ਰੱਬ ਨੂੰ..

 ਖੁਸ਼ਹਾਲ ਸਿੰਘ                                                                                                  
ਰੱਬ ਨੂੰ....
ਇੱਕ ਨਿੱਕਾ ਜਿਹਾ ਬਾਲ,
ਜੀਹਦੇ ਫਟੇ ਹੋਏ ਕਪੜੇ
ਤੇ ਖਿਲਰੇ ਹੋਏ ਵਾਲ,
ਜਦੋਂ ਅੱਧੀ ਰਾਤੀਂ
ਗਾਹਕਾਂ ਦੀ ਛੱਡੀ ਹੋਈ ਦਾਲ,
..ਨਾਲ ਰੋਟੀ ਖਾਣ ਬਹਿੰਦਾ...
ਰੱਬਾ ਉਦੋਂ ਤੇਰੀ ਹੋਂਦ ਉੱਤੇ ਸ਼ੱਕ ਜਿਹਾ ਪੈਂਦਾ...

ਕੋਈ ਮਲੂਕ ਜਿਹੀ ਚਿੜੀ,
ਜੀਹਨੂੰ ਕੁੱਖ ਵਿਚ ਮਾਰਨੇ ਦੀ
ਚਰਚਾ ਏ ਛਿੜੀ,
ਅੱਜ ਪੱਤਾ ਪੱਤਾ ਕੀਤੀ
ਅਜੇ ਕੱਲ ਹੀ ਸੀ ਖਿੜੀ,
ਜੀਹਦੇ ਘਰ ਦਾ ਸ਼ਿਕਾਰੀ
ਓਹਦੇ ਖੰਭ ਨੋਚ ਲੈਂਦਾ...
ਰੱਬਾ ਉਦੋਂ ਤੇਰੀ ਹੋਂਦ ਉੱਤੇ ਸ਼ੱਕ ਜਿਹਾ ਪੈਂਦਾ...

ਕੋਈ ਰਈਸ ਜਿਮੀਂਦਾਰ
ਜਿਹੜਾ ਨਸ਼ੇ ਵਿਚ ਗੁੱਲ,
ਕੱਖ ਵੱਢਦੀ ਕੁੜੀ ਦੇ
ਵੇਹਂਦਾ ਫਟੇ ਹੋਏ ਜੁੱਲ,
ਜਦੋਂ ਖੇਤੋਂ ਵੱਢੀ ਭਰੀ ਦਾ
ਚੁਕਾਉਣ ਲਈ ਮੁੱਲ
ਓਹਦੀ ਚੁੰਨੀ ਫੜ ਲੈਂਦਾ....
ਰੱਬਾ ਉਦੋਂ ਤੇਰੀ ਹੋਂਦ ਉੱਤੇ ਸ਼ੱਕ ਜਿਹਾ ਪੈਂਦਾ...

ਜਿਹੜਾ ਰਾਸ਼ਣ ਲਿਆਉਣ ਲਈ
ਰੱਖਿਆ ਏ ਘਰ,
ਬੱਸ ਪੈਨਸ਼ਨ ਦੇ ਦਿਨ
ਜੀਹਦੀ ਲਈਦੀ ਖਬਰ,
ਕਾਸ਼ ਆਉਂਦੀ ਸੰਗਰਾਂਦ ਤੱਕ
ਜਾਵੇ ਬੁੜਾ ਮਰ,
ਜਦੋਂ ਆਪਣਾ ਹੀ ਜੰਮਿਆ
ਏਹੋ ਜੀ ਗੱਲ ਕਹਿੰਦਾ ....
ਰੱਬਾ ਉਦੋਂ ਤੇਰੀ ਹੋਂਦ ਉੱਤੇ ਸ਼ੱਕ ਜਿਹਾ ਪੈਂਦਾ...

ਭਰੀ ਜੋਬਨੇ ਦੀ ਰੁੱਤ,
ਕਿਸੇ ਹਾਦਸੇ ਦੀ ਬਲੀ
ਜੀਹਦਾ ਚੜ ਜਾਵੇ ਪੁੱਤ,
ਓਹਦੀ ਮਮਤਾ ਦੇ ਮੂਹਰੇ
ਤੇਰਾ ਸੋਨੇ ਵਾਲਾ ਬੁੱਤ,
ਜਦੋਂ ਚੁੱਪ ਖੜਾ ਰਹਿੰਦਾ...
ਰੱਬਾ ਉਦੋਂ ਤੇਰੀ ਹੋਂਦ ਉੱਤੇ ਸ਼ੱਕ ਜਿਹਾ ਪੈਂਦਾ...

ਜੀਹਨੇ ਪੜਨ ਹਵਾਲੇ
ਕੀਤੀ ਸਾਰੀ ਸਾਉਣੀ ਹਾੜੀ,
ਜਿਹੜਾ ਕੱਢਦਾ ਰਿਹਾ ਸੀ ਫੀਸਾਂ
ਕਰਕੇ ਦਿਹਾੜੀ,
ਕੱਲ ਸਾਹਬ ਨੇ ਵਗਾਹਕੇ
ਓਹਦੀ ਡਿਗਰੀ ਸੀ ਮਾਰੀ,
ਲੈਣੀ ਨੌਕਰੀ ਜੇ ਕਾਕਾ
ਪੰਜ ਲੱਖ ਲੱਗੂ ਕਹਿੰਦਾ...
ਰੱਬਾ ਉਦੋਂ ਤੇਰੀ ਹੋਂਦ ਉੱਤੇ ਸ਼ੱਕ ਜਿਹਾ ਪੈਂਦਾ...

ਜਿਹੜੇ ਕਾਗਜਾਂ ਤੇ
ਲਿਖ ਗਏ ਸਦੀਵੀ ਅਲਫਾਜ਼,
ਪਈ ਦੁਕਾਨਾਂ ਚ ਵਿਚਾਰਿਆਂ ਦੀ
ਰੁਲਗੀ ਕਿਤਾਬ,
ਮੇਰੇ ਜਿਹਾ ਤਾਂ ਕੋਈ ਐਵੇਂ
ਲੀਕਾਂ ਮਾਰਕੇ ਜਨਾਬ,
ਜਦੋਂ 'ਵਾਹ ਵਾਹ' ਖੱਟ ਲੈਂਦਾ....
ਰੱਬਾ ਉਦੋਂ ਤੇਰੀ ਹੋਂਦ ਉੱਤੇ ਸ਼ੱਕ ਜਿਹਾ ਪੈਂਦਾ...

1 comment: