ਆਖਰੀ ਗਜ਼ਰਾ ....ਕਹਾਣੀ

Rozy Singh                              ਆਖਰੀ ਗਜ਼ਰਾ 

ਅਜੇ ਉਹ 7 ਵਰਿਆਂ ਦੀ ਸੀ, ਜਦੋ ਉਸ ਨੂੰ ਆਪਣੀ ਮਾਂ ਨਾਲ ਸਾਰਾ ਕੰਮ ਕਰਨ ਵਿੱਚ ਹੱਥ ਵਟਾਉਣਾ ਪੈ ਗਿਆ। ਖਿਡਾਊਣਿਆਂ ਦੀ ਥਾਂ ਹੱਥ ਵਿੱਚ ਮਾਂਜਾ ਫੜ ਪਹਿਲਾਂ ਉਸਨੂੰ ਸਾਰੇ ਘਰ ਦੀ ਸਫਾਈ ਕਰਨੀ ਪੈਂਦੀ ਤੇ ਫਿਰ ਆਪਣੀ ਮਾਂ ਨਾਲ ਲੋਕਾਂ ਦੇ ਘਰਾਂ ਵਿੱਚ ਗੋਹਾ ਕੂੜਾ ਚੁੱਕਣ ਜਾਣਾ ਪੈਂਦਾ। ਬਾਲੜੀ ਉਮਰ ਦੀਆਂ ਸਾਰੀਆਂ ਸਧਰਾਂ, ਬਾਲਾਂ ਨਾਲ ਖੇਡਣ ਦੇ ਚਾਅ, ਕੂਹਣੀਆਂ ਤੱਕ ਚੂੜੀਆਂ ਚੜਾਂਉਣ ਦੀਆਂ ਉਮੰਗਾਂ ਸਭ ਵਿਸਰ ਗਈਆਂ । ਹੁਣ ਤਾਂ ਉਸ ਦੀ ਵੀਣੀ ਵਿੱਚ ਉਹਨਾਂ ਚੋਹਾਂ ਗਜਰਿਆਂ ਵਿੱਚੋਂ ਸਿਰਫ ਇਕੋ ਗਜਰਾ ਹੀ ਬਾਕੀ ਰਹਿ ਗਿਆ ਸੀ, ਉਹ ਵੀ ਗੋਹੇ ਨਾਲ ਲਿਬੜਿਆ, ਜਿਸ ਦਾ ਰੰਗ ਗੁਲਾਬੀ ਤੋਂ ਮਿਟੀ ਰੰਗਾ ਹੋ ਚੁੱਕਿਆ ਸੀ। ਪਿਛਲੇ ਸਾਲ ਉਸ ਦਾ ਪਿਓ ਉਸ ਨੂੰ ਮੋਡੇ ਤੇ ਚੱਕ ਕਿ ਲਾਗਲੇ ਪਿੰਡ ਵਿਸਾਖੀ ਦੇ ਮੇਲੇ ਲੈ ਗਿਆ ਸੀ । ਉਸ ਨੇ ਸਿਰਫ ਮੇਲਾ ਵੇਖਿਆ ਹੀ ਸੀ, ਚਾਰ ਗਜਰੇ ਚੜਾਉਂਣ ਤੋਂ ਸਿਵਾ ਆਪਣੇ ਮੰਨ ਦੀ ਹੋਰ ਕੋਈ ਰੀਝ ਪੂਰੀ ਨਹੀ ਸੀ ਕਰ ਸਕੀ। ਹੋਰਨਾ ਬੱਚਿਆਂ ਨੂੰ ਵੰਨ ਸੁਵੰਨੀਆਂ ਚੀਜਾਂ ਲੈਂਦੇ ਵੇਖ ਉਸ ਦੇ ਮੰਨ ਅੰਦਰ ਤਰੰਗਾਂ ਤਾਂ ਛਿੜਦੀਆਂ ਪਰ.........? ਉਹ ਕੁਝ ਚਿਰ ਲਈ ਖਿਆਲਾ ਵਿੱਚ ਆਪਣੇ ਆਪ ਨੂੰ ਉਹਨਾਂ ਖਿਡਾਊਂਣਿਆਂ ਨਾਲ ਖੇਡਦੀ ਮਹਿਸੂਸ ਕਰਦੀ, ਹੋਰਨਾਂ ਬੱਚਿਆਂ ਨੂੰ ਜਲੇਬੀਆਂ, ਮਠਿਆਈ ਖਾਂਦੇ ਵੇਖ ਉਸ ਦੇ ਮੂੰਹ ਵਿੱਚ ਪਾਣੀ ਤਾਂ ਭਰ ਆਊਂਦਾ..... ਪਰ ਉਹ ਘੁੱਟ ਭਰਨ ਤੋਂ ਸਿਵਾਏ ਕੁਝ ਹੋਰ ਕਰਨ ਦੇ ਅਸਮਰੱਥ ਸੀ । ਪੰਜ ਰੁਪੈ ਦੀਆਂ ਚਾਰ ਗੁਲਾਬੀ ਰੰਗ ਦੀਆਂ ਚੂੜੀਆਂ ਉਸ ਦੇ ਪਿਓ ਨੇ ਉਸ ਨੂੰ ਲੈ ਕਿ ਦਿੱਤੀਆਂ ਸਨ ਜੋ ਉਸ ਨੇ ਪਿੰਡ ਆ ਕਿ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਦੱਸਣ ਦਾ ਖਾਅਬ ਲਿਆ ਸੀ । ਪਿਓ ਦੇ ਮੋਢੇ 'ਤੇ ਚੜੀ ਉਹ ਬੜੀ ਬੇ-ਸਬਰੀ ਨਾਲ ਪਿੰਡ ਅਪੜਨ ਦੀ ਇੰਤਜਾਰ ਕਰਨ ਲੱਗੀ। ਸਾਇਦ ਉਹ ਸੋਚਦੀ ਹੋਵੇ, ''ਕਿਨੀਆਂ ਸੜਨਗੀਆਂ ਮੇਰੀਆਂ ਸਹੇਲੀਆਂ ਮੇਰੇ ਗਜਰੇ ਦੇਖ ਕੇ''
ਪਿਓ ਦੇ ਮੋਢੇ ਤੋਂ ਉਤਰਦਿਆਂ ਹੀ ਉਹ ਦੋੜ ਕਿ ਪਿੱਪਲ ਵਾਲੇ ਚੌਂਕ ਵੱਲ ਚਲੀ ਗਈ ਜਿਥੇ ਉਹ ਤੇ ਉਸਦੀਆਂ ਸਹੇਲੀਆਂ ਰੋਜ਼ ਖੇਡਦੀਆਂ ਸਨ। ਸਹੇਲੀਆਂ ਦੀਆਂ ਬਾਹਵਾਂ ਵਿੱਚ ਕੂਹਣੀਆਂ ਤੱਕ ਵੰਙਾਂ ਦੇਖ, ਵੰਨ-ਸੁਵੰਨੇ ਖਿਡਾਉਣੇ ਵੇਖ ਉਸ ਨੇ ਆਪਣੇ ਅਰਮਾਨਾਂ ਨੂੰ ਅੰਦਰ ਹੀ ਅੰਦਰ ਦਫਨਾ ਲਿਆ ਤੇ ਉਹ ਆਪਣੀ ਬਾਂਹ ਵਿੱਚ ਪਾਏ ਚਾਰ ਗਜਰਿਆਂ ਨੂੰ ਪਿਛੇ ਲਕੋ ਘਰ ਨੂੰ ਟੁਰ ਪਈ।
ਮਾਂ ਬਿਮਾਰ ਰਹਿੰਦੀ ਸੀ ਇਕ ਵੱਡਾ ਭਰਾ ਕਿਸੇ ਜਿਮੀਦਾਰ ਨਾਲ ਆਥੜੀ ਕਰਦਾ ਏ, ਪਿਓ ਕਦੀ ਸਬਜੀ ਦਾ ਫੇਰਾ ਲਗਾ ਲੈਂਦਾ ਤੇ ਕਦੀ ਕਿਸੇ ਹੋਰ ਸੈਅ ਦਾ, ਦੋ ਹੋਰ ਛੋਟੀਆਂ ਭੈਣਾਂ ਵੀ ਨੇ। ਇਕ ਚਾਰ ਸਾਲ ਦੀ ਤੇ ਦੁਜੀ ਦੋ ਸਾਲ ਦੀ । ਮਾਂ ਦੀ ਬਿਮਾਰੀ ਕਾਰਨ ਉਸ ਨੂੰ ਲੋਕਾਂ ਦੇ ਘਰਾਂ ਵਿੱਚ ਆਪਣੇ ਅਤੇ ਨਾਲਦੇ ਪਿੰਡ ਗੋਹਾ ਕੂੜਾ ਚੁੱਕਣ ਜਾਣਾਂ ਪੈਦਾ। ਅੱਜ ਪੂਰਾ ਸਾਲ ਹੋ ਚੁੱਕਾ ਏ, ਤੇ ਸਵੇਰੇ ਫੇਰ ਵਿਸਾਖੀ ਦਾ ਮੇਲਾ ਲੱਗਣਾ ਏ। ਉਸ ਨੇ ਆਪਣੀ ਬਾਂਹ ਵਿੱਚ ਬਚੇ ਇੱਕੋ ਇਕ ਗਜਰੇ ਵੱਲ ਦੇਖਿਆ। ਛੋਟੀ ਉਮਰ ਦੇ ਚਾਅ ਵੀ ਛੋਟੇ-ਛੋਟੇ ਹੁੰਦੇ ਨੇ । ਉਸ ਨੂੰ ਯਾਦ ਆਇਆ ਕਿਵੇਂ ਉਹ ਆਪਣੇ ਪਿਓ ਦੇ ਮੋਢਿਆਂ 'ਤੇ  ਚੜ ਕਿ ਮੇਲੇ ਗਈ ਸੀ ।
ਗਰੀਬੀ ਹਯਾਤ ਦਾ ਸਭ ਤੋਂ ਵੱਡਾ ਸਰਾਪ ਏ, ਤੇ ਗਰੀਬ ਦੀ ਔਲਾਦ ਆਪਣੇ ਮਾਪਿਆਂ ਦੇ ਕਰਜੇ ਦੇ ਸੂਦ ਵਜੋਂ ਹੀ ਸਾਰੀ ਉਮਰ ਹੱਡ ਰਗੜਦੇ ਮਰ ਜਾਂਦੇ ਨੇ। ਖੌਰੇ ਕਿਨੀਆਂ ਪੀੜ੍ਹੀਆਂ ਇਸ ਸਰਾਪ ਦਾ ਸਾਇਆ ਉਹਨਾਂ ਦੀ ਜਨਮ ਕੁੰਡਲੀ ਵਿੱਚ ਬੈਠਾ ਰਹੇਗਾ ਕੋਈ ਨਹੀਂ ਜਾਣਦਾ। ਭਾਵੇਂ ਕੇ ਉਹ ਛੋਟੀ ਸੀ ਪਰ ਉਸਦੀ ਹਸਰਤ ਉਸ ਦੀ ਉਮਰ ਤੋਂ ਕਈਂ ਗੁਣਾ ਵੱਡੀ ਸੀ। ਉਹ ਸੋਚਦੀ ਕੇ ਸਾਇਦ ਹੀ ਕਦੀ ਉਹ ਆਪਣੀਆਂ ਕੁਹਣੀਆਂ ਤੱਕ ਵੰਙਾਂ ਚੜ੍ਹਾ ਸਕੇ। ਕਿਨੀ ਦੇਰ ਸੋਚਣ ਤੋਂ ਬਾਅਦ ਉਸ ਨੇ ਆਪਣੀ ਮਾਂ ਨੂੰ ਹੌਂਸਲਾ ਕਰਕੇ ਕਿਹਾ,
''ਬੀਬੀ ਮੈਨੂੰ ਪੰਜ ਰੁਪਏ ਦੇ ਖਾਂ......''
''ਕਿਊ ਕੀ ਕਰਨੇ ਨੇ ਪੰਜ ਰੁਪਏ'' ਮਾਂ ਨੇ ਬਿਮਾਰ ਜਿਹੀ ਅਵਾਜ਼ ਵਿੱਚ ਆਖਿਆ।
''ਮਾਂ ਮੈ ਕੂਹਣੀਆਂ ਤੱਕ ਚੂੜੀਆਂ ਚੜਾਉਣੀਆਂ ਨੇ'' ਉਹ ਬੋਲੀ।
ਮਾਂ ਨੇ ਥੋੜਾ੍ ਝਿੜਕਦੇ ਹੋਏ ਕਿਹਾ ''ਘਰ ਰੋਟੀ ਖਾਣ ਨੂੰ ਨਹੀ ਤੈਨੂੰ ਚੂੜੀਆਂ ਦੀ ਅੱਗ ਲੱਗੀ ਏ......'' ਕਮ ਕਰ ਚੁੱਪ ਕਰਕੇ ।
ਸਿਖਰ ਦੁਪਿਹਰੇ ਮੁੜਕੇ ਦੇ ਨਾਲ ਦੋ ਹੰਝੂ ਉਸ ਦੀਆਂ ਅੱਖਾਂ ਵਿੱਚੋਂ ਕਿਰ ਕੇ ਕੂੜੇ ਵਾਲੇ ਬਾਲਟੇ ਵਿੱਚ ਰੁਲ ਗਏ। ਆਪਣੇ ਭਾਰ ਨਾਲੋਂ ਜਿਆਦਾ ਭਾਰਾ ਦਾਬੜਾ ਚੁੱਕ ਉਹ ਹਵੇਲੀਓਂ  ਬਾਹਰ ਹੋ ਗਈ। ਜਿਆਦਾ ਭਾਰ ਚੁੱਕਣ ਕਾਰਨ ਉਸ ਦੀਆਂ ਲੱਤਾਂ ਵੀ ਟੇਡੀਆਂ-ਟੇਡੀਆਂ ਹੋ ਗਈਆਂ ਸਨ।                        
ਮਾਂ ਦੇ ਮੰਨ ਵਿੱਚ ਆਪਣੀ ਧੀ ਪ੍ਰਤੀ ਕਈਂ ਤਰ੍ਹਾਂ ਦੇ ਸਵਾਲ ਉਪਜਦੇ ਤੇ ਖਾਮੋਸ ਸੁਰ ਵਿੱਚ ਹੀ ਦਮ ਤੋੜ ਜਾਂਦੇ। ਕੰਮ ਕਾਜ ਮੁਕਾ ਕੇ ਉਸਦੀ ਮਾਂ ਨੇ ਉਸ ਨੂੰ ਘਰ ਜਾਣ ਲਈ ਕਿਹਾ ਤੇ ਆਪ ਜਿਮੀਦਾਰਾਂ ਦੀ ਹਵੇਲੀ ਵਿੱਚ ਝਾੜੂ ਫੇਰਨ ਲੱਗ ਪਈ। ਹਵੇਲੀ ਸਾਫ ਕਰਕੇ ਮਾਂ ਨੇ ਸਰਦਾਰਨੀ ਨੂੰ ਕਿਹਾ।
''ਸਰਦਾਰਨੀ ਜੀ...........ਅੱਜ ਵਿਸਾਖੀ ਏ ਕੁਝ ਦਾਨ ਦੇ ਦਿੰਦੇ ਤਾਂ.....?''
ਸਰਦਾਰਨੀ ਨੇ ਸਵੇਰ ਦੀਆਂ ਬਚੀਆਂ 5-7 ਰੋਟੀਆਂ ਤੇ ਦਾਲ ਦਾ ਕੌਲਾ ਉਸ ਦੀ ਬਾਟੀ ਵਿੱਚ ਸੁੱਟਿਅ।  ਇਕ ਪਿਤਲ ਦਾ ਡੋਲੂ ਲੱਸੀ ਨਾਲ ਭਰ ਦਿੱਤਾ ।
ਜਾ ਹੁਣ ......! ਕੇ ਇਥੇ ਹੀ ਬੈਠੀ ਰਹੇਗੀ ।
''ਸਰਦਾਰਨੀ ਜੀ ..............ਕੁਝ ਪੈਸੇ ਮਿਲ ਜਾਂਦੇ ਤਾਂ....................?''
''ਛੋਟੀ ਜਿਦ ਕਰਦੀ ਸੀ ਕੇ ਮੇਲੇ ਤੋਂ ਚੂੜੀਆਂ ਲੈਣੀਆਂ ਨੇ ।''
.''ਵੇਖਾਂ ਅੱਗ ਲੱਗੀ ਏ ਏਨੂੰ, ਖਾਣ ਨੂੰ ਰੋਟੀ ਨਹੀਂ ਚੂੜੀਆਂ ਦੀ ਪਈ ਏ।'' ਸਰਦਾਰਨੀ ਰੋਹਬ ਨਾਲ ਬੋਲੀ ਜਿਵੇਂ ਉਹ ਕਿਸੇ ਉਚ ਸਕਤੀ ਦੀ ਮਾਲਕ ਹੋਵੇ, ਤੇ ਕੁਝ ਪੈਸਿਆਂ ਲਈ ਤਰਲੇ ਕਰਦੀ ਉਹ ਔਰਤ ਉਸਦੀ ਗੁਲਾਮ।
ਮਾਂ ਉੱਠ ਕਿ ਟੁਰਨ ਲੱਗੀ ਤਾਂ ਸਰਦਾਰਨੀ ਬੋਲੀ।
''ਰੁਕ ਜਾ ਹੁਣ ਦੇਖਦੀ ਆਂ ਜੇ ਕੋਈ ਟੁੱਟਾ ਹੋਇਆ ਤਾਂ''
ਤੇ ਉਹ ਅੰਦਰੋ ਜਾ ਕੇ ਪੰਜਾਂ ਦਾ ਇਕ ਮਾੜਾ ਜਿਹਾ ਨੋਟ ਕੱਢ ਲਿਆਈ ।
''ਲੈ ਫੜ ਮੇਲਾ ਮਨਾ ਲਈ।'' ਮਾਂ ਨੇ ਸਿਰ ਨਿਵਾਇਆ ਤੇ ਸੁਕਰਾਨੇ ਕਰਦੀ ਘਰ ਪਰਤ ਆਈ।
ਛੋਟੀ ਦੀਆਂ ਸਾਰੀਆਂ ਸਹੇਲੀਆਂ ਆਪਣੇ ਘਰ ਵਾਲਿਆਂ ਨਾਲ ਮੇਲੇ ਗਈਆਂ ਸਨ। ਉਹ ਪਿੱਪਲ ਥੱਲੇ ਇਕੱਲੀ ਹੀ ਮਿੱਟੀ ਨਾਲ ਮੈਲੀ ਹੋਈ ਵੰਙ ਨੂੰ ਦੇਖ ਰਹੀ ਸੀ । ਕਿੰਨਾਂ ਚਿਰ ਉਹ ਪਿੱਪਲ ਥੱਲੇ ਬੈਠੀ ਮਾਂ ਨੂੰ ਉਡੀਕਦੀ ਰਹੀ ਕਿ ਉਸਨੇ ਸਰਦਾਰਾਂ ਘਰੋਂ ਪੈਸੇ ਲਿਆਉਂਣੇ ਨੇ । ਉਸਦਾ ਪਿਓ ਵੀ ਅੱਜ ਦਿਹਾੜੀ ਨਾ ਮਿਲਣ ਕਰਕੇ ਕਿਤੇ ਨਹੀਂ ਸੀ ਗਿਆ। ਉਹ ਸੁੰਨ ਹੋਈ ਪਿੱਪਲ ਦੇ ਮੁੱਢ ਨਾਲ ਬੈਠੀ ਰਹੀ।
ਕਾਫੀ ਦੇਰ ਬਾਅਦ ਉਸ ਦੀ ਮਾਂ ਘਰ ਪਹੁੰਚੀ, ਅਚਾਨਕ ਉਸ ਦੀ ਵੱਖੀ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਪੀੜ ਨਿਕਲੀ ਤੇ ਮੱਜੇ ਦੇ ਡਿੱਗ ਪਈ । ਉਸ ਨੇ ਛੋਟੀ ਨੂੰ ਅਵਾਜਾਂ ਮਾਰੀਆਂ। ਅਵਾਜਾਂ ਸੁਣ ਕੇ ਉਹ ਪਿੱਪਲ ਥੱਲਿਓ ਉਠ ਕਿ ਘਰ ਨੂੰ ਭੱਜੀ। ਉਹ ਸੋਚ ਰਹੀ ਸੀ ਕੇ ਸਾਇਦ ਮਾਂ ਨੇ ਮੇਰੇ ਲਈ ਚੂੜੀਆਂ ਲਿਆਂਦੀਆਂ ਹੋਣ। ਉਸ ਦੇ ਘਰ ਪਹੁੰਚਦਿਆਂ ਹੀ ਮਾਂ ਨੇ ਉਸ ਨੂੰ ਪੰਜਾਂ ਦਾ ਨੋਟ ਫੜਾਉਂਦਿਆਂ ਹਕੀਮ ਕੋਲੋ ਦੋ ਪੁੜੀਆਂ ਲਿਆਉਣ ਲਈ ਕਿਹਾ ਜਿਹੜੀਆਂ ਉਹ ਪਹਿਲਾਂ ਵੀ ਖਾਂਦੀ ਹੁੰਦੀ ਸੀ। ਛੋਟੀ ਦੌੜ ਕਿ ਹਕੀਮ ਕੋਲੋ ਪੁੜੀਆਂ ਲੈ ਆਈ ਤੇ ਮਾਂ ਨੂੰ ਫੜਾ ਕਿ ਪਾਣੀ ਦਾ ਗਿਲਾਸ ਲਿਆ ਦਿੱਤਾ।
 ਸ਼ਾਮ ਪੈ ਚੁੱਕੀ ਸੀ ਉਸ ਨੇ ਚੁੱਲ੍ਹੇ ਵਿੱਚ ਅੱਗ ਬਾਲੀ, ਸਰਦਾਰਾਂ ਦੇ ਘਰੋਂ ਆਈਆਂ ਰੋਟੀਆਂ ਤੱਤੀਆਂ ਕੀਤੀਆਂ, ਘਰ ਵਿੱਚ ਪਏ ਕੁਝ ਆਟੇ ਦੀਆਂ ਰੋਟੀਆਂ ਪਕਾ ਕਿ ਉਸ ਨੇ ਆਪਣੀਆਂ ਦੋ ਛੋਟੀਆਂ ਭੈਣਾਂ ਨੂੰ ਖੁਵਾਲ ਦਿਤੀਆਂ ਅਤੇ ਉਹਨਾਂ ਨੂੰ ਸਵਾਲ ਕਿ ਮਾਂ ਨੂੰ ਦੂਸਰੀ ਪੁੜੀ ਵੀ ਖੁਵਾਲ ਦਿੱਤੀ। ਆਪ ਵੀ ਇਕ ਸੁੱਕੀ ਰੋਟੀ ਖਾ ਕਿ ਉਹ ਮਾਂ ਦੇ ਨਾਲ ਹੀ ਡੂੰਘੀ ਜਿਹੀ ਮੰਜੀ 'ਤੇ ਸੋਂ ਗਈ।
ਕੁਝ ਦੇਰ ਬਾਅਦ ਉਸ ਦੀ ਅੱਖ ਲੱਗ ਗਈ ।
ਉਸ ਨੇ ਆਪਣੇ ਖਾਅਬ ਵਿੱਚ ਦੇਖਿਆ ਕੇ ਵਿਸਾਖੀ ਦੇ ਮੇਲੇ ਵਿੱਚ ਉਸ ਨੇ ਆਪਣੀਆਂ ਕੂਹਣੀਆਂ ਤੱਕ ਰੰਗ-ਬਰੰਗੇ ਗਜਰੇ ਪਾਏ ਹੋਏ ਨੇ । ਉਸ ਦੀਆਂ ਸਾਰੀਆਂ ਸਹੇਲੀਆਂ ਉਸ ਦੇ ਕੋਲ-ਕੋਲ ਢੁੱਕ ਕੇ ਬੈਠ ਰਹੀਆਂ ਨੇ ਤੇ ਜਿਵੇਂ ਉਹਨਾ ਨੂੰ ਕਹਿ ਰਹੀ ਹੋਵੇ,
''ਪਰੇ ਰਹਿ ਹੱਥ ਨਾਂ ਲਾਈ ਮੇਰੇ ਗਜਰੇ ਮੈਲੇ ਹੋ ਜਾਣਗੇ''
ਉਹਨਾਂ ਪਲਾਂ ਵਿੱਚ ਜਾਣੋ  ਉਹ ਚੂੜੀਆਂ ਵਿੱਚ ਜੜੀ ਹੋਵੇ । ਅਚਾਨਕ ਇਕ ਚੀਕ ਦੀ ਅਵਾਜ਼ ਨੇ ਉਸ ਦੀ ਅੱਖ ਖੋਲ ਦਿੱਤੀ । ਉਸ ਨੇ ਇਕਦਮ ਮਾਂ ਵੱਲ ਦੇਖਿਆ, ਮਾਂ ਮਰ ਚੁੱਕੀ ਸੀ
ਉਸ ਨੇ ਆਪਣੇ ਪੂਰੇ ਜੋਰ ਨਾਲ ਆਪਣੀ ਬਾਂਹ ਆਪਣੀ ਮਾਂ ਹੇਠੋਂ ਖਿਚੀ । ਉਸ ਦੀ ਬਾਂਹ ਵਿੱਚ ਬਚਿਆ ਇਕੋ-ਇਕ ਗੋਹੇ ਨਾਲ ਮੈਲਾ ਹੋਇਆ ਗਜਰਾ ਵੀ ਟੁੱਟ ਚੁੱਕਾ ਸੀ ।

      
    
      -  ਰੋਜ਼ੀ ਸਿੰਘ

       ਸੋ-ਫਾਇਨ ਕੰਪਿਊਟਰ ਇੰਸਟੀਚਿਊਟ
       ਫਤਿਹਗੜ ਚੂੜੀਆਂ (ਗੁਰਦਾਸਪੁਰ)3 comments:

  1. Real good story consist of day to day life of village hard working folks.

    ReplyDelete
  2. chagi lagi .sistem di kharabi hae.nijam badaln nal hi ho sakda hae

    ReplyDelete