ਸੁਦਰਸ਼ਨ-ਚੱਕਰ


    ਇਕਬਾਲ ਪਾਠਕ

ਸੁਦਰਸ਼ਨ-ਚੱਕਰਮੈਂ ਤੇਰੇ ਹੋਠਾਂ 'ਤੇ ਰੱਖੀ ਬੰਸਰੀ ਨਹੀਂ,
ਕਿ ਕੋਈ ਵੀ ਰਾਗ ਵਜਾ ਲਏੱਗਾ |
ਮੈਂ ਤੇਰੀਆਂ ਗੋਪੀਆਂ 'ਚੋਂ ਨਹੀਂ,
ਕਿ ਕੋਈ ਤਾਨ ਸੁਣਾ ਰਿਝਾ ਲਏਂਗਾ |
ਮੈਂ ਤੇਰੇ ਹਰ ਕਪਟ ਤੋਂ ਜਾਣੂ,
ਜਾਣਦਾ ਹਾਂ ਸਾਰੇ ਮਕਰ |
ਕਿਉਂ ਜੋ ਮੈਂ ਤੇਰੀ ਉਂਗਲੀ 'ਤੇ ਘੁੰਮਦਾ
ਹਾਂ ਸੁਦਰਸ਼ਨ-ਚੱਕਰ |
ਦੇਖਦਾਂ ਤੂੰ ਕਿਵੇਂ ਤੇ ਕਦ ਤੱਕ,
ਆਉਂਦੇ ਮਹਾਭਾਰਤ ਤੋਂ ਟਲਦੈਂ |
ਇਸ ਵਾਰ ਪਹਿਲਾਂ ਹੀ ਦੇਖਣੈਂ
ਤੂੰ ਕਿਸ-ਕਿਸ ਥਾਂ ਕੂੜ ਵੱਲਦੈਂ |
ਖਤਰਾ ਵੀ ਹੁੰਦੈ ਕਿਉਂ ਜੋ ਤੈਨੂੰ,
ਵਿਦਰ ਦੇ ਖਾਣੇ ਚੋਂ,
ਲੱਜ਼ਤ ਆਉਣੋ ਹਟ ਗਈ ਏ |
ਤੇਰੀ ਜੀਭ
ਅਮੀਰ ਸ਼ਰਧਾਲੂਆਂ ਦੇ
ਪਕਵਾਨਾ ਦੇ ਸੁਆਦ ਤੇ ਪੱਕ ਗਈ ਏ |
ਖੈਰ, ਮੇਰੀ ਕੋਈ ਔਕਾਤ ਨਹੀਂ,
ਕਿ ਤੈਨੂੰ ਕੋਈ ਸਲਾਹ ਦੇਵਾਂ |
ਹੋ ਸਕਦੈ ਤੇਰੀ ਕੂਟਨੀਤੀ 'ਤੇ,
ਕੋਈ ਆਪਣੀ ਯੋਜਨਾਂ ਬਣਾ ਦੇਵਾਂ |
ਕਿਸੇ ਸੂਦਰ ਪੁੱਤਰ ਨਾਲ
ਖੇਡੀ ਗਈ ਚਾਲ ਸਮੇਂ
ਬਦਲ ਆਪਣਾ ਰਾਹ ਦੇਵਾਂ |
ਹੋ ਸਕਦੈ
ਕਿ ਯੂਧਿਸ਼ਟਰ ਜੁਆਰੀ ਦਾ
ਗਾਟਾ ਧੜ ਤੋਂ ਲਾਹ ਦੇਵਾਂ |
ਤੂੰ ਮੈਨੂੰ ਵਰਤਣੈਂ ਤਾਂ
ਚਲਾਕੀਆਂ ਛੱਡ
ਸਾਫ-ਸਾਫ ਦੱਸ
ਕਿਸ ਪਾਸੇ ਖੜਾ ਹੋਣੈਂ |
ਹੁਣ ਮੈਂ ਮਜ਼ਬੂਰ ਨਹੀਂ
ਕਿ ਹਰ ਹਾਲਤ
ਤੇਰਾ ਹੁਕਮ ਵਜਾਉਣਾ ਈ ਵਜੌਣੈਂ |
ਗੁਸਤਾਖ਼ੀ ਜਦ ਇਨਸਾਨ ਕਰ ਸਕਦੈ,
ਭਗਵਾਨ ਕਰ ਸਕਦੈ,
ਤਾਂ ਮੈਨੂੰ ਵੀ ਅਧਿਕਾਰ ਹੈ ਕਰਨ ਦਾ ਭੁੱਲ |
ਪਰ ਡਰਦਾਂ ਕਿਤੇ ਤੇਰੀ ਬਣੀ ਹੋਈ
ਇੱਜਤ ਨਾ ਜਾਵੇ ਰੁਲ |
ਸੋ ਸੁਚੇਤ ! ਸੋਚ ਕੇ ਚੱਲੀਂ
ਆਪਣੀ ਹਰ ਚਾਲ |
ਨਾ ਕਹੀਂ, ਕਿ ਦੱਸਿਆ ਨਹੀਂ
ਮੈਂ ਪੂਰੇ ਦਾ ਪੂਰਾ,
ਨਹੀਂ ਹਾਂ ਤੇਰੇ ਨਾਲ .....

No comments:

Post a Comment