ਪਿੰਡ ਨਾਲ ਗੱਲ-ਬਾਤ


ਡਾ. ਲੋਕ ਰਾਜLok Raj

ਪਿੰਡ ਨਾਲ ਗੱਲ-ਬਾਤ   

ਮੇਰੇ ਪਿੰਡ                                               
ਤੂੰ ਮੇਰੇ ਨਾਲ ਰਹਿੰਦਾਂ ਏਂ
ਹਰ ਸਮੇਂ ਤੇ ਹਰ ਥਾਂ
ਮੈਂ ਜਿਥੇ ਵੀ ਹੋਵਾਂ,
ਤੇਰੀ ਹੋਂਦ ਤੈਨੂੰ ਮਹਿਸੂਸ  ਕਰ ਸਕਦਾ ਹਾਂ
ਤੇਰੀਆਂ ਗਲੀਆਂ ਤੇ ਰੋਹੀਆਂ
ਤੇਰੇ ਬੋਹੜ, ਪਿਪਲ, ਤੂਤ  ਤੇ ਟਾਹਲੀਆਂ
ਤੇਰੇ ਛੱਪੜ ਤੇ ਟਿੱਬੇ
ਤੇਰੇ ਪਿੜ, ਖੇਤ ਤੇ ਥੜੇ
ਤੇਰੇ ਗੁਰਦਵਾਰੇ ਤੇ ਡਿਓੜੀਆਂ
 ਤੇਰੇ ਕਚੇ ਪੱਕੇ ਰਾਹ
ਮੇਰੀ ਹੋਂਦ ਦਾ ਅਟੁਟ ਅੰਗ ਨੇ
ਤੇਰੀਆਂ ਫਿਰਨੀਆਂ 'ਚ ਖੇਲੀ ਖਿੱਦੋ ਖੂੰਡੀ
ਮੈਨੂੰ ਅਜੇ ਵੀ ਪਿਆਰੀ ਹੈ
ਲੌਰ੍ਡ੍ਜ਼ ਜਾਂ ਵੇੰਬਲੀ ਵਿਚ ਖੇਡੇ ਜਾਣ ਵਾਲੇ ਕਿਸੇ ਵੀ ਮੈਚ ਤੋਂ

ਤੇਰੇ  ਥੜੇ ਤੇ ਦੇਖੇ ਤਮਾਸ਼ੇ
ਬਾਬੇ ਤੋਂ ਸੁਣੀਆਂ ਰੂਪ-ਬਸੰਤ ਤੇ ਪੂਰਨ ਭਗਤ ਦੀਆਂ ਬਾਤਾਂ
ਗੁੱਗੇ ਦੀਆਂ ਵਾਰਾਂ
ਪਿੱਪਲੀ ਵਾਲੇ ਟੋਲੇ ਦੀਆਂ ਨਕਲਾਂ ਤੇ ਸਾਂਗ 
ਗੱਡਿਆਂ ਨੂ ਜੋੜ ਕੇ ਬਣਾਈ ਸਟੇਜ  ਤੋਂ
ਕੌਮਨਿਸਟਾਂ  ਦੇ  ਖੇਡੇ  ਡਰਾਮੇ
ਤੇ ਛਿੰਜ ਤੋ ਪਹਿਲਾਂ
ਕਈ ਕਈ ਰਾਤ ਪੈਂਦਾ ਗਿੱਧਾ ਤੇ ਭੰਗੜਾ
ਮੈਨੂੰ ਨਹੀਂ ਮਾਨਣ ਦਿੰਦਾ
ਨੈਸ਼ਨਲ ਬਾਓਲ ਵਿਚ ਲੇਡੀ ਗਾਗਾ ਦਾ ਸ਼ੋ    
ਤੇਰੀ ਭਠੀ ਤੋਂ ਭੁਨਾਏ ਦਾਣੇਂ
ਵਾਪਸ ਮੋੜ ਲਿਆਉਂਦੇ ਨੇ ਮੈਨੂੰ
ਹਰ ਇਟਾਲੀਅਨ ਤੇ ਥਾਈ ਰੇਸ੍ਟੋਰੈੰਟ ਤੋਂ

ਮੇਰੀ ਸ਼ਹਿਰੀ ਪਤਨੀ ਨੂੰ ਕਦੇ ਨਹੀਂ ਸਮਝ ਆਇਆ
ਕਿ ਮੈਂ ਪੌਪ ਕੌਰਨ ਨੂੰ ਖਿੱਲਾਂ ਕਿਓਂ ਕਹਿੰਦਾਂ
ਤੇ ਮੈਨੂੰ ਪੀਜ਼ੇ ਨਾਲੋਂ
ਮੱਕੀ ਦੀ ਰੋਟੀ ਕਿਓਂ  ਜਿਆਦਾ ਸੁਆਦ ਲੱਗਦੀ ਏ
ਕੋਈ ਵੀ ਡਿਜ਼ਾਇਨਰ ਸੂਟ ਬੂਟ
ਮੈਨੂੰ ਝੱਗੇ-ਚਾਦਰੇ ਤੇ ਖੁੱਸੇ ਤੋਂ ਸੋਹਣਾ ਕਿਓਂ ਨਹੀਂ ਲੱਗਦਾ

ਮੇਰੇ ਪਿੰਡ ਤੂੰ ਹੀ ਦੱਸ
ਮੈਂ ਕਿਹਨੂੰ ਕਿਹਨੂੰ ਸਮਝਾਵਾਂ
ਕਿ ਵਲੈਤ ਵਿਚ ਮੈਂ
ਕਚੇ ਰਾਹਵਾਂ ਦੀਆਂ ਤਸਵੀਰਾਂ ਕਿਓਂ ਖਿਚਦਾ ਰਹਿੰਦਾਂ
ਕਿਸੇ ਵੀ ਫੇਸਟੀਵਲ ਵਿਚ ਜਾ ਕੇ
ਛਿੰਝ ਦੀਆਂ ਕਹਾਣੀਆਂ ਕਿਓਂ ਛੇੜ ਬਹਿੰਦਾਂ   
ਨਾਸਤਿਕ ਹੋ ਕੇ ਵੀ ਮੈਂ ਗੁਰਦਵਾਰੇ ਕਿਓਂ ਜਾਂਦਾਂ
ਨਾਨਕ, ਫਰੀਦ ਤੇ ਕਬੀਰ ਨੂ ਕਿਓਂ ਸੁਣਦਾ ਰਹਿੰਦਾਂ?

ਮੇਰੇ ਪਿੰਡ, ਇਹ ਤੇਰਾ ਕਸੂਰ ਹੈ
ਕਿ ਮੇਰੇ ਤਨ ਚੋਂ ਅਜੇ ਤਕ
ਤੇਰੀ ਮਿੱਟੀ ਦੀ ਮਹਿਕ ਆਉਂਦੀ ਹੈ
ਤੇ ਰਖੜੀ ਦੇ ਧਾਗਿਆਂ ਚੋਂ ਮੈਨੂੰ ਹਾਲੇ ਤੱਕ
ਮੇਰੀ ਤੰਦਰੁਸਤੀ ਤੇ ਲੰਮੀ ਉਮਰ ਦੀ ਅਰਦਾਸ ਤੋਂ ਸਿਵਾ
ਹੋਰ ਕੋਈ ਬੋ ਨਹੀਂ ਆਉਂਦੀ

ਮੇਰੇ ਪਿੰਡ, ਤੂੰ ਹੀ ਦੋਸ਼ੀ ਹੈਂ
ਕਿ ਮੇਰੇ ਲਈ ਥੇਮਸ ਕਦੀ ਸਤਲੁਜ ਨਹੀਂ ਬਣ ਸਕਿਆ
 ਇਹ ਤੂੰ ਹੀ ਹੈਂ ਜਿਸ ਨੇ ਮੈਨੂੰ ਅਜੇ ਤੱਕ
ਰਾਣੀ ਦੇ ਮੁਲਕ ਨਾਲ ਵਫਾਦਾਰੀ ਦੀ
ਸਹੁੰ ਨਹੀਂ ਖਾਣ ਦਿੱਤੀ
ਤੇ ਮੇਰੇ ਪਾਸਪੋਰਟ ਦਾ ਅਜੇ ਰੰਗ ਨਹੀਂ ਬਦਲਿਆ

ਮੈਨੂੰ ਦੱਸ ਮੈਂ ਕਿਵੇਂ ਭੁੱਲਾਂ
ਕਿ ਤੇਰੀ ਹਵਾ ਸੀ ਜਿਸ ਨੇ
 ਮੇਰੇ ਅੰਦਰ ਪਹਿਲਾ ਸਾਹ ਪਾਇਆ
ਤੇਰੇ ਹੀ ਵੇਹੜਿਆਂ  ਨੇ ਮੈਨੂੰ
ਰੁੜਨਾ,ਖੜੇ ਹੋਣਾ ਤੇ ਫਿਰ  ਤੁਰਨਾ ਸਿਖਾਇਆ
ਫਿਰ ਐਸਾ ਤੁਰਿਆ ਕਿ ਸੱਤ ਸਮੁੰਦਰ ਪਾਰ ਕਰ ਗਿਆ
ਉਨ੍ਹਾਂ ਬੋਲਾਂ ਨੇ,  ਜੋ ਤੂੰ ਮੈਨੂੰ ਸਿਖਾਏ
ਸਾਰੀ ਦੁਨੀਆਂ ਨਾਲ ਸਾਂਝ ਮੇਰੀ ਪੁਆਈ

ਹੇ ਮੇਰੇ ਪਿੰਡ,ਤੈਨੂੰ ਵੀ ਪਤਾ ਹੈ
ਦੁਨੀਆਂ ਤਰਲੋ-ਮਛੀ ਹੁੰਦੀ ਹੈ ਵਲੈਤ ਆਉਣ ਲਈ
ਬਹੁਤ ਸੁੰਦਰ, ਸੁਫਨਿਆਂ ਵਰਗਾ ਦੇਸ਼ ਹੈ ਇਹ
ਹਰ ਤਰਾਂ ਦੀ ਸਹੁਲਤ ਵਾਲਾ
ਫਿਰ ਤੂੰ ਮੈਨੂੰ ਇਥੇ
ਚੈਨ ਨਾਲ ਰਹਿਣ ਕਿਓਂ ਨਹੀਂ ਦਿੰਦਾ?

No comments:

Post a Comment