ਹੋਂਦ ਦੀ ਹੋਂਦ


-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ


Kawaldeep Singh

ਹੋਂਦ ਦੀ ਹੋਂਦਹੋਂਦ ਦੀ ਹੋਂਦ ਨੂੰ ਮਿਟਾ ਦਿੱਤਾ,
ਧੂੰਏਂ ਤੇ ਗੁਬਾਰ ਵਿੱਚ ਦਬਾ ਦਿੱਤਾ,
ਸਾੜ੍ਹ ਦਿੱਤੀ ਮਾਨਵਤਾ,
ਇਨਸਾਨੀਅਤ ਦੀਆਂ ਕਦਰਾਂ,
ਮਨੁੱਖੀ ਅਹਿਸਾਸਾਂ ਤੇ ਸੁਫ਼ਨਿਆਂ ਦੇ ਵਜੂਦ,
ਤੇ ਰਹਿੰਦੀ ਸਹਿੰਦੀ ਲੋਕਤੰਤਰ ਦੀ ਆਸ |

ਲਹੂ, ਲਾਸ਼ਾਂ, ਚੀਕਾਂ,
ਕੁਝ ਸੜ੍ਹੇ ਤੇ ਅੱਧ-ਸੜ੍ਹੇ ਚਿੱਥੜੇ,
ਵੱਢੇ-ਟੁੱਕੇ, ਨੰਗੇ ਬੇਪਤ ਸਰੀਰ,
ਜਿਹਨਾਂ ਦੀ ਰੂਹ ਵੀ ਸ਼ਾਇਦ,
ਉਸੇ ਧੂਏਂ ਵਿੱਚ ਧੂੰਆਂਖੀ,
ਕਿਸੇ ਕੋਨੇ 'ਚ ਦਮ ਤੋੜ ਗਈ,
ਵਹਿਸ਼ੀਅਤ ਦੇ ਅਸਮਾਨ ਉੱਚੇ ਭਾਂਬੜ੍ਹ ਵਿੱਚਕਾਰ |

ਇੱਕ ਪੂਰੀ ਕੌਮ ਬਣਾ ਦਿੱਤੀ ਗਈ ,
ਕਿੰਝ ਕੇਵਲ ਇੱਕ ਗੱਦਾਰਾਂ ਦਾ ਟੋਲਾ,
ਜਿਸਦੇ ਇੱਕ ਇੱਕ ਬਸ਼ਿੰਦੇ ਦਾ ਕ਼ਤਲ,
ਸਥਾਪਤੀ ਤੇ ਉਸਦੇ ਰਾਖਿਆਂ ਲਈ,
ਬਣ ਗਿਆ ਦੇਸ਼-ਭਗਤੀ ਦਾ
ਇੱਕ ਨਮੂਨੇ ਦਾ ਸਬੂਤ |

ਇਨਸਾਨੀ ਹਕੂਕਾਂ ਦਾ ਜਾਨਵਰਾਨਾ ਘਾਣ,
ਜਿਸਨੇ ਇਨਸਾਨ ਤੇ ਗਾਜਰ ਮੂਲੀ ਨੂੰ
ਇੱਕੋ ਪੱਲੜੇ ਧਰ,
ਵੱਢਣ, ਟੁੱਕਣ ਤੇ ਸਾੜ੍ਹ ਸੁੱਟਣ ਦੀ,
ਖੁੱਲੀ ਅਜ਼ਾਦੀ ਦੇ ਦਿੱਤੀ,
ਇੱਕ ਅਜ਼ਾਦ ਸੱਭਿਅਕ
ਤੇ ਮੰਨਵਾਏ ਜਾਂਦੇ ਧਰਮ ਨਿਰਪੱਖ
ਜਮਹੂਰੀਅਤ ਦੇ ਅਲੰਬਰਦਾਰ ਰਾਸ਼ਟਰ ਵਲੋਂ !

ਹਿੰਦ ਦੇ ਮੱਥੇ 'ਤੇ ਲੱਗਿਆ ਬਦਨੁਮਾ ਦਾਗ,
ਜੋ ਇਸਦੀ ਹੋਂਦ ਦੀ ਕਾਇਮੀ ਤਕ ਰਹੇਗਾ ਕਾਇਮ,
ਤੇ ਕਲਹਿਣੀ ਚਮਕ ਬਿਖੇਰਦਾ ਰਹੇਗਾ ਹਮੇਸ਼ਾ,
ਇੱਕ ਕਾਲਖ ਦਾ ਜਿਉਂਦਾ ਸਬੂਤ ਬਣਕੇ,
ਸਭਿਅਤਾ ਦਾ ਪੰਘੂੜਾ ਕਹਾਉਂਦੇ,
ਸਮਾਜ ਦੀ "ਉੱਚਤਮ ਨਿਵਾਣ" ਦਾ !

No comments:

Post a Comment