ਚੁੱਪ ਵੀ ਆਖਿਰ....

ਖੁਸ਼ਹਾਲ ਸਿੰਘ 


ਚੁੱਪ ਵੀ ਆਖਿਰ ਕਿੰਨੀ ਦੇਰ ਰਿਹਾ ਜਾਵੇ,
ਇਸ ਤੋਂ ਚੰਗਾ ਤਾਂ ਕੁਝ ਕਿਹਾ ਜਾਵੇ..

'ਮਨ ਤੂੰ ਜੋਤਿ ਸਰੂਪ ਹੈਂ' ਤੇ ਆਕੇ ਗੱਲ ਮੁੱਕ ਜਾਂਦੀ,
ਜਿੰਦਗੀ ਦਾ ਫਲਸਫਾ ਜੇ ਸਮਝਿਆ ਜਾਵੇ...

ਐਨੀ ਕੁ ਉਡਾਰੀ ਲੰਮੀ ਹੋਵੇ ਮੇਰੇ ਖਾਬਾਂ ਦੀ,
ਓਹਦੇ ਕਦਮਾਂ ਤੱਕ ਬੱਸ ਪਹੁੰਚਿਆ ਜਾਵੇ...

ਕੀਤਾ ਹੈ ਇਸ਼ਕ ਤਾਂ ਸਿਰ ਝੁਕਾਈ ਰੱਖੋ,
ਤਸ਼ੱਦਦ ਦਾ ਕਾਰਨ ਨਾ ਫੇਰ ਪੁੱਛਿਆ ਜਾਵੇ...

ਬੰਦਗੀ ਤਾਂ ਬੰਦਗੀ ਹੈ ਕੀ ਫਰਕ ਪੈਂਦੈ,
ਫੜ ਤਸਵੀ ਨਾਂ ਸੱਜਣਾ ਦਾ ਸਿਮਰਿਆ ਜਾਵੇ....

ਮਰਨੋਂ ਵੱਡੀ ਸ਼ਹਾਦਤ ਹੈ ਜੇ ਉਮਰ ਭਰ,
ਬਿਰਹਾ ਦੀ ਸੂਲੀ ਤੇ ਲਟਕਿਆ ਜਾਵੇ...

ਖਿਜ਼ਾਂ ਵਿੱਚ ਵੀ ਉੱਗ ਪੈਂਦੇ ਫੁੱਲ ਅਕਸਰ,
ਬਗਾਵਤਾਂ ਦਾ ਗਲਾ ਨਾ ਜੇ ਘੁੱਟਿਆ ਜਾਵੇ...

ਕਿਆਮਤ ਲੈ ਆਉਂਦੀਆਂ ਨੇ ਬਹੁਤੀਆਂ ਨਜ਼ਦੀਕੀਆਂ,
ਗਲਤਫਹਿਮੀਆਂ ਜਿੰਨਾ ਫਾਸਲਾ ਤਾਂ ਰੱਖਿਆ ਜਾਵੇ...

ਡਰਦਾ ਏ 'ਖੁਸ਼ਹਾਲ' ਹੁਣ ਲੀਕਾਂ ਵਾਹੁਣ ਤੋਂ,
ਕਿਧਰੇ ਤੇਰਾ ਚਿਹਰਾ ਨਾ ਉਕਰਿਆ ਜਾਵੇ...

No comments:

Post a Comment