪਿਆਰ ਕਰਦੇ ਹਾਂ , ਦੂਸਰੇ ਮੁਕੱਦਸ ਖ਼ਿਆਲ ਕਰਨ।

ਸਾਡੀ ਮੁਹੱਬਤ ਸਾਡੀ ਨਫਰਤ ਨਾਲੋਂ ਘੱਟ ਜਹਿਮਤ ਨਹੀਂ ਹੁੰਦੀ। ਹੋ ਸਕਦਾ ਹੈ ਇਹੀ ਕਰਨ ਹੋਵੇ ਕਿ ਕੁਝ ਮਾਣਮੱਤੀਆਂ ਰੂਹਾਂ ਮੁਹੱਬਤ ਨਾਲੋਂ ਆਪਣੀਆਂ ਨਫਰਤਾਂ ਤੇ ਜਿਆਦਾ ਗੁਮਾਨ ਕਰਦੇ ਹਨ ।ਪਰ ਜੇ ਇਹ ਗੱਲ ਹੈ ਤਾਂ ਉਹ ਸਾਥੋਂ ਦੂਰ ਕਿਉਂ ਨਹੀਂ ਭੱਜ ਜਾਂਦੇ।

—————————————

ਬਿਸਕੁਟ ਦੇ ਕਾਰਖ਼ਾਨੇ ਦੇ ਇਲਾਵਾ ਸਾਡਾ ਮਾਲਕ ਇੱਕ ਕੇਕ ਬਣਾਉਣ ਵਾਲੀ ਫ਼ੈਕਟਰੀ ਦਾ ਮਾਲਿਕ ਸੀ ਜੋ ਇਸੇ ਇਮਾਰਤ ਵਿੱਚ ਵਾਕਿਅ ਸੀ। ਸਾਡੀ ਕਬਰ ਨੁਮਾ ਕੋਠੜੀ ਨੂੰ ਉਸ ਨਾਲੋਂ ਵੱਖ ਕਰਨ ਲਈ ਸਿਰਫ਼ ਇੱਕ ਦੀਵਾਰ ਸੀ।ਉਸ ਫ਼ੈਕਟਰੀ ਦੇ ਮੁਲਾਜ਼ਮ-ਚਾਰ ਜਣੇ – ਆਪਣੇ ਕੰਮ ਨੂੰ  ਸਾਡੇ ਕੰਮ ਨਾਲੋਂ ਬਹੁਤ ਵਧੀਆ  ਖ਼ਿਆਲ ਕਰਦੇ । ਸਾਨੂੰ ਨਫ਼ਰਤ ਦੀਆਂ ਨਿਗਾਹਾਂ ਨਾਲ ਦੇਖਦੇ ਅਤੇ ਇਹੀ ਵਜ੍ਹਾ ਸੀ ਕਿ ਸਾਡੇ ਨਾਲ ਬਹੁਤ ਘੱਟ ਮਿਲਣ ਦੀ ਜ਼ਹਿਮਤ ਗਵਾਰਾ ਕਰਦੇ ਬਲਕਿ ਜਦੋਂ ਕਦੇ ਉਨ੍ਹਾਂ ਨੂੰ  ਵਿਹੜੇ ਵਿੱਚ  ਸਾਡੇ ਨਾਲ ਦੋ ਚਾਰ ਹੋਣ ਦਾ ਇਤਫ਼ਾਕ ਹੁੰਦਾ ਤਾਂ ਉਹ ਸਾਨੂੰ ਦੇਖ ਕੇ ਹੱਸਿਆ ਕਰਦੇ ਸਨ।

ਸਾਨੂੰ ਉਨ੍ਹਾਂ ਦੇ ਕਾਰਖ਼ਾਨੇ ਵਿੱਚ  ਦਾਖ਼ਲ ਹੋਣ ਦੀ ਇਜ਼ਾਜ਼ਤ ਨਹੀਂ  ਸੀ ਸਿਰਫ਼ ਇਸ ਲਈ   ਕਿ ਸਾਡੇ ਮਾਲਕ ਨੂੰ  ਸ਼ੁਬ੍ਹਾ ਸੀ ਕਿ ਅਸੀਂ  ਉੱਥੋਂ ਮੱਖਣ ਦੇ ਕੇਕ ਚੁਰਾ ਲਵਾਂਗੇ।

ਸਾਨੂੰ ਵੀ ਉਨ੍ਹਾਂ ਨਾਲ ਨਫ਼ਰਤ ਸੀ, ਰਸ਼ਕ ਸੀ ਇਸ ਲਈ  ਕਿ ਉਨ੍ਹਾਂ ਦਾ ਕੰਮ ਨਿਸਬਤਨ ਘੱਟ ਅਤੇ ਮਜ਼ਦੂਰੀ  ਕਿਤੇ ਜਿਆਦਾ ਸੀ। ਉਨ੍ਹਾਂ ਦੇ ਲਈ ਖਾਣ ਪੀਣ  ਦਾ ਸਾਮਾਨ ਸਾਡੇ  ਤੋਂ ਨਿਹਾਇਤ ਅੱਛਾ ਸੀ। ਉਨ੍ਹਾਂ ਦੇ ਕੰਮ ਕਰਨ ਦੀ ਜਗ੍ਹਾ ਰੌਸ਼ਨ ਤੇ ਸਾਫ਼ ਅਤੇ ਉਹ ਸਾਡੇ ਉਲਟ ਤੰਦਰੁਸਤ ਅਤੇ ਸਾਫ਼ ਸੁਥਰੇ  ਸਨ। ਉਨ੍ਹਾਂ ਦੇ ਮੁਕਾਬਲੇ ਵਿੱਚ ਅਸੀਂ ਸਭ ਜ਼ਰਦ ਅਤੇ ਲਿਬੜੇ ਸਾਂ । ਸਾਡੇ  ਵਿੱਚੋਂ ਤਿੰਨ ਜਣਿਆਂ ਨੂੰ ਸਿਫ਼ਲਿਸ ਦੀ ਨਾਮੁਰਾਦ ਬਿਮਾਰੀ ਸੀ ਅਤੇ ਕਈਆਂ ਨੂੰ ਚਰਮ ਰੋਗ ਦੀ ਸਕਾਇਤ ਸੀ   ।ਸਾਡੇ  ਵਿੱਚੋਂ ਇੱਕ ਬੇਚਾਰਾ ਤਾਂ ਗੰਠੀਏ  ਦੀ ਵਜ੍ਹਾ ਨਾਲ ਕਰੀਬ ਕਰੀਬ ਅਪਾਹਜ ਹੋ ਰਿਹਾ ਸੀ।

ਵਿਹਲ ਦੇ ਦਿਨਾਂ ਵਿੱਚ  ਉਹ ਖ਼ੂਬਸੂਰਤ ਲਿਬਾਸ ਅਤੇ ਨਵੇਂ ਰੋਗ਼ਨ ਸ਼ੁਦਾ ਬੂਟ ਪਹਿਨ ਕੇ ਬਾਗ਼ ਵਿੱਚ  ਚਹਿਲਕਦਮੀ ਦੇ ਲਈ ਨਿਕਲਦੇ ਅਤੇ ਅਸੀਂ  ਚੀਥੜਿਆਂ ਨਾਲ ਫੱਟੇ ਹੋਏ ਬੂਟ ਪਹਿਨ ਬਾਗ਼ ਦੀ ਜਾਨਿਬ ਜਾਂਦੇ ਮਗਰ ਪੁਲਿਸ ਸਾਨੂੰ ਅੰਦਰ ਦਾਖ਼ਲ ਹੋਣ ਦੀ ਇਜ਼ਾਜ਼ਤ ਨਾ ਦਿੰਦੀ। ਇਨ੍ਹਾਂ ਹਾਲਾਤ ਦੀ ਮੌਜੂਦਗੀ ਵਿੱਚ  ਇਹ ਕਦੋਂ  ਮੁਮਕਿਨ ਹੋ ਸਕਦਾ ਸੀ ਕਿ ਅਸੀਂ  ਉਨ੍ਹਾਂ ਕੇਕ ਬਣਾਉਣ ਵਾਲਿਆਂ ਨੂੰ  ਮੁਹੱਬਤ ਦੀਆਂ ਨਜ਼ਰਾਂ ਨਾਲ ਦੇਖਦੇ?

ਚੰਦ ਰੋਜ਼ ਹੋਏ ਅਸੀਂ ਇਹ ਅਫ਼ਵਾਹ ਸੁਣੀ ਕਿ ਉਨ੍ਹਾਂ ਦਾ ਚੀਫ਼ ਬੇਕਰ  ਸ਼ਰਾਬ ਨੋਸ਼ੀ ਦੀ ਵਜ੍ਹਾ ਨਾਲ ਕੱਢ ਦਿੱਤਾ ਗਿਆ ਹੈ ਅਤੇ ਉਸ ਦੀ ਜਗ੍ਹਾ ਇੱਕ ਹੋਰ  ਸ਼ਖ਼ਸ ਦੀਆਂ ਸੇਵਾਵਾਂ ਹਾਸਲ ਕੀਤੀਆਂ ਗਈਆਂ ਹਨ ਜੋ ਕਿਸੇ ਜ਼ਮਾਨੇ ਵਿੱਚ ਫੌਜੀ ਰਹਿ ਚੁੱਕਿਆ ਸੀ।

ਉਸ ਫੌਜੀ ਦੇ ਮੁਤੱਲਕ ਰਵਾਇਤ ਸੀ ਕਿ ਉਹ ਸ਼ੋਖ਼ ਰੰਗ ਅਤੇ ਵਾਸਕਟ ਪਹਿਨ ਇੱਕ ਵੱਡੀ ਜਿਹੀ ਸੁਨਿਹਿਰੀ ਜ਼ੰਜ਼ੀਰ ਲਟਕਾਈਂ  ਵਿਹੜੇ ਵਿੱਚ  ਘੁੰਮਿਆ ਕਰਦਾ ਹੈ।

ਅਸੀਂ  ਉਸ ਨਵੇਂ ਚੀਫ਼ ਬੇਕਰ  ਨੂੰ  ਦੇਖਣ ਦੇ ਬਹੁਤ ਇੱਛਕ ਸਾਂ ਅਤੇ ਉਸ ਨਾਲ ਮੁਲਾਕਾਤ ਦੀ ਉਮੀਦ ਵਿੱਚ  ਅਸੀਂ  ਸਭ ਨੇ ਬਾਰੀ ਬਾਰੀ ਵਿਹੜੇ ਵਿੱਚ  ਚੱਕਰ ਕੱਟੇ ਮਗਰ ਬੇ ਸੂਦ।

ਇੱਕ ਰੋਜ਼ ਉਹ ਖ਼ੁਦ ਹੀ ਸਾਡੇ ਕਾਰਖ਼ਾਨੇ ਵਿੱਚ  ਚਲਾ ਆਇਆ।

ਬੂਟ ਦੀ ਠੋਹਕਰ ਨਾਲ ਦਰਵਾਜ਼ੇ ਨੂੰ  ਖੋਲ ਕੇ ਉਹ ਦਹਿਲੀਜ਼ ਤੇ ਖੜ੍ਹਾ ਹੋ ਗਿਆ ਅਤੇ ਮੁਸਕਰਾਉਂਦੇ ਹੋਏ ਕਹਿਣ ਲੱਗਾ।

“ਖ਼ੁਦਾ ਤੁਹਾਡੇ ਨਾਲ ਹੋਵੇ । ਮੇਰੇ ਸਾਥੀਓ ਗੁਡ ਮਾਰਨਿੰਗ । ”

ਭੱਠੀ ਦਾ ਧੂਆਂ ਸਿਆਹ ਬਾਦਲਾਂ ਦੀ ਤਰ੍ਹਾਂ ਚੱਕਰ ਲਗਾਉਂਦਾ ਹੋਇਆ ਦਰਵਾਜ਼ੇ ਵਿੱਚੀਂ ਗੁਜ਼ਰ ਰਿਹਾ ਸੀ। ਜਿਥੋਂ  ਫੌਜੀ  ਰੋਅਬ ਦੇ ਅੰਦਾਜ਼ ਵਿੱਚ  ਖੜ੍ਹਾ ਸਾਡੀ ਤਰਫ਼ ਦੇਖ ਰਿਹਾ ਸੀ। ਉਸ ਨੇ ਆਪਣੀਆਂ  ਮੁੱਛਾਂ ਨੂੰ  ਕਮਾਲ ਸਫ਼ਾਈ ਨਾਲ ਤਾਉ  ਦੇ ਰੱਖਿਆ ਸੀ ਜਿਸ ਵਿੱਚੋਂ ਜ਼ਰਦ ਦੰਦਾਂ ਦੀਆਂ ਲੜੀਆਂ ਜ਼ਾਹਰ ਹੋ ਰਹੀਆਂ ਸਨ।

ਉਹ ਅੱਜ ਨੀਲੇ ਰੰਗ ਦੀ ਇੱਕ ਭੜਕੀਲੀ ਵਾਸਕਟ ਪਹਿਨੀ ਹੋਈ ਸੀ ਜਿਸ ਤੇ ਸੁਨਿਹਿਰੀ ਬਟਨ ਜਾ ਬਜਾ ਚਮਕ ਰਹੇ ਸਨ…. ਸੋਨੇ ਦੀ ਉਹ ਜ਼ੰਜ਼ੀਰ ਜਿਸ ਦੇ ਮੁਤੱਲਕ ਅਸੀਂ ਸੁਣਿਆ ਸੀ ਬਿਲ਼ਾ ਸ਼ੱਕ ਓ ਸ਼ੁਬ੍ਹਾ ਆਪਣੀ ਜਗ੍ਹਾ ਮੌਜੂਦ ਸੀ।

ਇਹ ਫੌਜੀ ਮਜ਼ਬੂਤ, ਦਰਾਜ਼ ਕੱਦ ਅਤੇ ਖ਼ੂਬਸੂਰਤ ਸੀ…. ਉਸ ਦੀਆਂ ਬੜੀਆਂ ਬੜੀਆਂ  ਅਤੇ ਰੌਸ਼ਨ ਅੱਖਾਂ ਵਿੱਚ  ਤੰਦਰੁਸਤੀ ਦੀ ਝਲਕ ਨੁਮਾਇਆਂ ਤੌਰ ਤੇ ਦਿਖਾਈ ਦੇ ਰਹੀ ਸੀ। ਇੱਕ ਰਸਮੀ ਸਫੈਦ ਟੋਪੀ ਉਸ ਦੇ ਸਿਰ ਤੇ ਜਚੀ ਹੋਈ  ਸੀ ਅਤੇ ਉਸ ਦੇ ਪਾਜਾਮੇ ਦੇ ਪੌਂਚਿਆਂ ਦੇ ਥੱਲੇ ਤਾਜ਼ਾ ਰੋਗ਼ਨ ਸ਼ੁਦਾ ਬੂਟ ਚਮਕ ਰਹੇ ਸਨ।

ਸਾਡੇ ਨਾਨਬਾਈ ਨੇ ਉਸ ਦੀ ਖ਼ਿਦਮਤ ਵਿੱਚ  ਨਰਮਾਈ  ਨਾਲ ਇਲਤਜਾ ਕੀਤੀ ਕਿ ਉਹ ਦਰਵਾਜ਼ੇ ਬੰਦ ਕਰ ਦੇਵੇ । ਦਰਵਾਜ਼ੇ ਬੰਦ ਕਰਨ ਦੇ ਬਾਦ ਉਸ ਨੇ ਮਾਲਕ ਦੇ ਮੁਤੱਲਕ ਸਾਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ। ਅਸੀਂ  ਉਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਸ ਨੂੰ  ਦੱਸਿਆ ਕਿ ਸਾਡਾ ਮਾਲਕ ਖੂਨ ਚੂਸਣ ਵਾਲਾ ਚਿੱਚੜ, ਗੁਲਾਮਾਂ ਦਾ ਤਾਜਰ, ਇਨਸਾਨੀ ਮਾਲ ਫ਼ਰੋਖ਼ਤ ਕਰਨ ਵਾਲਾ ਗੁਮਾਸ਼ਤਾ ਅਤੇ ਗੁੰਡਾ ਬਦਮਾਸ  ਹੈ…. ਅਸੀਂ  ਉਨ੍ਹਾਂ ਖ਼ਿਆਲਾਂ  ਦਾ ਇਜ਼ਹਾਰ ਵੀ ਕੀਤਾ ਜੋ ਸਾਡੇ ਆਪਣੇ ਮਾਲਕ ਦੇ ਮੁਤੱਲਕ ਸਨ, ਮਗਰ ਉਨ੍ਹਾਂ ਨੂੰ ਇਥੇ ਲਿਖਤ  ਤੇ ਲਿਆਉਣਾ ਨਾ ਮੁਮਕਿਨ ਹੈ।

ਫੌਜੀ ਆਪਣੇ ਸਵਾਲਾਂ ਦਾ ਜਵਾਬ ਬੜੇ ਗ਼ੌਰ ਨਾਲ ਸੁਣਦਾ ਰਿਹਾ। ਮਗਰ ਇਕ ਲਖ਼ਤ ਜਿਵੇਂ ਉਹ ਕਿਸੇ ਗਹਿਰੇ ਖ਼ਾਬ ਵਿੱਚੋਂ  ਚੌਂਕ ਪਿਆ ਹੋਵੇ, ਕਹਿਣ ਲੱਗਾ ਤੁਸੀਂ  ਲੋਕਾਂ ਦੇ ਪਾਸ ਛੋਕਰੀਆਂ ਤਾਂ ਬਹੁਤ ਹੋਣਗੀਆਂ ।

ਇਸ ਤੇ ਸਾਡੇ  ਵਿੱਚੋਂ ਬਾਅਜ਼ ਹੱਸ ਪਏ ਅਤੇ ਬਾਅਜ਼ ਨੇ ਗੰਭੀਰ ਮੂੰਹ ਬਣਾ ਲਿਆ   ਆਖ਼ਰਕਾਰ ਸਾਡੇ  ਵਿੱਚੋਂ ਇੱਕ ਨੇ ਫੌਜੀ ਤੇ ਵਾਜ਼ਿਹ ਕਰ ਦਿੱਤਾ ਕਿ ਸਾਡੇ ਆਸ ਪਾਸ ਨੌਂ ਛੋਕਰੀਆਂ ਜ਼ਰੂਰ ਮੌਜੂਦ ਸਨ….  !

ਉਸ ਤੇ ਫੌਜੀ ਨੇ ਅੱਖਾਂ ਝਪਕਦੇ ਹੋਏ ਪੁਛਿਆ ਕਿ ਕੀ ਉਨ੍ਹਾਂ ਨਾਲ ਤਫ਼ਰੀਹ ਵੀ ਹੋਇਆ ਕਰਦੀ ਹੈ?

ਅਸੀਂ  ਫਿਰ ਹੱਸ ਪਏ…. ਸਾਡੇ  ਵਿੱਚੋਂ ਬਹੁਤੇ  ਇਸ ਖ਼ਾਹਿਸ਼ ਮੰਦ ਸਨ ਕਿ ਫੌਜੀ ਤੇ ਵਾਜ਼ਿਹ ਕਰ ਦੇਣ  ਕਿ ਉਹ ਛੋਕਰੀਆਂ ਜਿਨ੍ਹਾਂ  ਦੇ ਮੁਤੱਲਕ ਉਹ ਇਸ ਕਿਸਮ ਦੀ ਗੁਫ਼ਤਗੂ ਕਰ ਰਿਹਾ ਹੈ ਉਹ ਉਸੇ ਦੀ ਮਾਨਿੰਦ ਤੇਜ਼ ਓ ਤਰਾਰ ਹਨ …. ਮਗਰ ਇਹ ਬਾਤ ਕਹਿਣ ਦੀ ਸਾਡੇ ਵਿੱਚੋਂ ਕਿਸੇ ਨੂੰ  ਜੁਰਅਤ ਨਹੀਂ ਸੀ। ਫਿਰ ਵੀ ਸਾਡੇ  ਵਿੱਚੋਂ ਇੱਕ ਨੇ ਦੱਬੀ ਜ਼ਬਾਨ ਵਿੱਚ ਇਹ ਕਹਿ ਹੀ ਦਿੱਤਾ :

“ਇਸ ਹਾਲਤ ਵਿੱਚ  ਜਿਸ ਵਿੱਚ  ਅਸੀਂ  ਹਾਂ ਇਸ ਕਿਸਮ ਦੀ ਕੋਈ ਗੱਲ ਸਾਡੇ ਜੀਵਨ ਵਿੱਚ ਨਹੀਂ  ….!”

“ਦਰੁਸਤ ਹੈ! ਇਸ ਹਾਲਤ ਵਿੱਚ  ਉਸ ਕਿਸਮ ਦੀ ਤਫ਼ਰੀਹ ਤੁਹਾਡੇ ਲਈ   ਨਾਮੁਮਕਿਨ ਹੈ, ਦਰਅਸਲ ਤੈਨੂੰ ਇਸ  ਮੌਜੂਦਾ ਸੂਰਤ  ਵਿੱਚ  ਕਮੀਆਂ ਹਨ । ਇਸ ਵਿੱਚ  ਤੁਹਾਡਾ ਕੋਈ ਕਸੂਰ ਨਹੀਂ। ਤੁਹਾਡੀ ਸ਼ਕਲ  ਭੈੜੀ ਹੈ…. ਮੇਰਾ ਮਤਲਬ ਸਮਝਦੇ ਹੋ ਨਾ?…. ਅਤੇ ਔਰਤਾਂ! ਤੁਸੀਂ ਜਾਣਦੇ ਹੋ ਉਸ ਮਰਦ ਨੂੰ  ਪਸੰਦ ਕਰਦੀਆਂ  ਹਨ ਜੋ ਵਜ਼ਾਦਾਰ ਹੋਵੇ , ਜਵਾਨ ਅਤੇ ਖ਼ੂਬਸੂਰਤ ਹੋਵੇ। ਉਸ ਦੇ ਇਲਾਵਾ ਮਰਦ ਵਿੱਚ  ਤਾਕਤ ਅਤੇ ਕੁੱਵਤ ਦੀ ਵੀ ਇੱਜ਼ਤ ਕਰਦੀਆਂ ਹਨ…. ਇਸ ਬਾਜ਼ੂ ਦੇ ਮੁਤੱਲਕ ਤੁਹਾਡਾ ਕੀ ਖ਼ਿਆਲ ਹੈ।”

ਫੌਜੀ ਨੇ ਆਸਤੀਨ ਚੜ੍ਹਾ ਕੇ ਬਾਜ਼ੂ ਨੂੰ  ਕੂਹਣੀ  ਤੱਕ ਨੰਗਾ ਕਰਦੇ ਹੋਏ ਕਿਹਾ। ਬਾਜ਼ੂ ਮਜ਼ਬੂਤ ਅਤੇ ਸਫੈਦ ਰੰਗ ਦੀ ਸੀ ਜਿਸ ਤੇ ਸੁਨਿਹਿਰੀ ਬਾਲ ਚਮਕ ਰਹੇ ਸਨ।

“ਟੰਗਾਂ ਅਤੇ ਛਾਤੀ ਸਭ ਕੁਝ ਇਸੇ ਤਰ੍ਹਾਂ ਮਜ਼ਬੂਤ ਹੈ…. ਗੋਸ਼ਤ ਨਾਲ ਭਰਿਆ ਹੋਇਆ ….ਹੁਣ ਤਾਕਤ ਦੇ ਇਲਾਵਾ ਮਰਦ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਬਿਹਤਰੀਨ ਲਿਬਾਸ ਪਹਿਨ ਬਣ ਠਣ ਕੇ ਰਹੇ ….ਮੇਰੀ ਤਰਫ਼ ਦੇਖੋ। ਤਮਾਮ ਔਰਤਾਂ ਮੇਰੇ ਨਾਲ ਮੁਹੱਬਤ ਕਰਦੀਆਂ ਹਨ ਹਾਲਾਂਕਿ ਮੈਂ  ਉਨ੍ਹਾਂ ਦੇ ਬਾਰੇ ਵਿੱਚ  ਕਦੇ ਕੋਸ਼ਿਸ਼ ਕੀਤੀ ਹੀ ਨਹੀਂ…. ਐਸੀਆਂ ਦਰਜਨਾਂ ਹਨ।”

ਇਹ ਕਹਿ ਕੇ ਉਹ ਇੱਕ ਟੋਕਰੀ ਤੇ ਬੈਠ ਗਿਆ ਅਤੇ ਸਾਨੂੰ ਇਹ ਸੁਣਾਉਣਾ ਸ਼ੁਰੂ ਕੀਤਾ  ਕਿ ਔਰਤਾਂ ਉਸ ਦੀ ਮੁਹੱਬਤ ਵਿੱਚ  ਕਿਸ ਤਰ੍ਹਾਂ ਗ੍ਰਿਫ਼ਤਾਰ ਹੁੰਦੀਆਂ ਹਨ ਅਤੇ ਉਹ ਉਨ੍ਹਾਂ ਦੇ ਨਾਲ ਕਿਸ ਕਿਸਮ ਦਾ ਸਲੂਕ ਕਰਦਾ ਹੈ।

ਉਸ ਦੀ ਰਵਾਨਗੀ ਦੇ ਬਾਦ ਅਸੀਂ  ਕਾਫੀ ਅਰਸੇ ਤੱਕ ਖ਼ਾਮੋਸ਼ ਰਹੇ ਅਤੇ ਉਸ ਅਰਸੇ ਦੌਰਾਨ ਉਸ ਦੇ ਇਸ਼ਕ ਦੇ ਅਫ਼ਸਾਨਿਆਂ ਬਾਬਤ ਸੋਚਦੇ ਰਹੇ।

ਉਸ ਖ਼ਾਮੋਸ਼ੀ ਦੇ ਬਾਦ ਅਚਾਨਕ ਅਸੀਂ  ਗੁਫ਼ਤਗੂ ਵਿੱਚ  ਮਸ਼ਗ਼ੂਲ ਹੋ ਗਏ ਜਿਸ ਵਿੱਚ  ਇਤਫ਼ਾਕ ਰਾਏ ਨਾਲ ਫੌਜੀ ਨੂੰ  ਖ਼ੁਸ਼ ਤਬੀਅਤ ਅਤੇ ਮਿਲਣਸਾਰ ਕਰਾਰ ਦਿੱਤਾ ਗਿਆ।

ਉਹ ਬਹੁਤ ਹਲੀਮ ਅਤੇ ਖ਼ੁਸ਼ ਤਬਾ ਸੀ ਜਦੋਂ ਕਿ ਉਸ ਨੇ ਸਾਡੇ ਨਾਲ ਇਸ ਤਰ੍ਹਾਂ ਗੁਫ਼ਤਗੂ ਕੀਤੀ ਜਿਵੇਂ ਉਹ ਸਾਡੇ ਵਰਗਾ ਹੋਵੇ …. ਸਾਡੇ ਪਾਸ ਅੱਜ ਤੱਕ ਕੋਈ ਐਸਾ ਸ਼ਖ਼ਸ ਨਹੀਂ ਆਇਆ ਸੀ ਜਿਸ ਨੇ ਸਾਡੇ ਨਾਲ ਇਸ ਕਿਸਮ ਦੀ ਦੋਸਤਾਨਾ ਗੁਫ਼ਤਗੂ ਕੀਤੀ  ਹੋਵੇ ।

ਅਸੀਂ  ਅਰਸੇ ਤੱਕ ਉਸ ਦੀਆਂ ਕਰੀਬੀ ਭਵਿੱਖ ਵਿੱਚ  ਉਨ੍ਹਾਂ ਕਾਮਯਾਬੀਆਂ ਦੇ ਮੁਤੱਲਕ ਇਜ਼ਹਾਰੇ ਖ਼ਿਆਲਾਤ ਕਰਦੇ ਰਹੇ ਜੋ ਉਸ ਨੂੰ  ਫ਼ੈਕਟਰੀ ਵਿੱਚ  ਲੜਕੀਆਂ ਦੀ ਮੁਹੱਬਤ ਜਿੱਤਣ ਵਿੱਚ  ਹਾਸਲ ਹੋਣੀਆਂ ਸਨ …. ਉਨ੍ਹਾਂ ਲੜਕੀਆਂ ਦੀ ਮੁਹੱਬਤ ਜੋ ਸਾਡੀ ਤਰਫ਼ ਦੇਖ ਕੇ ਨਫ਼ਰਤ ਨਾਲ ਮੂੰਹ ਫੇਰ ਲੈਂਦੀਆਂ ਜਿਵੇਂ ਉਨ੍ਹਾਂ ਨੂੰ  ਸਾਡੇ ਨਾਲ ਕੋਈ ਗ਼ਰਜ਼ ਹੀ ਨਹੀਂ, ਅਤੇ ਜਾਂ ਜਿਨ੍ਹਾਂ  ਨੂੰ  ਅਸੀਂ  ਲਲਚਾਈਆਂ  ਲਲਚਾਈਆਂ  ਨਜ਼ਰਾਂ ਨਾਲ ਦੇਖਦੇ ਜਦੋਂ ਕਿ ਉਹ ਵਿਹੜੇ ਵਿੱਚ  ਮੁਖ਼ਤਲਿਫ਼ ਕਿਸਮ ਦੇ ਖ਼ੂਬਸੂਰਤ ਲਿਬਾਸ ਪਹਿਨ ਕੇ ਗੁਜ਼ਰ ਰਹੀਆਂ ਹੁੰਦੀਆਂ। ਤਾਨੀਆ ਦੀ ਨਿਸਬਤ ਤੁਹਾਡਾ ਕੀ  ਖਿਆਲ ਹੈ! ਕਿਤੇ ਉਹ ਫੌਜੀ ਦੀ ਗ੍ਰਿਫ਼ਤ ਵਿੱਚ  ਨਾ ਆ ਜਾਏ। ਨਾਨਬਾਈ ਨੇ ਅਚਾਨਕ ਦਿਲਗੀਰ ਆਵਾਜ਼ ਵਿੱਚ  ਕਿਹਾ।

ਉਨ੍ਹਾਂ ਅਲਫ਼ਾਜ਼ ਨੇ ਸਾਡੇ ਤੇ ਬਹੁਤ ਅਸਰ ਕੀਤਾ। ਇਸ ਲਈ  ਅਸੀਂ  ਖ਼ਾਮੋਸ਼ ਰਹੇ।

ਤਾਨੀਆ ਦਾ ਖ਼ਿਆਲ ਸਾਡੇ ਦਿਮਾਗ਼ਾਂ ਵਿੱਚੋਂ  ਤਕਰੀਬਨ ਤਕਰੀਬਨ ਨਿਕਲ ਚੁੱਕਾ ਸੀ…. ਫੌਜੀ ਦੇ ਖ਼ੂਬਸੂਰਤ ਅਤੇ ਮਜ਼ਬੂਤ ਜਿਸਮ ਨੇ ਜਿਵੇਂ ਸਾਡੀਆਂ ਨਜ਼ਰਾਂ ਤੋਂ  ਓਝਲ ਕਰ ਦਿੱਤਾ ਸੀ। ਥੋੜੇ ਵਕਫ਼ੇ ਦੇ ਬਾਦ ਬਹਿਸ ਸ਼ੁਰੂ ਹੋ ਗਈ…. ਸਾਡੇ  ਵਿੱਚੋਂ ਬਾਅਜ਼ ਨੂੰ  ਯਕੀਨ ਸੀ ਕਿ ਤਾਨੀਆ ਇੱਕ ਮਾਮੂਲੀ ਫੌਜੀ ਦੀ ਖ਼ਾਤਿਰ ਆਪਣੀ  ਇੱਜਤ ਨੂੰ  ਹਰਗਜ਼ ਹੱਥੋਂ ਜਾਣ ਨਹੀਂ ਦੇਵੇਗੀ। ਮਗਰ ਬਾਅਜ਼ ਦਾ ਇਹ ਖ਼ਿਆਲ ਸੀ ਕਿ ਉਹ ਫੌਜੀ ਦੇ ਹਥ ਕੰਡਿਆਂ ਦਾ ਮੁਕਾਬਲਾ ਨਹੀਂ ਕਰ ਸਕੇਗੀ।

ਸਾਡੇ  ਵਿੱਚੋਂ ਚੰਦ ਇੱਕ ਨੇ ਰਾਏ ਦਿੱਤੀ ਕਿ ਅਗਰ ਫੌਜੀ ਆਪਣੀਆਂ  ਖ਼ਾਹਿਸ਼ਾਂ ਨੂੰ  ਅਮਲੀ ਜਾਮਾ ਪਹਿਨਾਉਣ  ਦੀ ਕੋਸ਼ਿਸ਼ ਕਰੇ ਤਾਂ ਉਸ ਦੀ ਪਸਲੀਆਂ ਕੁਚਲ ਦਿੱਤੀਆਂ ਜਾਣ ।

ਉਸ ਬਹਿਸ ਦੇ ਅੰਤ ਤੇ ਇਹ ਫ਼ੈਸਲਾ ਹੋਇਆ ਕਿ ਅਸੀਂ  ਸਭ ਤਾਨੀਆ ਦੀ ਹਿਫ਼ਾਜ਼ਤ ਕਰੀਏ ਅਤੇ ਉਸ ਨੂੰ  ਆਉਣ ਵਾਲੇ ਖ਼ਤਰੇ ਤੋਂ ਆਗਾਹ ਕਰ ਦੇਈਏ,

ਇੱਕ ਮਹੀਨਾ ਗੁਜ਼ਰ ਗਿਆ।

ਫੌਜੀ ਆਮ ਵਾਂਗ ਆਪਣੇ ਕੰਮ ਵਿੱਚ  ਮਸ਼ਗ਼ੂਲ ਰਿਹਾ। ਇਸ ਦੌਰਾਨ  ਉਹ ਸਾਡੇ ਕਾਰਖ਼ਾਨੇ ਵਿੱਚ  ਕਈ ਦਫ਼ਾ ਆਇਆ। ਮਗਰ ਛੋਕਰੀਆਂ ਤੇ ਫ਼ਤਿਹ ਪਾਉਣ ਦੇ ਕਿਸਿਆਂ ਦੀ ਬਾਬਤ ਇੱਕ ਹਰਫ਼ ਤੱਕ ਜ਼ਬਾਨ ਤੇ ਨਾ ਲਿਆਇਆ।ਬਸ ਮੁੱਛਾਂ ਨੂੰ ਵੱਟ ਦਿੰਦਾ ਰਹਿੰਦਾ ਅਤੇ ਕਾਮੁਕ ਅੰਦਾਜ ਵਿੱਚ ਆਪਣੇ ਬੁੱਲਾਂ ਤੇ ਜੀਭ ਫੇਰਦਾ ਰਹਿੰਦਾ।

ਤਾਨੀਆ ਵੀ ਹਰ ਰੋਜ਼ ਸੁਬ੍ਹਾ ਆਪਣੇ ਬਿਸਕੁਟਾਂ ਦੀ ਖ਼ਾਤਿਰ ਆਉਂਦੀ।ਉਸ ਦਾ ਰਵਈਏ ਹਮੇਸ਼ਾ ਵਾਂਗ  ਵੈਸਾ ਹੀ ਦੋਸਤਾਨਾ ਸੀ। ਅਸੀਂ  ਉਸ ਨੂੰ ਫੌਜੀ ਦੇ ਮੁਤੱਲਕ ਆਗਾਹ ਕਰਨਾ  ਚਾਹਿਆ , ਮਗਰ ਉਨ੍ਹਾਂ ਨਾਮਾਂ ਨਾਲ ਜਿਸ ਨਾਲ ਉਹ ਉਸ ਨੂੰ  ਪੁਕਾਰਦੀ ਸਾਨੂੰ ਯਕੀਨ ਹੋ ਗਿਆ ਕਿ ਉਹ ਉਸ ਦੇ ਹੱਥ ਨਹੀਂ ਚੜ੍ਹ ਸਕਦੀ।

ਸਾਨੂੰ ਆਪਣੀ ਨੰਨ੍ਹੀ ਲੜਕੀ ਤਾਨੀਆ ਤੇ ਨਾਜ਼ ਸੀ ਜਦੋਂ ਕਿ ਅਸੀਂ  ਹਰ ਰੋਜ਼ ਫੌਜੀ ਦੇ ਨਾਲ ਕੋਈ ਨਾ ਕੋਈ ਲੜਕੀ ਦੇਖਦੇ ਸਾਂ। ਤਾਨੀਆ ਦੇ ਉਸ ਬਾਵਕਾਰ ਰਵਈਏ ਨੇ ਸਾਡਾ ਹੋਸਲਾ ਵਧਾ ਦਿੱਤਾ ਹੁਣ ਅਸੀਂ …. ਉਸ ਦੀ ਇੱਜਤ ਦੇ ਨਿਗਹੇਬਾਨ, ਫੌਜੀ ਨੂੰ  ਹਿਕਾਰਤ ਦੀਆਂ ਨਜ਼ਰਾਂ ਨਾਲ ਦੇਖਣ ਲੱਗੇ। ਉਸ ਦੇ ਉਲਟ ਉਸ ਦੀ ਅਜ਼ਮਤ ਸਾਡੇ ਦਿਲਾਂ ਵਿੱਚ  ਦਿਨ ਬ ਦਿਨ ਵਧਦੀ ਗਈ।

ਇੱਕ ਰੋਜ਼ ਫੌਜੀ ਸ਼ਰਾਬ ਵਿੱਚ  ਮਖ਼ਮੂਰ, ਹੱਸਦਾ ਹੋਇਆ ਸਾਡੇ ਕਮਰੇ ਵਿੱਚ  ਦਾਖ਼ਲ ਹੋਇਆ ਜਦੋਂ ਅਸੀਂ ਉਸ ਦੇ ਹੱਸਣ  ਦੀ ਵਜ੍ਹਾ ਪੁੱਛੀ ਤਾਂ ਉਸ ਨੇ ਜਵਾਬ ਦਿਤਾ। ਦੋ ਛੋਕਰੀਆਂ ਮੇਰੇ ਲਈ ਆਪਸ ਵਿੱਚ  ਲੜ ਰਹੀਆਂ  ਹਨ…. ਉਨ੍ਹਾਂ ਨੇ ਕਿਸ ਤਰ੍ਹਾਂ ਇੱਕ ਦੂਸਰੇ ਨੂੰ  ਜ਼ਲੀਲ ਕੀਤਾ। ਹਾ ਹਾ ਹਾ…. ਇੱਕ ਦੂਸਰੀ ਦੇ ਬਾਲ ਫੜ ਕੇ ਉਹ ਜ਼ਮੀਨ ਤੇ ਗਿਰ ਪਈਆਂ…. ਹਾ ਹਾ ਹਾ…. ਅਤੇ ਦਿਵਾਨੀਆਂ ਦੀ ਤਰ੍ਹਾਂ ਨਚਣਾ ਸ਼ੁਰੂ ਕਰ ਦਿੱਤਾ…. ਅਤੇ ਮੇਰਾ ਹਾਸੀ ਦੇ ਮਾਰੇ ਬੁਰਾ ਹਾਲ ਹੋਇਆ ਜਾ ਰਿਹਾ ਸੀ…. ਮੈਨੂੰ ਤਾਜ਼ੱਬ ਹੈ ਕਿ ਔਰਤਾਂ ਸਾਫ਼ ਲੜਾਈ ਨਹੀਂ ਲੜਦੀਆਂ…. ਘਰੂਟਾਂ ਨਾਲ ਨੋਚਣ  ਦਾ ਫ਼ਾਇਦਾ?

ਮੈਂ  ਉਸ ਮਾਮਲੇ ਨੂੰ  ਹੱਲ ਕਰਨ ਤੋਂ ਕਾਸਿਰ ਹਾਂ …. ਖ਼ੁਦਾ ਜਾਣੇ ਔਰਤਾਂ ਮੇਰੇ ਤੇ ਕਿਉਂ ਮਰਦੀਆਂ ਹਨ  …. ਬੱਸ ਅੱਖ ਝਪਕਣ ਦੀ ਦੇਰ ਹੈ ਅਤੇ…. ਇਹ ਕਹਿੰਦੇ ਹੋਏ ਫੌਜੀ ਆਪਣੇ ਸਫੈਦ ਬਾਜ਼ੂਆਂ ਨੂੰ  ਹਵਾ ਵਿੱਚ  ਲਹਿਰਾ ਰਿਹਾ ਸੀ ਅਤੇ ਸਾਡੀ ਤਰਫ਼ ਦੋਸਤਾਨਾ ਨਿਗਾਹਾਂ ਨਾਲ ਦੇਖ ਰਿਹਾ ਸੀ।

ਨੰਨ੍ਹੇ ਪੌਦਿਆਂ ਨੂੰ ਉਖਾੜ ਲੈਣਾ ਕੋਈ ਜਵਾਂ ਮਰਦੀ ਨਹੀਂ, ਮਜ਼ਾ ਤਾਂ ਤਦ ਹੈ ਕਿ ਕਿਸੇ ਮਜ਼ਬੂਤ ਦਰਖ਼ਤ ਨੂੰ  ਗਿਰਾਇਆ ਜਾਏ। ਸਾਡੇ ਨਾਨਬਾਈ ਨੇ ਗ਼ੁੱਸੇ ਦੀ ਵਜ੍ਹਾ ਨਾਲ ਆਹਨੀ ਸਲਾਖ਼ ਨੂੰ  ਭੱਠੀ ਵਿੱਚ  ਤੇਜ਼ੀ ਨਾਲ ਹਿਲਾਉਂਦੇ ਹੋਏ ਕਿਹਾ:

“ਤਾਂ ਮੈਨੂੰ ਮੁਖ਼ਾਤਿਬ ਹੈਂ ਕੀ?” ਫੌਜੀ ਨੇ ਦਰਿਆਫ਼ਤ ਕੀਤੀ।

“ਹਾਂ! ਤੈਨੂੰ ਹੀ ਮੁਖ਼ਾਤਿਬ ਹਾਂ ” ।

“ਇਸ ਤੋਂ ਤੇਰਾ  ਮਤਲਬ?”

“ਕੁਛ ਵੀ ਨਹੀਂ…. ਕੁਛ ਵੀ ਨਹੀਂ”।

“ਠਹਿਰ, ਠਹਿਰ। ਉਹ ਕਿਹੜਾ ਮਜ਼ਬੂਤ ਦਰਖ਼ਤ ਹੈ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ”।

ਨਾਨਬਾਈ ਨੇ ਉਸ ਦਾ ਜਵਾਬ ਨਹੀਂ ਦਿੱਤਾ ਅਤੇ ਭੱਠੀ ਵਿੱਚੋਂ ਪੱਕੇ ਹੋਏ ਬਿਸਕੁਟ ਕਢਣ ਵਿੱਚ  ਮਸ਼ਗ਼ੂਲ ਰਿਹਾ। ਉਸ ਤੋਂ ਮਲੂਮ ਹੋ ਰਿਹਾ ਸੀ ਕਿ ਉਹ ਫੌਜੀ ਅਤੇ ਉਸ ਦੀ ਗੁਫ਼ਤਗੂ ਨੂੰ  ਬਿਲਕੁਲ ਭੁੱਲ ਚੁੱਕਾ ਹੈ ਮਗਰ ਫੌਜੀ ਬਹੁਤ ਬੇਚੈਨ ਹੋਇਆ ਅਤੇ ਆਪਣੀਆਂ  ਜਗ੍ਹਾ ਤੋਂ  ਉਠ ਕੇ ਭੱਠੀ ਦੇ ਕਰੀਬ ਆਇਆ ਅਤੇ ਕਿਹਾ:

“ਦੱਸ ਤਾਂ ਸਹੀ !…. ਕਿਸ ਔਰਤ ਦਾ ਜ਼ਿਕਰ  ਕਰ ਰਿਹਾ ਸੀ ?….ਤੂੰ  ਤਾਂ ਮੇਰੀ ਹੱਤਕ ਕੀਤੀ ਹੈ। ਕੋਈ ਔਰਤ ਮੇਰੇ  ਅੱਗੇ ਅੜ ਨਹੀਂ ਸਕਦੀ।“”

ਉਸ ਦੀ ਗੁਫ਼ਤਗੂ ਤੋਂ ਮਲੂਮ ਹੋ ਰਿਹਾ ਸੀ ਕਿ ਉਹ ਨਾਨਬਾਈ ਦੀ ਗੁਫ਼ਤਗੂ ਤੋਂ ਸਖ਼ਤ ਨਾਰਾਜ਼ ਹੋ ਗਿਆ ਹੈ। ਗ਼ਾਲਿਬਨ ਉਸ ਨੂੰ  ਇਸ ਬਾਤ ਤੇ ਬਹੁਤ ਫ਼ਖ਼ਰ ਸੀ ਕਿ ਉਸ ਵਿੱਚ  ਔਰਤਾਂ   ਨੂੰ  ਚਿੱਤ ਕਰਨ ਦਾ ਵਸਫ਼ ਮੌਜੂਦ ਹੈ। ਵਰਨਾ ਦਰ ਹਕੀਕਤ ਸਿਵਾਏ ਉਸ ਵਸਫ਼ ਦੇ ਉਸ ਸ਼ਖ਼ਸ ਵਿੱਚ  ਜ਼ਿੰਦਗੀ ਦੇ ਮੁਤੱਲਕ ਕੋਈ ਚੀਜ਼ ਵੀ ਮੌਜੂਦ ਨਾ ਸੀ। ਇਸ ਇੱਕੋ ਰਹੇ ਸਹੇ ਵਸਫ਼ ਦੀ ਬਦੌਲਤ ਤਾਂ  ਉਹ ਆਪਣੇ ਆਪ ਨੂੰ  ਜ਼ਿੰਦਾ ਇਨਸਾਨ ਕਹਾਉਣ ਦਾ ਹੱਕਦਾਰ  ਹੋ ਸਕਦਾ ਸੀ।

ਦੁਨੀਆਂ ਵਿੱਚ  ਐਸੇ ਵਿਅਕਤੀ  ਮੌਜੂਦ ਹਨ ਜੋ ਬਿਮਾਰੀ ਨੂੰ  ਚਾਹੇ ਉਹ ਰੂਹਾਨੀ ਹੋਵੇ ਜਾਂ ਜਿਸਮਾਨੀ ਜ਼ਿੰਦਗੀ ਦਾ ਇੱਕ ਬੇਸ਼ ਕੀਮਤ ਜ਼ੁਜ਼ ਸਮਝਦੇ ਹੋਏ ਉਸ ਦੀ ਤਮਾਮ ਜ਼ਿੰਦਗੀ ਭਰ ਪਰਵਰਿਸ਼ ਕਰਦੇ ਰਹਿੰਦੇ ਹਨ ਅਤੇ ਇਸੇ ਵਿੱਚ  ਆਪਣੀ  ਜ਼ਿੰਦਗੀ ਦਾ ਰਾਜ਼ ਸਮਝਦੇ ਹਨ । ਹਾਲਾਂਕਿ ਐਸੀ ਜ਼ਿੰਦਗੀ ਅਮੂਮਨ ਤਕਲੀਫ਼ਦੇਹ    ਹੁੰਦੀ ਹੈ ਮਗਰ ਉਹ ਉਸ ਜ਼ਿੰਦਗੀ ਦੇ ਸਹਾਰੇ ਦੇ ਮੁਤੱਲਕ ਦੂਸਰਿਆਂ ਕੋਲ ਸ਼ਿਕਾਇਤ ਜ਼ਰੂਰ ਕਰਦੇ ਹਨ। ਸਿਰਫ਼ ਇਸ ਲਈ  ਕਿ ਆਪਣੇ ਹਮਸਾਇਆ ਇਨਸਾਨਾਂ ਦੀ ਤੱਵਜੋ  ਆਪਣੀਆਂ  ਤਰਫ਼ ਖਿਚ  ਸਕਣ  ਅਤੇ ਇਸ ਤਰ੍ਹਾਂ ਉਹ ਉਨ੍ਹਾਂ ਨੂੰ  ਤਰਸ ਭਰੀਆਂ ਨਿਗਾਹਾਂ ਨਾਲ ਦੇਖਣ  । ਅਗਰ ਐਸੇ ਵਿਅਕਤੀਆਂ  ਤੋਂ  ਇਹ ਬੇਚੈਨੀ , ਕਰਬ ਅਤੇ ਤਕਲੀਫ਼ ਖੋਹ ਲਈ ਜਾਏ ਉਨ੍ਹਾਂ ਦੇ ਦਰਦ ਦੀ ਦਵਾ ਕਰ ਦਿੱਤੀ ਜਾਏ ਤਾਂ ਉਹ ਪਹਿਲੇ ਦੀ ਤਰ੍ਹਾਂ ਖੁਸ਼  ਨਹੀਂ ਰਹਿਣਗੇ ਇਸ ਲਈ  ਕਿ ਉਨ੍ਹਾਂ ਦੀ ਜ਼ਿੰਦਗੀ ਦਾ ਆਖ਼ਰੀ ਸਹਾਰਾ ਉਨ੍ਹਾਂ ਤੋਂ ਅਲਿਹਦਾ ਕਰ ਦਿੱਤਾ ਗਿਆ ਹੈ। ਹੁਣ ਉਹ ਖੋਖਲੇ ਬਰਤਨ ਦੀ ਮਾਨਿੰਦ ਹੋਣਗੇ। ਕਈ ਵਾਰ  ਇੱਕ ਇਨਸਾਨ ਦੀ ਜ਼ਿੰਦਗੀ ਇਸ ਕਦਰ ਤੰਗ ਅਤੇ ਗ਼ੁਰਬਤ ਜ਼ਦਾ ਹੁੰਦੀ ਹੈ ਕਿ ਉਹ ਸੁਭਾਵਿਕ ਹੀ  ਕਿਸੇ ਭੈੜੀ  ਚੀਜ਼ ਨੂੰ  ਹੀ ਮੁਹੱਬਤ ਕਰਨ ਲੱਗ ਜਾਂਦਾ ਹੈ ਅਤੇ ਉਸੇ ਤੇ ਜ਼ਿੰਦਾ ਰਹਿਣਾ ਚਾਹੁੰਦਾ ਹੈ। ਸਾਫ਼ ਲਫ਼ਜ਼ਾਂ ਵਿੱਚ  ਅਕਸਰ ਲੋਕ ਸਿਰਫ਼ ਦਿਮਾਗ਼ੀ ਬੇਕਾਰੀ ਦੀ ਵਜ੍ਹਾ ਨਾਲ ਗੁਨਾਹ ਦੀ ਤਰਫ਼ ਰਾਗ਼ਬ ਹੋ ਜਾਂਦੇ ਹਨ।

ਫੌਜੀ ਸਖ਼ਤ ਨਾਰਾਜ਼ ਹੋ ਗਿਆ ਸੀ। ਨਾਨਬਾਈ ਦੀ ਤਰਫ਼ ਲਪਕਿਆ ਅਤੇ ਕੁਰੱਖ਼ਤ ਲਹਿਜੇ ਵਿੱਚ  ਬੋਲਿਆ  “ਮੈਂ ਜੋ ਬਾਰ ਬਾਰ ਕਹਿ ਰਿਹਾ ਹਾਂ  ਕਿ ਬੋਲ …. ਕਿਸ ਲੜਕੀ ਦੀ ਬਾਬਤ ਜ਼ਿਕਰ ਕਰ ਰਿਹਾ  ਹੈਂ ”।

“ਕਹਾਂ ..  ਫਿਰ”। ਨਾਨਬਾਈ ਨੇ ਫੌਜੀ ਦੀ ਤਰਫ਼ ਅਚਾਨਕ ਮੁੜਦੇ ਹੋਏ ਕਿਹਾ।

“ਹਾਂ, ਹਾਂ”

“ਕੀ ਤੁਸੀਂ ਤਾਨੀਆ ਨੂੰ  ਜਾਣਦੇ ਹੋ”।

“ਕਿਉਂ?”

“ਬੱਸ ਉਹੀ ਲੜਕੀ ਹੈ…. ਕਾਬੂ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ”।

“ਮੈਂ  ?”

“ਹਾਂ, ਹਾਂ! ਤੁਸੀਂ” ।

“ਇਹ ਤਾਂ ਬਿਲਕੁਲ ਮਾਮੂਲੀ ਬਾਤ ਹੈ”।

“ਅਸੀਂ  ਵੀ ਦੇਖੀਏ  ਕਿਵੇਂ?”

“ਤਾਂ ਫਿਰ ਦੇਖ ਲਉਗੇ….ਹਾ ਹਾ ਹਾ!”

“ਉਹ ਤੁਹਾਡੀ ਤਰਫ਼ ਅੱਖ ਉੱਠਾ ਕੇ ਨਹੀਂ ਦੇਖੇਗੀ”।

”ਸਿਰਫ਼ ਇੱਕ ਮਹੀਨੇ ਦੀ ਮੋਹਲਤ ਚਾਹੁੰਦਾ ਹਾਂ” ।

“ਸ਼ੇਖ਼ ਚਿਲੀ ਮੱਤ ਬਣ…. ਮੀਆਂ ਫੌਜੀ”।

“ਅੱਛਾ ਚੌਦਾਂ ਰੋਜ਼ ਸਹੀ…. ਉਸ ਦੇ ਬਾਦ ਤੁਸੀਂ ਦੇਖ ਲੈਣਾ…. ਕੀ ਨਾਮ ਲਿਆ ਸੀ ਤੁਸੀਂ ?…. ਤਾਨੀਆ?”

“ਹੁਣ ਜਾਓ…. ਤੁਹਾਡੇ ਕੰਮ ਦਾ ਹਰਜਾ  ਹੋ ਰਿਹਾ ਹੈ”।

“ਬੱਸ ਚੌਦਾ ਰੋਜ਼…. ਅਤੇ ਉਹ ਮੇਰੇ ਕਾਬੂ ਵਿੱਚ  ਹੋਵੇਗੀ….ਤੁਹਾਡੀ ਕਿਸਮਤ!!”

“ਮੈਂ  ਕਹਿੰਦਾ ਹਾਂ ਇੱਥੋਂ ਦੂਰ ਹੋ ਜਾਓ।”

ਇਹ ਕਹਿ ਕੇ ਨਾਨਬਾਈ ਵਹਿਸ਼ੀਆਂ ਦੀ ਤਰ੍ਹਾਂ ਗ਼ਜ਼ਬਨਾਕ ਹੋ ਗਿਆ।ਇਹ ਦੇਖ ਕੇ ਫੌਜੀ ਸਖ਼ਤ ਹੈਰਾਨ ਹੋਇਆ ਅਤੇ ਖ਼ਾਮੋਸ਼ੀ ਨਾਲ ਇਹ ਕਹਿੰਦਾ ਹੋਇਆ ਉੱਥੋਂ ਚਲਾ ਗਿਆ ,”ਬਹੁਤ ਅੱਛਾ”।

ਉਸ ਬਹਿਸ ਦੇ ਦੌਰਾਨ ਅਸੀਂ  ਸਭ ਖ਼ਾਮੋਸ਼ ਰਹੇ। ਇਸ ਲਈ   ਕਿ ਅਸੀਂ  ਉਨ੍ਹਾਂ ਦੀ ਆਪਸੀ  ਗੁਫ਼ਤਗੂ ਨੂੰ  ਬਹੁਤ ਗ਼ੌਰ ਨਾਲ ਸੁਣ ਰਹੇ ਸਾਂ ਲੇਕਿਨ ਜਿਉਂ ਹੀ ਫੌਜੀ ਰੁਖ਼ਸਤ ਹੋਇਆ ਸਾਡੇ ਦਰਮਿਆਨ ਗੁਫ਼ਤਗੂ ਦਾ ਇੱਕ ਹੰਗਾਮਾ ਜਿਹਾ ਬਰਪਾ ਹੋ ਗਿਆ। ਸਾਡੇ  ਵਿੱਚੋਂ ਇੱਕ ਨੇ ਨਾਨਬਾਈ ਨੂੰ  ਚਿਲਾਉਂਦੇ ਹੋਏ ਕਿਹਾ,”ਤੈਨੂੰ ਕੀ  ਸ਼ਰਾਰਤ ਸੁਝੀ ਹੈ”।

“ਕੰਮ ਕਰੀ ਜਾਓ ਆਪਣਾ…. ਸੁਣਿਆ ਹੈ ਜਾਂ ਨਹੀਂ”। ਨਾਨਬਾਈ ਨੇ ਖੂੰਖਾਰ ਲਹਿਜੇ ਵਿੱਚ ਜਵਾਬ   ਦਿੱਤਾ।

ਸਾਨੂੰ ਦਰਅਸਲ ਉਸ  ਦੀ ਫ਼ਿਕਰ ਹੋ ਰਹੀ ਸੀ ਕਿਉਂਜੋ  ਫੱਟੜ ਫੌਜੀ ਆਪਣੇ ਅਲਫ਼ਾਜ਼ ਨੂੰ  ਪੂਰਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰੇਗਾ। ਇਸ ਲਈ   ਤਾਨੀਆ ਦੀ ਇੱਜਤ ਖ਼ਤਰੇ ਵਿੱਚ  ਸੀ ।

ਮਗਰ ਬਾਵਜੂਦ ਇਸ ਦੇ ਅਸੀਂ  ਉਸ ਬਹਿਸ ਦਾ ਨਤੀਜਾ ਦੇਖਣ ਦੇ ਲਈ ਸਖ਼ਤ ਬੇਕਰਾਰ ਸਾਂ…. ਉਸ ਬਹਿਸ ਦਾ ਨਤੀਜਾ ਜੋ ਕਿਸੇ ਹਾਲਤ ਵਿੱਚ  ਵੀ ਖ਼ੁਸ਼ਗਵਾਰ ਨਹੀਂ ਸੀ।

ਕੀ  ਤਾਨੀਆ ਫੌਜੀ ਦੀ ਤਾਬ ਝੱਲ ਸਕੇਗੀ? ਇਸ ਸਵਾਲ ਤੇ ਅਸੀਂ  ਇੱਕ ਜ਼ਬਾਨ ਚਿਲਾ ਉਠੇ। ਜਿਵੇਂ ਸਾਨੂੰ ਤਾਨੀਆ ਤੇ ਪੂਰੀ ਤਰ੍ਹਾਂ ਭਰੋਸਾ ਹੋਵੇ ।

“ਨੰਨ੍ਹੀ ਤਾਨੀਆ ਜ਼ਰੂਰ ਸਾਬਤ ਕਦਮ ਰਹੇਗੀ”।

ਸਾਨੂੰ ਆਪਣੀ  ਨੰਨ੍ਹੀ ਦੇਵੀ ਦੀ ਸਾਬਤ ਕਦਮੀ ਅਤੇ  ਸ਼ਕਤੀ ਦਾ  ਇਮਤਿਹਾਨ ਲੈਣ  ਦੀ ਅਰਸੇ ਤੋਂ  ਖ਼ਹਿਸ਼ ਸੀ ਲੇਕਿਨ ਹੁਣ ਅਸੀਂ ਆਪਸ ਵਿੱਚ  ਇਹ ਸਾਬਤ ਕਰ ਦਿੱਤਾ ਕਿ ਤਾਨੀਆ ਉਸ ਇਮਤਿਹਾਨ ਵਿੱਚ  ਜ਼ਰੂਰ ਸੁਰਖ਼ਰੂ ਹੋਵੇਗੀ। ਉਸ ਦਿਨ ਤੋਂ ਸਾਡੀ ਜ਼ਿੰਦਗੀ ਇੱਕ ਅਜਬ ਕਿਸਮ ਦੀ ਜ਼ਿੰਦਗੀ ਹੋ ਗਈ  ਜਿਸ ਤੋਂ ਅਸੀਂ  ਬਿਲਕੁਲ ਅਨਜਾਣ  ਸਾਂ । ਅਸੀਂ  ਆਪਸ ਵਿੱਚ  ਘੰਟਿਆਂ  ਬਹਿਸ ਕਰਦੇ ਰਹਿੰਦੇ ਸਾਂ, ਜਿਵੇਂ ਅਸੀਂ  ਪਹਿਲੇ ਦੀ ਨਿਸਬਤ ਜਿਆਦਾ ਅਕਲਮੰਦ ਅਤੇ  ਤੇਜ ਤਰਾਰ  ਬਣ ਗਏ ਹੋਈਏ  ਅਤੇ ਸਾਡੀ ਗੁਫ਼ਤਗੂ ਕੁਛ ਮਾਅਣੇ  ਰੱਖਦੀ  ਹੋਵੇ ।

ਹੁਣ ਸਾਨੂੰ ਐਸਾ ਮਲੂਮ ਹੋ ਰਿਹਾ ਸੀ ਕਿ ਅਸੀਂ  ਸ਼ੈਤਾਨ ਨਾਲ ਬਾਜ਼ੀ ਲਗਾ ਰਹੇ ਹਾਂ ਅਤੇ ਤਾਨੀਆ ਦੀ ਇੱਜਤ ਸਾਡੀ ਤਰਫ਼ ਤੋਂ  ਦਾਓ ਤੇ ਹੈ  ।

ਜਦੋਂ ਅਸੀਂ  ਕੇਕ ਬਣਾਉਣ ਵਾਲੇ ਨਾਨਬਾਈ ਤੋਂ ਇਹ ਖ਼ਬਰ ਸੁਣੀ ਕਿ ਫੌਜੀ ਨੇ ਤਾਨੀਆ ਦਾ ਪਿੱਛਾ ਕਰਨਾ  ਸ਼ੁਰੂ ਕਰ ਦਿੱਤਾ, ਤਾਂ ਸਾਨੂੰ ਸਖ਼ਤ ਰੰਜ ਪਹੁੰਚਿਆ ਅਤੇ ਅਸੀਂ  ਉਸ ਰੰਜ ਨੂੰ  ਮਿਟਾਉਣ ਦੇ ਲਈ ਇਸ ਕਦਰ ਮਗਨ   ਸਾਂ ਕਿ ਸਾਨੂੰ  ਇਹ ਮਲੂਮ ਹੀ ਨਾ ਹੋਇਆ ਕਿ ਮਾਲਕ ਨੇ ਸਾਡੀ ਬੇਚੈਨੀ ਅਤੇ  ਮਸਤੀ  ਦਾ ਫ਼ਾਇਦਾ ਉਠਾਉਂਦੇ  ਹੋਏ ਮੈਦੇ ਵਿੱਚ  ਚੌਦਾਂ ਪੌਂਡ ਦਾ ਇਜ਼ਾਫ਼ਾ ਕਰ ਦਿੱਤਾ।

ਇਸ ਖੌਫਜ਼ਦਾ ਮਸਤੀ  ਦੇ ਦੌਰਾਨ  ਕੰਮ ਕਰਦੇ ਹੋਏ ਤਾਨੀਆ ਦਾ ਨਾਮ ਹਰ ਵਕਤ ਸਾਡੀ ਜ਼ਬਾਨ ਤੇ ਹੁੰਦਾ ਅਤੇ ਅਸੀਂ  ਹਰ ਰੋਜ਼ ਸੁਬ੍ਹਾ  ਉਸ ਦਾ ਇੰਤਜ਼ਾਰ ਕਰਿਆ ਕਰਦੇ…. ਗ਼ੈਰ ਮਾਮੂਲੀ ਬੇਸਬਰੀ ਦੇ ਨਾਲ।

ਉਹ ਹਰ ਰੋਜ਼ ਸਾਡੇ ਪਾਸ ਆਉਂਦੀ। ਮਗਰ ਅਸੀਂ  ਫੌਜੀ ਨਾਲ ਹੋਏ ਤਕਰਾਰ ਦਾ ਉਸ ਦੇ ਨਾਲ ਜ਼ਿਕਰ ਤੱਕ ਨਾ ਕੀਤਾ ਅਤੇ ਨਾ ਹੀ ਉਸ ਨੇ ਕਿਸੇ ਕਿਸਮ ਦੇ ਸਵਾਲ ਕੀਤੇ ਬਲਕਿ ਆਮ ਵਾਂਗ ਜਜ਼ਬਾ ਉਲਫ਼ਤ ਨਾਲ ਮਿਲਦੇ ਰਹੇ। ਮਗਰ ਉਸ ਜਜ਼ਬਾ ਉਲਫ਼ਤ ਵਿੱਚ  ਕਿਸੇ ਨਵੀਂ ਚੀਜ਼ ਦੀ ਝਲਕ ਸੀ…. ਡੂੰਘੀ ਉਤਸੁਕਤਾ  ਦੀ ਝਲਕ…. ਖ਼ੰਜਰ ਦੇ ਫਲ ਦੀ ਮਾਨਿੰਦ ਤੇਜ਼ ਅਤੇ ਸਰਦ।

”ਦੋਸਤੋ ! ਮਿਆਦ ਦਾ ਵਕਤ ਅੱਜ ਦੇ ਰੋਜ਼ ਖਤਮ ਹੋ  ਜਾਏਗਾ”। ਨਾਨਬਾਈ ਨੇ ਸੁਬ੍ਹਾ ਦੇ ਵਕਤ ਕੰਮ ਸ਼ੁਰੂ ਕਰਦੇ ਹੋਏ ਕਿਹਾ।

ਸਾਨੂੰ ਚੇਤਾ ਕਰਾਉਣ  ਤੋਂ  ਪੇਸ਼ਤਰ ਹੀ ਸਾਨੂ ਉਸ ਗੱਲ  ਦਾ ਇਲਮ ਸੀ। ਮਗਰ ਫਿਰ ਵੀ ਇਹ ਸੁਣ ਕੇ ਅਸੀਂ  ਸਿਰ  ਤੋਂ ਪੈਰਾਂ ਤੱਕ ਕੰਬ ਗਏ।

“ਉਹ ਅੱਜ ਆਏਗੀ…. ਜ਼ਰਾ ਗ਼ੌਰ ਨਾਲ ਦੇਖਣਾ ਉਸ ਨੂੰ” । ਨਾਨਬਾਈ ਨੇ ਗੁਫ਼ਤਗੂ ਜਾਰੀ ਰਖਦੇ ਹੋਏ ਕਿਹਾ।

“ਜਿਵੇਂ…. ਅੱਖਾਂ ਕੁਛ ਦੱਸ ਸਕਣਗੀਆਂ” । ਸਾਡੇ  ਵਿੱਚੋਂ ਇੱਕ ਨੇ ਪੁਰ ਸੋਜ਼ ਲਹਿਜੇ ਵਿੱਚ  ਕਿਹਾ।

ਇਸ ਤੇ ਬਹਿਸ ਛਿੜ ਪਈ।ਅੱਜ ਦੇ ਰੋਜ਼ ਸਾਨੂੰ ਮਲੂਮ ਹੋ ਜਾਣ ਵਾਲਾ ਸੀ ਕਿ ਉਹ ਬਰਤਨ ਜਿਸ ਵਿੱਚ  ਅਸੀਂ  ਸਭ ਨੇ ਆਪਣੇ ਦਿਲ ਰੱਖੇ ਹੋਏ ਹਨ , ਕਿਤਨਾ ਸਾਫ਼ ਤੇ ਬੇਦਾਗ ਹੈ। ਸਿਰਫ਼ ਅੱਜ ਦੀ ਸੁਬ੍ਹਾ ਸਾਨੂੰ  ਐਸਾ ਮਲੂਮ ਹੋਣ ਲੱਗਾ ਜਿਵੇਂ ਅਸੀਂ  ਕੋਈ ਬੜਾ ਖੇਲ ਖੇਲ ਰਹੇ ਹੋਈਏ ਜਿਸ ਵਿੱਚ ਸਾਨੂੰ ਆਪਣੀ ਦੇਵੀ ਦੇ ਖੋ ਜਾਣ ਦਾ ਅੰਦੇਸ਼ਾ ਹੋਵੇ ।

ਬੀਤੇ  ਚੰਦ ਦਿਨਾਂ ਤੋਂ  ਅਸੀਂ  ਸੁਣ ਰਹੇ ਸਾਂ ਕਿ ਫੌਜੀ  ਤਾਨੀਆ ਦੇ ਪਿੱਛੇ ਸਾਏ ਦੀ ਤਰ੍ਹਾਂ ਲੱਗਾ ਹੋਇਆ ਹੈ। ਤਾਨੀਆ ਆਮ ਵਾਂਗ ਬਿਸਕੁਟਾਂ ਦੇ ਲਈ ਹਰ ਰੋਜ਼ ਆਉਂਦੀ । ਮਗਰ ਅਸੀਂ  ਉਸ ਨਾਲ ਫੌਜੀ ਦੇ ਮੁਤੱਲਕ ਕਿਸੇ ਕਿਸਮ ਦਾ ਜ਼ਿਕਰ  ਨਾ ਕਰਦੇ।

ਅਸੀਂ  ਖ਼ੁਦ ਹੈਰਾਨ  ਸਾਂ ਕਿ ਕਿਉਂ? ਅੱਜ ਦੇ ਰੋਜ਼ ਵੀ ਅਸੀਂ ਜਿਵੇਂ ਹੀ ਉਸਨੂੰ ਇਹ ਕਹਿੰਦੇ ਹੋਏ ਸੁਣਿਆ

“ਨੰਨ੍ਹੇ ਕੈਦੀਓ …. ਮੈਂ  ਆ ਗਈ ਹਾਂ …”. ਅਸੀਂ  ਦਰਵਾਜਾ ਖੋਲ੍ਹ ਦਿੱਤਾ ਅਤੇ ਜਦੋਂ ਉਹ ਅੰਦਰ ਆ ਗਈ, ਤਾਂ ਅਸੀਂ  ਆਮ ਦੇ ਉਲਟ ਜਿਵੇਂ ਖ਼ਾਮੋਸ਼ੀ ਨਾਲ ਮਿਲੇ। ਚਾਹੇ  ਸਾਡੀ ਅੱਖਾਂ ਉਸ ਤੇ ਜੰਮੀਆਂ ਹੋਈਆਂ ਸਨ ਮਗਰ ਸਾਨੂੰ ਮਲੂਮ ਨਹੀਂ  ਸੀ ਕਿ ਸਿਲਸਿਲਾ ਕਲਾਮ ਕਿਵੇਂ ਸ਼ੁਰੂ ਕਰੀਏ …. ਅਸੀਂ  ਖ਼ਾਮੋਸ਼ ਅਤੇ ਹੈਰਤ ਦੀ ਤਸਵੀਰ ਬਣੇ ਉਸ ਦੇ ਸਾਹਮਣੇ ਖੜੇ ਸਾਂ ।

ਉਸ ਅਨੋਖੇ ਅਤੇ ਆਮ ਦੇ ਉਲਟ ਸਵਾਗਤ  ਨੂੰ  ਦੇਖ ਕੇ ਉਹ ਸਖ਼ਤ ਹੈਰਾਨ ਹੋ ਗਈ…. ਅਚਾਨਕ ਉਸ ਦੇ ਚਿਹਰੇ ਦਾ ਰੰਗ ਜ਼ਰਦ ਪੈ ਗਿਆ।

ਬੇਚੈਨ ਅਤੇ ਘੁੱਟਵੀਂ ਜਿਹੀ  ਆਵਾਜ਼ ਵਿੱਚ  ਕਹਿਣ ਲੱਗੀ:

“ਤੁਹਾਨੂੰ ਅੱਜ ਕੀ ਹੋ ਗਿਆ ਹੈ?”

“ਤੇ ਤੈਨੂੰ ..”। ਨਾਨਬਾਈ ਨੇ ਦਰਦ ਅੰਗੇਜ਼ ਲਹਿਜੇ ਵਿੱਚ  ਕਿਹਾ।

“ਮੈਨੂੰ  ?….ਕੀ ਮਤਲਬ ਹੈ ਤੇਰਾ ?”

“ ਕੁਛ ਵੀ ਨਹੀਂ…. ਕੁਛ ਵੀ ਨਹੀਂ”।

“ਤਾਂ ਚਲੋ ਮੈਨੂੰ ਬਿਸਕੁਟ ਦਿਓ…. ਜ਼ਰਾ ਜਲਦੀ ਕਰੋ”।

ਇਸ ਤੋਂ ਪਹਿਲਾਂ ਉਸ ਨੇ ਅੱਜ ਤੱਕ ਇਤਨੀ ਫੁਰਤੀ ਕਦੇ ਨਹੀਂ ਦਿਖਾਈ ਸੀ।

“ਤੂੰ  ਜਲਦੀ ਕਰ ਰਹੀ ਹੈਂ ”। ਨਾਨਬਾਈ ਨੇ ਤਾਨੀਆ ਤੋਂ ਅੱਖਾਂ ਜੁਦਾ ਨਾ ਕਰਦੇ ਹੋਏ ਕਿਹਾ। ਇਸ ਤੇ ਉਹ ਅਚਾਨਕ ਮੁੜੀ ਅਤੇ ਦਰਵਾਜ਼ੇ ਤੋਂ ਬਾਹਰ ਭੱਜ ਗਈ।

ਨਾਨਬਾਈ ਨੇ ਆਪਣੀ  ਸਲਾਖ਼ ਫ਼ੜੀ ਅਤੇ ਭੱਠੀ ਦੀ ਤਰਫ਼ ਜਾਂਦੇ ਹੋਏ ਦੱਬੀ ਜ਼ਬਾਨ ਵਿੱਚ  ਕਹਿਣ ਲੱਗਾ:

“ਇਸ ਦਾ ਮਤਲਬ ਹੈ…. ਕਿ ਇਹ ਹੁਣ ਉਸ ਦੀ ਹੈ….ਆਹ! ਇਹ ਫੌਜੀ …. ਹਰਾਮਜ਼ਾਦਾ…. ਬਦਮਾਸ਼।

ਇਸ ਤੇ ਅਸੀਂ  ਭੇਡਾਂ ਦੇ ਇੱਜੜ ਦੀ ਤਰ੍ਹਾਂ ਆਪਣੇ ਮੋਢੇ  ਹਿਲਾਉਂਦੇ ਹੋਏ ਮੇਜ਼ ਦੀ ਤਰਫ਼ ਵਧੇ ਅਤੇ ਖ਼ਾਮੋਸ਼ੀ ਨਾਲ ਕੰਮ ਕਰਨਾ  ਸ਼ੁਰੂ ਕਰ  ਦਿੱਤਾ।

“ਲੇਕਿਨ ਕੀ  ਇਹ ਮੁਮਕਿਨ ਹੋ ਸਕਦਾ ਹੈ….?” ਸਾਡੇ  ਵਿੱਚੋਂ ਕਿਸੇ ਨੇ ਆਪਣੇ ਆਪ ਨੂੰ  ਤਸੱਲੀ ਦਿੰਦੇ ਹੋਏ ਕਿਹਾ।

“ਬੱਸ! ਬੱਸ…. ਬੋਲਣ ਦੀ ਕੀ ਜ਼ਰੂਰਤ ਹੈ”। ਨਾਨਬਾਈ ਨੇ ਚੀਖ਼ਦੇ ਹੋਏ ਜਵਾਬ ਦਿੱਤਾ। ਸਾਨੂੰ ਮਲੂਮ ਸੀ ਕਿ ਨਾਨਬਾਈ ਅਕਲਮੰਦ ਹੈ।

ਸਾਡੇ ਨਾਲੋਂ ਕਿਤੇ ਜਿਆਦਾ ਅਕਲਮੰਦ। ਇਸ ਲਈ   ਉਸ ਦੇ ਚਿਲਾਉਣ ਤੋਂ  ਅਸੀਂ ਅੰਦਾਜ਼ਾ ਲੱਗਾ ਲਿਆ ਕਿ ਉਹ ਫੌਜੀ ਦੀ ਫ਼ਤਿਹ ਤੇ ਕਾਮਯਾਬੀ ਦਾ ਐਲਾਨ ਕਰ ਰਿਹਾ ਹੈ।

ਇਹ ਖ਼ਿਆਲ ਕਰਦੇ ਹੋਏ ਅਸੀਂ  ਆਪਣੇ ਆਪ ਨੂੰ  ਦੁਖੀ ਅਤੇ ਬੇਚੈਨ ਹੋ ਗਏ।

ਬਾਰਾਂ  ਬਜੇ ਯਾਨੀ ਦੁਪਹਿਰ ਦੇ ਖਾਣੇ ਦੇ ਵਕਤ ਫੌਜੀ ਆਇਆ ਅਤੇ ਆਮ ਵਾਂਗ ਬਾਗੋ ਬਾਗ  ਸਾਡੀਆਂ ਨਜ਼ਰਾਂ ਨਾਲ ਨਜ਼ਰਾਂ  ਮਿਲਾ ਕੇ  ਵੇਖਣ ਲੱਗਾ,”ਮੁੱਅਜ਼ਜ਼ ਦੋਸਤੋ ! ਅਗਰ ਚਾਹੁੰਦੇ ਹੋ ਕਿ ਮੈਂ ਤੈਨੂੰ ਅੱਜ ਆਪਣੀ  ਕਾਮਯਾਬੀ ਦਾ ਨਮੂਨਾ ਦਿਖਾਊਂ …. ਤਾਂ ਵਿਹੜੇ ਦੇ ਨਾਲ ਵਾਲੇ ਕਮਰਾ ਵਿੱਚ  ਜਾ ਕੇ ਖਿੜਕੀਆਂ ਵਿੱਚੋਂ ਝਾਕਕੇ  ਦੇਖੋ। ਸਮਝ ਗਏ।” ਫੌਜੀ ਨੇ ਪੁਰ ਫ਼ਖ਼ਰ ਲਹਿਜੇ ਵਿੱਚ  ਹੱਸਦੇ ਹੋਏ ਕਿਹਾ।

ਫੌਜੀ ਦੇ ਕਹਿਣ ਤੇ ਅਸੀਂ  ਵਿਹੜੇ ਦੇ ਮੁਲਹਿਕਾ ਕਮਰਾ ਵਿੱਚ  ਚਲੇ ਗਏ ਅਤੇ ਆਪਣੇ ਚਿਹਰੇ ਖਿੜਕੀਆਂ ਦੀਆਂ  ਝੀਥਾਂ  ਦੇ ਨਾਲ ਜੋੜ ਦਿਤੇ।ਸਾਨੂੰ ਬਹੁਤ ਅਰਸੇ ਤੱਕ ਇੰਤਜ਼ਾਰ ਨਾ ਕਰਨਾ  ਪਿਆ  ਕਿਉਂਕਿ ਜਲਦ ਤਾਨੀਆ ਤੇਜ਼ ਕਦਮ ਉਠਾਉਂਦੀ  ਹੋਈ ਵਿਹੜੇ ਦੇ ਛਪਰਾਂ ਦੇ ਕੋਲੋਂ  ਜੋ ਕਿ ਚਿੱਕੜ ਅਤੇ ਬਰਫ਼ ਨਾਲ ਭਰੇ ਹੋਏ ਸਨ ਗੁਜ਼ਰੀ…. ਉਸ ਦੇ ਚੰਦ ਮਿੰਟ ਬਾਦ ਫੌਜੀ ਨਮੂਦਾਰ ਹੋਇਆ ਜਿਸ ਦਾ ਰੁਖ਼ ਤਾਨੀਆ ਦੀ ਤਰਫ਼ ਸੀ। ਬੜੇ ਕੋਟ ਦੀ ਜੇਬ ਵਿੱਚ  ਹੱਥ ਪਾਈ , ਸੀਟੀ ਬਜਾਂਦਾ ਹੋਇਆ ਉਹ ਵੀ ਤਾਨੀਆ ਦੀ ਤਰ੍ਹਾਂ ਸਾਡੀਆਂ ਅੱਖਾਂ ਤੋਂ ਓਝਲ ਹੋ ਗਿਆ…. ਇਸੇ ਅਰਸੇ ਵਿੱਚ  ਬਾਰਿਸ਼ ਸ਼ੁਰੂ ਹੋ ਗਈ ਅਤੇ ਅਸੀਂ  ਬਾਰਿਸ਼ ਦੀਆਂ  ਬੂੰਦਾਂ ਨੂੰ  ਜੋ ਛਪਰਾਂ ਵਿੱਚ  ਗਿਰ ਕੇ ਅਜਬ ਸ਼ੋਰ ਪੈਦਾ ਕਰ ਰਹੀਆਂ ਸਨ, ਖ਼ਾਮੋਸ਼ੀ ਨਾਲ ਦੇਖਣ ਲੱਗੇ।

ਬਾਰਿਸ਼ ਦੀ ਵਜ੍ਹਾ ਨਾਲ ਅੱਜ ਦਾ ਦਿਨ ਬਹੁਤ ਉਦਾਸ ਅਤੇ ਰੁੱਖਾ  ਸੀ। ਇਮਾਰਤ ਦੀਆਂ ਛੱਤਾਂ ਤੇ ਬਰਫ਼ ਦੀ ਤੈਹਾਂ ਜੰਮੀਆਂ ਹੋਈਆਂ ਸਨ ਅਤੇ ਜ਼ਮੀਨ ਚਿੱਕੜ ਨਾਲ ਲੱਤ ਪਤ ਹੋ ਰਹੀ ਸੀ। ਕਣੀਆਂ ਸਿਸਕੀਆਂ ਭਰਦੀਆਂ ਜ਼ਮੀਨ ਤੇ ਗਿਰ ਰਹੀਆਂ ਸਨ।

ਭਾਵੇਂ  ਸਾਨੂੰ ਇਸ ਸਰਦੀ ਵਿੱਚ  ਇਸ ਤਰ੍ਹਾਂ ਖੜੇ ਰਹਿਣਾ ਨਾਗਵਾਰ ਗੁਜ਼ਰ ਰਿਹਾ ਸੀ ਮਗਰ ਕਿਉਂਕਿ ਅਸੀਂ  ਤਾਨੀਆ ਦੀ ਬੇਵਫ਼ਾਈ ਤੇ ਸਖ਼ਤ ਟੁੱਟੇ ਹੋਏ  ਸਾਂ ਕਿ ਉਸ ਨੇ ਇੱਕ ਮਾਮੂਲੀ ਫੌਜੀ ਦੀ ਖ਼ਾਤਿਰ ਸਾਨੂੰ  ਸਭ ਨੂੰ  ਛੱਡ ਦਿੱਤਾ। ਇਸ ਲਈ  ਅਸੀਂ  ਜਲਾਦਾਂ ਵਰਗੀ ਹੌਲ਼ਨਾਕ ਖ਼ੁਸ਼ੀ ਨਾਲ ਉਸ ਦਾ ਇੰਤਜ਼ਾਰ ਕਰਨ ਲੱਗੇ।

ਥੋੜੇ ਅਰਸੇ ਬਾਦ ਤਾਨੀਆ ਨਿਕਲੀ …. ਉਸ ਦੀਆਂ  ਅੱਖਾਂ…. ਹਾਂ ਉਸ ਦੀਆਂ  ਅੱਖਾਂ ਕਿਸੇ ਨਾ ਮਲੂਮ ਖ਼ੁਸ਼ੀ ਨਾਲ ਚਮਕ ਰਹੀਆਂ ਸਨ…. ਉਸ ਦੇ ਹੋਠ ਮੁਸਕਰਾ ਰਹੇ ਸਨ।ਉਹ ਝੂਮਦੀ  ਹੋਈ ਚਲੀ ਆ ਰਹੀ ਸੀ।ਜਿਵੇਂ ਖ਼ਾਬ ਵਿੱਚ ਹੋਵੇ ।

ਅਸੀਂ  ਉਸ ਮੰਜ਼ਰ ਨੂੰ  ਖ਼ਾਮੋਸ਼ੀ ਨਾਲ ਨਾ ਦੇਖ ਸਕੇ। ਇਸ ਲਈ  ਦਰਵਾਜ਼ੇ ਵਿੱਚੋਂ  ਨਿਕਲ ਕੇ ਵਿਹੜੇ ਦੀ ਤਰਫ਼ ਦੀਵਾਨਿਆਂ ਵਾਰ ਭੱਜਦੇ ਹੋਏ ਗਏ ਅਤੇ ਉਸ ਤੇ ਤਾਅਨਿਆਂ ਦੀ ਬੋਛਾੜ ਕਰ ਦਿੱਤੀ। ਸਾਨੂੰ   ਉਸ ਹਾਲਤ ਵਿੱਚ  ਦੇਖ ਕੇ ਉਹ ਕੰਬੀ ਅਤੇ ਰੁਕ ਗਈ ਜਿਵੇਂ ਉਹ ਚਿੱਕੜ ਵਿੱਚ  ਗੱਡੀ ਗ੍ਈ ਹੋਵੇ । ਅਸੀਂ  ਸਭ ਉਸ ਦੇ ਗਿਰਦ ਜਮ੍ਹਾਂ ਹੋ ਗਏ ਅਤੇ ਬਗ਼ੈਰ ਗੁਰੇਜ ਕੀਤੇ  ਜੀ ਭਰ ਕੇ  ਲਾਹ ਪਾਹ  ਕੀਤੀ ਅਤੇ ਸ਼ਰਮਨਾਕ ਤੋਂ  ਸ਼ਰਮਨਾਕ ਗਾਲੀਆਂ ਸੁਣਾਈਆਂ। ਅਸੀਂ  ਐਸਾ ਕਰਦੇ ਵਕਤ ਆਪਣੀਆਂ  ਆਵਾਜ਼ਾਂ ਦਾ ਬਹੁਤਾ  ਸ਼ੋਰ  ਨਾ ਪੈਣ ਦਿੱਤਾ ਤੇ ਨਾ ਹੀ ਕਾਹਲੀ ਕੀਤੀ ਬਲਕਿ ਉਸ ਮੌਕੇ  ਦਾ ਅੱਛੀ ਤਰ੍ਹਾਂ ਫ਼ਾਇਦਾ ਉਠਾਉਂਦੇ  ਰਹੇ ਕਿਉਂਕਿ ਸਾਨੂੰ ਯਕੀਨ ਸੀ ਕਿ ਸਾਡੇ ਦਰਮਿਆਨ ਘਿਰੀ ਹੋਈ ਉਹ ਕਿਤੇ ਨਹੀਂ ਜਾ ਸਕਦੀ ਅਤੇ ਅਸੀਂ  ਜਿਤਨਾ ਅਰਸਾ ਚਾਹੀਏ ਆਪਣੇ ਦਿਲ ਦਾ ਬੁਖ਼ਾਰ ਕੱਢ ਸਕਦੇ ਹਾਂ। ਅਗਰ ਹੈਰਾਨੀ ਹੈ ਤਾਂ ਇਸ ਬਾਤ ਦੀ ਕਿ ਅਸੀਂ ਉਸ ਨੂੰ  ਮਾਰ ਪਿਟਾਈ ਕਿਉਂ ਨਾ ਕੀਤੀ।

ਉਹ ਸਾਡੇ ਦਰਮਿਆਨ ਘਿਰੀ ਗਾਲੀਆਂ ਨੂੰ  ਖ਼ਾਮੋਸ਼ੀ ਨਾਲ ਸੁਣ ਰਹੀ ਸੀ ਅਤੇ ਕਦੇ ਇਧਰ ਕਦੇ  ਉਧਰ  ਆਪਣਾ ਸਿਰ ਫੇਰਦੀ ਅਤੇ ਅਸੀਂ  ਗਾਲੀਆਂ ਅਤੇ ਤਾਅਨਿਆਂ  ਦੇ ਜ਼ਰੀਏ ਆਪਣੀ ਅੱਗ ਉਗਲ ਰਹੇ ਸਾਂ।

ਥੋੜੀ ਦੇਰ ਬਾਦ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ…. ਉਸ ਦੀਆਂ ਨੀਲੀਆਂ ਅੱਖਾਂ ਜੋ ਕੁਛ ਅਰਸਾ ਪਹਿਲੇ ਮਜੇ  ਨਾਲ ਚਮਕ ਰਹੀਆਂ ਸਨ, ਹੁਣ ਫੁੱਟੀਆਂ ਹੋਈਆਂ ਮਲੂਮ ਹੋ ਰਹੀਆਂ ਸਨ। ਉਸ ਦੀ ਛਾਤੀ ਬੜੇ ਜ਼ੋਰ ਨਾਲ ਧੜਕ ਰਹੀ  ਸੀ ਅਤੇ ਉਸ ਦੇ ਹੋਠ ਥਰਥਰਾ ਰਹੇ ਸਨ…. ਅਤੇ ਅਸੀਂ  ਉਸ ਦੇ ਗਿਰਦ ਹਲਕਾ ਬਣਾਏ ਹੋਏ ਆਪਣੀਆਂ  ਇੰਤਕਾਮ ਦੀ ਅੱਗ ਬੁਝਾ ਰਹੇ ਸਾਂ। ਜਿਵੇਂ  ਉਸ ਨੇ ਸਾਨੂੰ ਠੱਗ ਲਿਆ ਹੋਵੇ ।

ਉਹ ਸਾਡੀ ਸੀ ਕਿਉਂਜੋ  ਅਸੀਂ ਉਸ ਦੀ ਖ਼ਿਦਮਤ ਵਿੱਚ  ਆਪਣੇ ਆਪਣੇ ਦਿਲ ਪੇਸ਼ ਕੀਤੇ…. ਚਾਹੇ  ਉਹ ਭਿਖਾਰੀ ਦੇ ਟੁਕੜਿਆਂ  ਤੋਂ  ਜਿਆਦਾ ਕੀਮਤੀ ਨਹੀਂ  ਸੀ, ਮਗਰ ਉਸ ਨੇ ਛੱਬੀ ਦਿਲਾਂ ਨੂੰ  ਇੱਕ ਫੌਜੀ ਦੀ ਖ਼ਾਤਰ ਠੁਕਰਾ ਦਿੱਤਾ। ਅਸੀਂ  ਜਿਵੇਂ ਬੁਰਾ ਭਲਾ ਕਹਿ ਰਹੇ ਸਾਂ ਅਤੇ ਉਹ ਖ਼ਾਮੋਸ਼ …. ਹੱਕੀਆਂ ਬੱਕੀਆਂ  ਹੋਈਆਂ ਫੁੱਟੀਆਂ ਅੱਖਾਂ ਨਾਲ  ਸਾਡੀ ਤਰਫ਼ ਦੇਖ ਰਹੀ ਸੀ।

ਇਸ ਮੌਕੇ ਤੇ ਅਤੇ ਲੋਕ ਵੀ ਜਮ੍ਹਾਂ ਹੋ ਗਏ। ਸਾਡੇ  ਵਿੱਚੋਂ ਇੱਕ ਨੇ ਤਾਨੀਆ ਦੀ ਆਸਤੀਨ ਪਕੜ ਕੇ ਖਿਚ ਲਈ  ਜਿਸ ਤੇ ਉਸ ਦੀਆਂ ਅੱਖਾਂ ਵਿੱਚ  ਇੱਕ ਚਮਕ ਪੈਦਾ ਹੋ ਗਈ ਅਤੇ ਆਪਣੇ ਸਿਰ ਨੂੰ  ਜ਼ਰਾ ਉਤੇ ਉੱਠਾ ਕੇ ਬਾਲਾਂ ਨੂੰ  ਸੰਵਾਰਦੇ ਅਤੇ ਸਾਡੀ ਤਰਫ਼ ਘੂਰਦੇ ਹੋਏ ਅਚਾਨਕ ਬੋਲੀ।

“ ਆਹ! ਜੇਲ੍ਹ ਦੇ ਜ਼ਲੀਲ ਪਰਿੰਦਿਓ।”

ਇਹ ਕਹਿੰਦੀ ਹੋਈ ਉਹ ਸਾਡੇ ਕੋਲੋਂ  ਬਗ਼ੈਰ ਕਿਸੇ ਝਿਜਕ ਦੇ ਗੁਜ਼ਰ ਗਈ, ਜਿਵੇਂ ਅਸੀਂ  ਉਸ ਦੇ ਰਸਤੇ  ਵਿੱਚ  ਹੈ  ਹੀ ਨਹੀਂ  ਸਾਂ …. ਉਸ ਦੀ ਉਸ ਦਲੇਰੀ ਨੇ ਸਾਨੂੰ ਜੁਰਅਤ ਨਾ ਕਰਨ ਦਿੱਤੀ  ਕਿ ਅਸੀਂ  ਉਸ ਨੂੰ  ਰੋਕ ਲਈਏ  ।

ਸਾਡੇ ਕੋਲੋਂ ਗੁਜ਼ਰਦੀ ਹੋਈ ਉਹ ਹਿਕਾਰਤ ਆਮੇਜ਼ ਲਹਿਜੇ ਵਿੱਚ  ਬੋਲੀ , “ਕਮੀਨੇ ਅਤੇ ਨਾਪਾਕ ਇਨਸਾਨ।”

ਇਹ ਕਹਿੰਦੇ ਹੋਏ ਉਹ ਸਾਡੀਆਂ ਨਜ਼ਰਾਂ ਤੋਂ  ਓਝਲ ਹੋ ਗਈ ਅਤੇ ਅਸੀਂ  ਵਿਹੜੇ ਵਿੱਚ  ਚਿੱਕੜ ਅਤੇ ਬਰਫ਼ ਦੇ ਤੋਦਿਆਂ ਦੇ ਦਰਮਿਆਨ, ਗਿਰਦੀ ਹੋਈ ਬਾਰਿਸ਼, ਸੂਰਜ ਤੋਂ ਮਹਿਰੂਮ ਆਸਮਾਨ ਥੱਲੇ ਖੜੇ ਰਹੇ।

ਥੋੜੀ ਦੇਰ ਦੇ ਬਾਦ ਅਸੀਂ  ਖ਼ਾਮੋਸ਼ੀ ਨਾਲ ਆਪਣੇ ਸੰਗੀਨ ਕਫ਼ਸ ਵਿੱਚ  ਚਲੇ ਆਏ। ਜਿਥੇ  ਸੂਰਜ ਦੀ ਜਾਂ ਬਖ਼ਸ਼ ਧੁੱਪ ਆਮ ਵਾਂਗ ਸਾਡੇ  ਤੱਕ ਕਦੇ ਨਾ ਪਹੁੰਚੀ…. ਤਾਨੀਆ ਫਿਰ ਕਦੇ ਨਾ ਆਈ।

ਅਨੁਵਾਦ :  ਚਰਨ ਗਿੱਲ


No comments:

Post a Comment