ਬੜੀ ਰੰਗਤ ਮਕਾਨਾਂ ਵਿੱਚ ਮਗਰ ਕੋਈ ਘਰ ਨਹੀਂ ਮਿਲਦਾ।

ਗਜ਼ਲ 

 ਬੜੀ ਰੰਗਤ ਮਕਾਨਾਂ ਵਿੱਚ ਮਗਰ ਕੋਈ  ਘਰ ਨਹੀਂ ਮਿਲਦਾ।
ਕਿ ਜਿਸ ਸਰਦਲ ਤੇ ਮੇਰਾ ਸਰ ਝੁਕੇ ਉਹ ਦਰ ਨਹੀਂ ਮਿਲਦਾ।

ਕਦੇ ਉੱਡਣਾ ਸਿਖਾਇਆ ਸੀ  ਜਿਸਨੂੰ  ਅਸਮਾਨ ਅੰਦਰ ਮੈਂ ,
ਉਹ ਯਾਰੋ ਇਸ ਕਦਰ ਉੱਡਿਆ ਹੁਣ ਉਸਦਾ ਪਰ ਨਹੀਂ ਮਿਲਦਾ।

ਮੇਰੇ ਹਿੱਸੇ 'ਚ ਆਉਂਦਾ ਕਿਸ ਤਰ੍ਹਾਂ ਉਹ ਮੋਮ ਦਾ ਪੁਤਲਾ,
ਮੈਂ ਸੂਰਜ ਹਾਂ ਮੇਰਾ ਅਹਿਸਾਸ ਉਸ ਨੂੰ ਤਰ ਨਹੀਂ ਮਿਲਦਾ।

ਹੈ ਸਭ ਕੁੱਝ ਜਾਣਦਾ ਆਦਮ ਮਗਰ ਅਣਜਾਣ ਬਣ ਜਾਵੇ,
ਜੋ ਇੱਕ ਵਾਰੀ ਚਲਾ ਜਾਵੇ ਉਹ ਫਿਰ ਮਰ ਮਰ ਨਹੀਂ ਮਿਲਦਾ।

ਕਿਨਾਰੇ ਕਸ਼ਤੀਆਂ ਤੇ ਕਿਸ ਤਰ੍ਹਾਂ ਇਤਬਾਰ ਨਾਂ ਕਰਦਾ,
ਕਦੇ ਤਾਂ ਥਲ ਨਹੀਂ ਮਿਲਦਾ ਕਦੇ ਸਾਗਰ ਨਹੀਂ ਮਿਲਦਾ।

"ਦਪਿੰਦਰ" ਕਿਸ ਤਰ੍ਹਾਂ ਦੇ ਲੋਕ ਨੇਂ ਕੀ ਕੀ ਬਣਾਉਂਦੇ ਨੇਂ,
ਬਣੇ ਜੋ ਜਿੰਦਗੀ ਸਭ ਦੀ ਉਹ ਕਿਉਂ ਅੱਖਰ ਨਹੀਂ ਮਿਲਦਾ।


                                            

                                           ਦਪਿੰਦਰ ਵਿਰਕ 
                                          
                                         94175-20248

No comments:

Post a Comment